ਪੰਜਾਬ ਦਾ ਪ੍ਰਤਾਪ - ਪ੍ਰਤਾਪ ਸਿੰਘ ਕੈਰੋਂ
ਬਹਾਦਰਾਂ ਦੀ ਧਰਤੀ ਕਹਾਏ ਜਾਣ ਵਾਲੇ ਸੂਬੇ ਪੰਜਾਬ ਦੀ ਮਾਂ-ਮਿੱਟੀ ’ਚੋਂ ਜੰਮਿਆ ਵਿਕਾਸ ਪੁਰਸ਼ ਪ੍ਰਤਾਪ ਸਿੰਘ ਕੈਰੋਂ (ਪਹਿਲੀ ਅਕਤੂਬਰ 1901-6 ਫਰਵਰੀ 1965) ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪੰਜਾਬ ਦੀ ਮਿੱਟੀ ਨੇ ਸਦਾ ਬਹਾਦਰ, ਨਿਡਰ, ਕ੍ਰਾਂਤੀਕਾਰੀ ਅਤੇ ਮਹਾਨ ਸ਼ਖ਼ਸੀਅਤਾਂ ਨੂੰ...
ਬਹਾਦਰਾਂ ਦੀ ਧਰਤੀ ਕਹਾਏ ਜਾਣ ਵਾਲੇ ਸੂਬੇ ਪੰਜਾਬ ਦੀ ਮਾਂ-ਮਿੱਟੀ ’ਚੋਂ ਜੰਮਿਆ ਵਿਕਾਸ ਪੁਰਸ਼ ਪ੍ਰਤਾਪ ਸਿੰਘ ਕੈਰੋਂ (ਪਹਿਲੀ ਅਕਤੂਬਰ 1901-6 ਫਰਵਰੀ 1965) ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪੰਜਾਬ ਦੀ ਮਿੱਟੀ ਨੇ ਸਦਾ ਬਹਾਦਰ, ਨਿਡਰ, ਕ੍ਰਾਂਤੀਕਾਰੀ ਅਤੇ ਮਹਾਨ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ। ਅਜਿਹੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਪ੍ਰਤਾਪ ਸਿੰਘ ਕੈਰੋਂ ਹਨ ਜਿਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਬੇਮਿਸਾਲ ਯੋਗਦਾਨ ਪਾਇਆ।
ਸ੍ਰੀ ਪ੍ਰਤਾਪ ਸਿੰਘ ਕੈਰੋਂ ਦਾ ਜਨਮ ਪਹਿਲੀ ਅਕਤੂਬਰ 1901 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੈਰੋਂ ਵਿੱਚ ਹੋਇਆ। ਉਨ੍ਹਾਂ ਆਪਣੀ ਉੱਚ ਸਿੱਖਿਆ ਵਿਦੇਸ਼ ਵਿੱਚੋਂ ਹਾਸਿਲ ਕਰਨ ਤੋਂ ਬਾਅਦ ਆਪਣੀ ਪੂਰੀ ਜਿ਼ੰਦਗੀ ਪੰਜਾਬ ਅਤੇ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਉਹ ਨਾ ਸਿਰਫ ਆਜ਼ਾਦੀ ਅੰਦੋਲਨ ਦੇ ਸਰਗਰਮ ਸੈਨਾਨੀ ਸਨ ਸਗੋਂ ਆਜ਼ਾਦੀ ਮਿਲਣ ਤੋਂ ਬਾਅਦ ਪੰਜਾਬ ਦੀ ਨਵੀਂ ਤਸਵੀਰ ਘੜਨ ਵਾਲੇ ਨੇਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਰਾਜਨੀਤਕ ਸੋਚ ਹਮੇਸ਼ਾ ਪੰਜਾਬ ਦੇ ਲੋਕਾਂ ’ਤੇ ਕੇਂਦਰਿਤ ਰਹੀ। ਉਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਕਈ ਸਿਰਕੱਢ ਨੀਤੀਆਂ ਬਣਾਈਆਂ। ਉਨ੍ਹਾਂ ਦਾ ਮੰਨਣਾ ਸੀ ਕਿ ਮਜ਼ਬੂਤ ਪਰਿਵਾਰ ਅਤੇ ਖੁਸ਼ਹਾਲ ਪਿੰਡ ਹੀ ਪੰਜਾਬ ਅਤੇ ਦੇਸ਼ ਦੇ ਖੁਸ਼ਨੁਮਾ ਭਵਿੱਖ ਦੀਆਂ ਮਜ਼ਬੂਤ ਨੀਹਾਂ ਹੋ ਸਕਦੇ ਹਨ।
ਉਨ੍ਹਾਂ ਦੀ ਦੂਰਦਰਸ਼ੀ ਸੋਚ ਨਾਲ ਪੰਜਾਬ ਨੂੰ ਆਧੁਨਿਕ ਖੇਤੀਬਾੜੀ ਅਤੇ ਵਿਕਾਸ ਦੀਆਂ ਪਟੜੀਆਂ ’ਤੇ ਆਪਣੀ ਤੋਰੇ ਤੁਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਸਾਨਾਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਪ੍ਰਾਜੈਕਟ ਸ਼ੁਰੂ ਕੀਤੇ। ਸੜਕਾਂ ਅਤੇ ਸਿੱਖਿਆ ਸੰਸਥਾਵਾਂ ਦਾ ਜਾਲ ਵਿਛਾਇਆ ਤੇ ਪੰਜਾਬ ਨੂੰ ਹਰੀ ਕ੍ਰਾਂਤੀ ਵੱਲ ਮੋੜਿਆ। ਉਨ੍ਹਾਂ ਨੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਇਆ, ਪਰ ਅੱਜ ਦੇ ਸਮੇਂ ਵਿੱਚ ਵੱਡਾ ਸਵਾਲ ਜੋ ਸਾਡੇ ਸਾਹਮਣੇ ਹੈ, ਉਹ ਇਹ ਹੈ: ਕੀ ਅਸੀਂ ਆਪਣੀਆਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਦੇ ਹਾਂ? ਅਕਸਰ ਹੀ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ੀ ਚਮਕ-ਦਮਕ ਵੱਲ ਖਿੱਚੀ ਜਾਂਦੀ ਹੈ ਅਤੇ ਆਪਣੀ ਮਾਂ-ਮਿੱਟੀ ਦੇ ਉਨ੍ਹਾਂ ਹੀਰਿਆਂ ਨੂੰ ਭੁੱਲ ਜਾਂਦੀ ਹੈ ਜਿਨ੍ਹਾਂ ਨੇ ਸਾਨੂੰ ਤਰੱਕੀ ਦੇ ਰਾਹ ’ਤੇ ਤੁਰਨਾ ਸਿਖਾਇਆ। ਇਸ ਲਈ ਪੰਜਾਬ ਦੇ ਹਰ ਬਾਸਿ਼ੰਦੇ ਨੂੰ ਜ਼ਰੂਰਤ ਹੈ ਕਿ ਉਹ ਆਪਣੇ ਇਤਿਹਾਸ ਅਤੇ ਆਪਣੀਆਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰੇ। ਆਓ ਅਸੀਂ ਉਨ੍ਹਾਂ ਦੇ ਪਾਏ ਭਰਪੂਰ ਯੋਗਦਾਨ ਤੋਂ ਸਿੱਖਿਆ ਲਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸੀਏ ਕਿ ਕਿਵੇਂ ਸਾਡੇ ਨੇਤਾ ਆਪਣੀ ਇਮਾਨਦਾਰੀ ਅਤੇ ਦੂਰਦਰਸ਼ਤਾ ਨੂੰ ਵਰਤਦੇ ਹੋਏ ਪੰਜਾਬ ਨੂੰ ਨਾ ਸਿਰਫ ਖੇਤੀਬਾੜੀ ਵਿੱਚ ਆਤਮ-ਨਿਰਭਰ ਬਣਾਉਣ ਲਈ ਸਗੋਂ ਆਰਥਿਕ ਅਤੇ ਸਮਾਜਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ ਰਹੇ।
ਅੱਜ ਜਦੋਂ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਮਹਾਨ ਸ਼ਖ਼ਸੀਅਤਾਂ ਸਿਰਫ ਇਤਿਹਾਸਕ ਕਿਤਾਬਾਂ ਜਾਂ ਅਖ਼ਬਾਰਾਂ ਵਿੱਚੋਂ ਪੜ੍ਹ ਲੈਣ ਲਈ ਨਹੀਂ ਹੁੰਦੀਆਂ ਸਗੋਂ ਉਨ੍ਹਾਂ ਦੇ ਆਦਰਸ਼ਾਂ ਤੇ ਵਿਚਾਰਧਾਰਾ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਆਓ ਆਪੋ-ਆਪਣੇ ਪਿੰਡਾਂ, ਕਸਬਿਆਂ ਜਾਂ ਸ਼ਹਿਰਾਂ ਵਿੱਚ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਹਿੱਸਾ ਲਈਏ ਅਤੇ ਆਪਣੀ ਮਿੱਟੀ, ਭਾਸ਼ਾ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੀਏ। ਉਨ੍ਹਾਂ ਦੇ ਯੋਗਦਾਨ ਸਦਕਾ ਆਖ ਸਕਦੇ ਹਾਂ ਕਿ ਸ੍ਰੀ ਪ੍ਰਤਾਪ ਸਿੰਘ ਕੈਰੋਂ ਹਮੇਸ਼ਾ ਪੰਜਾਬ ਦੇ ਪ੍ਰਤਾਪ ਵਜੋਂ ਜਾਣੇ ਜਾਣਗੇ।
*ਪਸਾਰ ਵਿਗਿਆਨੀ, ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ।
ਸੰਪਰਕ: 95922-27589