DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿ ਪ੍ਰਭਿ ਕਾਜੁ ਰਚਾਇਆ॥ ਗੁਰਮੁਖਿ ਵੀਆਹਣਿ ਆਇਆ॥

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ’ਤੇ ਵਿਸ਼ੇਸ਼
  • fb
  • twitter
  • whatsapp
  • whatsapp
Advertisement

ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ ਬਟਾਲਾ ਵਿੱਚ ਸੰਗਤਾਂ ਹਰ ਸਾਲ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ। ਗੁਰੂ ਜੀ ਦਾ ਵਿਆਹ 1487 ਈਸਵੀ ਨੂੰ ਬਟਾਲਾ ਦੇ ਮੂਲ ਚੰਦ ਖੱਤਰੀ ਦੀ ਪੁੱਤਰੀ ਸੁਲੱਖਣੀ ਨਾਲ ਹੋਇਆ ਸੀ। ਉਂਝ, ਮੂਲ ਚੰਦ ਦਾ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਹੈ। ਵਿਆਹ ਨੇਪਰ੍ਹੇ ਚਾੜ੍ਹਨ ਲਈ ਗੁਰੂ ਜੀ ਦੇ ਭਣੋਈਏ (ਬੀਬੀ ਨਾਨਕੀ ਦੇ ਪਤੀ) ਜੈਰਾਮ ਨੇ ਮੁੱਖ ਭੂਮਿਕਾ ਨਿਭਾਉਂਦਿਆਂ, ਮੂਲ ਚੰਦ ਜੀ ਨਾਲ ਵਿਆਹ ਦੀ ਗੱਲ ਤੋਰੀ। ਜਦੋਂ ਗੱਲ ਪੱਕੀ ਹੋ ਗਈ ਤਾਂ ਸਾਹਾ ਸੁਧਾਇਆ। ਉਸ ਸਮੇਂ ਦੇ ਧਨਾਢ ਸਮਝੇ ਜਾਂਦੇ ਰਾਇ ਬੁਲਾਰ ਜੋ ਗੁਰੂ ਜੀ ਦੇ ਪਰਿਵਾਰ ਪ੍ਰਤੀ ਸ਼ਰਧਾ ਰੱਖਦੇ ਸਨ, ਨੂੰ ਜਦੋਂ ਵਿਆਹ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਨੂੰ ਵਿਆਹ ਲਈ ਹਰ ਤਰ੍ਹਾਂ ਦਾ ਸਾਜ਼ੋ-ਸਾਮਾਨ ਦੇਣ ਦੀ ਪੇਸ਼ਕਸ਼ ਕੀਤੀ। ਜੈ ਰਾਮ ਨੇ ਜਦੋਂ ਸੁਲਤਾਨਪੁਰ (ਕਪੂਰਥਲਾ) ਦੇ ਨਵਾਬ ਦੌਲਤ ਖਾਨ ਕੋਲ ਗੁਰੂ ਜੀ ਦੇ ਹੋ ਰਹੇ ਵਿਆਹ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਹਾਥੀ, ਘੋੜੇ, ਰੱਥ ਅਤੇ ਹੋਰ ਸਾਮਾਨ ਦੇਣ ਲਈ ਹਾਮੀ ਭਰੀ। ਪਿੰਡ ਰਾਏ ਭੋਇੰ ਦੀ ਤਲਵੰਡੀ ਤੋਂ ਬਰਾਤ ਹਾਥੀ, ਘੋੜਿਆਂ, ਰੱਥਾਂ ’ਤੇ ਸਵਾਰ ਹੋ ਕੇ ਨਿਕਲੀ ਅਤੇ ਬਿਆਸ ਦਰਿਆ ਪਾਰ ਕੀਤਾ। ਖਡੂਰ (ਖਡੂਰ ਸਾਹਿਬ) ਵਿਖੇ ਬਰਾਤ ਦਾ ਰਾਤਰੀ ਠਹਿਰਾਅ ਹੋਇਆ। ਅਗਲੇ ਦਿਨ ਸੁਲਤਾਨਪੁਰ ਨੂੰ ਚਾਲੇ ਪਾਏ ਗਏ ਜਿੱਥੇ ਕੁਝ ਦਿਨ ਰੁਕਣ ਤੋਂ ਬਾਅਦ ਫਿਰ ਬਰਾਤ ਬਟਾਲਾ ਪਹੁੰਚੀ। ਇਤਿਹਾਸ ਦੀ ਸੋਝੀ ਰੱਖਦੇ ਕੁਝ ਬੁੱਧੀਜੀਵੀਆਂ ਦੀਆਂ ਗੱਲਾਂ ਨੂੰ ਮੰਨਿਆ ਜਾਵੇ ਤਾਂ ਗੁਰੂ ਜੀ ਨੇ ਉਸ ਸਮੇਂ ਅਗਨੀ ਦੇ ਇਰਦ-ਗਿਰਦ ਫੇਰੇ ਲੈਣੇ ਤੋਂ ਇੱਕ ਤਰ੍ਹਾਂ ਨਾਲ ਇਨਕਾਰ ਕਰ ਦਿੱਤਾ। ਸੂਰਜ ਪ੍ਰਕਾਸ਼ ਅਨੁਸਾਰ, ਪਾਂਧੇ ਹਰਦਿਆਲ ਨੇ ਬਟਾਲਾ ਤੋਂ ਥੋੜ੍ਹੀ ਦੂਰ ਪਿੰਡ ਚੋਣੇ ਦੇ ਪਾਂਧੇ ਨੂੰ ਸਮਝਾਇਆ ਕਿ ਗੁਰੂ ਜੀ ਨੇ ਪੁਰਾਤਨ ਰੀਤ ਅਨੁਸਾਰ ਵਿਆਹ ਨਹੀਂ ਰਚਾਉਣਾ। ਪਾਂਧੇ ਦੁਆਰਾ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਫਰਮਾਇਆ ਕਿ ਭਾਵੇਂ ਵੇਦ ਮੰਤਰ ਚਾਰੇ ਯੁੱਗਾਂ ਵਿੱਚ ਪਰਵਾਨ ਹਨ, ਪਰ ਕਲਯੁੱਗ ਵਿੱਚ ਤਾਂ ਮੂਲ ਮੰਤਰ ਹੀ ਪ੍ਰਧਾਨ ਹੈ। ਗੁਰੂ ਜੀ ਨੇ ਉਸ ਸਮੇਂ ਕਾਗਜ਼ ਉਪਰ ਮੂਲ ਮੰਤਰ ਲਿਖ ਕੇ ਚੌਂਕੀ ਉਪਰ ਰੱਖ ਦਿੱਤਾ। ਇਸ ਦੇ ਇਰਦ-ਗਿਰਦ ਚਾਰ ਲਾਵਾਂ-ਫੇਰੇ ਲੈ ਲਏ। ਸੂਰਜ ਪ੍ਰਕਾਸ਼ ਅਨੁਸਾਰ, ਇਹ ਮੂਲ ਮੰਤਰ ਹੈ- ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਭਾਈ ਮੂਲ ਚੰਦ ਦੇ ਘਰ ਦੇ ਸਥਾਨ ਨੂੰ ਮੂਲੇ ਦਾ ਡੇਰਾ ਆਖਿਆ ਜਾਂਦਾ ਰਿਹਾ। ਉਨ੍ਹਾਂ ਬਟਾਲਾ ਦੇ ਖੱਤਰੀ ਨਰਾਇਣ ਦਾਸ ਤੋਂ ਜ਼ਮੀਨ ਲੈ ਕੇ ਘਰ ਬਣਾਇਆ ਸੀ ਜੋ ‘ਮੂਲੇ ਦੇ ਡੇਰੇ’ ਵਜੋਂ ਮਸ਼ਹੂਰ ਹੋਇਆ ਅਤੇ ਇੱਥੇ ਹੀ ਉਨ੍ਹਾਂ ਦੀ ਪਤਨੀ ਚੰਦੋਰਾਣੀ ਦੀ ਕੁੱਖੋਂ ਪੁੱਤਰੀ ਸੁਲੱਖਣੀ ਪੈਦਾ ਹੋਈ, ਜਿਸ ਦੀ ਸ਼ਾਦੀ ਗੁਰੂ ਨਾਨਕ ਦੇਵ ਜੀ ਨਾਲ ਹੋਈ। ਭਾਈ ਸੰਤੋਖ ਸਿੰਘ ਦੇ ‘ਗੁਰੂ ਨਾਨਕ ਚਮਤਕਾਰ’ ਅਨੁਸਾਰ, ਗੁਰੂ ਮਹਾਰਾਜ ਦੇ ਲਾਵਾਂ-ਫੇਰੇ ਭਾਈ ਮੂਲ ਚੰਦ ਤੇ ਮਾਤਾ ਚੰਦੋਰਾਣੀ ਦੀ ਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਇਨ੍ਹਾਂ ਦੇ ਘਰ (14 ਭਾਦੋਂ ਸੰਮਤ 1544) ਭਾਦੋਂ ਸੁਦੀ ਸੱਤਵੀਂ (ਸਤੰਬਰ ਸੰਨ 1487) ਨੂੰ ਹੋਏ।

Advertisement

ਇਤਿਹਾਸਕ ਹਵਾਲੇ ਅਨੁਸਾਰ, ਜਦੋਂ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਪੁੱਤਰ ਭਾਈ ਗੁਰਦਿੱਤਾ ਜੀ ਨੂੰ ਬਟਾਲਾ ਵਿਖੇ ਵਿਆਹੁਣ ਆਏ (ਮੌਜੂਦਾ ਗੁਰਦੁਆਰਾ ਸਤਕਰਤਾਰੀਆਂ) ਤਾਂ ਉਹ ਆਪਣੇ ਕੁੜਮ ਨੂੰ ਨਾਲ ਲੈ ਕੇ ਉਸ ਸਥਾਨ ’ਤੇ ਗਏ, ਜਿੱਥੇ ਮੂਲ ਚੰਦ ਦਾ ਘਰ ਸੀ। ਛੇਵੇਂ ਗੁਰੂ ਜੀ ਨੇ ਪਹਿਲੀ ਪਾਤਿਸ਼ਾਹੀ ਵੱਲੋਂ ਲਾਵਾਂ ਲੈਣ ਵਾਲੇ ਸਥਾਨ ’ਤੇ ਥੜ੍ਹਾ ਬਣਾਇਆ। ਦੱਸਿਆ ਜਾਂਦਾ ਹੈ ਕਿ 1765 ਤੋਂ ਬਾਅਦ ਜਦੋਂ ਸਿੱਖ ਮਿਸਲਾਂ ਦਾ ਬੋਲਬਾਲਾ ਹੋਇਆ ਤਾਂ ਜਿਸ ਸਥਾਨ ’ਤੇ ਲਾਵਾਂ-ਫੇਰੇ ਹੋਏ, ਉਸ ਸਥਾਨ ਦਾ ਹੋਰ ਸੁਧਾਰ ਕੀਤਾ ਗਿਆ। ਇੱਥੇ ਥੜ੍ਹੇ ਵਾਲੀ ਜਗ੍ਹਾ ਦੀ ਪੁਰਾਤਨ ਇਮਾਰਤ ਬਹੁਤ ਛੋਟੀ ਜਿਹੀ ਹੋਣ ਕਰ ਕੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਮਰੇ ਦੇ ਚਾਰੋਂ ਦਰਵਾਜਿ਼ਆਂ ’ਤੇ ਸੰਗਮਰਮਰ ਦੀਆਂ ਚੁਗਾਂਠਾਂ ਤੇ ਪੱਤਰੇ ਲੱਗੇ ਸਨ। ਮੱਥੇ ’ਤੇ ਲਿਖਿਆ ਹੋਇਆ ਹੈ- ਹਰਿ ਪ੍ਰਭਿ ਕਾਜੁ ਰਚਾਇਆ॥ ਗੁਰਮੁਖਿ ਵੀਆਹਣਿ ਆਇਆ॥

ਇਸ ਦੀ ਪਹਿਲੀ ਆਧੁਨਿਕ ਦਿੱਖ ਮਹਾਰਾਜਾ ਸ਼ੇਰ ਸਿੰਘ ਨੇ 1837 ਤੋਂ 1840 ਤੱਕ ਬਣਵਾਈ। ਮੂਲੇ ਦੇ ਡੇਰੇ ਤੋਂ ਹੀ ਗੁਰਦੁਆਰਾ ਡੇਹਰਾ ਸਾਹਿਬ ਹੋਂਦ ’ਚ ਆਇਆ ਹੈ। ਉਂਝ ਗੁਰੂ ਜੀ ਦੀ ਬਰਾਤ ਇੱਥੋਂ ਥੋੜ੍ਹੀ ਹੀ ਦੂਰ ਜਿਸ ਸਥਾਨ ’ਤੇ ਬੈਠੀ ਸੀ, ਉਸ ਨੂੰ ਗੁਰਦੁਆਰਾ ਕੰਧ ਸਾਹਿਬ ਆਖਦੇ ਹਨ।

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਪਹਿਲੀ ਵਾਰੀ ਮਨਾਉਣ ਲਈ ਸੰਗਤਾਂ ਅੰਮ੍ਰਿਤਸਰ ਤੋਂ ਰੇਲ ਰਾਹੀਂ ਬਟਾਲਾ ਪੁੱਜੀਆਂ ਸਨ। ਮਹੰਤ ਕੇਸਰਾ ਸਿੰਘ ਨੇ ਅੱਗਲਵਾਂਢੀ ਹੋ ਕੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ। ਜੰਝ ਨੂੰ ਸਟੇਸ਼ਨ ਨੇੜੇ ਮੁਹੱਲਾ ਦਾਰ-ਉਲ-ਇਸਲਾਮ ਦੇ ਬਾਹਰਵਾਰ ਉਤਾਰਿਆ ਗਿਆ। ਉਸ ਸਮੇਂ ਗੁਰਦੁਆਰਾ ਡੇਹਰਾ ਸਾਹਿਬ (ਬਟਾਲਾ) ਵਿਖੇ ਪਹੁੰਚਣ ’ਤੇ ਰਾਤ ਭਰ ਕੀਰਤਨ ਚੱਲਦਾ ਰਿਹਾ। ਇਹ ਗੱਲ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵਾਪਰੇ ਸਾਕੇ (1921) ਤੋਂ ਪਹਿਲਾਂ, ਭਾਵ, 1918-1919 ਦੀ ਹੈ।

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਬਟਾਲਾ ਅਤੇ ਹੋਰ ਥਾਵਾਂ ਤੋਂ ਜਿੰਮੇਵਾਰ/ਮੋਹਤਬਰ ਸ਼ਖ਼ਸੀਅਤਾਂ ‘ਗੁਰੂ ਜੀ ਦੀ ਬਰਾਤ’ ਲਈ ਸੁਲਤਾਨਪੁਰ ਲੋਧੀ (ਕਪੂਰਥਲਾ) ਪਹੁੰਚ ਜਾਂਦੀਆਂ ਹਨ। ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚੱਲਦਾ ਹੈ। ਰਸਤੇ ਵਿੱਚ ਪੈਂਦੇ ਪਿੰਡਾਂ, ਕਸਬਿਆਂ ਦੀਆਂ ਸੰਗਤਾਂ (ਸਹੁਰਾ ਪਰਿਵਾਰ ਵਜੋਂ) ਬਰਾਤ ਰੂਪੀ ਨਗਰ ਕੀਰਤਨ ਦਾ ਪੂਰੀ ਉਤਸੁਕਤਾ ਨਾਲ ਜਿੱਥੇ ਘੰਟਿਆਂਬੱਧੀ ਇੰਤਜ਼ਾਰ ਕਰਦੀਆਂ ਹਨ, ਉਥੇ ਤਰ੍ਹਾਂ-ਤਰ੍ਹਾਂ ਦੇ ਸਜਾਵਟੀ ਗੇਟ ਅਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਬਣਾਉਂਦੀਆਂ ਹਨ।

ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸਤਕਰਤਾਰੀਆ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ’ਚ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਆ ਕੇ ਨਤਮਸਤਕ ਹੁੰਦੀਆਂ ਹਨ। ਅਗਲੇ ਦਿਨ ਬਟਾਲਾ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ।

ਸੰਪਰਕ: 97794-79439

Advertisement
×