ਕਵੀ ਫੁੱਟਪਾਥ ’ਤੇ ਚੱਲ ਰਿਹਾ ਹੈ?
ਜਗਦੀਪ ਸਿੱਧੂ
ਗੱਲ 2022 ਦੀ ਹੈ। ਕੋਕਰਾਝਾਰ (ਅਸਾਮ) ਸੰਸਾਰ ਸਾਹਿਤ ਮੇਲੇ ’ਤੇ ਗਿਆ। ਉੱਥੇ ਨੀਲਿਮ ਨੀਲਿਮ ਹੋਈ ਪਈ ਸੀ। ਪਹਿਲਾਂ ਵੀ ਮੈਂ ਉਸ ਦੀ ਕਵਿਤਾ ਤੋਂ ਜਾਣੂ ਸੀ। ਘਰ ਆ ਕੇ ਨੰਬਰ ਪ੍ਰਾਪਤ ਕਰ ਉਹਨੂੰ ਫੋਨ ਕੀਤਾ; ਕਿਹਾ ਕਿ ਤੁਹਾਡੀਆਂ ਕਵਿਤਾਵਾਂ ਅਨੁਵਾਦ ਕਰਨੀਆਂ ਚਾਹੁੰਨਾ।
ਇਕ ਤਾਂ ਕਵਿਤਾ ਔਖੀ, ਦੂਜਾ ਹਿੰਦੀ ਵਿਚ ਨਾਮਾਤਰ ਹੀ ਤਰਜਮਾ ਹੋਈ। ਅੰਗਰੇਜ਼ੀ ਵਿੱਚੋਂ ਕੁਝ ਕਵਿਤਾਵਾਂ ਅਨੁਵਾਦ ਕੀਤੀਆਂ। ਉਸ ਕੋਲ ਕਮਾਲ ਦੀ ਭਾਸ਼ਾ ਹੈ।
ਕਿਤਾਬ ਅਨੁਵਾਦ ਹੋਈ- 'ਕਵੀ ਫੁੱਟਪਾਥ ’ਤੇ ਚੱਲ ਰਿਹਾ ਹੈ' ਪਰ ਕਵਿਤਾ ਮੁੱਖ ਮਾਰਗ ’ਤੇ ਪਹੁੰਚ ਗਈ; ਪਾਠਕਾਂ ਨੇ ਬਹੁਤ ਪਸੰਦ ਕੀਤੀ। ਸੋਚਿਆ ਨੀਲਿਮ ਕੁਮਾਰ ਨੂੰ ਕਵਿਤਾ ਵਾਂਗ ਪਾਠਕਾਂ ਦੇ ਰੂ-ਬਰੂ ਕੀਤਾ ਜਾਵੇ, ਉਹਦੀ ਸਿਰਜਣ ਪ੍ਰਕਿਰਿਆ ਬਾਰੇ ਜਾਣਿਆ ਜਾਵੇ। ਦੂਰੀ ਕਾਰਨ ਕਵੀ ਦਾ ਸੜਕ ਰਾਹੀਂ ਆਉਣਾ ਮੁਸ਼ਕਿਲ ਸੀ। ਸਰਕਾਰੀ ਅਦਾਰਿਆਂ ਕੋਲ ਤਦ ਮਾਲੀ ਇਮਦਾਦ ਲਈ ਫੰਡ ਨਹੀਂ ਸਨ। ਖ਼ੁਦ ਹੀ ਹਿੰਮਤ ਕੀਤੀ।
'ਕਵੀ ਫੁੱਟਪਾਥ ’ਤੇ ਚੱਲ ਰਿਹਾ ਹੈ' ਦਾ ਕਵੀ ਜਹਾਜ਼ ਰਾਹੀਂ ਗੁਹਾਟੀ ਤੋਂ ਚੰਡੀਗੜ੍ਹ ਉਤਰਿਆ। ਕਵੀ ਦਾ ਖੂਬਸੂਰਤ ਫੁੱਲਾਂ ਨਾਲ ਕੁਦਰਤ ਨੇ ਹੀ ਸਵਾਗਤ ਕੀਤਾ।
ਸਮਾਗਮ ਭਾਸ਼ਾ ਵਿਭਾਗ ਮੁਹਾਲੀ ਵਿਖੇ ਰੱਖਿਆ ਗਿਆ। ਪੰਜਾਬੀ ਭਾਸ਼ਾ ਦੀ ਕਵਿਤਾ ਵੀ ਦੂਰੋਂ ਚੱਲ ਕੇ ਪਹੁੰਚੀ। ਉੱਘੇ ਕਵੀ ਸੁਰਜੀਤ ਪਾਤਰ, ਜਸਵੰਤ ਜ਼ਫ਼ਰ, ਡਾ. ਮਨਮੋਹਨ ਆਏ। ਕਵਿਤਾ ਨੂੰ ਪੜਚੋਲਣ ਵਾਲੇ ਡਾ. ਯੋਗਰਾਜ ਵੀ ਆਏ। ਸਾਬਕਾ ਕਵੀ ਤੇ ਵਰਤਮਾਨ ਕਹਾਣੀਕਾਰ ਸੁਖਜੀਤ ਵੀ ਪਧਾਰੇ। ਉਨ੍ਹਾਂ ਨੇ ਵਾਲ ਨੀਲਿਮ ਵਾਂਗ ਪਿਛਾਂਹ ਸੁੱਟੇ ਹੋਏ ਸਨ।
ਪੰਜਾਬੀ ਕਵੀਆਂ ਨੇ ਨੀਲਿਮ ਨਾਲ ਆਪਣੀ ਪੁਰਾਣੀ ਸਾਂਝ ਦੀ ਗੱਲ ਕਰ ਕੇ ਚਾਨਣਾ ਪਾਇਆ ਕਿ ਅਸਮੀ ਨਾਲ ਪੰਜਾਬੀ ਦੀ ਕਿੰਨੀ ਪੁਰਾਣੀ ਸਾਂਝ ਹੈ।
ਨੀਲਿਮ ਕੁਮਾਰ ਨੇ ਦੱਸਿਆ ਕਿ ਕਿਸ ਤਰ੍ਹਾਂ ਉੱਥੇ ਲੇਖਕ ਨੂੰ ਬੋਲਣ ਲਿਖਣ ਦੀ ਆਜ਼ਾਦੀ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ’ਤੇ 13 ਐੱਫਆਈਆਰ ਦਰਜ ਹੋਈਆਂ ਨੇ। ਲੇਖਕਾਂ ਦਾ ਨਾਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਦੀਆਂ ਪੁਸਤਕਾਂ ਅਤੇ ਹੋਰ ਸਾਹਿਤਕ ਕਿਤਾਬਾਂ, ਰਸਾਲਿਆਂ, ਅਖ਼ਬਾਰਾਂ ਵਿਚ ਕਿਸੇ ਨਾ ਕਿਸੇ ਰੂਪ ਲਿਖਿਆ ਮਿਲਦਾ ਹੈ ਪਰ ਬਹੁਤ ਘੱਟ ਸਾਹਿਤਕਾਰ ਹੁੰਦੇ ਜਿਨ੍ਹਾਂ ਦਾ ਨਾਂ ਥਾਣਿਆਂ ਵਿਚ ਦਰਜ ਹੁੰਦਾ। ਸੁਖਜੀਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੁੰਦੇ ਨੇ ਕਵੀ ਜਿਹੜੇ ਫੁੱਟਪਾਥ ’ਤੇ, ਕੰਢੇ-ਕੰਢੇ ਨਹੀਂ ਚੱਲਦੇ।
ਨਿੱਘੀ-ਨਿੱਘੀ ਹਵਾ ਚੱਲ ਰਹੀ ਸੀ। ਸੋਚਿਆ ਨੀਲਿਮ ਨੂੰ ਇਕ ਹੋਰ ਕਵੀ ਨਾਲ ਮਿਲਾਇਆ ਜਾਵੇ ਜੋ ਕਿਨਾਰੇ-ਕਿਨਾਰੇ ਨਹੀਂ ਚੱਲਿਆ, ਜੋ ਚੱਲ ਸਕਦਾ ਸੀ। ਅਸੀਂ ਨੀਲਿਮ ਨੂੰ ਚਮਕੌਰ ਸਾਹਿਬ ਤੇ ਸਰਹਿੰਦ ਲੈ ਕੇ ਗਏ। ਗੁਰੂ ਗੋਬਿੰਦ ਸਿੰਘ ਜੀ ਅਤੇ ਪਰਿਵਾਰ ਦੀ ਸਾਰੀ ਜਦੋ-ਜਹਿਦ, ਇਤਿਹਾਸ ਜਾਣ ਕੇ ਉਸ ਦੀਆਂ ਅੱਖਾਂ ਨਮ ਹੋ ਗਈਆਂ।
ਘਰ ਆ ਕੇ ਨੀਲਿਮ ਨੇ ਕਿਹਾ ਕਿ ਇਨ੍ਹਾਂ ਇਤਿਹਾਸਕ ਥਾਵਾਂ ’ਤੇ ਜਾ ਕੇ ਮੈਂ ਤੁਹਾਡੇ ਘਰ ਦੀ ਤੀਸਰੀ ਮੰਜ਼ਿਲ ’ਤੇ ਖੜ੍ਹਾ, ਕਿਸੇ ਕਿਲ੍ਹੇ ’ਤੇ ਖੜ੍ਹਾ ਮਹਿਸੂਸ ਕਰ ਰਿਹਾਂ ਤੇ ਜਦ ਕੱਲ੍ਹ ਥੱਲੇ ਉਤਰਾਂਗਾ ਤਾਂ ਮਨੁੱਖਤਾ ਲਈ ਨਵੀਂ ਜੰਗ ਦੀ ਸ਼ੁਰੂਆਤ ਕਰਾਂਗਾ।
ਮੈਂ ਤੇ ਸੁਰਜੀਤ ਸੁਮਨ, ਨੀਲਿਮ ਨੂੰ ਏਅਰਪੋਰਟ ਛੱਡਣ ਲਈ ਘਰੋਂ ਤੁਰੇ ਤਾਂ ਧੀ ਗੁਰਨਿਆਮਤ ਨੇ ਜ਼ਿੱਦ ਕੀਤੀ ਕਿ ਉਹ ਵੀ ਨਾਲ ਚੱਲੇਗੀ। ਉਹ ਆਪਣੇ ਨਾਲ ਗੁਲਾਬੀ ਰੰਗ ਦਾ ਸਾਈਕਲ ਖਿਡੌਣਾ ਲੈ ਗਈ।
ਨੀਲਿਮ ਨੇ ਜਹਾਜ਼ ਵਿਚ ਜਾਂਦੇ-ਜਾਂਦੇ ਕਵਿਤਾ ਲਿਖ ਦਿੱਤੀ: ‘ਗੁਲਾਬੀ ਸਾਈਕਲ’ ਜੋ ਬਾਅਦ ਵਿਚ ਮੈਂ ਪੰਜਾਬੀ ਵਿਚ ਅਨੁਵਾਦ ਕੀਤੀ:
ਨਿਆਮਤ ਨਾਂ ਦੀ ਛੋਟੀ ਜਿਹੀ ਕੁੜੀ
ਹਵਾਈ ਅੱਡੇ ’ਤੇ ਲੈ ਗਈ ਸੀ
ਆਪਣਾ ਗੁਲਾਬੀ ਰੰਗ ਦਾ ਸਾਈਕਲ
ਸਾਰੀਆਂ ਛੋਟੀਆਂ ਕੁੜੀਆਂ ਦੇ ਦਿਲ ਵਿਚ ਰਹਿੰਦਾ
ਸੁਫਨਿਆਂ ਦਾ ਸਾਈਕਲ
ਜਿਸ ਦਾ ਰੰਗ ਹੁੰਦਾ ਗੁਲਾਬੀ
ਮਾਸੂਮ ਗੁਲਾਬੀ ਰੰਗ ਇਸ ਗੱਲ ਨੂੰ ਨਹੀਂ ਜਾਣਦਾ
ਹੋਰ ਰੰਗ ਸੋਕਣਾ ਚਾਹੁੰਦੇ ਨੇ/ਉਸ ਨੂੰ
ਇਕ ਦਿਨ ਸੂਰਜ ਵੀ
ਸਰੀਰ ’ਤੇ ਗੁਲਾਬੀ ਰੰਗ ਲਗਾ ਕੇ ਚੜ੍ਹਿਆ ਸੀ
ਹੁਣ ਸੂਰਜ ਨੇ ਵੀ ਬਦਲ ਲਿਆ ਹੈ
ਚੜ੍ਹਨ ਤੇ ਡੁੱਬਣ ਦਾ ਰੰਗ
ਹੁਣ ਗੁਲਾਬੀ ਰੰਗ ਬਚਿਆ ਰਹਿ ਗਿਆ
ਸਿਰਫ਼ ਕੁਝ ਫੁੱਲਾਂ ’ਚ
ਤੇ ਛੋਟੀਆਂ ਕੁੜੀਆਂ ਦੇ
ਸੁਫਨਿਆਂ ਦੇ ਸਾਈਕਲ ਵਿਚ
ਇਕ ਨੂੰ ਨਿਆਮਤ ਲੈ ਗਈ ਸੀ
ਹਵਾਈ ਅੱਡੇ ’ਤੇ।
ਇਹ ਕਵਿਤਾ ਬਹੁਤ ਭਾਵਪੂਰਤ ਹੈ। ਮੈਨੂੰ ਇਸ ਦੇ ਹੋਰ ਅਰਥ ਵੀ ਉਘੜਦੇ ਲੱਗੇ। ਇਸ ਕਵਿਤਾ ਵਿੱਚੋਂ ਮੈਂ ‘ਸਾਈਕਲ’ ਲੈ ਲਿਆ। ਅਸੀਂ ਲੇਖਕ ‘ਫੁੱਟਪਾਥ ’ਤੇ ਨਾ ਚੱਲੀਏ’, ਮੁੱਖ ਮਾਰਗ ’ਤੇ ਆਈਏ; ਭਾਵੇਂ ਰਫ਼ਤਾਰ ਸਾਈਕਲ ਦੀ ਹੀ ਹੋਵੇ।
ਸੰਪਰਕ: 82838-26876