ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੂੰਡੀ ਖਿਸਕ ਗਈ

ਸਵੇਰੇ-ਸਵੇਰੇ ਫੋਨ ਦੀ ਘੰਟੀ ਵੱਜੀ। ਚੁੱਕਿਆ ਤਾਂ ਅੱਗੋਂ ਘੁੱਦਾ ਬੋਲ ਰਿਹਾ ਸੀ, ਕਹਿੰਦਾ “ਮਾਸਟਰ, ਖੂੰਡੀ ਨਹੀਂ ਮਿਲਦੀ, ਸਵੇਰ ਦਾ ਲੱਭੀ ਜਾਨਾ, ਦੇਖ ਤਾਂ ਰਾਤੀਂ ਕਿਤੇ ਗੱਡੀ ’ਚ ਤਾਂ ਨਹੀਂ ਰਹਿ ਗਈ?’’ ਮੈਂ ਜਾ ਕੇ ਦੇਖਿਆ, ਗੱਡੀ ਵਿੱਚ ਨਹੀਂ ਸੀ। ਬੀਤੇ...
Advertisement

ਸਵੇਰੇ-ਸਵੇਰੇ ਫੋਨ ਦੀ ਘੰਟੀ ਵੱਜੀ। ਚੁੱਕਿਆ ਤਾਂ ਅੱਗੋਂ ਘੁੱਦਾ ਬੋਲ ਰਿਹਾ ਸੀ, ਕਹਿੰਦਾ “ਮਾਸਟਰ, ਖੂੰਡੀ ਨਹੀਂ ਮਿਲਦੀ, ਸਵੇਰ ਦਾ ਲੱਭੀ ਜਾਨਾ, ਦੇਖ ਤਾਂ ਰਾਤੀਂ ਕਿਤੇ ਗੱਡੀ ’ਚ ਤਾਂ ਨਹੀਂ ਰਹਿ ਗਈ?’’ ਮੈਂ ਜਾ ਕੇ ਦੇਖਿਆ, ਗੱਡੀ ਵਿੱਚ ਨਹੀਂ ਸੀ। ਬੀਤੇ ਦਿਨ ਅਸੀਂ ਚਾਰ ਜਣੇ ਇੱਕ ਸਾਂਝੇ ਮਿੱਤਰ ਨੂੰ ਚੰਡੀਗੜ੍ਹ ਮਿਲ ਕੇ ਆਏ ਸੀ। ਮੈਂ ਖੂੰਡੀ ਦੇ ਲਾਪਤਾ ਹੋਣ ਦੀ ਖ਼ਬਰ ਚੰਡੀਗੜ੍ਹ ਵਾਲੇ ਮਿੱਤਰ ਨੂੰ ਸੁਣਾਈ ਤਾਂ ਉਹ ਹੱਸਦਾ ਹੋਇਆ ਕਹਿਣ ਲੱਗਾ, “ਉਹਦੇ ਭਾਰ ਤੋਂ ਅੱਕੀ ਹੋਈ ਕਿਤੇ ਲੁਕ ਗਈ ਹੋਣੀ ਆ।”

ਮਿੱਤਰ ਨੂੰ ਕਾਫ਼ੀ ਚਿਰ ਬਾਅਦ ਮਿਲੇ ਸੀ। ਪੁਰਾਣੀਆਂ ਗੱਲਾਂ ਦਾ ਸਿਲਸਿਲਾ ਜਿਉਂ ਤੁਰਿਆ ਕਿ ਸਾਰਾ ਦਿਨ ਹੀ ਗੱਲਾਂ ਬਾਤਾਂ ਕਰਦੇ ਰਹੇ ਪਰ ਮਿੱਤਰ ਨੂੰ ਹਾਲੇ ਵੀ ਮਹਿਮਾਨ ਨਿਵਾਜ਼ੀ ਅਧੂਰੀ ਲੱਗ ਰਹੀ ਸੀ, ਸੋ ਉਸ ਦੀ ਮਹਿਮਾਨ ਨਿਵਾਜ਼ੀ ਮਾਣਦਿਆਂ ਸਾਨੂੰ ਵਾਪਸੀ ’ਤੇ ਦੇਰ ਹੋ ਗਈ। ਰਾਹ ’ਚ ਬਲਾਚੌਰ ਲਾਗੇ ਇੱਕ ਜਗ੍ਹਾ ਰੁਕ ਕੇ ਜਾਣਾ ਸੀ। ਪਿੰਡ ਪਹੁੰਚੇ ਤਾਂ ਸਾਰਿਆਂ ਨੂੰ ਘਰੋਂ-ਘਰੀਂ ਲਾਹ ਕੇ ਮੈਂ ਤੇ ਡਰਾਈਵਰ ਅੱਧੀ ਰਾਤ ਘਰ ਵੜੇ।

Advertisement

ਗੱਲਾਂ ਬਾਤਾਂ ’ਚ ਵੀ ਦਿਨ ਭਰ ਖੂੰਡੀ ਦੀ ਚਰਚਾ ਹੁੰਦੀ ਰਹੀ ਸੀ। ਸਾਡੇ ਲਈ ਤਾਂ ਇਹ ਸ਼ੁਗਲ ਵਾਲੀ ਗੱਲ ਸੀ ਪਰ ਖੂੰਡੀ ਗੁਆਚਣ ਕਾਰਨ ਹੁਣ ਘੁੱਦਾ ਬਹੁਤ ਉਦਾਸ ਸੀ। ਦੂਜੇ ਦਿਨ ਮਿਲੇ ਤਾਂ ਖੂੰਡੀ ਬਾਰੇ ਪੁੱਛਣ ’ਤੇ ਉਹ ਫਿੱਸ ਪਿਆ “ਇਸ ਖੂੰਡੀ ਨੂੰ ਹੱਥ ਵਿੱਚ ਲੈ ਕੇ ਤੁਰਨ ਵੇਲੇ ਮੈਨੂੰ ਮਹਿਸੂਸ ਹੁੰਦਾ ਸੀ ਜਿਵੇਂ ਮੇਰਾ ਬਾਪੂ ਮੇਰੇ ਨਾਲ ਤੁਰ ਰਿਹਾ ਹੋਵੇ। ਬਾਪੂ ਦੇ ਪੂਰੇ ਹੋਣ ਤੋਂ ਬਾਅਦ ਜਦੋਂ ਮੈਂ ਵਲੈਤ ਗਿਆ ਤਾਂ ਇਹ ਖੂੰਡੀ ਮਾਂ ਵਾਲੇ ਕਮਰੇ ’ਚ ਪਈ ਹੁੰਦੀ ਸੀ। ਮਾਂ ਨੇ ਦੱਸਿਆ ਸੀ ਕਿ ਇਹ ਖੂੰਡੀ ਕਈ ਸਾਲ ਮੇਰੇ ਬਾਪੂ ਦਾ ਸਹਾਰਾ ਬਣੀ। ਖੂੰਡੀ ਦੀ ਮੁੱਠ ਉੱਪਰ ਹੱਥ ਰੱਖਿਆ ਤਾਂ ਮੈਨੂੰ ਬਾਪੂ ਦੀ ਹੱਥ-ਘੁਟਣੀ ਮਹਿਸੂਸ ਹੋਈ। ਉਸ ਦਿਨ ਤੋਂ ਮੈਂ ਬਾਪੂ ਨੂੰ ਨਾਲ-ਨਾਲ ਲਈ ਫਿਰਦਾ ਸੀ। ਖੂੰਡੀ ਦੇ ਲਾਪਤਾ ਹੋਣ ਤੋਂ ਬਾਅਦ ਮੈਨੂੰ ਲੱਗਦੈ ਜਿਵੇਂ ਬਾਪੂ ਮੁੜ ਵਿੱਛੜ ਗਿਆ ਹੋਵੇ।”

ਚੰਡੀਗੜ੍ਹੋਂ ਤੁਰਨ ਵੇਲੇ ਤੋਂ ਲੈ ਕੇ ਘੁੱਦੇ ਨੂੰ ਘਰ ਛੱਡਣ ਤੱਕ ਦਾ ਸਫ਼ਰ ਯਾਦ ਕੀਤਾ ਤਾਂ ਖੂੰਡੀ ਇੱਕ ਪਲ ਵੀ ਪਾਸੇ ਹੋਈ ਨਾ ਜਾਪੀ। ਤੁਰਨ ਤੋਂ ਪਹਿਲਾਂ ਮਿੱਤਰ ਨੇ ਆਪਣੀ ਬਗੀਚੀ ਵਿੱਚੋਂ ਤੋੜੇ ਕਰੇਲੇ ਤੇ ਰਾਮ-ਤੋਰੀਆਂ ਦਾ ਲਿਫਾਫਾ ਘੁੱਦੇ ਨੂੰ ਫੜਾਉਂਦਿਆਂ ਕਿਹਾ ਸੀ, “ਪੇਂਡੂਓ, ਸ਼ਹਿਰੀ ਕਰੇਲੇ ਖਾ ਕੇ ਦੱਸਿਓ, ਫਿੱਕੇ ਤਾਂ ਨਹੀਂ?” ਤੇ ਇਹ ਲਿਫਾਫਾ ਉਸ ਆਪਣੀ ਖੂੰਡੀ ਦੀ ਮੁੱਠ ਨਾਲ ਲਪੇਟ ਲਿਆ ਸੀ। ਗੱਡੀ ਵਿੱਚ ਬੈਠਣ ਤੋਂ ਪਹਿਲਾਂ ਹੀ ਖੂੰਡੀ ਅਤੇ ਸਬਜ਼ੀਆਂ ਵਾਲਾ ਲਿਫਾਫਾ ਗੱਡੀ ਵਿੱਚ ਰੱਖ ਦਿੱਤੇ ਸਨ। ਰਾਹ ’ਚ ਰੁਕਣ ਵੇਲੇ ਵੀ ਘੁੱਦਾ ਖੂੰਡੀ ਸਹਾਰੇ ਹੀ ਗੱਡੀ ’ਚੋਂ ਉਤਰਿਆ ਸੀ। ਗੱਡੀ ਵਿੱਚ ਬੈਠਣ ਵੇਲੇ ਉਸ ਨੇ ਖੂੰਡੀ ਦੋਵੇਂ ਲੱਤਾਂ ਦੇ ਵਿਚਕਾਰ ਰੱਖੀ ਸੀ। ਘਰ ਦੇ ਗੇਟ ਅੰਦਰ ਜਾਣ ਵੇਲੇ ਵੀ ਲਿਫਾਫਾ ਅਤੇ ਖੂੰਡੀ ਉਸ ਦੇ ਹੱਥ ਵਿੱਚ ਸਨ। ਉਸ ਤੋਂ ਬਾਅਦ ਖੂੰਡੀ ਕਿੱਥੇ ਖਿਸਕ ਗਈ?

ਅਗਲੇ ਦਿਨ ਘੁੱਦੇ ਦਾ ਫੋਨ ਆਇਆ, ਚਹਿਕਦਾ ਹੋਇਆ ਕਹਿੰਦਾ “ਮਾਸਟਰ, ਖੂੰਡੀ ਮਿਲ ਗਈ!” ਮੇਰੇ ‘ਕਿੱਥੋਂ’ ਪੁੱਛਣ ’ਤੇ ਕਹਿੰਦਾ “ਸਾਡੇ ਘਰ ਸਫਾਈ ਕਰਨ ਵਾਲੀ ਇੱਕ ਦਿਨ ਛੱਡ ਕੇ ਪੋਚੇ ਲਾਉਂਦੀ ਆ। ਅੱਜ ਵੱਡੇ ਸੋਫੇ ਹੇਠਾਂ ਪੋਚਾ ਲਾਉਣ ਲਈ ਸੋਫੇ ਨੂੰ ਘੜੀਸਿਆ ਤਾਂ ਖੂੰਡੀ ਹੇਠਾਂ ਪਈ ਸੀ।” ਫਿਰ ਆਪ ਹੀ ਕਹਿਣ ਲੱਗਾ “ਮੈਨੂੰ ਲੱਗਦਾ, ਉਸ ਦਿਨ ਖੂੰਡੀ ਮੈਂ ਸੋਫੇ ਦੇ ਨਾਲ ਖੜ੍ਹੀ ਕੀਤੀ ਹੋਣੀ ਐ, ਜੋ ਖਿਸਕ ਕੇ ਸੋਫੇ ਦੇ ਪਿੱਛੇ ਡਿੱਗ ਪਈ।’’ ਉਸ ਦੀ ਇਹ ਗੱਲ ਸੁਣ ਸਾਨੂੰ ਸਾਰਿਆਂ ਨੂੰ ਸੁੱਖ ਦਾ ਸਾਹ ਆਇਆ। ਸਾਨੂੰ ਤਾਂ ਕੀ, ਘੁੱਦੇ ਨੂੰ ਵੀ ਸੁੱਖ ਦਾ ਸਾਹ ਆਇਆ ਹੋਣੈ। ਇਹ ਖੂੂੰਡੀ ਮਿਲਣ ਦਾ ਨਹੀਂ ਸਗੋਂ ਵਿਛੜੇ ਬਾਪੂ ਨੂੰ ਮਿਲਣ ਵਰਗਾ ਅਹਿਸਾਸ ਸੀ।

ਸੰਪਰਕ: 98728-30235

Advertisement
Show comments