ਉੱਨਤ ਖੇਤੀ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ
ਸੋਸ਼ਲ ਮੀਡੀਆ ਤੋਂ ਭਾਵ ਹੈ; ਸਮਾਜ ਦਾ ਇੰਟਰਨੈੱਟ ਦੇ ਜ਼ਰੀਏ ਆਪਸ ਵਿੱਚ ਜੁੜੇ ਰਹਿਣਾ। ਦੁਨੀਆ ਭਰ ਦੇ ਲੋਕਾਂ ਦੀ ਸੋਸ਼ਲ ਮੀਡੀਆ ਦੀਆਂ ਵੱਖੋ-ਵੱਖ ਐਪਸ ਜਿਵੇਂ ਯੂ-ਟਿਊਬ, ਵੱਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟੈਲੀਗਰਾਮ, ਐਕਸ (ਪਹਿਲਾਂ ਇਸ ਦਾ ਨਾਂ ਟਵਿੱਟਰ ਸੀ), ਸਨੈਪਚੈਟ, ਸਕਾਈਪ ਆਦਿ ’ਤੇ ਨਿਰਭਰਤਾ ਦਿਨ-ਬਦਿਨ ਬਹੁਤ ਵਧ ਰਹੀ ਹੈ। ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਆਪਣਾ ਵਿਕਾਸ ਵੀ ਕਰ ਸਕਦਾ ਹੈ ਅਤੇ ਵਿਨਾਸ਼ ਵੀ। ਬਿਬੇਕਸ਼ੀਲ ਮਨੁੱਖ ਵਜੋਂ ਇਹ ਚੋਣ ਅਸੀਂ ਹੀ ਕਰਨੀ ਹੈ ਕਿ ਕੀ ਠੀਕ ਹੈ ਤੇ ਕੀ ਗ਼ਲਤ। ਸੂਚਨਾਵਾਂ ਦਾ ਪਸਾਰ ਅਤੇ ਵਿਚਾਰਾਂ ਦਾ ਦੇਣ-ਲੈਣ ਕਰਨ ਵਿੱਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਹੈ। ਇਸ ਦੀ ਵਰਤੋਂ ਚੈਟਿੰਗ ਕਰਨ, ਆਡਿਓ, ਵੀਡੀਓ, ਫੋਟੋਆਂ, ਰਿਕਾਰਡਿੰਗ, ਟਾਈਪ ਕੀਤੀ ਸਮੱਗਰੀ ਆਦਿ ਭੇਜਣ ਲਈ ਕੀਤੀ ਜਾਂਦੀ ਹੈ।
ਅੱਜ ਦੇ ਵਿਗਿਆਨਕ ਯੁੱਗ ਵਿੱਚ ਇਹ ਗੱਲ ਬੜੀ ਪ੍ਰੋੜਤਾ ਨਾਲ ਕੀਤੀ ਜਾ ਸਕਦੀ ਹੈ ਕਿ ਜਿਹੜੇ ਪੜ੍ਹੇ-ਲਿਖੇ ਕਿਸਾਨ ਸੋਸ਼ਲ ਮੀਡੀਆ ਨਾਲ ਸਾਰਥਕ ਤੌਰ ’ਤੇ ਜੁੜੇ ਹਨ, ਉਹ ਆਪਣੀ ਕਿਰਤ ਕਮਾਈ ਵਿੱਚੋਂ ਖਾਸਾ ਲਾਭ ਪ੍ਰਾਪਤ ਕਰ ਰਹੇ ਹਨ। ਬਹੁਤ ਸਾਰੇ ਕਿਸਾਨ ਘਰੇ ਬੈਠ ਕੇ ਹੀ ਆਪਣੇ ਧੰਦੇ ਬਾਰੇ ਸਿਖਲਾਈ ਲੈ ਰਹੇ ਹਨ, ਲੋੜੀਂਦੀਆਂ ਮੁਲਾਕਾਤਾਂ ਕਰ ਰਹੇ ਹਨ ਅਤੇ ਹੋਰ ਮੁਲਾਕਾਤਾਂ ਤੋਂ ਵਡਮੁੱਲਾ ਗਿਆਨ ਹਾਸਿਲ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲਿਆਂ, ਕੈਂਪਾਂ, ਗੋਸ਼ਟੀਆਂ, ਖੇਤ ਦਿਵਸ, ਸਾਹਿਤ, ਅਨਾਊਂਸਮੈਂਟਾਂ ਆਦਿ ਰਾਹੀਂ ਸਮੇਂ-ਸਮੇਂ ’ਤੇ ਕਿਸਾਨਾਂ ਤੱਕ ਹਰ ਕਿਸਮ ਦੀ ਜਾਣਕਾਰੀ ਪਹੁੰਚਦੀ ਕੀਤੀ ਜਾ ਰਹੀ ਹੈ। ਸੋ, ਇਨ੍ਹਾਂ ਕਿਸਾਨਾਂ ਲਈ ਸੋਸ਼ਲ ਮੀਡੀਆ ਵਰਦਾਨ ਹੈ। ਫਿਰ ਵੀ ਬਹੁਤ ਸਾਰੇ ਕਿਸਾਨ ਇਸ ਸਭ ਕਾਸੇ ਤੋਂ ਰਹਿ ਜਾਂਦੇ ਹਨ ਅਤੇ ਉਨ੍ਹਾਂ ਤੱਕ ਖੇਤੀ ਸੂਚਨਾਵਾਂ ਨਹੀਂ ਪਹੁੰਚਦੀਆਂ।
ਜਿਹੜੇ ਕਿਸਾਨ ਨਵੀਨਤਮ ਖੇਤੀ ਤਕਨੀਕਾਂ ਹਾਸਿਲ ਕਰ ਕੇ ਸਮੇਂ ਦੇ ਹਾਣ ਦਾ ਨਹੀਂ ਬਣਦੇ, ਉਹ ਝੋਨੇ-ਕਣਕ ਦੇ ਫ਼ਸਲੀ ਚੱਕਰ ’ਚ ਹੀ ਫਸੇ ਹੋਏ ਹਨ, ਜਿਸ ਨਾਲ ਸਾਡੇ ਕੀਮਤੀ ਕੁਦਰਤੀ ਸਰੋਤ ਜਿਵੇਂ ਮਿੱਟੀ, ਪਾਣੀ, ਹਵਾ ਵੀ ਖ਼ਰਾਬ ਹੋ ਰਹੇ ਹਨ ਅਤੇ ਇਨ੍ਹਾਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਵੀ ਬਹੁਤਾ ਫ਼ਾਇਦਾ ਨਹੀਂ ਹੋ ਰਿਹਾ। ਕਿਸਾਨਾਂ ਦੇ ਪ੍ਰਸੰਗ ਵਿੱਚ ਸੋਸ਼ਲ ਮੀਡੀਆ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਾਂ (ਐਪਸ) ਵਿੱਚੋਂ ਉਚੇਚੇ ਤੌਰ ’ਤੇ ਯੂਟਿਊਬ, ਵੱਟਸਐਪ ਅਤੇ ਫੇਸਬੁੱਕ ਦੀ ਗੱਲ ਕਰਨੀ ਬਣਦੀ ਹੈ। ਯੂਟਿਊਬ ਰਾਹੀਂ ਕਿਸਾਨਾਂ ਦੀ ਸਫਲਤਾ ਦੀਆਂ ਕਹਾਣੀਆਂ, ਖੇਤੀ ਮਾਹਿਰਾਂ ਦੀ ਗੱਲਬਾਤ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਵੀਡੀਓਜ਼ ਰੂਪ ਵਿੱਚ ਮੁਫ਼ਤ ਆਪਣੇ ਮੋਬਾਈਲ ’ਤੇ ਪ੍ਰਾਪਤ ਹੋ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਪੀਏਯੂ ਲਾਈਵ, ਖੇਤੀ ਵਿਭਾਗ ਦੀਆਂ ਖੇਤੀ ਸੂਚਨਾਵਾਂ, ਖੇਤੀ ਗਿਆਨ ਤੇ ਵਿਕਾਸ, ਕਿਸਾਨੀ ਸੂਚਨਾਵਾਂ ਨਾਲ ਸਬੰਧਿਤ ਯੂਟਿਊਬ ਚੈਨਲ ਕਿਸਾਨਾਂ ਦੀ ਸੇਵਾ ’ਚ ਕਾਰਜ ਕਰ ਰਹੇ ਹਨ। ਇਸ ਤੋਂ ਇਲਾਵਾ ਦੂਰਦਰਸ਼ਨ ਜਲੰਧਰ, ਡੀਡੀ ਕਿਸਾਨ ਚੈਨਲ ਵੀ ਆਪਣੀਆਂ ਖੇਤੀ ਸਬੰਧੀ ਵੀਡੀਓਜ਼ ਯੂਟਿਊਬ ਰਾਹੀਂ ਸ਼ੇਅਰ ਕਰਦੇ ਰਹਿੰਦੇ ਹਨ। ਬਹੁਤੇ ਪ੍ਰਾਈਵੇਟ ਚੈਨਲ ਵੀ ਖੇਤੀ ਸੈਕਟਰ ਵਿੱਚ ਆਪਣਾ ਬਣਦਾ ਰੋਲ ਨਿਭਾ ਰਹੇ ਹਨ। ਯੂਟਿਊਬ ਰਾਹੀਂ ਸਿੱਧਾ ਪ੍ਰਸਾਰਨ ਵੀ ਹੁੰਦਾ ਹੈ, ਜਿਸ ਦਾ ਕਿਸਾਨ ਵੀਰ ਸਬੰਧਿਤ ਮੇਲੇ ਵਿੱਚ ਕਿਸੇ ਕਾਰਨ ਨਾ ਪਹੁੰਚ ਕੇ ਘਰ ਬੈਠੇ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਇੱਕ ਵੱਟਸਐਪ ਗਰੁੱਪ ’ਚ 1024 ਮੈਂਬਰ ਬਣ ਸਕਦੇ ਹਨ, ਜਿਨ੍ਹਾਂ ਰਾਹੀਂ ਕੋਈ ਵੀ ਨਵੀਂ ਸੂਚਨਾ ਇੱਕੋ ਸਮੇਂ ਲੱਖਾਂ ਕਿਸਾਨਾਂ ਤੱਕ ਪਹੁੰਚ ਜਾਂਦੀ ਹੈ, ਜੋ ਕਿਸੇ ਹੋਰ ਮਾਧਿਅਮ ਰਾਹੀਂ ਸੰਭਵ ਨਹੀਂ ਹੁੰਦੀ। ਖੇਤੀ ਨਾਲ ਸਬੰਧਿਤ ਹਰ ਵਿਭਾਗ ਅਤੇ ਯੂਨੀਵਰਸਿਟੀ ਦੇ ਵੱਖੋ-ਵੱਖ ਤਰ੍ਹਾਂ ਦੇ ਸਰਕਲ, ਬਲਾਕ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਵੱਟਸਐਪ ਗਰੁੱਪ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। ਸੋ, ਕੋਈ ਵੀ ਕਿਸਾਨ ਆਪਣੇ ਧੰਦੇ ਸਬੰਧੀ ਬਣਾਏ ਗਰੁੱਪਾਂ ਦਾ ਮੈਂਬਰ ਬਣੇ ਅਤੇ ਵੱਧ ਤੋਂ ਵੱਧ ਮੁਫ਼ਤ ਵਿੱਚ ਲਾਭ ਪ੍ਰਾਪਤ ਕਰੇ।
ਫੇਸਬੁੱਕ ਦੇ ਜ਼ਰੀਏ ਵੀ ਖੇਤੀ ਸਬੰਧੀ ਹਰ ਕਿਸਮ ਦੀ ਫੋਟੋ, ਵੀਡੀਓ, ਲੇਖ, ਵਿਚਾਰ, ਆਪਣੀ ਰਾਏ ਵਗੈਰਾ ਸਾਂਝੀ ਕੀਤੀ ਜਾ ਸਕਦੀ ਹੈ, ਜਿਸ ਦਾ ਲਾਭ ਬਹੁਤ ਸਾਰੇ ਕਿਸਾਨ ਪਹਿਲਾਂ ਹੀ ਲੈ ਰਹੇ ਹਨ। ਫੇਸਬੁੱਕ ਚੈਨਲ ਰਾਹੀਂ ਸਿੱਧਾ ਪ੍ਰਸਾਰਨ ਵੀ ਹੁੰਦਾ ਹੈ। ਇਸ ਐਪ ਰਾਹੀਂ ਅਸੀਂ ਕਿਸੇ ਨੂੰ ਮਿੱਤਰ ਵੀ ਬਣਾ ਸਕਦੇ ਹਾਂ ਅਤੇ ਕਿਸੇ ਦੇ ਮਿੱਤਰ ਵੀ ਬਣ ਸਕਦੇ ਹਾਂ। ਬਾਕੀ ਸੋਸ਼ਲ ਮੀਡੀਆ ਦੀਆਂ ਬਹੁਤ ਸਾਰੀਆਂ ਐਪਸ ’ਤੇ ਖੇਤੀ ਸਬੰਧੀ ਕਿਤਾਬਚੇ, ਰਸਾਲੇ ਜਾਂ ਕਿਤਾਬਾਂ ਵੀ ਉਪਲਬਧ ਹੁੰਦੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਆਪਣੇ ਕਿੱਤੇ ਵਿੱਚ ਸੁਧਾਰ ਕਰ ਸਕਦੇ ਹਾਂ।
ਕਿਸਾਨ ਭਰਾਵੋ, ਅੱਜ ਦੇ ਯੁੱਗ ਵਿੱਚ ਜੇਕਰ ਤੁਸੀਂ ਪੜ੍ਹੇ-ਲਿਖੇ ਵੀ ਹੋ ਅਤੇ ਇਹ ਵੀ ਕਹੋ ਕਿ ਮੈਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਲੱਗਾ ਤਾਂ ਇਸ ’ਚ ਆਪਣੀ ਹੀ ਕੋਈ ਕਮੀ ਹੋ ਸਕਦੀ ਹੈ। ਸੋਸ਼ਲ ਮੀਡੀਆ ’ਤੇ ਗਿਆਨ ਦਾ ਅਥਾਹ ਭੰਡਾਰ ਪਿਆ ਹੈ। ਉਸ ਗਿਆਨ ਵਿੱਚੋਂ ਆਪਣੇ ਕੰਮ ਦੇ ਮੋਤੀ ਪਛਾਣੀਏ, ਚੁਗੀਏ ਅਤੇ ਉਸ ਮੁਤਾਬਿਕ ਆਪਣਾ ਨਵਾਂ ਕੰਮ ਕਰੀਏ ਜਾਂ ਚੱਲ ਰਹੇ ਕੰਮ ’ਚ ਹੋਰ ਨਿਖਾਰ ਲਿਆਈਏ ਤਾਂ ਜੋ ਸਾਡੀ ਆਰਥਿਕਤਾ ਵੀ ਨਿੱਗਰ ਹੋਵੇ ਅਤੇ ਆਪਣੀ ਧਰਤੀ, ਹਵਾ, ਪਾਣੀ ਦਾ ਵੀ ਕੋਈ ਨੁਕਸਾਨ ਨਾ ਹੋਵੇ। ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਜ਼ਮੀਨ-ਜਾਇਦਾਦ ਦੇ ਨਾਲ-ਨਾਲ ਜਿਊਣਯੋਗ ਵਾਤਾਵਰਨ ਵੀ ਦੇ ਕੇ ਜਾਈਏ। ਸੋ, ਖ਼ੁਦ ਸਿਹਤਮੰਦ ਰਹੋ ਅਤੇ ਆਪਣਾ ਆਲਾ-ਦੁਆਲਾ ਵੀ ਸਿਹਤਮੰਦ ਰੱਖਣ ਵਿਚ ਯੋਗਦਾਨ ਪਾਓ।
ਸੰਪਰਕ: 98720-25038