ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਲਸਤੀਨ ਨੂੰ ਮਾਨਤਾ ਦੇਣ ਦੇ ਐਲਾਨ ਦੇ ਅਰਥ

ਤਕਰੀਬਨ ਦੋ ਸਾਲਾਂ ਤੋਂ ਫ਼ਲਸਤੀਨ ਅੰਦਰ ਭਿਆਨਕ ਕਤਲੇਆਮ ਵਾਪਰ ਰਿਹਾ ਹੈ। ਇਜ਼ਰਾਈਲ ਵੱਲੋਂ ਟਨਾਂ ਦੇ ਟਨ ਸੁੱਟੇ ਜਾ ਰਹੇ ਬਰੂਦ ਨੇ ਗਾਜ਼ਾ ਪੱਟੀ ਨੂੰ ਮਲਬੇ ਅਤੇ ਮਨੁੱਖੀ ਲਾਸ਼ਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ। ਸਾਡੇ ਸਮਿਆਂ ਵਿੱਚ ਵਾਪਰ ਰਿਹਾ ਇਹ...
Advertisement

ਤਕਰੀਬਨ ਦੋ ਸਾਲਾਂ ਤੋਂ ਫ਼ਲਸਤੀਨ ਅੰਦਰ ਭਿਆਨਕ ਕਤਲੇਆਮ ਵਾਪਰ ਰਿਹਾ ਹੈ। ਇਜ਼ਰਾਈਲ ਵੱਲੋਂ ਟਨਾਂ ਦੇ ਟਨ ਸੁੱਟੇ ਜਾ ਰਹੇ ਬਰੂਦ ਨੇ ਗਾਜ਼ਾ ਪੱਟੀ ਨੂੰ ਮਲਬੇ ਅਤੇ ਮਨੁੱਖੀ ਲਾਸ਼ਾਂ ਦੇ ਢੇਰ ਵਿੱਚ ਬਦਲ ਦਿੱਤਾ ਹੈ। ਸਾਡੇ ਸਮਿਆਂ ਵਿੱਚ ਵਾਪਰ ਰਿਹਾ ਇਹ ਕਹਿਰ ਮਨੁੱਖਤਾ ਦੇ ਹੰਢਾਏ ਭਿਅੰਕਰ ਕਤਲੇਆਮਾਂ ਵਿੱਚ ਸ਼ੁਮਾਰ ਹੈ। ਗਾਜ਼ਾ ਪੱਟੀ ਅੰਦਰ ਹੋਏ ਮਨੁੱਖਤਾ ਦੇ ਘਾਣ ਅਤੇ ਲੋਕਾਈ ਦੇ ਦਰਦਾਂ ਦੀ ਗੱਲ ਜਿੰਨੀ ਕੀਤੀ ਜਾਵੇ, ਓਨੀ ਥੋੜ੍ਹੀ ਹੈ।

ਇਨ੍ਹਾਂ ਦਿਨਾਂ ਵਿੱਚ ਵੱਖ-ਵੱਖ ਯੂਰੋਪੀਅਨ ਮੁਲਕਾਂ ਵੱਲੋਂ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣੇ ਹੋ ਕੇ ਹਟੀ ਯੂ ਐੱਨ ਦੀ ਜਨਰਲ ਅਸੈਂਬਲੀ ਵਿੱਚ ਇੰਗਲੈਂਡ, ਫਰਾਂਸ, ਕੈਨੇਡਾ ਤੇ ਆਸਟਰੇਲੀਆ ਵਰਗੇ ਮੁਲਕਾਂ ਨੇ ਫ਼ਲਸਤੀਨ ਨੂੰ ਮਾਨਤਾ ਦਿੱਤੀ ਹੈ। ਇਸ ਤੋਂ ਪਹਿਲਾਂ ਹੋਰ ਯੂਰੋਪੀਅਨ ਮੁਲਕਾਂ ਨੇ ਵੀ ਅਜਿਹੇ ਐਲਾਨ ਕੀਤੇ ਹਨ।

Advertisement

ਇਹ ਉਹੀ ਪੱਛਮੀ ਮੁਲਕ ਹਨ ਜਿਨ੍ਹਾਂ ਨੇ 1948 ਵਿੱਚ ਇਜ਼ਰਾਈਲ ਦੀ ਸਥਾਪਨਾ ਵੇਲੇ ਇਸ ਮੁਲਕ ਨੂੰ ਝਟਪਟ ਮਾਨਤਾ ਦੇ ਦਿੱਤੀ ਸੀ ਤੇ ਅਗਲੇ ਵਰ੍ਹੇ ਹੀ ਇਸ ਨੂੰ ਯੂ ਐੱਨ ਦਾ ਮੈਂਬਰ ਵੀ ਬਣਾ ਲਿਆ ਗਿਆ ਸੀ। 14 ਮਈ 1948 ਨੂੰ ਅਮਰੀਕਾ ਨੇ ਤਾਂ ਇਜ਼ਰਾਈਲ ਦੀ ਸਥਾਪਨਾ ਦਾ ਐਲਾਨ ਹੋਣ ਦੇ ਸਿਰਫ਼ 11 ਮਿੰਟ ਦੇ ਅੰਦਰ ਹੀ ਇਸ ਨੂੰ ਦੇਸ਼ ਵਜੋਂ ਮਾਨਤਾ ਦੇ ਦਿੱਤੀ ਸੀ; ਫ਼ਲਸਤੀਨੀ ਲਿਬਰੇਸ਼ਨ ਆਰਗਨਾਈਜੇਸ਼ਨ ਵੱਲੋਂ 1988 ’ਚ ਫ਼ਲਸਤੀਨੀ ਰਾਜ ਐਲਾਨੇ ਜਾਣ ਮਗਰੋਂ ਹੁਣ ਤੱਕ ਇਹ ਮੁਲਕ ਇਸ ਨੂੰ ਮਾਨਤਾ ਦੇਣ ਤੋਂ ਲਗਾਤਾਰ ਟਲਦੇ ਆਏ ਹਨ ਅਤੇ ਦੋ-ਮੁਲਕੀ ਹੱਲ ਨੂੰ ਗੱਲਬਾਤ ਲਈ ਸ਼ਰਤ ਬਣਾਉਂਦੇ ਆਏ ਹਨ। ਇਜ਼ਰਾਈਲ ਵਸਾਉਣ ਲਈ ਸਭ ਤੋਂ ਮੂਹਰੇ ਬਰਤਾਨਵੀ ਸਾਮਰਾਜ ਹੀ ਤਾਂ ਸੀ। ਇਜ਼ਰਾਈਲ ਦੀ ਸਥਾਪਨਾ ਅਮਰੀਕੀ ਤੇ ਬਰਤਾਨਵੀ ਸਾਮਰਾਜੀ ਧੜੇ ਦੀਆਂ ਮੱਧ-ਪੂਰਬ ਅੰਦਰਲੀਆਂ ਯੁੱਧਨੀਤਕ ਲੋੜਾਂ ’ਚੋਂ ਨਿਕਲੀ ਸੀ। ਇਸ ਕਰ ਕੇ ਹੀ ਪਿਛਲੇ ਕਿੰਨੇ ਹੀ ਦਹਾਕਿਆਂ ਤੋਂ ਇਨ੍ਹਾਂ ਮੁਲਕਾਂ ਨੇ ਇਜ਼ਰਾਈਲ ਨੂੰ ਹਰ ਵੰਨਗੀ ਦੀ ਸਿੱਧੀ ਅਸਿੱਧੀ ਹਮਾਇਤ ਦਿੱਤੀ ਹੈ। ਬਜਟ ਗ੍ਰਾਂਟਾਂ, ਹਥਿਆਰਾਂ ਤੇ ਹੋਰ ਅਸਾਸਿਆਂ ਨਾਲ ਇਜ਼ਰਾਈਲ ਨੂੰ ਫ਼ਲਸਤੀਨੀਆਂ ’ਤੇ ਕਹਿਰ ਵਰ੍ਹਾਉਣ ਲਈ, ਫ਼ਲਸਤੀਨੀ ਧਰਤੀ ਹੋਰ ਵੱਧ ਨਿਗਲਦੇ ਜਾਣ ਤੇ ਯਹੂਦੀ ਸੈਟਲਰਾਂ ਦੀਆਂ ਬਸਤੀਆਂ ਵਸਾਉਂਦੇ ਜਾਣ ਨੂੰ ਬਹੁ-ਪਰਤੀ ਢੋਈ ਦਿੱਤੀ ਹੈ। ਇਉਂ ਇਨ੍ਹਾਂ ਵਿਕਸਤ ਪੂੰਜੀਵਾਦੀ ਅਤੇ ਸਾਮਰਾਜੀ ਮੁਲਕਾਂ ਦੇ ਹੁਕਮਰਾਨ ਫ਼ਲਸਤੀਨੀ ਲੋਕਾਂ ਦੇ ਗੁਨਾਹਗਾਰਾਂ ’ਚ ਸ਼ਾਮਿਲ ਹਨ।

ਹੁਣ ਇਨ੍ਹਾਂ ਮੁਲਕਾਂ ਦੇ ਹੁਕਮਰਾਨਾਂ ਦੇ ਕੀਤੇ ਜਾ ਰਹੇ ਇਹ ਫ਼ੈਸਲੇ ਇਨ੍ਹਾਂ ਮੁਲਕਾਂ ਅੰਦਰਲੇ ਲੋਕ ਦਬਾਅ ਦਾ ਸਿੱਟਾ ਹਨ। ਫ਼ਲਸਤੀਨੀਆਂ ਦੇ ਭਿਆਨਕ ਕਤਲੇਆਮ ਖਿਲਾਫ ਇਨ੍ਹਾਂ ਮੁਲਕਾਂ ’ਚੋਂ ਜ਼ੋਰਦਾਰ ਆਵਾਜ਼ ਉੱਠਦੀ ਰਹੀ ਹੈ ਤੇ ਇਜ਼ਰਾਈਲ ਦੇ ਅਣਮਨੁੱਖੀ ਵਹਿਸ਼ੀ ਕਹਿਰ ਨੂੰ ਠੱਲ੍ਹਣ ਲਈ ਆਪੋ-ਆਪਣੇ ਹਾਕਮਾਂ ’ਤੇ ਇਜ਼ਰਾਈਲ ਖ਼ਿਲਾਫ਼ ਪੈਂਤੜਾ ਲੈਣ ਦਾ ਦਬਾਅ ਪਾਇਆ ਜਾਂਦਾ ਰਿਹਾ ਹੈ। ਇਸ ਦਬਾਅ ਹੇਠ ਇਨ੍ਹਾਂ ਵਿੱਚੋਂ ਕੁਝ ਮੁਲਕਾਂ ਦੇ ਹਾਕਮ ਜ਼ੁਬਾਨੀ-ਕਲਾਮੀ ਮਲਵੀਂ ਜੀਭ ਨਾਲ ਇਜ਼ਰਾਇਲੀ ਜਬਰ ਦੀ ਨਿੰਦਾ ਕਰਦੇ ਰਹੇ ਜਦਕਿ ਅਮਲੀ ਤੌਰ ’ਤੇ ਇਜ਼ਰਾਇਲ ਨੂੰ ਮਦਦ ਮੁਹੱਈਆ ਕਰਾਉਂਦੇ ਰਹੇ ਹਨ। ਇੰਗਲੈਂਡ ਵਰਗੇ ਮੁਲਕਾਂ ਨੇ ਦੇਸ਼ ਅੰਦਰ ਫ਼ਲਸਤੀਨੀਆਂ ਦੀ ਹਮਾਇਤ ਵਿੱਚ ਤੇ ਇਜ਼ਰਾਈਲ ਦੇ ਵਿਰੋਧ ਵਿੱਚ ਹੋਣ ਵਾਲੇ ਪ੍ਰਦਰਸ਼ਨਾਂ ’ਤੇ ਪਾਬੰਦੀਆਂ ਮੜ੍ਹੀਆਂ ਹਨ। ਇਜ਼ਰਾਇਲੀ ਜਬਰ ਖਿ਼ਲਾਫ਼ ਰੋਸ ਪ੍ਰਗਟਾਉਂਦੇ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਪਰ ਵਹਿਸ਼ੀ ਕਹਿਰ ਦੇ ਇਸ ਅਰਸੇ ਅੰਦਰ ਲੋਕਾਂ ਅੰਦਰ ਇਜ਼ਰਾਇਲ ਖਿਲਾਫ ਰੋਹ ਵਧ ਰਿਹਾ ਹੈ। ਇਸ ਲੋਕ ਰੋਹ ਨੇ ਹੁਣ ਇਨ੍ਹਾਂ ਮੁਲਕਾਂ ਦੇ ਹਾਕਮਾਂ ਨੂੰ ਮਜਬੂਰ ਕੀਤਾ ਹੈ ਕਿ ਫ਼ਲਸਤੀਨ ਨੂੰ ਮਾਨਤਾ ਦੇਣ ਦੇ ਰਸਮੀ ਕਦਮ ਚੁੱਕਣ। ਲੋਕਾਂ ਦੀ ਇਨਸਾਫ ਪਸੰਦ ਆਵਾਜ਼ ਦਾ ਜ਼ੋਰ ਅਜਿਹਾ ਹੈ ਕਿ ਅਮਰੀਕੀ ਨਾਖੁਸ਼ੀ ਦੇ ਬਾਵਜੂਦ ਇਉਂ ਕੀਤਾ ਗਿਆ ਹੈ। ਇਹ ਅਮਰੀਕੀ ਅਗਵਾਈ ਹੇਠਲੇ ਸਾਮਰਾਜੀ ਕੈਂਪ ’ਚ ਵਧਦੀਆਂ ਤਰੇੜਾਂ ਦਾ ਵੀ ਸੰਕੇਤ ਹੈ। ਤਿੱਖੇ ਹੋ ਰਹੇ ਸੰਕਟਾਂ ਦਰਮਿਆਨ ਆਪੋ-ਆਪਣੇ ਮੁਲਕਾਂ ਅੰਦਰਲੀ ਬੇਚੈਨੀ ਨੂੰ ਨਜਿੱਠਣ ਅਤੇ ਆਪੋ-ਆਪਣੇ ਮੁਲਕਾਂ ਦੀਆਂ ਹਾਕਮ ਜਮਾਤਾਂ ਦੇ ਸਾਮਰਾਜੀ ਹਿਤਾਂ ਦੀ ਸੇਵਾ ਦੇ ਰਾਹ ਤਲਾਸ਼ਣ ਲਈ ਇਸ ਸਾਮਰਾਜੀ ਕੈਂਪ ਅੰਦਰਲੇ ਪਾਟਕ ਹੋਰਨਾਂ ਸੰਸਾਰ ਮੰਚਾਂ ’ਤੇ ਵੀ ਜ਼ਾਹਿਰ ਹੋ ਰਹੇ ਹਨ।

ਮੁਲਕ ਵਜੋਂ ਇਸ ਮਾਨਤਾ ਦਾ ਅਜੇ ਜ਼ਮੀਨੀ ਪੱਧਰ ’ਤੇ ਬਹੁਤਾ ਅਸਰ ਨਹੀਂ ਪੈਣਾ ਕਿਉਂਕਿ ਕਾਗਜ਼ਾਂ ’ਚ ਮਾਨਤਾ ਅਤੇ ਅਮਲੀ ਤੌਰ ’ਤੇ ਮਾਨਤਾ ਦੇ ਅਰਥ ਵੱਖਰੇ ਹਨ ਤੇ ਇਨ੍ਹਾਂ ਅਰਥਾਂ ’ਚ ਇਹ ਬਹੁਤ ਨਿਗੂਣੀ ਕਾਰਵਾਈ ਹੈ। ਦਬਾਅ ਹੇਠ ਆ ਕੇ ਅਜਿਹਾ ਕਰਨ ਵੇਲੇ ਵੀ ਅਮਲੀ ਤੌਰ ’ਤੇ ਇਜ਼ਰਾਈਲ ਖ਼ਿਲਾਫ਼ ਕੋਈ ਕਦਮ ਚੁੱਕਣ ਦੀ ਬਜਾਏ ਰਸਮੀ ਕਾਰਵਾਈ ਪਾਉਣ ਦੀ ਪਹੁੰਚ ਦਿਖਾਈ ਦਿੰਦੀ ਹੈ। ਇਹ ਪਹੁੰਚ ‘ਬਗਲ ’ਚ ਛੁਰੀ ਤੇ ਮੂੰਹ ’ਚ ਰਾਮ-ਰਾਮ’ ਵਾਲੀ ਪਹੁੰਚ ਹੈ। ਦੁਨੀਆ ਨੂੰ ਸਭਿਅਤਾ ਤੇ ਜਮਹੂਰੀਅਤ ਦਾ ਪਾਠ ਪੜ੍ਹਾਉਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਮੁਲਕਾਂ ਦੇ ਹੁਕਮਰਾਨਾਂ ਨੇ ਆਪਣੇ ਦੋਗਲੇ ਕਿਰਦਾਰ ਦੀ ਨੁਮਾਇਸ਼ ਲਾਈ ਹੈ।

ਆਜ਼ਾਦ, ਵੱਖਰੇ ਮੁਲਕ ਵਜੋਂ ਆਪਣਾ ਹੱਕ ਹਾਸਲ ਹੋਣ ਦਾ ਸਫ਼ਰ ਫ਼ਲਸਤੀਨੀ ਕੌਮ ਲਈ ਅਜੇ ਭਾਵੇਂ ਲੰਮਾ ਹੈ ਪਰ ਫ਼ਲਸਤੀਨੀਆਂ ਦੀ ਸਿਦਕੀ ਤੇ ਲਾਮਿਸਾਲ ਜਦੋ-ਜਹਿਦ ਨੇ ਇੱਕ ਵਾਰ ਮੁੜ ਫ਼ਲਸਤੀਨੀ ਦੇਸ਼ ਦੇ ਸਵਾਲ ਨੂੰ ਦੁਨੀਆ ਦੇ ਏਜੰਡੇ ’ਤੇ ਲੈ ਆਂਦਾ ਹੈ ਅਤੇ ਸਾਮਰਾਜੀ ਮੁਲਕਾਂ ਦੇ ਹੁਕਮਰਾਨਾਂ ਨੂੰ ਵੀ ਅਜਿਹੀਆਂ ਪੁਜ਼ੀਸ਼ਨਾਂ ਲੈਣ ਲਈ ਮਜਬੂਰ ਕਰ ਦਿੱਤਾ ਹੈ। ਇਹ ਫ਼ਲਸਤੀਨੀ ਕੌਮ ਦੇ ਸਿਦਕੀ ਟਾਕਰੇ ਦਾ ਸਿੱਟਾ ਹੈ ਕਿ ਇਜ਼ਰਾਈਲ ਤੇ ਇਸ ਦਾ ਸਰਪ੍ਰਸਤ ਅਮਰੀਕਾ ਇਸ ਵੇਲੇ ਦੁਨੀਆ ਅੰਦਰ ਨਿਖੇੜੇ ਦੀ ਹਾਲਤ ਵਿੱਚ ਹਨ। ਦੁਨੀਆ ਦੇ ਇਨਸਾਫ਼ ਪਸੰਦ ਲੋਕ ਇਜ਼ਰਾਇਲੀ ਝੰਡੇ ਦੁਰਕਾਰ ਰਹੇ ਹਨ; ਫ਼ਲਸਤੀਨੀ ਝੰਡੇ ਲਹਿਰਾਏ ਜਾ ਰਹੇ ਹਨ।

ਜਿਸ ਫ਼ਲਸਤੀਨੀ ਵਤਨ ਵਾਪਸੀ ਨੂੰ ਬੀਤੇ ਦਾ ਮਸਲਾ ਸਮਝ ਕੇ ਵਿਸਾਰ ਦਿੱਤੇ ਜਾਣ ਦੀਆਂ ਗੱਲਾਂ ਹੋ ਰਹੀਆਂ ਸਨ, ਉਹ ਮੁੜ ਲੋਕਾਂ ਦੀ ਜ਼ੁਬਾਨ ’ਤੇ ਹੈ। ਇਨ੍ਹਾਂ ਅਰਥਾਂ ’ਚ ਫ਼ਲਸਤੀਨ ਨੂੰ ਮੁਲਕ ਵਜੋਂ ਮਾਨਤਾ ਦੇ ਕਦਮਾਂ ਦਾ ਮਹੱਤਵ ਬਣ ਜਾਂਦਾ ਹੈ। ਇਕ ਕਦਮ ਇਨ੍ਹਾਂ ਮੁਲਕਾਂ ਦੀ ਇਨਸਾਫ਼ ਪਸੰਦ ਜਨਤਾ ਨੇ ਚੁਕਵਾਏ ਹਨ ਜਿਸ ਨੂੰ ਫ਼ਲਸਤੀਨੀ ਸਿਦਕੀ ਲੋਕ ਟਾਕਰੇ ਨੇ ਹਲੂਣਿਆ ਹੋਇਆ ਹੈ। ਦੁਨੀਆ ਦੇ ਲੋਕਾਂ ਦੇ ਦਿਲਾਂ ’ਚ ਫ਼ਲਸਤੀਨ ਨੂੰ ਮਾਨਤਾ ਮਿਲੀ ਹੋਈ ਹੈ। ਇਹ ਮਾਨਤਾ ਕਦੇ ਵੀ ਲੋਕ ਮਨਾਂ ’ਚੋਂ ਮਿਟਾਈ ਨਹੀਂ ਜਾ ਸਕੀ।

ਉਂਝ, ਫ਼ਲਸਤੀਨ ਨੂੰ ਮਾਨਤਾ ਦੇ ਐਲਾਨ ਇਨਸਾਫ਼ ਦੇ ਤਕਾਜ਼ੇ ਬਾਰੇ ਸਵਾਲ ਵੀ ਖੜ੍ਹੇ ਕਰਦੇ ਹਨ ਕਿ ਪੌਣੀ ਸਦੀ ਬਾਅਦ ਇਨ੍ਹਾਂ ਮੁਲਕਾਂ ਦੇ ਹੁਕਮਰਾਨ ਫ਼ਲਸਤੀਨੀ ਕੌਮ ਨੂੰ ਉਸ ਦੀ ਆਪਣੀ ਧਰਤੀ ’ਤੇ ਹੀ ਮੁਲਕ ਵਜੋਂ ਮਾਨਤਾ ਦੇਣ ਦੀ ਗੱਲ ਕਰ ਰਹੇ ਹਨ ਜਦਕਿ ਉਸ ਦੀ ਧਰਤੀ ’ਤੇ ਜਬਰੀ ਵਸਾਏ ਮੁਲਕ ਇਜ਼ਰਾਈਲ ਦੀ ਹੋਂਦ ਦੇ ਸਵਾਲ ਤੋਂ ਲੈ ਕੇ ਉਸ ਦੇ ਪਿਛਲੇ ਸਾਰੇ ਅਮਲ ਤੇ ਮੌਜੂਦਾ ਹਮਲੇ ਬਾਰੇ ਚੁੱਪ ਹਨ। ਇੱਕ ਪਾਸੇ ਫ਼ਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਹੋ ਰਹੀ ਹੈ ਪਰ ਦੂਜੇ ਪਾਸੇ ਦਿਨੋ-ਦਿਨ ਹੋਰ ਜਿ਼ਆਦਾ ਵਸਾਈਆਂ ਜਾ ਰਹੀਆਂ ਬਸਤੀਆਂ ਬਾਰੇ ਚੁੱਪ ਹਨ। ਦਹਾਕਿਆਂ ਤੋਂ ਬੇਵਤਨ ਕੀਤੇ ਹੋਏ ਫ਼ਲਸਤੀਨੀਆਂ ’ਤੇ ਹੋਏ ਜ਼ੁਲਮਾਂ ਦਾ ਹਿਸਾਬ ਕਿਤਾਬ ਤਾਂ ਵੱਖਰੀ ਗੱਲ ਹੈ ਪਰ ਦੋ ਮੁਲਕਾਂ ਦੇ ਹੱਲ ਦਾ ਇਹ ਫਾਰਮੂਲਾ ਫ਼ਲਸਤੀਨੀਆਂ ਨਾਲ ਇਨਸਾਫ਼ ਦਾ ਕੋਈ ਪੈਮਾਨਾ ਨਹੀਂ ਬਣਦਾ। ਇਸ ਧਰਤੀ ’ਤੇ ਆਜ਼ਾਦ ਫ਼ਲਸਤੀਨੀ ਦੇਸ਼ ਦੀ ਸਥਾਪਨਾ ਹੀ ਫ਼ਲਸਤੀਨੀਆਂ ਨੂੰ ਇਨਸਾਫ਼ ਦਾ ਤਰੀਕਾ ਬਣਦਾ ਹੈ।

ਫ਼ਲਸਤੀਨੀਆਂ ਨੇ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੱਤੀ। ਇਜ਼ਰਾਈਲ ਨੂੰ ਇਸ ਧਰਤੀ ’ਤੇ ਜਬਰੀ ਵਸਾਇਆ ਗਿਆ ਸੀ ਤੇ ਉਸ ਦੀ ਇਸ ਧਰਤੀ ’ਤੇ ਮੁਲਕ ਵਜੋਂ ਹੋਂਦ ਨਿਹੱਕੀ ਹੈ। ਫ਼ਲਸਤੀਨੀ ਆਪਣੇ ਮੁਲਕ ਦੀ ਮੁਕੰਮਲ ਵਾਪਸੀ ਲਈ ਜੂਝ ਰਹੇ ਹਨ। ਇਸ ਸਮੁੱਚੀ ਧਰਤੀ ’ਤੇ ਫਲਸਤੀਨੀਆਂ ਦਾ ਹੱਕ ਹੈ। ਇਜ਼ਰਾਈਲ ਦੀ ਹੋਣੀ ਦਾ ਫੈਸਲਾ ਆਜ਼ਾਦ, ਜਮਹੂਰੀ ਅਤੇ ਧਰਮ ਨਿਰਪੱਖ ਫ਼ਲਸਤੀਨੀ ਮੁਲਕ ਦੀ ਮੁੜ ਸਥਾਪਨਾ ਮਗਰੋਂ ਤੈਅ ਹੋਣਾ ਚਾਹੀਦਾ ਹੈ। ਇਸ ਵਿੱਚ ਫਲਸਤੀਨੀਆਂ ਦੀ ਅੰਤਿਮ ਰਜ਼ਾ ਦਾ ਪ੍ਰਮੁੱਖ ਸਥਾਨ ਬਣਨਾ ਹੈ।

ਫ਼ਲਸਤੀਨੀ ਧਰਤੀ ਦੀ ਮੁਕੰਮਲ ਵਾਪਸੀ ਦਾ ਨਿਸ਼ਾਨਾ ਭਾਵੇਂ ਕਿੰਨਾ ਵੀ ਲਮਕਵਾਂ ਹੋਵੇ ਤੇ ਮੋੜਾਂ-ਘੋੜਾਂ ਰਾਹੀਂ ਹਾਸਿਲ ਹੋਣਾ ਹੋਵੇ ਪਰ ਫ਼ਲਸਤੀਨੀਆਂ ਨਾਲ ਮੁਕੰਮਲ ਇਨਸਾਫ਼ ਦਾ ਇਹੋ ਅਰਥ ਬਣਦਾ ਹੈ।

ਸੰਪਰਕ: 94170-54015

Advertisement
Show comments