ਟੂਣੇ ਦੀ ਕਰਾਮਾਤ
ਇਹ ਗੱਲ ਉਦੋਂ ਦੀ ਹੈ, ਜਦੋਂ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਸਕੂਲ ਤੋਂ ਮਿਲਿਆ ਕੰਮ ਛੇਤੀ ਛੇਤੀ ਖ਼ਤਮ ਕਰ ਦਿੱਤਾ ਕਿਉਂਕਿ ਛੁੱਟੀਆਂ ਦੌਰਾਨ ਮੇਰੇ ਮਾਮਾ ਜੀ ਮੈਨੂੰ ਨਾਨਕੇ ਪਿੰਡ ਲੈ ਜਾਂਦੇ ਸਨ। ਮੈਂ...
ਇਹ ਗੱਲ ਉਦੋਂ ਦੀ ਹੈ, ਜਦੋਂ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਗਰਮੀ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਸਕੂਲ ਤੋਂ ਮਿਲਿਆ ਕੰਮ ਛੇਤੀ ਛੇਤੀ ਖ਼ਤਮ ਕਰ ਦਿੱਤਾ ਕਿਉਂਕਿ ਛੁੱਟੀਆਂ ਦੌਰਾਨ ਮੇਰੇ ਮਾਮਾ ਜੀ ਮੈਨੂੰ ਨਾਨਕੇ ਪਿੰਡ ਲੈ ਜਾਂਦੇ ਸਨ। ਮੈਂ ਆਪਣੇ ਮਾਮਿਆਂ ਦਾ ਇਕਲੌਤਾ ਭਾਣਜਾ ਸੀ। ਨਾਨਕੇ ਪਿੰਡ ਮੇਰੀ ਉਮਰ ਦੇ ਬੱਚੇ ਮੇਰੇ ਚੰਗੇ ਦੋਸਤ ਸਨ ਕਿਉਂਕਿ ਮੈਂ ਅਕਸਰ ਉੱਥੇ ਜਾਂਦਾ ਰਹਿੰਦਾ ਸੀ। ਅਸੀਂ ਸਾਰਿਆਂ ਨੇ ਰਲ ਕੇ ਸਵੇਰ ਤੋਂ ਸ਼ਾਮ ਤੱਕ ਖੇਡਦੇ ਰਹਿਣਾ। ਕੁਝ ਖਾਣ ਪੀਣ ਲਈ ਵੀ ਨਾਨੀ ਜੀ ਨੂੰ ਹਾਕਾਂ ਮਾਰ ਕੇ ਬੁਲਾਉਣਾ ਪੈਂਦਾ ਸੀ। ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਸੌਂ ਜਾਂਦੇ ਤਾਂ ਅਸੀਂ ਚੁੱਪ-ਚਾਪ ਧੁੱਪ ਵਿੱਚ ਹੀ ਬਾਹਰ ਨੂੰ ਚੱਲ ਪੈਂਦੇ ਸਾਂ। ਪਿੰਡ ਤੋਂ ਬਾਹਰ ਲਗਭਗ ਇੱਕ ਕਿਲੋਮੀਟਰ ਦੂਰ ਸੂਆ ਵਗਦਾ ਸੀ, ਜਿਸ ਵਿੱਚ ਬਹੁਤ ਹੀ ਸਾਫ਼ ਪਾਣੀ ਚਲਦਾ ਸੀ। ਅਸੀਂ ਦੁਪਹਿਰ ਨੂੰ ਸੂਏ ’ਤੇ ਨਹਾਉਣ ਚਲੇ ਜਾਂਦੇ ਸਾਂ। ਮੈਨੂੰ ਸੂਏ ’ਤੇ ਨਹਾਉਣਾ ਬਹੁਤ ਹੀ ਵਧੀਆ ਲੱਗਦਾ ਸੀ ਕਿਉਂਕਿ ਸਾਡੇ ਪਿੰਡ ਦੇ ਨੇੜੇ-ਤੇੜੇ ਕੋਈ ਸੂਆ ਨਹੀਂ ਸੀ ਵਗਦਾ। ਅਸੀਂ ਉੱਥੇ ਇੱਕ-ਦੋ ਘੰਟੇ ਨਹਾਉਂਦੇ ਤੇ ਫਿਰ ਵਾਪਸ ਆ ਜਾਂਦੇ।
ਇੱਕ ਦਿਨ ਅਸੀਂ ਦੁਪਹਿਰ ਨੂੰ ਸੂਏ ਵੱਲ ਜਾ ਰਹੇ ਸੀ। ਸੂਏ ਨੇੜੇ ਜਾ ਕੇ ਮੈਂ ਬਾਕੀਆਂ ਨੂੰ ਪਿੱਛੇ ਛੱਡ ਕੇ ਤੇਜ਼ੀ ਨਾਲ ਜਿਉਂ ਹੀ ਸੂਏ ਵਿੱਚ ਵੜਿਆ, ਉੱਥੇ ਪਾਣੀ ਵਿੱਚ ਪਏ ਇੱਕ ਤਰਬੂਜ਼ ਨੂੰ ਚੁੱਕ ਲਿਆ। ਮੈਂ ਤਰਬੂਜ਼ ਬਾਕੀ ਬੱਚਿਆਂ ਨੂੰ ਦਿਖਾਇਆ। ਇਸ ਨੂੰ ਕੱਟ ਕੇ ਅੰਦਰ ਸੰਧੂਰ, ਸਿੱਕੇ ਅਤੇ ਹੋਰ ਨਿੱਕਾ ਨਿੱਕਾ ਸਾਮਾਨ ਭਰਿਆ ਦੇਖਿਆ ਤਾਂ ਮੇਰੇ ਸਾਥੀ ਕਹਿਣ ਲੱਗੇ ਕਿ ਇਹ ਤਾਂ ਟੂਣਾ ਕੀਤਾ ਹੋਇਆ ਹੈ। ਉਨ੍ਹਾਂ ਦੇ ਕਹਿੰਦਿਆਂ ਹੀ ਮੈਂ ਤਰਬੂਜ਼ ਦੁਬਾਰਾ ਪਾਣੀ ਵਿੱਚ ਸੁੱਟ ਦਿੱਤਾ। ਸਾਰੇ ਸਾਥੀਆਂ ਨੇ ਮੈਨੂੰ ਇਹ ਕਹਿ ਕੇ ਡਰਾ ਦਿੱਤਾ ਕਿ ਮੈਂ ਟੂਣਾ ਚੁੱਕ ਲਿਆ ਹੈ। ਉਸ ਦਿਨ ਨਹਾਉਣ ਤੋਂ ਬਿਨਾਂ ਹੀ ਵਾਪਸ ਘਰ ਨੂੰ ਚੱਲ ਪਏ ਕਿਉਂਕਿ ਇੱਕ ਤਾਂ ਨਹਾਉਣ ਵਾਲੀ ਥਾਂ ’ਤੇ ਟੂਣਾ ਕੀਤਾ ਹੋਇਆ ਸੀ ਤੇ ਦੂਜਾ ਮੈਂ ਉਸ ਨੂੰ ਚੁੱਕ ਲਿਆ। ਇਸ ਨਾਲ ਅਸੀਂ ਸਾਰੇ ਡਰ ਗਏ ਸਾਂ। ਜਿਉਂ ਜਿਉਂ ਅਸੀਂ ਘਰ ਵੱਲ ਆ ਰਹੇ ਸੀ, ਸਾਥੀਆਂ ਦੇ ਵਾਰ ਵਾਰ ਕਹਿਣ ਕਾਰਨ ਮੈਂ ਵੀ ਬਹੁਤ ਘਬਰਾ ਰਿਹਾ ਸੀ। ਮੈਨੂੰ ਇਹ ਮਹਿਸੂਸ ਹੋਣ ਲੱਗਾ ਕਿ ਹੁਣ ਮੇਰਾ ਕੀ ਬਣੇਗਾ? ਜਦੋਂ ਅਸੀਂ ਘਰ ਪਹੁੰਚੇ ਤਾਂ ਸਾਰੇ ਬੱਚੇ ਮੇਰੇ ਨਾਲ ਹੀ ਸਾਡੇ ਘਰ ਪਹੁੰਚ ਗਏ। ਘਰ ਦੇ ਅੰਦਰ ਵੜਦੇ ਹੀ ਮੇਰੇ ਨਾਨੀ ਜੀ ਨੂੰ ਵੇਖ ਕੇ ਬੱਚਿਆਂ ਨੇ ਮੈਨੂੰ ਇਸ ਤਰ੍ਹਾਂ ਫੜ ਲਿਆ ਜਿਵੇਂ ਮੈਂ ਕੋਈ ਬਹੁਤ ਵੱਡਾ ਮੁਜਰਮ ਹੋਵਾਂ ਅਤੇ ਨਾਨੀ ਜੀ ਨੂੰ ਕਹਿਣ ਲੱਗੇ ਕਿ ਇਸ ਨੇ ਸੂਏ ਤੋਂ ਟੂਣਾ ਚੁੱਕ ਲਿਆ। ਨਾਨੀ ਜੀ ਨੇ ਵੀ ਸੁਣਦੇ ਸਾਰ ਹੀ ਟੂਣਾ ਕਰਨ ਵਾਲਿਆਂ ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਇਹ ਸਾਰਾ ਕੁਝ ਦੇਖ ਕੇ ਮੈਨੂੰ ਅੰਦਰੋ-ਅੰਦਰੀ ਕੁਝ ਹੋ ਰਿਹਾ ਸੀ। ਬੱਚੇ ਮੈਨੂੰ ਛੱਡ ਕੇ ਚਲੇ ਗਏ। ਘਰ ਵਿੱਚ ਸਹਿਮ ਦਾ ਮਾਹੌਲ ਸੀ। ਮੇਰੇ ਲਈ ਕਈ ਓਹੜ-ਪੋਹੜ ਕੀਤੇ ਗਏ। ਮੇਰੇ ਹੱਥੋਂ ਦਾਨ ਕਰਵਾਇਆ ਗਿਆ, ਗੁਰਦੁਆਰੇ ਮੱਥਾ ਟਿਕਵਾਇਆ ਗਿਆ। ਇਸ ਸਭ ਦੇ ਬਾਵਜੂਦ ਮੈਨੂੰ ਰਾਤ ਨੂੰ ਨੀਂਦ ਨਾ ਆਈ। ਅਗਲੇ ਦਿਨ ਮੇਰੇ ਸਾਥੀ ਵੀ ਮੇਰੇ ਨਾਲ ਖੇਡਣ ਨਾ ਆਏ। ਸ਼ਾਇਦ ਉਹ ਵੀ ਮੇਰੇ ਟੂਣਾ ਚੁੱਕਣ ਕਾਰਨ ਮੈਥੋਂ ਡਰਨ ਲੱਗ ਗਏ ਸਨ। ਬਾਕੀ ਦਿਨ ਇਸੇ ਤਰ੍ਹਾਂ ਲੰਘੇ। ਛੁੱਟੀਆਂ ਖ਼ਤਮ ਹੋ ਗਈਆਂ। ਮੈਂ ਵਾਪਸ ਆਪਣੇ ਪਿੰਡ ਆ ਗਿਆ।
ਘਰ ਵਾਪਸ ਆਉਣ ’ਤੇ ਸਾਡੇ ਪਰਿਵਾਰ ਨੂੰ ਉਸ ਟੂਣੇ ਬਾਰੇ ਦੱਸਿਆ ਤਾਂ ਕਿਸੇ ਨੇ ਇਸ ਗੱਲ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ ਕਿਉਂਕਿ ਮੇਰਾ ਦਾਦਕਾ ਪਰਿਵਾਰ ਪੜ੍ਹਿਆ ਲਿਖਿਆ ਸੀ। ਉਹ ਇਸ ਤਰ੍ਹਾਂ ਦੇ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਨੂੰ ਨਹੀਂ ਮੰਨਦੇ ਸਨ। ਸਕੂਲ ਦੁਬਾਰਾ ਖੁੱਲ੍ਹ ਗਏ। ਮੈਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਮੇਰੇ ਮਨ ਦਾ ਡਰ ਵੀ ਘਟਣ ਲੱਗ ਗਿਆ ਸੀ। ਮੈਂ ਸਕੂਲ ਤੋਂ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਸਰਕਾਰੀ ਅਧਿਆਪਕ ਲੱਗ ਗਿਆ ਜਦੋਂਕਿ ਮੇਰੇ ਨਾਨਕੇ ਪਿੰਡ ਦੇ ਸਾਥੀ ਦੋਸਤ ਆਪਣੀ ਪੜ੍ਹਾਈ ਛੇਵੀਂ ਸੱਤਵੀਂ ਵਿੱਚ ਹੀ ਛੱਡ ਗਏ। ਹੁਣ ਜਦੋਂ ਕਦੇ ਅਸੀਂ ਬਚਪਨ ਦੇ ਦੋਸਤ ਨਾਨਕੇ ਪਿੰਡ ਇਕੱਠੇ ਹੁੰਦੇ ਹਾਂ ਤਾਂ ਉਹ ਕਹਿਣਗੇ, ‘‘ਜੇ ਅਸੀਂ ਵੀ ਪੜ੍ਹ ਲੈਂਦੇ ਤਾਂ ਕਿਸੇ ਚੰਗੀ ਨੌਕਰੀ ’ਤੇ ਲੱਗ ਜਾਂਦੇ।’’ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਇਹ ਟੂਣਾ ਚੁੱਕਣ ਦੀ ਹੀ ਕਰਾਮਾਤ ਹੈ ਅਤੇ ਅਸੀਂ ਸਾਰੇ ਟੂਣਿਆਂ ਦੇ ਪਾਖੰਡ ਨੂੰ ਯਾਦ ਕਰਕੇ ਹੱਸਦੇ ਹਾਂ।
ਸੰਪਰਕ: 79733-26981

