ਸਾਡੇ ਸਮਿਆਂ ਵਿੱਚ ਸਭ ਤੋਂ ਖ਼ਤਰਨਾਕ...
ਸ਼ਾਇਰ ਪਾਸ਼ ਨੇ ਲਿਖਿਆ ਕਿ ‘ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ’। ਕੀ ਅਸੀਂ ਇਤਿਹਾਸ ਦੇ ਉਸ ਯੁੱਗ ’ਚ ਖੜ੍ਹੇ ਹਾਂ ਜਿਥੇ ‘ਸਭ ਤੋਂ ਖ਼ਤਰਨਾਕ’ ਵਾਪਰ ਚੁੱਕਾ ਹੈ? ਕੀ ਦੁਨੀਆ ਨੇ ਸੁਪਨੇ ਲੈਣੇ ਛੱਡ ਦਿੱਤੇ ਹਨ? ਨਹੀਂ, ਇੰਝ ਤਾਂ ਨਹੀਂ ਹੈ। ਇਜ਼ਰਾਇਲੀ ਸੱਤਾ ਦਾ ਸੁਪਨਾ ਹੈ ਕਿ ਫ਼ਲਸਤੀਨੀਆਂ ਨੂੰ ਮਾਰ ਤੇ ਖ਼ਦੇੜ ਕੇ ਉਹ ‘ਜਗ੍ਹਾ’ ਖ਼ਾਲੀ ਕਰਵਾਈ ਜਾਵੇ ਜੋ ਫ਼ਲਸਤੀਨੀਆਂ ਦਾ ਆਪਣਾ ਮੁਲਕ ਹੈ। ਕਤਲੋਗਾਰਤ ਦਾ ਹਿਸਾਬ ਲਗਾਉਣਾ ਉਨ੍ਹਾਂ ਦਾ ਕੰਮ ਨਹੀਂ ਹੈ। ਕਿੰਨੇ ਹਸਪਤਾਲ, ਸਕੂਲ ਤੇ ਹੋਰ ਵਿਦਿਅਕ ਅਦਾਰੇ, ਪਨਾਹਗਾਹਾਂ ਆਦਿ ਤਬਾਹ ਕੀਤੇ, ਗਿਣਤੀਆਂ-ਮਿਣਤੀਆਂ ਕੌਣ ਕਰੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਤਿਹਾਸ ’ਚ ਆਪਣਾ ਨਾਂ ਸੁਨਿਹਰੀ ਅੱਖਰਾਂ ’ਚ ਦਰਜ ਕਰਵਾਉਣ ਦਾ ਸੁਪਨਾ ਪਾਲ ਰਹੇ ਹਨ। ਆਲਮ ਦੇ ਮਹਾਨਤਮ ਸਿਆਸਤਦਾਨਾਂ ’ਚ ਦਰਜ ਹੋਣ ਦਾ ਸੁਪਨਾ ਭਜਾਈ ਫਿਰਦਾ ਹੈ। ਭਾਰਤੀ ਜਮਹੂਰੀਅਤ ਦਾ ਭਾਵੇਂ ਜਨਾਜ਼ਾ ਨਿਕਲੇ, ਮੁਸਲਮਾਨਾਂ ਪ੍ਰਤੀ ਨਫ਼ਰਤ ਗੂੜ੍ਹੀ ਹੋਵੇ, ਸਭ ਸਾਡੀ ਬਲਾ ਨਾਲ। ੳਾਰ ਐੱਸ ਐੱਸ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਸਰਗਰਮ ਹੈ। ਚੰਦ ਵੱਡੇ ਘਰਾਣੇ ਦੁਨੀਆ ’ਚ ਸਭ ਤੋਂ ਅਮੀਰ ਬਣਨ ਦਾ ਸੁਪਨਾ ਸਾਕਾਰ ਕਰਨ ਦੇ ਰਾਹ ਪਏ ਹੋਏ ਹਨ। ਧਨ-ਦੌਲਤ ਦੇ ਢੇਰ ਲਗਾ ਰਹੇ ਹਨ। ਦੰਮਾਂ ਦੇ ਇਨ੍ਹਾਂ ਲੋਭੀਆਂ ਨੂੰ ਕੀ ਪਰਵਾਹ, ਲੋਕਾਈ ਭਾਵੇਂ ਸਾਧਨਹੀਨ ਰਹੇ ਤੇ ਭੁੱਖੀ ਮਰੇ।
ਫੈਲ ਰਹੇ ਬਾਜ਼ਾਰ ਦੇ ਦੌਰ ’ਚ ਸੁਪਨੇ ਵੀ ਵਿਕਾਊ ਸਮਾਨ ਹਨ। ਇਨ੍ਹਾਂ ਨੂੰ ਵੇਚਣ ਵਾਲਿਆਂ ਦੀ ਵੱਡੀ ਮਾਰਕੀਟ ਹੈ। ਲੱਖਾਂ ’ਚ ਕਮਾਈ ਕਰਦੇ ਹਨ। ਚੀਕਦੀਆਂ ਆਵਾਜ਼ਾਂ ਕਹਿ ਰਹੀਆਂ ਨੇ ਕਿ ਭਾਰਤੀ ਸਮਾਜ ਦੇ ਪੱਛੜ ਜਾਣ ਦਾ ਕਾਰਨ ਇਸ ਦਾ ਵੱਡੇ ਸੁਪਨੇ ਦੇਖਣ ਤੋਂ ਇਨਕਾਰੀ ਹੋਣਾ ਹੈ। ਭਾਰਤੀ ‘ਰਿਸਕ’ ਲੈਣ ਨੂੰ ਤਰਜੀਹ ਨਹੀਂ ਦਿੰਦੇ, ਸਗੋਂ ‘ਹਿੰਮਤ’ ਕਰਨ ਵਾਲਿਆਂ ਦੀਆਂ ਲੱਤਾਂ ਖਿੱਚਦੇ ਹਨ। ਅਮਰੀਕਾ ਦੀ ਗੱਲ ਕਰਦਿਆਂ ਕਹਿੰਦੇ ਨੇ ਕਿ ‘ਉਨ੍ਹਾਂ ਦੀ ‘ਤਰੱਕੀ’ ਦਾ ਕਾਰਨ ‘ਰਿਸਕ’ ਪ੍ਰਤੀ ਹਾਂ-ਪੱਖੀ ਰਵੱਈਆ ਹੈ। ਕੀ ਤੁਸੀਂ ਮਹੀਨੇ ’ਚ ਕਰੋੜ ਰੁਪਏ ਕਮਾਉਣਾ ਚਾਹੁੰਦੇ ਹੋ? ਆਪਣੇ ਪਰਿਵਾਰ ਨੂੰ ਦੁਨੀਆ ਦੀਆਂ ਤਮਾਮ ਖ਼ੁਸ਼ੀਆਂ ਦੇਣਾ ਚਾਹੁੰਦੇ ਹੋ? ਜੇ ‘ਹਾਂ’ ਤਾਂ ਵੱਡਾ ਸੁਪਨਾ ਦੇਖੋ, ਨੌਂ ਤੋਂ ਪੰਜ ਵਾਲੀਆਂ ਨੌਕਰੀਆਂ ’ਚ ਕੀ ਰੱਖਿਐ। ‘ਰਿਸਕ’ ਲੈਣ ਦਾ ਹੌਸਲਾ ਕਰੋ, ਅਸਮਾਨ ਤੁਹਾਡੀ ਉਡੀਕ ਕਰ ਰਿਹਾ ਹੈ। ਸੋ, ਆਪਣੇ ਖ਼ਸਤਾ ਹਾਲਾਤ ਦੇ ਤੁਸੀਂ ਖ਼ੁਦ ਜ਼ਿੰਮੇਵਾਰ ਹੋ; ਆਰਥਿਕ ਨੀਤੀਆਂ, ਸਮਾਜਿਕ ਜਕੜ ਤੇ ਸੱਤਾ ਦਾ ਜਬਰ ਨਹੀਂ। ਇਨ੍ਹਾਂ ਲਈ ਵੱਡੇ ਸੁਪਨਿਆਂ ਦਾ ਅਰਥ ਧਨ-ਦੌਲਤ, ਰੁਤਬਾ ਤੇ ਸ਼ੋਹਰਤ ਕਮਾਉਣਾ ਹੈ। ਇਹ ਸੁਪਨਿਆਂ ਦੇ ਸੌਦਾਗਰ ਚੰਗਾ ਸੌਦਾ ਵੇਚ ਲੈਂਦੇ ਹਨ। ਜਿੰਨੀ ਜ਼ਿਆਦਾ ਨਿਰਾਸ਼ਾ, ਸੁਪਨੇ ਵਿਕਣ ਲਈ ਓਨੀ ਹੀ ਜ਼ਰਖ਼ੇਜ਼ ਜ਼ਮੀਨ।
19ਵੀਂ ਸਦੀ ਯੂਰੋਪ ਵਿੱਚ ਜਿੱਥੇ ਪੂੰਜੀਵਾਦ ਵਿਅਕਤੀਗਤ ਆਜ਼ਾਦੀਆਂ ਤੇ ਹਕੂਕ, ਮਨੁੱਖੀ ਸਮਰੱਥਾ ਦੇ ਬੇਰੋਕ ‘ਵਿਕਾਸ’ ਆਦਿ ਦੇ ਸਿਧਾਂਤ ਨਾਲ ਸਾਂਝ-ਭਿਆਲੀ ਪਾ ਕੇ ਆਇਆ, ਉੱਥੇ 21ਵੀਂ ਸਦੀ ’ਚ ਭਾਰਤ ਵਰਗੇ ਮੁਲਕਾਂ ’ਚ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਵਾਲੇ ‘ਭਲੇ-ਮਾਨਸ’ ਦੇ ਭੇਖ ’ਚ ਆਇਆ। ਹਰ ਸ਼ੈਅ ਹਥਿਆਉਣ ਦੀ ਬਿਰਤੀ ਛੱਡ ਵੀ ਦਈਏ ਤਾਂ ਬਾਕੀਆਂ ਦੇ ਵਿੱਤੋਂ ਬਾਹਰਾ ਘਰ ਬਣਾਉਣ, ਚੰਗੀ-ਪੱਕੀ ਨੌਕਰੀ, ਬੱਚਿਆਂ ਨੂੰ ਪੜ੍ਹਾਉਣ ਤੇ ‘ਪਤਾ ਨਹੀਂ ਕੀ’ ਬਣਾਉਣ, ਗੱਡੀਆਂ, ਗਹਿਣੇ, ਆਦਿ ਦੇ ਸੁਪਨੇ, ਸੂਚੀ ਬੜੀ ਲੰਮੀ ਹੈ। ਸੁਪਨਿਆਂ ’ਚੋਂ ਸਮਾਜ ਨਦਾਰਦ ਹੈ। ਮੌਜੂਦਾ ਸਦੀ ਵੱਡੀ ਸਮਾਜਿਕ-ਆਰਥਿਕ ਤਬਦੀਲੀ ਦੇ ਸੁਪਨੇ ਲੈਣ ਤੋਂ ਇਨਕਾਰੀ ਹੈ। ਲੋਕਾਈ ਪਰਿਵਾਰ ਦੀ ਇਕਾਈ ਤੱਕ ਸਿਮਟ ਗਈ ਹੈ ਤੇ ਪਰਿਵਾਰ ਆਪਣੇ ਨਿਆਣਿਆਂ ਤੱਕ। ਅੰਨ੍ਹੇ ਮੁਨਾਫੇ ਵਾਲੇ ਪੂੰਜੀਵਾਦ ਦਾ ਡੰਗਿਆ ਆਰਥਿਕ ਪ੍ਰਬੰਧ ਸਭ ਨੂੰ ਭਜਾ ਰਿਹਾ ਹੈ। ਇਸ ਦੌੜ ’ਚ ਹਫਿਆ ਬੰਦਾ ‘ਕੋਈ ਬਦਲ ਸੰਭਵ ਨਹੀਂ’ ਦਾ ਮੰਤਰ-ਜਾਪ ਕਰ ਰਿਹਾ ਹੈ (ਚਾਹੇ ਭਰੇ ਮਨ ਨਾਲ ਸਹੀ)। ਖ਼ਬਰੇ ਮੱਛਰਦਾਨੀਆਂ ’ਚੋਂ ਬਾਹਰ ਨਿਕਲਣ ਦਾ ਡਰ ਮੰਤਰ-ਜਾਪ ਕਰਵਾ ਰਿਹਾ?
ਸੰਵੇਦਨਸ਼ੀਲ ਤਬਕਿਆਂ ਦਾ ਵੱਡਾ ਹਿੱਸਾ ਸੱਤਾ ਨੇ ਇਸ ਕਦਰ ਨੂੜਿਆ ਹੈ ਕਿ ‘ਜੋ ਬਚਦੈ ਬਚਾ ਲਵੋ’ ਵਾਲੀ ਮਨੋਸਥਿਤੀ ਵੱਲ ਧੱਕਿਆ ਗਿਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਵਕਤ ਦੇ ਝੰਬੇ ਬੰਦੇ ਲਈ ਹਰ ਸੁਪਨਾ ਵੱਡਾ ਹੋ ਨਿਬੜਦਾ ਹੈ। ਸੱਤਾ ਦਾ ਅਸੁਰੱਖਿਅਤ ਕੀਤਾ ਬੰਦਾ ‘ਵਕਤ ਦੀ ਮਾਰ’ ਝੱਲਦਾ ਸ਼ਾਇਦ ਵੱਡੇ ਸੁਪਨੇ ਲੈਣ ਦੀ ਸੱਤਿਆ ਹੀ ਗੁਆ ਬੈਠਾ ਹੋਵੇ। ਮਨੁੱਖਤਾ ਨੂੰ ਉਸ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਜਿਊਂਦੇ ਰਹਿਣ ਅਤੇ ਰੋਜ਼ਮੱਰਾ ਦਾ ਰੋਟੀ-ਟੁੱਕ ਨਸੀਬ ਹੋ ਜਾਣਾ ਹੀ ਮਹਾਨ ਕਾਰਜ ਬਣ ਗਿਆ ਹੈ।
ਵਿਦਿਅਕ ਅਦਾਰੇ ਵੀ ਸੁਪਨਿਆਂ ’ਤੇ ਨਿੱਜ ਦੇ ਲੱਗੇ ਮਾਰੂ ਪਹਿਰੇ ਨੂੰ ਜਾਂ ਤਾਂ ਹੱਲਾਸ਼ੇਰੀ ਦਿੰਦੇ ਹਨ, ਜਾਂ ਫਿਰ ਇਸ ਸਾਹਮਣੇ ਨਿਸੱਤੇ ਖੜ੍ਹੇ ਹਨ। ਇਨ੍ਹਾਂ ਦੀਆਂ ਖਾਨਿਆਂ ’ਚ ਵੰਡੀਆਂ ਪੜ੍ਹਾਈਆਂ ਤੇ ਖੋਜਾਂ ਨੇ ਮੁੱਦਿਆਂ ਦੇ ਵਿਸਲੇਸ਼ਣ ਦੇ ਨਾਲ-ਨਾਲ ਸੁਪਨਿਆਂ ਨੂੰ ਵੀ ਖਾਨਿਆਂ ’ਚ ਵੰਡਣਾ ਸਿਖਾਇਆ ਹੈ। ਵਿਭਾਗ ਆਪਣੇ ਖੋਜਾਰਥੀਆਂ ਨੂੰ ਵਿਭਾਗੀ ਹੱਦਾਂ ਟੱਪਣ ਦੇ ਸਮਰੱਥ ਨਹੀਂ ਬਣਾ ਰਹੇ। ਨਿੱਜਤਾ, ਲੋਕਾਈ ਤੇ ਕਾਇਨਾਤ ਦੇ ਆਪਸੀ ਰਿਸ਼ਤਿਆਂ ’ਤੇ ਸੁਹਜ ਸੰਵਾਦ ਰਚਾਉਣਾ ਨਹੀਂ ਸਿਖਾ ਰਹੇ। ਨਿਜੀ ਤਜਰਬਿਆਂ ਦੀਆਂ ਵਿਆਖਿਆਵਾਂ ਨਾਲ ਲੈਸ ਖੋਜਾਰਥੀ ਉਸ ਸਮਾਜਿਕ, ਆਰਥਿਕ, ਸਿਆਸੀ ਪ੍ਰਸੰਗ ਨੂੰ ਅਣਗੌਲਿਆਂ ਕਰਦੇ ਹਨ ਜਿੱਥੇ ਨਿੱਜਤਾ ਦੀ ਘਾੜਤ ਹੋਈ ਹੈ। ਹਰ ਮਨੁੱਖ ਦੇ ਆਪਣੇ ਤਜਰਬੇ ਹਨ ਜੋ ਦੁਨੀਆ ਨੂੰ ਖ਼ਾਸ ਨਜ਼ਰ ਨਾਲ ਦੇਖਣਾ ਸਿਖਾਉਂਦੇ ਹਨ, ਜੋ ਸੰਸਾਰ ਬਾਰੇ ਖ਼ਾਸ ਸਮਝ ਦੀ ਘਾੜਤ ਕਰਦੇ ਹਨ, ਸਮਝ ਜੋ ਅੱਡ ਹੀ ਨਹੀਂ ਬਲਕਿ ਇੱਕ-ਦੂਜੇ ਦੇ ਵਿਰੋਧ ’ਚ ਵੀ ਖੜ੍ਹ ਜਾਂਦੀ ਹੈ। ਇੱਕੋ ਸਮਾਜ ਦਾ ਹਿੱਸਾ ਹੁੰਦੇ ਹੋਏ ਅਸੀਂ ਆਪੋ-ਆਪਣੇ ਵੱਖਰੇ ਸਮਾਜਾਂ ’ਚ ਵਾਸ ਕਰਦੇ ਹਾਂ। ਵਿਦਿਅਕ ਅਦਾਰੇ ਉਹ ਥਾਂ ਬਣਨ ਤੋਂ ਇਨਕਾਰੀ ਰਹੇ ਜਿੱਥੇ ਪੜ੍ਹ ਰਹੀ ਨਵੀਂ ਪੀੜ੍ਹੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰ ਸਕੇ, ਅਨੇਕ ਤਜਰਬੇ ਸਾਂਝੇ ਕਰ ਕੁਝ ਅਹਿਮ ਬਿੰਦੂਆਂ ’ਤੇ ਆਪਸੀ ਸਹਿਮਤੀ ਬਣਾ ਸਕੇ। ਵਿਦਿਆਰਥੀ ਅਡੋ-ਅੱਡ ਸਮਾਜਿਕ-ਆਰਥਿਕ ਧਰਾਤਲ ਤੋਂ ਵਿਦਿਅਕ ਅਦਾਰਿਆਂ ’ਚ ਦਾਖਲ ਹੁੰਦੇ ਹਨ। ਉਨ੍ਹਾਂ ਦਾ ਆਪਸੀ ਸੰਵਾਦ ਸਮਾਜ ਨੂੰ ਸਮੁੱਚਤਾ ’ਚ ਦੇਖਣ ਦਾ ਵਲ ਸਿਖਾ ਸਕਦਾ ਹੈ। ਸਾਧਨਹੀਣ ਤੇ ਗਰੀਬ ਹੋਣ ਦਾ ਸੱਤਾ ਤੇ ਜਾਤੀ ਨਾਲ, ਸੱਤਾ ਦਾ ਵੱਡੇ ਘਰਾਣਿਆਂ ਨਾਲ, ਜਾਤੀ ਦਾ ਲਿੰਗ (gender) ਨਾਲ ਆਪਸੀ ਸਬੰਧ ਡੂੰਘੀ ਚਰਚਾ ਦਾ ਵਿਸ਼ਾ ਬਣਾਏ ਜਾ ਸਕਦੇ ਹਨ। ਸੰਭਵ ਹੈ, ਇਸ ਸੰਵਾਦ ਵਿੱਚੋਂ ਨਿਕਲਦੇ, ਲੋਕਾਈ ਦੀ ਬਾਤ ਪਾਉਂਦੇ ਸਾਂਝੇ ਹਿਤਾਂ ਦੇ ਮਜ਼ਮੂਨ ਵੱਡ-ਅਕਾਰੀ ਸੁਪਨਿਆਂ ਨੂੰ ਪੁੰਗਰਨ ਲਈ ਜ਼ਰਖੇਜ਼ ਜ਼ਮੀਨ ਦਾ ਸਬੱਬ ਬਣ ਸਕਣ।
ਅਕਾਦਮਿਕਤਾ ਵੱਡੇ ਸੁਪਨੇ ਲੈਣ ਤੋਂ ਇਨਕਾਰੀ ਹੈ। ਇਸ ਨੇ ਸਿੱਖਿਅਤ ਹੋ ਰਹੀ ਨਵੀਂ ਪੀੜ੍ਹੀ ਦੀ ਸੁਪਨਸਾਜ਼ੀ ’ਤੇ ਗਹਿਰਾ ਅਸਰ ਛੱਡਿਆ ਹੈ। ਵੱਡ-ਅਕਾਰੀ ਬਿਰਤਾਂਤ ਨੂੰ ਰੱਦ ਕਰਨ ਦੀ ਕਵਾਇਦ ਨੇ ਅੱਡ ਦਿਸਦੇ ਵਰਤਾਰਿਆਂ ਨੂੰ ਪਰੋ ਕੇ ਸਮੁੱਚਤਾ ’ਚ ਦੇਖਣ ਦਾ ਹੁਨਰ ਨਹੀਂ ਸਿਖਾਇਆ। ਸਮੁੱਚਤਾ ਦੀ ਅਹਿਮੀਅਤ ਦੀ ਸਮਝ ਤੋਂ ਕੋਰਾ ਸਮਾਂ ਵੱਡ-ਅਕਾਰੀ ਤਬਦੀਲੀਆਂ ਦੇ ਸੁਪਨੇ ਲੈਣ ਦੀ ਸਮਰੱਥਾ ਨਹੀਂ ਰੱਖ ਸਕਦਾ।
ਹਰ ਯੁੱਗ ਦੀ ਖ਼ਾਸ ਫਿਜ਼ਾ ਹੁੰਦੀ ਹੈ। ਫਿਜ਼ਾ ’ਚ ਉੱਡਦੇ ਖ਼ਿਆਲ ਕਈਆਂ ਦੇ ਦਿਮਾਗਾਂ ’ਚ ਘਰ ਕਰ ਜਾਂਦੇ, ਸਰੀਰ ਹਰਕਤ ’ਚ ਆ ਜਾਂਦੇ, ਸੁਪਨੇ ਵੀ ਇਨ੍ਹਾਂ ਫਿਜ਼ਾਵਾਂ ’ਚ ਗਲੋਟਣੀਆਂ ਖਾਂਦੇ ਹਨ। ਜਦੋਂ ਅਸੀਂ ਯੁਗਾਂ ਤੇ ਸੁਪਨਿਆਂ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਹਰ ਮਨੁੱਖ ਦਾ ਜ਼ਿਕਰ ਕਰ ਰਹੇ ਹਾਂ। ਸੰਘਰਸ਼ਾਂ ਦੇ ਸਿਖਰਲੇ ਸਮਿਆਂ ’ਚ ਵੀ ਅਣਗਿਣਤ ਮਨੁੱਖਾਂ ਦੇ ਸੁਪਨੇ ਬੜੇ ਨਿਜੀ ਤੇ ਸਮਾਜਿਕ ਤਸੱਵੁਰ ਤੋਂ ਸੱਖਣੇ ਹੁੰਦੇ ਹਨ। 20ਵੀਂ ਸਦੀ ਨੂੰ ਮਹਾਨ ਸੁਪਨਿਆਂ ਤੇ ਉਨ੍ਹਾਂ ਨੂੰ ਪੂਰਨ ਲਈ ਮਹਾਨ ਅੰਦੋਲਨਾਂ ਤੇ ਕ੍ਰਾਂਤੀਆਂ ਦੀ ਸਦੀ ਵਜੋਂ ਜਾਣਿਆ ਜਾਂਦਾ ਹੈ; ਇਹ ਨਹੀਂ ਕਿ ਇਸ ਸਦੀ ਨੇ ਕਤਲੋਗਾਰਤ ਨਹੀਂ ਦੇਖੀ- ਦੋ ਆਲਮੀ ਜੰਗਾਂ, 19ਵੀਂ ਤੋਂ 20ਵੀਂ ਸਦੀ ਦੇ ਮੱਧ ਤੱਕ ਪੂੰਜੀਵਾਦੀ-ਸਾਮਰਾਜਵਾਦ ਦਾ ਸਿੱਧਾ ਤੇ ਪ੍ਰਤੱਖ ਗਲਬਾ ਮਨੁੱਖਤਾ ਦੇ ਘਾਣ ਵਜੋਂ ਵਿਚਾਰੇ ਜਾਂਦੇ ਹਨ ਪਰ ਰੂਸੀ ਤੇ ਚੀਨੀ ਕ੍ਰਾਂਤੀ ਤੇ ਹਿੰਦੋਸਤਾਨ ਵਰਗੇ ਗ਼ੁਲਾਮ ਖਿੱਤਿਆਂ ਦੁਆਰਾ ਆਜ਼ਾਦੀ ਦੀ ਲੜਾਈ ਇਸ ਸਦੀ ਦਾ ਹਾਸਿਲ ਹੈ। ਸੱਤਾ ਨੂੰ ਸਿਧਾਂਤਕ ਤੇ ਸੰਗਠਨਾਤਮਿਕ ਚੁਣੌਤੀਆਂ ਵੀ ਇਸ ਫਿਜ਼ਾ ਦੇ ਹਿੱਸੇ ਆਈਆਂ ਹਨ। ਨਾਲ ਹੀ ਇਨ੍ਹਾਂ ਸੁਪਨਿਆਂ ਨੂੰ ਚੂਰ ਹੁੰਦੇ ਹੋਏ ਦੇਖਣਾ ਤੇ ਹੰਢਾਉਣਾ।
ਮੌਜੂਦਾ ਸਦੀ ਵੀ ਭਿਆਨਕ ਜੰਗਾਂ ਦੀ ਗਵਾਹ ਹੈ ਪਰ ਵੱਡੀਆਂ ਸਮਾਜਿਕ-ਸਿਆਸੀ ਲਹਿਰਾਂ ਤੋਂ ਸੱਖਣੀ ਹੈ। ਪਾਸ਼ ਨੇ ਲਿਖਿਆ ਹੈ: ‘ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ... ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ।’ ਦਰਅਸਲ ਮਸਲਾ ਉਸ ਅੱਖ ਦਾ ਹੈ ਜੋ ਕੁੱਲ ਆਲਮ ਨੂੰ ਮੁਹੱਬਤ ਨਾਲ ਚੁੰਮਣਾ ਸਿੱਖੇ। ਚੁੰਮਣ ਦਾ ਅਹਿਸਾਸ ਦਿਲੋ-ਦਿਮਾਗ ’ਚ ਗਹਿਰਾ ਉਤਰੇ। ਸਮੁੱਚੀ ਲੋਕਾਈ ਨੂੰ ਆਪਣੀਆਂ ਪਲਕਾਂ ’ਚ ਸਮਾ ਸਕੇ। ਬਿਹਤਰ ਦੁਨੀਆ ਦਾ ਖ਼ਾਬ ਸੰਜੋ ਸਕੇ। ਸੰਘਰਸ਼ ਅਤੇ ਬਦਲ ਦਾ ਤਸੱਵੁਰ ਘੋਰ ਸੰਕਟ ’ਚੋਂ ਨਿਕਲਣ ਦੇ ਅਹਿਮ ਨੁਕਤੇ ਹਨ।
ਸੰਪਰਕ: 97795-30032