ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੋਰਾ ਬੱਕਰੀਆਂ ਵਾਲ਼ਾ

ਗੁਰਪ੍ਰੀਤ, ਮਾਨਸਾ ਡੇਂਗੂ ਨੇ ਸੈੱਲ ਘਟਾ ਦਿੱਤੇ ਸਨ। ਹਰ ਕੋਈ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦਾ। ਖ਼ੈਰ ਬੱਕਰੀ ਦਾ ਦੁੱਧ ਤਾਂ ਮੈਂ ਨਹੀਂ ਪੀਤਾ ਪਰ ਦਸ ਸਾਲ ਪਹਿਲਾਂ ਦੀ ਯਾਦ ਤਾਜ਼ਾ ਹੋ ਗਈ। ਮਹਾਂਦੇਵ ਤੇ ਮੈਂ ਨੰਗਲ ਖੁਰਦ ਦੇ...
Advertisement

ਗੁਰਪ੍ਰੀਤ, ਮਾਨਸਾ

ਡੇਂਗੂ ਨੇ ਸੈੱਲ ਘਟਾ ਦਿੱਤੇ ਸਨ। ਹਰ ਕੋਈ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦਾ। ਖ਼ੈਰ ਬੱਕਰੀ ਦਾ ਦੁੱਧ ਤਾਂ ਮੈਂ ਨਹੀਂ ਪੀਤਾ ਪਰ ਦਸ ਸਾਲ ਪਹਿਲਾਂ ਦੀ ਯਾਦ ਤਾਜ਼ਾ ਹੋ ਗਈ।

Advertisement

ਮਹਾਂਦੇਵ ਤੇ ਮੈਂ ਨੰਗਲ ਖੁਰਦ ਦੇ ਸਕੂਲ ’ਚ ਪੜ੍ਹਾਉਂਦੇ ਸਾਂ। ਕਦੇ-ਕਦੇ ਅਸੀਂ ਅੱਖਾਂ ਮਿਲਾਉਂਦੇ ਤੇ ਇੱਕ ਤਿਹਾਈ ਛੁੱਟੀ ਲੈ, ਲਟਬੌਰੀ ’ਤੇ ਨਿਕਲ ਤੁਰਦੇ। ਉਹ ਖ਼ਾਲੀ ਸੜਕ ’ਤੇ ਮੋਟਰ ਸਾਈਕਲ ਦਾ ਹਾਰਨ ਮਾਰਦਾ। ਇੱਕ ਦਿਨ ਮੈਂ ਉਹਨੂੰ ਪੁੱਛਿਆ, “ਇਹ ਕੀ ਲਿਛ ਚੜ੍ਹਦੀ ਐ ਤੈਨੂੰ?”

“ਪਤਾ ਨ੍ਹੀਂ, ਸ਼ਾਇਦ ਆਪਣੇ-ਆਪ ਨੂੰ ਹੀ ਹਾਰਨ ਮਾਰਦਾ ਹਾਂ।” ਇਹ ਗੱਲ ਸੱਚ ਹੋਵੇਗੀ। ਬੰਦਾ ਜਦੋਂ ਘੁਮੱਕੜੀ ’ਤੇ ਹੁੰਦੈ, ਸ਼ਾਇਦ ਆਪਣੇ-ਆਪ ਦੇ ਸਭ ਤੋਂ ਵੱਧ ਨੇੜੇ ਹੁੰਦੈ। ਸਾਡੀ ਇਹ ਯਾਤਰਾ ਕਿਸੇ ਦੇ ਖੇਤ ਦੀ ਵੱਟ ’ਤੇ ਬਹਿ ਕੇ ਜੱਭਲੀਆਂ ਮਾਰਨ ਤੱਕ ਸੀਮਤ ਹੁੰਦੀ। ਇਹ ਦੋ ਘੰਟੇ ਸਾਡੇ ਲਈ ਨਿੱਕਾ ਜਿਹਾ ਟੂਰ ਹੀ ਹੁੰਦਾ ਜੋ ਅਸੀਂ ਸਕੂਲ ਤੋਂ ਚੁਰਾਇਆ ਹੁੰਦਾ।

ਇੱਕ ਦਿਨ ਸਾਨੂੰ ਗੋਰਾ ਬੱਕਰੀਆਂ ਵਾਲ਼ਾ ਮਿਲਿਆ। ਉਹ ਆਪਣੀ ਚਮਕਦੀ ਪਿੱਤਲ ਪਤੀਲੀ ਵਿੱਚ ਚਾਹ ਬਣਾ ਰਿਹਾ ਸੀ। ਉਹਨੇ ਸਾਨੂੰ ਆਪਣੇ ਕੋਲ਼ ਬੁਲਾ ਲਿਆ। ਅੰਨ੍ਹਾ ਕੀ ਭਾਲੇ ਦੋ ਅੱਖਾਂ। ਸਾਨੂੰ ਚਾਅ ਚੜ੍ਹ ਗਿਆ ਤੇ ਅਸੀਂ ਉਹਦੇ ਨਾਲ਼ ਰੱਜ ਕੇ ਗੱਲਾਂ ਕੀਤੀਆਂ। ਕੁਝ-ਕੁਝ ਗੱਲਾਂ ਮੈਨੂੰ ਯਾਦ ਆਉਣ ਲੱਗੀਆਂ। ਇੱਕ ਤਰ੍ਹਾਂ ਨਾਲ਼ ਮੈਂ ਉਸੇ ਥਾਂ ’ਤੇ ਹੀ ਪਹੁੰਚ ਗਿਆ। ਮਹਾਂਦੇਵ ਮੇਰੇ ਨਾਲ਼। ਮੈਂ ਅਲਮਾਰੀ ’ਚੋਂ ਪੁਰਾਣੀਆਂ ਫਾਈਲਾਂ ਕੱਢੀਆਂ ਤੇ ਉਹਦੇ ’ਚੋਂ ਉਹ ਕਾਗਜ਼ ਲੱਭ ਗਿਆ ਜਿਸ ’ਤੇ ਉਹਦੇ ਨਾਲ਼ ਕੀਤੀੀਆਂ ਗੱਲਾਂ ਦੇ ਨੋਟਿਸ ਲਏ ਹੋਏ ਸਨ।

ਕਿੰਨਾ ਕੁ ਚਿਰ ਹੋ ਗਿਆ, ਤੈਨੂੰ ਬੱਕਰੀਆਂ ਚਾਰਦੇ ਨੂੰ?

ਪੰਜਾਂ-ਛੀਆਂ ਸਾਲਾਂ ਦਾ ਹੋਊਂ ਜੀ ਉਦੋਂ, ਜਦੋਂ ਮੈਨੂੰ ਬੱਕਰੀਆਂ ਆਲ਼ੇ ਨਾਲ਼ ਰਲਾ’ਤਾ ਸੀ ਜੀ। ਗ਼ਰੀਬੀ ਬਹੁਤ ਸੀ ਸਾਡੇ ਘਰੇ, ਲੋਕ ਟਿੱਚਰਾਂ ਕਰਦੇ। ਹੁਣ ਗੁਜ਼ਾਰਾ ਚੰਗਾ ਚੱਲੀ ਜਾਂਦੈ।

ਸਾਰੇ ਸਾਲ ’ਚ ਕਿੰਨੀ ਕੁ ਕਮਾਈ ਹੋ ਜਾਂਦੀ ਐ?

ਬਾਹਲਾ ਤਾਂ ਪਤਾ ਨ੍ਹੀਂ ਜੀ, ਤੀਹ ਕੁ ਹਜ਼ਾਰ ਦੀ ਹੋ ਜਾਂਦੀ ਹੋਊ... ਰੋਟੀ ਪਾਣੀ ਮਿਲੀ ਜਾਂਦੈ।

ਇਨ੍ਹਾਂ ਦਾ ਦੁੱਧ ਵੇਚਦੈਂ?

ਹਾਂ ਜੀ, ਦੋ ਢਾਈ ਕਿੱਲੋ ਪਾ ਦਿੰਨਾ। ਪਿੰਡ ’ਚ ਜੇ ਕਿਸੇ ਜਨਾਨੀ ਦੇ ਬੱਚਾ ਹੋਇਆ ਹੋਵੇ ਤਾਂ ਉਸ ਤੋਂ ਮਹੀਨਾ-ਮਹੀਨਾ ਵੀ ਪੈਸੇ ਨਹੀਂ ਲੈਂਦਾ।

ਅੱਛਾ ਮੁਫ਼ਤੀ?

ਹਾਂ ਜੀ, ਇਸ ਤੋਂ ਵੱਡਾ ਕੋਈ ਪੁੰਨ ਨ੍ਹੀਂ ਹੁੰਦਾ ਜੀ।

ਇਹ ਪੁੰਨ ਪਾਪ ਕੀ ਹੁੰਦੈ?

ਪੁੰਨ ਤਾਂ ਆਹੀ ਹੁੰਦਾ ਜੀ, ਜਿਹੜਾ ਮੈਂ ਤੈਨੂੰ ਦੱਸਿਆ। ਪਾਪ (ਉਹ ਥੋੜ੍ਹਾ ਚੁੱਪ ਹੋ ਗਿਆ) ਇਹ ਤਾਂ ਜੀ ਸੱਚੀਂ ਪਤਾ ਨ੍ਹੀਂ

ਭੇਡਾਂ-ਬੱਕਰੀਆਂ ਤੋਂ ਬਿਨਾਂ ਕੁਝ ਹੋਰ ਵੀ ਸੋਚਦੈਂ?

ਨਹੀਂ ਜੀ, ਮੇਰੀ ਤਾਂ ਇਹੀ ਰੋਜ਼ੀ-ਰੋਟੀ ਐ, ਇਹੀ ਮੇਰਾ ਟੱਬਰ। ਮੇਰੀ ਤਾਂ ਸੁਰਤੀ ਹੀ ਇਨ੍ਹਾਂ ’ਚ ਰਹਿੰਦੀ ਐ।

ਤੂੰ ਇਨ੍ਹਾਂ ਨੂੰ ਕਿੰਨਾ ਕੁ ਜਾਣਦੈਂ?

ਮੇਰੇ ਜਿੰਨਾ ਤਾਂ ਇਨ੍ਹਾਂ ਨੂੰ ਡਾਕਟਰ ਵੀ ਨ੍ਹੀਂ ਜਾਣਦਾ ਹੋਣਾ। ਛੋਟਾ ਹੁੰਦਾ ਹੀ ਇਨ੍ਹਾਂ ’ਚ ਰਹਿਨਾ। ਇਨ੍ਹਾਂ ਦੀ ਦਵਾਈ ਬੂਟੀ ਵੀ ਮੈਂ ਆਪ ਹੀ ਕਰਦਾਂ ਜੀ। ਜੇ ਕੋਈ ਬੱਕਰੀ ਆਫਰ ਜੇ, ਥੋੜ੍ਹਾ ਤੇਲ ਸੁੰਘਾ ਕੇ ਭਜਾਓ। ਮੈਂ ਤਾਂ ਇਨ੍ਹਾਂ ਦਾ ਜੂਠਾ ਰੋਟੀ ਪਾਣੀ ਵੀ ਖਾ ਪੀ ਲੈਨਾ ਜੀ।

ਇਹ ਖਾਂਦੀਆਂ ਕੀ ਨੇ?

ਭੁੰਨੀਆਂ ਬੱਲੀਆਂ, ਕਿੱਕਰਾਂ ਦੇ ਤੁੱਕੇ ਤੇ ਲੁੰਗ ਖਾ ਕੇ ਰਾਜੀ ਨੇ ਜੀ, ਫਿਰ ਦੁੱਧ ਵੀ ਵੱਧ ਦਿੰਦੀਆਂ ਨੇ। ਐਤਕੀਂ ਕਿੱਕਰਾਂ ਨੂੰ ਤੁੱਕੇ ਬਹੁਤ ਲੱਗੇ ਨੇ ਜੀ। ਮੈਨੂੰ ਬਹੁਤ ਖੁਸ਼ੀ ਐ।

ਤੇਰੇ ਕੋਲ਼ ਕਿੰਨਾ ਕੁ ਮਾਲ ਐ?

ਇਹ ਸਾਰੀਆਂ ਸੱਠ ਭੇਡਾਂ-ਬੱਕਰੀਆਂ ਨੇ। ਇਹ ਮੇਰਾ ਲਾਲੂ ਐ ਜੀ। ਇਹ ਬੱਕਰਾ ਛੇ ਹਜ਼ਾਰ ਦਾ ਲਿਆਂਦਾ ਜੀ ਤਪੇ ਤੋਂ ਮਿੱਤਰ ਕੋਲ਼ੋਂ। ਇਹ ਮੇਰੀਆਂ ਬੱਕਰੀਆਂ ਸੰਵਾਰਦਾ ਜੀ।

ਕੋਈ ਹੋਰ ਪਸ਼ੂ-ਪੰਛੀ ਵੀ ਰੱਖਦੈਂ?

ਦੇਸੀ ਮੁਰਗੇ ਸਾਰਾ ਦਿਨ ਨਿੰਮ ’ਤੇ ਰਹਿੰਦੇ ਨੇ ਜੀ, ਕੁੱਤਾ ਉਨ੍ਹਾਂ ਦੀ ਰਾਖੀ ਕਰਦੈ, ਬਿੱਲੀ ਨੂੰ ਛਿਪਣ ਨ੍ਹੀਂ ਦਿੰਦਾ। ਮਜਾਲ ਐ ਅੱਜ ਤੱਕ ਬਿੱਲੀ ਕੋਈ ਚੂਚਾ ਲੈ ਗਈ ਹੋਵੇ।

ਕਦੇ ਕੋਈ ਠੇਸ ਲੱਗੀ ਹੋਵੇ?

ਮੇਰੀ ਬੱਕਰੀ ਸੀ ਜੀ ਨੂਰੀ। ਉਹਦਾ ਨਾਂ ਮੈਂ ਅਮਰ ਨੂਰੀ ਦੇ ਨਾਂ ’ਤੇ ਰੱਖਿਆ ਸੀ ਜੀ। ਸੋਹਣੀ ਬਹੁਤ ਸੀ। ਸੂਣ ਵਾਲ਼ੀ ਸੀ। ਮੇਮਣੇ ਅੰਦਰ ਮਰ ਗਏ, ਉਹ ਵੀ ਨਾ ਰਹੀ। ਮੇਰੇ ਤਾਂ ਜੀ ਪੰਜ-ਛੇ ਦਿਨ ਰੋਟੀ ਨ੍ਹੀਂ ਲੰਘੀ ਅੰਦਰ।

ਤੂੰ ਸਾਰੀਆਂ ਬੱਕਰੀਆਂ ਦੇ ਨਾਂ ਰੱਖੇ ਨੇ?

ਕਈਆਂ ਦੇ ਰੱਖੇ ਨੇ ਜੀ। ਆਹ ਬਿੱਲੋ ਐ ਜੀ। ਇਹ ਮੈਂ ਝਟਕਈ ਤੋਂ ਬੱਕਰੇ ਵੱਟੇ ਵਟਾਈ ਸੀ ਜੀ। ਇਹ ਨਿੱਕੀ ਜੀ ਜਾਨ ਸੀ ਜੀ। ਮੈਨੂੰ ਤਰਸ ਆਇਆ। ਮੈਂ ਬੱਕਰਾ ਦੇ ਕੇ ਇਹਦੀ ਜਾਨ ਬਚਾ ਲਈ।...

ਇਹ ਗੱਲਾਂ ਪੜ੍ਹਦਿਆਂ ਮੈਨੂੰ ਮਿੱਤਰ ਸ਼ਾਇਰ ਰਾਮ ਸਿੰਘ ਚਾਹਲ ਯਾਦ ਆਇਆ। ਉਹ ਵੀ ਅਕਸਰ ਬੱਕਰੀਆਂ ਵਾਲ਼ਿਆਂ ਦੀਆਂ ਗੱਲਾਂ ਕਰਦਾ। ਉਹਦੀ ਕਵਿਤਾ ‘ਬੱਕਰੀਆਂ ਵਾਲ਼ਾ ਮੋਦਨ’ ਹੈ:

ਕਈ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ

ਜ਼ੋਰ ਦੀ ਮੀਂਹ ਪਿਆ ਹੈ

ਕਿੱਕਰਾਂ ਦੇ ਟਾਹਣ ਟੇਢੇ-ਮੇਢੇ ਹੋ ਧਰਤੀ ਨਾਲ਼ ਲੱਗ ਗਏ ਨੇ

ਮੋਦਨ ਬੱਕਰੀਆਂ ਚਾਰ ਰਿਹਾ ਹੈ

ਬੱਕਰੀਆਂ ਟਾਂਗੀਆਂ ਲਾ

ਕਿੱਕਰਾਂ ਦੇ ਟਾਹਣਾਂ ’ਤੇ ਲਵਾ-ਲਵਾ ਲੁੰਗ ਖਾ ਰਹੀਆਂ ਨੇ

ਮੋਦਨ ਵੀ ਖੁਸ਼ ਹੈ

ਇਉਂ ਦੇਖਦਾ-ਦੇਖਦਾ

ਮੈਂ ਉੱਥੇ ਰੁਕ ਜਾਣਾ ਚਾਹੁੰਦਾ ਹਾਂ॥

ਰਾਮ ਸਿੰਘ ਚਾਹਲ ਦੀ ਇਹ ਕਵਿਤਾ ਬਹੁਤ ਵਾਰ ਯਾਦ ਆਉਂਦੀ ਹੈ। ਅਜਿਹੇ ਖੁਸ਼ੀ ਭਰੇ ਪਲਾਂ ਵਿਚ ਹਰ ਕੋਈ ਰੁਕ ਜਾਣਾ ਚਾਹੁੰਦਾ ਹੈ। ਰੁਕਣਾ ਕਈ ਵਾਰ ਚੰਗਾ ਹੁੰਦਾ ਹੈ।

ਸੰਪਰਕ: 98723-75898

Advertisement