ਸਿਹਤਮੰਦ ਸਮਾਜ ਦੀ ਉਸਾਰੀ ਵਿੱਚ ਡਾਕਟਰਾਂ ਦੀ ਭੂਮਿਕਾ
ਸੁਮੀਤ ਸਿੰਘ
ਦੁਨੀਆ ਦੇ ਸਾਰੇ ਕਿੱਤਿਆਂ ਵਿੱਚੋਂ ਡਾਕਟਰੀ ਹੀ ਅਜਿਹਾ ਸਨਮਾਨਜਨਕ ਕਿੱਤਾ ਹੈ ਜਿਸ ਦਾ ਸਿੱਧਾ ਸਬੰਧ ਜ਼ਿੰਦਗੀ ਅਤੇ ਮਨੁੱਖਤਾ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਡਾਕਟਰ ਦਾ ਮੁੱਖ ਫਰਜ਼ ਨਾ ਸਿਰਫ ਮਰੀਜ਼ ਨੂੰ ਸਿਹਤਯਾਬ ਕਰਨਾ ਹੁੰਦਾ ਹੈ ਬਲਕਿ ਮਨੁੱਖ ਨੂੰ ਉਸ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਬਾਰੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਾਗਰੂਕ ਕਰਨਾ ਵੀ ਹੈ ਤਾਂ ਕਿ ਉਹ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕੇ। ਸਮਾਜ ਵਿਚ ਫੈਲੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਡਾਕਟਰ ਲਈ ਚੁਣੌਤੀ ਵਾਂਗ ਹੁੰਦੀ ਹੈ ਤੇ ਡਾਕਟਰੀ ਕਿੱਤੇ ਲਈ ਸਮਰਪਿਤ ਹਰ ਸੁਹਿਰਦ ਡਾਕਟਰ ਮਰੀਜ਼ ਨੂੰ ਸਿਹਤਯਾਬ ਕਰਨ ਅਤੇ ਮੌਤ ਦੇ ਮੂੰਹੋਂ ਬਚਾਉਣ ਲਈ ਆਪਣੀ ਕਾਬਲੀਅਤ ਤੇ ਸਮਰੱਥਾ ਅਨੁਸਾਰ ਪੂਰੀ ਵਾਹ ਲਾਉਂਦਾ ਹੈ।
ਉਂਝ, ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜ਼ਿਆਦਾਤਰ ਡਾਕਟਰ ਖਾਸ ਕਰ ਕੇ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਦੇ ਡਾਕਟਰ ਇਸ ਨੂੰ ਮੁਨਾਫ਼ੇ ਵਾਲੇ ਧੰਦੇ ਵਜੋਂ ਅਪਣਾ ਰਹੇ ਹਨ। ਅਸਲ ਵਿੱਚ, ਸਿਹਤ ਸੰਭਾਲ ਦੇ ਖੇਤਰ ਵਿੱਚ ਨਿੱਜੀਕਰਨ ਵਾਲੀਆਂ ਨੀਤੀਆਂ ਲਾਗੂ ਹੋਣ ਕਾਰਨ ਸਰਕਾਰੀ ਹਸਪਤਾਲਾਂ ਤੇ ਮੁੱਢਲੇ ਸਿਹਤ ਕੇਂਦਰਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੇ ਨਾਂ ਹੇਠ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਖੱਜਲ-ਖੁਆਰੀ ਤੇ ਲੁੱਟ-ਖਸੁੱਟ ਰੋਕਣ ਲਈ ਸਰਕਾਰਾਂ ਕੋਈ ਖਾਸ ਧਿਆਨ ਨਹੀਂ ਦੇ ਰਹੀਆਂ।
ਹਸਪਤਾਲ ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਮਰੀਜ਼ ਦੀ ਮੁੱਢਲੀ ਜਾਂਚ ਮਗਰੋਂ ਤਕਰੀਬਨ ਹਰ ਡਾਕਟਰ ਉਸ ਨੂੰ ਕਈ ਤਰ੍ਹਾਂ ਦੇ ਟੈਸਟ ਕਰਵਾਉਣ ਲਈ ਕਹਿੰਦਾ ਹੈ। ਬਿਮਾਰੀ ਲੱਭਣ ਲਈ ਬੇਸ਼ੱਕ, ਕੁਝ ਬੁਨਿਆਦੀ ਟੈਸਟਾਂ ਦੀ ਲੋੜ ਹੁੰਦੀ ਹੈ ਪਰ ਕਈ ਵਾਰ ਡਾਕਟਰ ਗ਼ੈਰ-ਜ਼ਰੂਰੀ ਟੈਸਟ ਵੀ ਲਿਖ ਦਿੰਦੇ ਹਨ। ਮਰੀਜ਼ ਨੂੰ ਇਹ ਟੈਸਟ ਕਿਸੇ ਵਿਸ਼ੇਸ਼ ਲੈਬ ਤੋਂ ਕਰਵਾਉਣ ਦੀ ਗੁੱਝੀ ਹਦਾਇਤ ਵੀ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਦੀਆਂ ਜਾਂਚ ਮਸ਼ੀਨਾਂ ਅਕਸਰ ਖ਼ਰਾਬ ਰਹਿੰਦੀਆਂ ਹਨ। ਬਹੁਤੇ ਮਾਮਲਿਆਂ ਵਿੱਚ ਤਾਂ ਦਵਾਈਆਂ ਕਿਸੇ ਵਿਸ਼ੇਸ਼ ਕੰਪਨੀਆਂ ਦੀਆਂ ਲਿਖੀਆਂ ਜਾਂਦੀਆਂ ਹਨ; ਇਵਜ਼ ਵਿੱਚ ਦਵਾਈ ਕੰਪਨੀਆਂ ਤੋਹਫ਼ੇ ਜਾਂ ਹੋਰ ਸਹੂਲਤਾਂ ਦਿੰਦੀਆਂ ਹਨ। ਇਹ ਸਾਰੇ ਤੱਥ ਅਕਸਰ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਦੇ ਰਹਿੰਦੇ ਹਨ।
ਅਸਲ ਵਿੱਚ, ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਦੇ ਡਾਕਟਰਾਂ ਲਈ ਮਰੀਜ਼ ਹੁਣ ‘ਗਾਹਕ’ ਬਣ ਚੁੱਕਾ ਹੈ। ਕਰੋਨਾ ਮਹਾਮਾਰੀ ਦੌਰਾਨ ਜਿਥੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਕਰੋਨਾ ਮਰੀਜ਼ਾਂ ਲਈ ਆਪਣੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ ਉਥੇ ਉਨ੍ਹਾਂ ਨੇ ਕਰੋਨਾ ਦੀ ਆੜ ਹੇਠ ਦੂਜੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਲੁੱਟ ਕਰ ਕੇ ਇਸ ਕਿੱਤੇ ਨੂੰ ਦਾਗ਼ਦਾਰ ਕੀਤਾ।
ਮੌਜੂਦਾ ਸਰਕਾਰਾਂ ਵੱਲੋਂ ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ਨਤੀਜੇ ਵਜੋਂ ਡਾਕਟਰੀ ਦੀ ਪੜ੍ਹਾਈ ਜਿੰਨੀ ਮਹਿੰਗੀ ਹੋ ਗਈ ਹੈ, ਉਸ ਹਿਸਾਬ ਨਾਲ ਭਵਿੱਖ ਵਿੱਚ ਸਰਕਾਰਾਂ ਅਤੇ ਡਾਕਟਰਾਂ ਤੋਂ ਆਮ ਲੋਕਾਂ ਲਈ ਸਸਤੇ ਅਤੇ ਵਧੀਆ ਇਲਾਜ ਦੀ ਕੋਈ ਆਸ ਨਹੀਂ। ਕੇਂਦਰ ਸਰਕਾਰ ਵੱਲੋਂ ਸਿਹਤ ਬਜਟ ਵਿੱਚ ਹਰ ਸਾਲ ਵੱਡੀ ਕਟੌਤੀ ਕਰਨ ਕਰ ਕੇ ਸਰਕਾਰੀ ਹਸਪਤਾਲਾਂ ਵਿੱਚ ਆਧੁਨਿਕ ਇਲਾਜ ਪ੍ਰਣਾਲੀ, ਪ੍ਰਯੋਗਸ਼ਾਲਾਵਾਂ, ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ, ਦਵਾਈਆਂ ਤੇ ਮਨੋਚਿਕਤਸਕਾਂ ਦੀ ਵੱਡੀ ਘਾਟ ਪੈਦਾ ਹੋਈ ਹੈ ਅਤੇ ਇਹ ਘਾਟਾਂ ਖ਼ਤਮ ਕੀਤੇ ਬਗੈਰ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਹੋ ਸਕਦਾ। ਉਂਝ, ਇਸ ਗੱਲ ਦੀ ਸੰਤੁਸ਼ਟੀ ਵੀ ਹੈ ਕਿ ਜਨਤਕ ਸਿਹਤ ਢਾਂਚੇ ਵਿੱਚ ਆਏ ਨਿਘਾਰ ਦੇ ਬਾਵਜੂਦ ਕਈ ਡਾਕਟਰ ਪੂਰੀ ਨੇਕ-ਨੀਅਤੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ।
ਦੁੱਖ ਦੀ ਗੱਲ ਇਹ ਵੀ ਹੈ ਕਿ ਆਮ ਲੋਕਾਂ ਕੋਲ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੀ ਸਮਰੱਥਾ ਨਾ ਹੋਣ ਕਾਰਨ ਦੇਸ਼ ਦੇ ਬਹੁਗਿਣਤੀ ਗਰੀਬ ਅਤੇ ਪਿਛੜੇ ਇਲਾਕਿਆਂ ਦੇ ਲੋਕ ਝੋਲਾ ਛਾਪ ਡਾਕਟਰਾਂ, ਨੀਮ ਹਕੀਮਾਂ, ਪਾਖੰਡੀ ਬਾਬਿਆਂ ਅਤੇ ਜੋਤਸ਼ੀਆਂ ਦੇ ਜਾਲ ਵਿਚ ਫਸ ਜਾਂਦੇ ਹਨ ਜੋ ਲੋਕਾਂ ਦਾ ਆਰਥਿਕ, ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਸਿਤਮਜ਼ਰੀਫ਼ੀ ਇਹ ਹੈ ਕਿ ਇਨ੍ਹਾਂ ਖਿ਼ਲਾਫ਼ ਕਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਜੇ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰਾਂ ਦੇਸ਼ ਦੇ ਆਮ ਲੋਕਾਂ ਦੀ ਵਧੀਆ ਸਿਹਤ ਸੰਭਾਲ ਅਤੇ ਇਲਾਜ ਸਹੂਲਤਾਂ ਦੀ ਰਾਖੀ ਲਈ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਮੌਜੂਦਾ ਸਿਹਤ ਬਜਟ ਵਿੱਚ ਤਿੰਨ ਗੁਣਾ ਵਾਧਾ ਕਰ ਕੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਆਧੁਨਿਕ ਬੁਨਿਆਦੀ ਸਿਹਤ ਅਤੇ ਇਲਾਜ ਢਾਂਚਾ ਉਸਾਰਨਾ ਚਾਹੀਦਾ ਹੈ। ਦੂਰ-ਦੁਰੇਡੇ ਇਲਾਕਿਆਂ ਸਮੇਤ ਹਰ ਸ਼ਖ਼ਸ ਤੱਕ ਆਧੁਨਿਕ ਸਿਹਤ ਸਹੂਲਤਾਂ ਪਹੁੰਚਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਪ੍ਰਾਈਵੇਟ ਹਸਪਤਾਲਾਂ ਉੱਤੇ ਕੰਟਰੋਲ ਕਰਦਿਆਂ ਮਰੀਜ਼ਾਂ ਦੀ ਅੰਨ੍ਹੀ ਲੁੱਟ ਰੋਕਣੀ ਚਾਹੀਦੀ ਹੈ।
ਸਮੁੱਚੇ ਡਾਕਟਰ ਭਾਈਚਾਰੇ ਨੂੰ ਅੱਜ ਦੇ ਦਿਨ ਇਕ ਵਾਰ ਫਿਰ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਵਿਤਕਰੇ ਦੇ ਆਮ ਲੋਕਾਂ ਤੇ ਮਰੀਜ਼ਾਂ ਦੀ ਸਿਹਤ ਸੰਭਾਲ ਤੇ ਬਿਹਤਰ ਇਲਾਜ ਲਈ ਸਮਰਪਿਤ ਹੋਣਗੇ। ਹਰ ਡਾਕਟਰ ਦਾ ਨੈਤਿਕ ਫਰਜ਼ ਹੈ ਕਿ ਉਹ ਮਰੀਜ਼ ਅਤੇ ਉਸ ਦੇ ਵਾਰਸਾਂ ਦੀ ਮਾਨਸਿਕਤਾ ਅੰਦਰ ਬਿਮਾਰੀ ਵਿਰੁੱਧ ਲੜਨ ਦੀ ਮਜ਼ਬੂਤ ਵਿਗਿਆਨਕ ਇੱਛਾ ਸ਼ਕਤੀ ਪ੍ਰਫੁਲਿਤ ਕਰੇ।
ਸੰਪਰਕ: 76960-30173