DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਿੱਡਾ, ਚੂਚਾ ਤੇ ਉਹ ਸਮਾਂ...

ਸਮਾਂ ਪਿਆਰਾ ਵੀ ਹੈ ਅਤੇ ਜ਼ਾਲਮ ਵੀ। ਕਦੇ ਪਿਆਰ ਨਾਲ ਚੁੰਮਦਾ ਹੈ ਅਤੇ ਕਦੇ ਚੋਭਾਂ ਨਾਲ ਰੂਹ ਤੱਕ ਚੀਰ ਜਾਂਦਾ ਹੈ। ਸੰਨ 1980 ਤੋਂ ਬਾਅਦ ਦੇ ਵੇਲਿਆਂ ’ਚ ਸੂਬੇ ਵਿੱਚ ਅਤਿਵਾਦ ਦਾ ਦੌਰ ਸਿਖਰ ’ਤੇ ਸੀ। ਫ਼ਿਰਕੂ ਤਣਾਅ ਅਕਸਰ ਪੈਦਾ...

  • fb
  • twitter
  • whatsapp
  • whatsapp
Advertisement

ਸਮਾਂ ਪਿਆਰਾ ਵੀ ਹੈ ਅਤੇ ਜ਼ਾਲਮ ਵੀ। ਕਦੇ ਪਿਆਰ ਨਾਲ ਚੁੰਮਦਾ ਹੈ ਅਤੇ ਕਦੇ ਚੋਭਾਂ ਨਾਲ ਰੂਹ ਤੱਕ ਚੀਰ ਜਾਂਦਾ ਹੈ। ਸੰਨ 1980 ਤੋਂ ਬਾਅਦ ਦੇ ਵੇਲਿਆਂ ’ਚ ਸੂਬੇ ਵਿੱਚ ਅਤਿਵਾਦ ਦਾ ਦੌਰ ਸਿਖਰ ’ਤੇ ਸੀ। ਫ਼ਿਰਕੂ ਤਣਾਅ ਅਕਸਰ ਪੈਦਾ ਹੋ ਜਾਂਦਾ ਸੀ, ਪਰ ਤਸੱਲੀ ਦੀ ਗੱਲ ਇਹ ਸੀ ਕਿ ਮੁਹੱਲਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਦਿਲਾਂ ’ਚ ਗੁਆਂਢੀਆਂ ਲਈ ਕਦੇ ਜ਼ਹਿਰ ਨਹੀਂ ਸੀ ਭਰਿਆ। ਆਂਢ-ਗੁਆਂਢ ਹਿੰਦੂ-ਸਿੱਖ ਸਾਂਝ ਬਰਕਰਾਰ ਰਹੀ। ਮੈਂ 16 ਕੁ ਸਾਲ ਦਾ ਨੌਵੀਂ ਜਮਾਤ ’ਚ ਸੀ। ਗੱਲ ਕੋਈ 40 ਸਾਲ ਪੁਰਾਣੀ ਹੋਣ ਦੇ ਬਾਵਜੂਦ ਯਾਦਾਂ ’ਚ ਅੱਜ ਵੀ ਤਾਜ਼ਾ ਹੈ। ਅੱਸੀ ਦੇ ਦਹਾਕੇ ਤੱਕ ਮਾਪੇ ਇੱਕ ਜਾਂ ਦੋ ਬੱਚਿਆਂ ਦੀ ‘ਪਲੈਨਿੰਗ’ ਨਹੀਂ ਕਰਦੇ ਸਨ। ਘਰਾਂ ’ਚ ਚਹਿਲ-ਪਹਿਲ ਹੁੰਦੀ ਸੀ, ਬੱਚਿਆਂ ਦੀਆਂ ਟੋਲੀਆਂ ਹੁੜਦੰਗ ਮਚਾਉਂਦੀਆਂ ਤੇ ਉਨ੍ਹਾਂ ਦੇ ਨਾਂ ਵੀ ਕਿੰਨੇ ਪਿਆਰੇ ਤੇ ਦਿਲਚਸਪ ਹੁੰਦੇ ਜਿਵੇਂ- ਭਿੱਲਾ, ਘੁੱਗੀ, ਮੱਖੀ, ਤੋਤੀ, ਟਿੱਡਾ, ਚੂਚਾ। ਮੇਰੇ ਮੁਹੱਲੇ ’ਚ ਇੱਕ ਸਿੱਖ ਪਰਿਵਾਰ ਸੀ ਜਿਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਸੀ ਟਿੱਡਾ। ਟਿੱਡਾ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਹਿੰਦੂ ਪਰਿਵਾਰ ਦਾ ਸਭ ਤੋਂ ਛੋਟਾ ਮੁੰਡਾ ਸੀ ਚੂਚਾ, ਜੋ ਛੇ ਭੈਣ ਭਰਾਵਾਂ ਦਾ ਸਭ ਤੋਂ ਛੋਟਾ ਲਾਡਲਾ ਸੀ। ਟਿੱਡਾ ਤੇ ਚੂਚਾ, ਦੋਵੇਂ ਇੱਕ ਦੂਜੇ ਦੇ ਹਾਣ ਦੇ ਸਨ, ਕਰੀਬ 13-14 ਸਾਲ ਦੇ, ਸ਼ਰਾਰਤੀ ਸਾਥੀ।

ਸੰਨ 1983 ਦੀ ਗੱਲ ਹੈ। ਮੇਰੇ ਮੁਹੱਲੇ ਵਿੱਚ ਇੱਕ ਨੌਜਵਾਨ ਦਾ ਵਿਆਹ ਤੈਅ ਹੋਇਆ। ਹਾਲਾਤ ਸਾਜ਼ਗਾਰ ਨਹੀਂ ਸਨ, ਨੌਜਵਾਨ ਦੇ ਪਰਿਵਾਰ ਵੱਲੋਂ ਫ਼ੈਸਲਾ ਲਿਆ ਗਿਆ ਕਿ ਸ਼ਹਿਰ ਦੇ ਗੁਰਦੁਆਰੇ ਵਿੱਚ ਹੀ ਸਾਧਾਰਨ ਰਸਮ ਨਾਲ ਗਿਆਰਾਂ ਵਿਅਕਤੀਆਂ ਦੀ ਬਰਾਤ ਲਿਜਾ ਕੇ ਅਨੰਦ ਕਾਰਜ ਕੀਤੇ ਜਾਣ। ਬਜ਼ੁਰਗ ਹਾਲਾਤ ਦੀ ਗੰਭੀਰਤਾ ਸਮਝ ਰਹੇ ਸਨ, ਪਰ ਮੁਹੱਲੇ ਦੇ ਬੱਚਿਆਂ ਦੀਆਂ ਅੱਖਾਂ ਵਿੱਚ ਤਾਂ ਵਿਆਹ ਦਾ ਰੰਗ ਚੜ੍ਹਿਆ ਹੋਇਆ ਸੀ। ਬੱਚਿਆਂ ਦੀ ਸਭ ਤੋਂ ਵੱਡੀ ਜ਼ਿੱਦ ਹੁੰਦੀ ਸੀ ਵਿਆਹ ਵਾਲੇ ਦਿਨ ਆਪਣੀ ਮਰਜ਼ੀ ਦੇ ਕੱਪੜੇ ਪਹਿਨਣ ਦੀ ਅਤੇ ਮਠਿਆਈ ਖਾਣ ਦੀ। ਹਾਲਾਂਕਿ ਬੱਚਿਆਂ ਨੂੰ ਦੱਸ ਦਿੱਤਾ ਗਿਆ ਕਿ ਬਰਾਤੇ ਨਹੀਂ ਜਾਣਾ ਪਰ ਬੱਚਿਆਂ ਲਈ ਵਿਆਹ ਇੱਕ ਤਿਉਹਾਰ ਵਾਂਗ ਸੀ। ਉਨ੍ਹਾਂ ਆਪਣੀਆਂ ਸ਼ਰਤਾਂ ਮਾਪਿਆਂ ਨੂੰ ਦੱਸ ਦਿੱਤੀਆਂ। ਵਿਆਹ ਦੇ ਮੱਦੇਨਜ਼ਰ ਮੁਹੱਲੇ ਦੇ ਚਾਰ-ਪੰਜ ਪਰਿਵਾਰਾਂ ਦੀਆਂ ਔਰਤਾਂ ਮਿਲ ਕੇ ਬਜਾਜੀ ਦੀ ਦੁਕਾਨ ’ਤੇ ਪਹੁੰਚ ਗਈਆਂ। ਟਿੱਡੇ ਦੀ ਮਾਂ ਨੂੰ ਦੁਕਾਨਦਾਰ ਨੇ ਪੁੱਛਿਆ ਤਾਂ ਉਹ ਬੋਲੀ, “ਭਰਾ, ਪਹਿਲਾਂ ਟਿੱਡੇ ਲਈ ਅਸਮਾਨੀ ਤੇ ਚੂਚੇ ਲਈ ਲੱਡੂ ਰੰਗ ਦੇ ਕੁੜਤੇ-ਪਜਾਮੇ ਦੇ ਥਾਨ ਵਿਖਾ, ਬਾਕੀ ਤੈਨੂੰ ਬਾਅਦ ਵਿੱਚ ਦੱਸਦੇ ਹਾਂ।’’

Advertisement

ਸੁਣ ਕੇ ਕੁਝ ਪਲ ਲਈ ਬਜਾਜੀ ਸੋਚੀਂ ਪੈ ਗਿਆ ਅਤੇ ਬੋਲਿਆ ਟਿੱਡੇ ਤੇ ਚੂਚੇ ਲਈ? ਚੂਚੇ ਦੀ ਮਾਂ, ਜਿਸ ਨੂੰ ਸਾਰੇ ਮੁਹੱਲੇ ਵਾਲੇ ਝਾਈ ਕਹਿੰਦੇ ਸਨ, ਨੇ ਹੱਸ ਕੇ ਕਿਹਾ, “ਹਾਂ ਭਰਾਵਾ, ਸਾਡੇ ਬੱਚੇ ਨੇ ਟਿੱਡਾ ਤੇ ਚੂਚਾ, ਸੁਹਣੇ ਰੰਗ ਵਿਖਾਈਂ।’’ ਬਜਾਜੀ ਨੇ ਰੰਗ ਬਿਰੰਗੇ ਥਾਨ ਖੋਲ੍ਹ ਦਿੱਤੇ। ਲਾਲ, ਹਰੇ, ਨੀਲੇ, ਪੀਲੇ ਰੰਗਾਂ ਦੀਆਂ ਚਮਕਦਾਰ ਕਤਾਰਾਂ ਸਾਹਮਣੇ ਆ ਗਈਆਂ। ਹੋਰਨਾਂ ਬੱਚਿਆਂ ਤੋਂ ਇਲਾਵਾ ਟਿੱਡੇ ਲਈ ਅਸਮਾਨੀ ਤੇ ਚੂਚੇ ਲਈ ਲੱਡੂ ਰੰਗ ਦੇ ਕੁੜਤੇ ਪਜਾਮੇ ਦੇ ਕੱਪੜੇ ਖ਼ਰੀਦੇ ਗਏ। ਇੱਕ ਪਾਸੇ ਮੁਹੱਲੇ ਵਿੱਚ ਵਿਆਹ, ਦੂਜੇ ਪਾਸੇ ਖ਼ੌਫ਼ ਨਾਲ ਘਿਰਿਆ ਸਮਾਂ। ਅੱਜ ਵੀ ਉਹ ਸਮਾਂ ਯਾਦ ਆਉਂਦਾ ਹੈ ਤਾਂ ਅੱਖਾਂ ਭਿੱਜ ਜਾਂਦੀਆਂ ਹਨ। ਅੱਖਾਂ ਭਿੱਜਣ ਦਾ ਕਾਰਨ ਸਿਰਫ਼ ਸਮੇਂ ਦਾ ਬਦਲਾਅ ਹੀ ਨਹੀਂ ਚੂਚੇ ਦਾ ਵਿਛੋੜਾ ਵੀ ਹੈ। ਉਕਤ ਵਿਆਹ ਤੋਂ ਬਾਅਦ ਸੰਨ 84 ਆਇਆ। ਸ਼ਹਿਰ ਵਿੱਚ ਇੱਕ ਧਾਰਮਿਕ ਸਥਾਨ ਦੇ ਬਾਹਰ ਇਕੱਤਰ ਲੋਕਾਂ ’ਤੇ ਸੁਰੱਖਿਆ ਬਲਾਂ ਨੇ ਭੀੜ ਖਦੇੜਨ ਲਈ ਗੋਲੀ ਚਲਾ ਦਿੱਤੀ। ਭੀੜ ਤੋਂ ਕੁਝ ਹਟਵਾਂ ਖਲੋਤਾ ਚੂਚਾ ਗੋਲੀ ਦਾ ਸ਼ਿਕਾਰ ਹੋ ਕੇ ਸਦਾ ਲਈ ਤੁਰ ਗਿਆ। ਚੂਚੇ ਦਾ ਪੂਰਾ ਨਾਮ ਰਾਜਨ ਸ਼ਰਮਾ ਸੀ। ਉਸ ਦਾ ਦੋਸਤ ਟਿੱਡਾ, ਜਿਸ ਦਾ ਪੂਰਾ ਨਾਮ ਨਰਿੰਦਰ ਸਿੰਘ ਹੈ, ਅੱਜ ਸਫਲ ਦੁਕਾਨਦਾਰ ਹੈ। ਨਰਿੰਦਰ ਸਿੰਘ ਅਤੇ ਰਾਜਨ ਸ਼ਰਮਾ ਦੇ ਪਰਿਵਾਰਾਂ ਵਿੱਚ ਅੱਜ ਵੀ ਪਹਿਲਾਂ ਜਿਹੀ ਸਾਂਝ ਅਤੇ ਪਿਆਰ ਬਰਕਰਾਰ ਹੈ।

Advertisement

ਪਰ ਉਹ ਸਮਾਂ ਹੁਣ ਕਿਤਾਬਾਂ ਦੇ ਪੰਨਿਆਂ ਅਤੇ ਪੁਰਾਣੀਆਂ ਯਾਦਾਂ ’ਚ ਹੀ ਬਚਿਆ ਹੈ। ਸਮਾਂ ਭਾਵੇਂ ਅੱਗੇ ਵਧ ਗਿਆ, ਪਰ ਰਿਸ਼ਤੇ ਅਤੇ ਸਾਂਝਾਂ ਸਮੇਂ ਦੇ ਹਵਾਲੇ ਨਹੀਂ ਕੀਤੇ ਜਾ ਸਕਦੇ। ਮਿੱਠੀਆਂ-ਕੌੜੀਆਂ ਯਾਦਾਂ ਸਦਾ ਦਿਲਾਂ ਦੀਆਂ ਧੜਕਣਾਂ ਵਿੱਚ ਜਿਊਂਦੀਆਂ ਹਨ। ਟਿੱਡੇ ਤੇ ਚੂਚੇ ਹੁਣ ਲੱਭਣੇ ਪੈਂਦੇ ਹਨ ਪਰ ਲੱਭਦੇ ਨਹੀਂ।

ਸੰਪਰਕ: 98765-82500

Advertisement
×