ਚਾਨਣ ਜਾਈਆਂ
ਰਾਮ ਸਵਰਨ ਲੱਖੇਵਾਲੀ
ਜਨਮ ਤੋਂ ਸਿਦਕ, ਸਬਰ ਤੇ ਸੁਹਜ ਸਲੀਕੇ ਦੀ ਗੁੜ੍ਹਤੀ ਲੈ ਮਾਪਿਆਂ ਦੇ ਵਿਹੜੇ ਪੈਰ ਪਾਉਂਦੀਆਂ। ਮਾਵਾਂ ਦੀ ਗੋਦ ਦਾ ਨਿੱਘ ਮਾਣਦੀਆਂ। ਤੋਤਲੇ ਬੋਲਾਂ ਤੇ ਨਿੱਕੇ ਕਦਮਾਂ ਨਾਲ ਸੁਫਨਿਆਂ ਦੀ ਤੰਦ ਬੁਣਦੀਆਂ। ਮਿਹਨਤ ਤੇ ਬੁਲੰਦ ਇਰਾਦਿਆਂ ਨਾਲ ਸਕੂਲ, ਕਾਲਜ ਤੇ ਯੂਨਿਵਰਸਿਟੀ ਦੇ ਦਰਾਂ ’ਤੇ ਪੁੱਜਦੀਆਂ। ਅੰਬਰੀਂ ਉਡਾਣ ਭਰਨ ਦੀ ਇੱਛਾ ਪਾਲਦੀਆਂ। ਜ਼ਿੰਦਗੀ ਦੇ ਰਾਹਾਂ ’ਤੇ ਸਾਬਤ ਕਦਮ ਤੁਰਨ ਦਾ ਇਰਾਦਾ ਬਣਾਉਂਦੀਆਂ। ਰਾਹ ਦੀਆਂ ਔਕੜਾਂ ਤੇ ਵਿਤਕਰੇ ਝੱਲਣ ਦਾ ਹੌਸਲਾ ਜੁਟਾਉਂਦੀਆਂ। ਜੀਵਨ ਰਾਹਾਂ ’ਤੇ ਸਫਲਤਾ ਦੇ ਸੂਹੇ ਫੁੱਲ ਬਿਖੇਰਨ ਲਈ ਗੋਦ ਦਾ ਸਬਕ ਮਨਾਂ ਵਿੱਚ ਵਸਾ ਕੇ ਰੱਖਦੀਆਂ।
ਮਾਵਾਂ ਦੀ ਨਸੀਹਤ ਉਨ੍ਹਾਂ ਦੇ ਮਨ ਮਸਤਕ ’ਤੇ ਉੱਕਰੀ ਹੁੰਦੀ- ‘ਧੀਏ! ਜੀਵਨ ਰਸਤਾ ਏਨਾ ਆਸਾਨ ਨਹੀਂ ਹੁੰਦਾ। ਸਫਲਤਾ ਵੱਲ ਜਾਂਦੇ ਰਾਹਾਂ ’ਤੇ ਥਾਂ-ਥਾਂ ਕੰਡੇ ਹੁੰਦੇ। ਲਾਲਚ, ਗਰਜਾਂ ਤੇ ਵਕਤੀ ਖ਼ੁਸ਼ੀਆਂ ਕੁਰਾਹੇ ਤੋਰਨ ਲਈ ਥਾਂ-ਥਾਂ ਮਿਲਦੀਆਂ; ਹੋਰਾਂ ਨੂੰ ਲਤਾੜ ਕੇ ਅੱਗੇ ਵਧਣ ਲਈ ਆਖਦੀਆਂ; ਜ਼ਿੰਦਗੀ ਨੂੰ ਚਮਕ ਦਮਕ ਦੀ ਝਲਕ ਦਿਖਾਉਂਦੀਆਂ।... ਯਾਦ ਰੱਖਣਾ- ਆਪਣੇ ਸੁਆਰਥ ਬਦਲੇ ਕੀਤਾ ਸਮਝੌਤਾ ਕਦੇ ਵਫਾ ਨਹੀਂ ਕਰਦਾ। ਨਾ ਹੀ ਸਮਝੌਤੇ ਮੰਜ਼ਿਲ ਦਾ ਰਾਹ ਅਸਾਨ ਕਰਦੇ। ਮੰਜ਼ਿਲ ਦੇ ਦਰ ’ਤੇ ਦਸਤਕ ਦੇਣ ਲਈ ਸਖ਼ਤ ਮਿਹਨਤ, ਸੱਚੀ ਲਗਨ ਤੇ ਪੱਕਾ ਇਰਾਦਾ ਹੀ ਜ਼ਿੰਦਗੀ ਦਾ ਰਾਹ ਰੌਸ਼ਨ ਕਰਦੈ।’
ਮਨਾਂ ਵਿੱਚ ਪਲਦੀ ਜਿਊਣ ਦੀ ਤਾਂਘ ਕਰਵਟ ਲੈਣ ਲਗਦੀ। ਗਿਆਨ ਚੇਤਨਾ ਮਨਾਂ ਅੰਦਰ ਸੂਝ ਸਿਆਣਪ ਦਾ ਦੀਪ ਜਗਾਉਂਦੀ। ਮਾਵਾਂ ਦੀ ਬੁੱਕਲ ਦਾ ਮੋਹ ਤੇ ਮਾਣ ਕਦਮਾਂ ਨੂੰ ਰਵਾਨੀ ਦਿੰਦਾ। ‘ਸੁੰਦਰ ਮੁੰਦਰੀਏ’ ਵਾਲਾ ਲੋਹੜੀ ਗੀਤ ਜਿਊਣ ਦੇ ਮਕਸਦ ਦਾ ਰਾਹ ਖੋਲ੍ਹਦਾ। ‘ਦੁੱਲਾ ਭੱਟੀ ਵਾਲਾ ਹੋ’ ਮਨ ਦੇ ਅੰਬਰ ’ਤੇ ਚਾਨਣ ਬਣ ਪਸਰਦਾ। ਮਕਸਦ ਤੋਂ ਬਿਨਾਂ ਜਿਊਣਾ ਕਿਸੇ ਕੰਮ ਦਾ ਨਹੀਂ ਹੁੰਦਾ। ਆਪਣੇ ਲਈ ਹਾਸਲ ਕੀਤਾ ਸੁਖ, ਮਾਣ ਜ਼ਿੰਦਗੀ ਦੇ ਰਾਹਾਂ ਦੀ ਪੈੜ ਹਰਗਿਜ਼ ਨਹੀਂ ਬਣਦਾ, ਨਾ ਹੀ ਹੋਰਾਂ ਲਈ ਪ੍ਰੇਰਨਾ ਤੇ ਸਬਕ ਦਾ ਲਖਾਇਕ ਹੁੰਦਾ। ਧਰਤੀ ਮਾਂ ਦੇ ‘ਦੁੱਲੇ ਪੁੱਤ’ ਦੀ ਸਿਰ ਉਠਾ ਕੇ ਜਿਊਣ ਦੀ ਵਿਰਾਸਤ ਹੀ ਪੈੜਾਂ ਦਾ ਪ੍ਰਤਾਪ ਬਣਦੀ।
ਮੰਜ਼ਿਲ ਵੱਲ ਵਧਦੇ ਕਦਮਾਂ ਨੂੰ ਵਿਰਸੇ ਦਾ ਸਬਕ ਨਾ ਭੁਲਦਾ। ਮਿਹਨਤ ਦੀ ਬਾਤ, ਉੱਦਮ ਦਾ ਸਾਥ ਤੇ ਸਿਦਕ ਦੀ ਪ੍ਰਭਾਤ। ਜ਼ਿੰਦਗੀ ਦੇ ਨਕਸ਼ ਬਣਦੇ। ਮੂੰਹ ਹਨੇਰੇ ਮਾਵਾਂ ਦੇ ਅੱਟਣਾਂ ਭਰੇ ਹੱਥ ਕਿਰਤ ਨਾਲ ਸੰਵਾਦ ਕਰਦੇ। ਧੀਆਂ ਪੁੱਤਰਾਂ ਵਾਂਗ ਪਾਲੀਆਂ ਦੁੱਧ ਦੀ ਦਾਤ ਦੇਣ ਵਾਲੀਆਂ ਮੱਝਾਂ, ਗਾਵਾਂ ਦੀ ਸੇਵਾ ਸੰਭਾਲ ਕਰਦੇ। ਦੁੱਧ ਚੋਂਦੇ, ਚੁੱਲ੍ਹਾ ਚੌਂਕਾ ਰੌਸ਼ਨ ਕਰਦੇ। ਪਹੁ ਫੁਟਾਲਾ ਹੁੰਦਿਆਂ ਪਰਿਵਾਰ ਨੂੰ ਜਗਾਉਂਦੇ, ਆਖਦੇ- ‘ਸੁੱਤਿਆਂ, ਬੈਠਿਆਂ ਕਦੇ ਮੰਜ਼ਿਲ ਨਹੀਂ ਮਿਲਦੀ।’
ਉਚੇਰੀ ਸਿੱਖਿਆ ਦੇ ਅਦਾਰਿਆਂ ਵਿੱਚ ਮਿਹਨਤ, ਲਗਨ ਦਾ ਰੰਗ ਬਿਖਰਨ ਲਗਦਾ। ਮਨਾਂ ਦੀ ਪਰਵਾਜ਼ ਦੇ ਸੁਫਨੇ ਸੱਚ ਸਾਬਤ ਹੋਣ ਲਗਦੇ। ਸਾਹਿਤ ਤੇ ਕਲਾ ਰਾਹ ਰੌਸ਼ਨ ਕਰਨ ਲਗਦੇ। ਕਵਿਤਾ ਮਨ ਦੀਆਂ ਤਰੰਗਾਂ ਦੇ ਬੋਲ ਬਣਨ ਲਗਦੀ। ਸ਼ਿਵ ਦੀ ਲੂਣਾ ਸਵੈਮਾਣ ਦਾ ਬਲ ਬਣਦੀ। ਪਾਤਰ, ਪਾਸ਼ ਦੇ ਬੋਲ ਸੂਹੇ ਰੰਗਾਂ ਦਾ ਬਿਰਤਾਂਤ ਸਿਰਜਦੇ ਨਜ਼ਰ ਆਉਂਦੇ। ਰੰਗ ਮੰਚ ਜਿਊਣ ਤਾਂਘ ਦੀ ਪਰਵਾਜ਼ ਬਣਦਾ। ਮੰਜ਼ਿਲ ਵੱਲ ਵਧਦੇ ਕਦਮ ਪ੍ਰੋਫੈਸਰ, ਡਾਕਟਰ, ਜੱਜ, ਸੰਪਾਦਕ ਤੇ ਵਕੀਲ ਮਾਣ ਮੱਤੇ ਅਹੁਦਿਆਂ ’ਤੇ ਜਾ ਬਿਰਾਜਮਾਨ ਹੁੰਦੇ। ਇਹ ਕਦਮ ਸੰਗੀਤ, ਖੇਡਾਂ ਤੇ ਹੋਰ ਖੇਤਰਾਂ ਵਿੱਚ ਬੁਲੰਦੀਆਂ ਛੂੰਹਦੇ।
ਨਾ-ਬਰਾਬਰੀ ਦੀ ਮਾਰ ਵਿੱਚ ਆਈਆਂ ਘੱਟ ਪੜ੍ਹੀਆਂ, ਅਧਵਾਟੇ ਪੜ੍ਹਾਈ ਛੱਡ ਘਰ ਬੈਠੀਆਂ, ਸੁਆਣੀਆਂ ਬਣ ਘਰਾਂ ਵਿੱਚ ਲੋਅ ਬਣ ਜਗਦੀਆਂ। ਕਿਰਤ ਕਰ ਕੇ ਘਰਾਂ ਨੂੰ ਉਠਾਉਣ ਵਿੱਚ ਜੁਟ ਜਾਂਦੀਆਂ। ਖੇਤਾਂ, ਫੈਕਟਰੀਆਂ, ਮਗਨਰੇਗਾ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਰਦੀਆਂ। ਘਰਾਂ, ਸਕੂਲਾਂ, ਦਫਤਰਾਂ ਵਿੱਚ ਨਿਗੂਣੀ ਮਿਹਨਤ ਤੇ ਸਾਫ਼ ਸਫ਼ਾਈ ਦਾ ਕੰਮ ਸਾਂਭਦੀਆਂ। ਖਾ ਜਾਣ ਵਾਲੀਆਂ ਖਚਰੀਆਂ ਨਜ਼ਰਾਂ ਦਾ ਸਾਹਮਣਾ ਕਰਦੀਆਂ। ਉਨ੍ਹਾਂ ਦੀਆਂ ਨਿਰਛਲ ਨਜ਼ਰਾਂ ਬੋਲਦੀਆਂ ਪ੍ਰਤੀਤ ਹੁੰਦੀਆਂ- ‘ਅਸੀਂ ਆਰਥਿਕ ਤੌਰ ਤੋਂ ਹੀਣੇ ਜ਼ਰੂਰ ਹਾਂ ਪਰ ਜ਼ਿੰਦਗੀ ਤੋਂ ਨਹੀਂ।’
ਜ਼ਿੰਦਾਦਿਲੀ ਦੀ ਮੂਰਤ ਬਣ ਆਪਣੇ ਸ਼ਾਨਾਮੱਤੇ ਸੰਘਰਸ਼ ਦੀ ਵਿਰਾਸਤ ’ਤੇ ਪਹਿਰਾ ਦਿੰਦੀਆਂ। ਇਤਿਹਾਸ ਦੇ ਸੁਨਿਹਰੀ ਪੰਨਿਆਂ ’ਤੇ ਜਿਊਂਦੀਆਂ ਵੀਰਾਂਗਣਾਂ ਮਾਈ ਭਾਗੋ, ਗ਼ਦਰੀ ਗੁਲਾਬ ਕੌਰ ਤੇ ਦੁਰਗਾ ਭਾਬੀ ਦੀਆਂ ਪੈੜਾਂ ’ਤੇ ਤੁਰਦਿਆਂ ਖੇਤੀ ਕਾਨੂੰਨਾਂ ਖਿ਼ਲਾਫ਼ ਨਾਬਰੀ ਦੇ ਸੰਘਰਸ਼ ਨੂੰ ਮੋਢਾ ਲਾਉਂਦੀਆਂ। ਦਿੱਲੀ ਦੇ ਬਾਰਡਰਾਂ ’ਤੇ ਬੈਠ ਸੱਤਾ ਅਤੇ ਦੇਸ਼ ਦੁਨੀਆ ਨੂੰ ਆਪਣੀ ‘ਬਸੰਤੀ ਚੋਲੇ’ ਵਾਲੀ ਆਪਣੀ ਵਿਰਾਸਤ ਦਾ ਦਮ ਖ਼ਮ ਦਿਖਾਉਂਦੀਆਂ। ਜ਼ਮੀਨਾਂ ਬਚਾਉਣ ਲਈ ਪਿੰਡ-ਪਿੰਡ ਕਾਫਲੇ ਬੰਨ੍ਹ ਤੁਰਦੀਆਂ। ਸਿੱਖਿਆ, ਸਿਹਤ, ਰੁਜ਼ਗਾਰ ਬਚਾਉਣ ਤੁਰੇ, ਹੱਕਾਂ ਲਈ ਸੰਘਰਸ਼ ਕਰਦੇ ਆਪਣੇ ਧੀਆਂ ਪੁੱਤਰਾਂ ਨਾਲ ਡਟਦੀਆਂ। ਹੱਕ ਸੱਚ, ਇਨਸਾਫ਼ ਦਾ ਪ੍ਰਤੀਕ ਬਣੀਆਂ ਇਹ ‘ਚਾਨਣ ਜਾਈਆਂ’ ਇਸ ਧਰਤੀ ਦਾ ਭਵਿੱਖ ਜਾਪਦੀਆਂ ਜਿਨ੍ਹਾਂ ਦਾ ਰਾਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਸੋਚਾਂ ਤੇ ਸੁਫਨਿਆਂ ਵਾਲੇ ਸਮਾਜ ਵੱਲ ਜਾਂਦਾ ਹੈ।
ਸੰਪਰਕ: 95010-06626