ਰਿਸ਼ਮਾਂ ਦੀ ਦਾਤ
ਮਾਪਿਆਂ ਦੀ ਛਾਂ ਤੋਂ ਵਿਰਵੇ ਹੋਣਾ ਜ਼ਿੰਦਗੀ ਵਿੱਚ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੁੰਦਾ। ਉਮਰ ਭਰ ਲਈ ਦਿਲ ਵਿੱਚ ਕਸਕ ਬਣ ਚੁਭਦਾ ਰਹਿੰਦਾ। ਇਹ ਕਸਕ ਹਰ ਸੁੱਖ ਦੁੱਖ ਦੀ ਘੜੀ ਵਿੱਚ ਟੀਸ ਬਣ ਜਾਗ ਉੱਠਦੀ। ਮਨ ਅਕਸਰ ਹੀ ਉਸ ਘਰ ਦੇ ਵਿਹੜੇ ਵਿੱਚ ਪੈਰ ਪਾਉਣ ਨੂੰ ਕਾਹਲਾ ਪਿਆ ਰਹਿੰਦਾ। ਕਦੇ ਕਦਾਈਂ ਮਾਪਿਆਂ ਦੇ ਸੁਫਨਿਆਂ ਵਾਲੇ ਘਰ ਜਾਣ ’ਤੇ ਬੀਤਿਆ ਸਮਾਂ ਚੇਤਿਆਂ ਵਿੱਚ ਉਜਾਗਰ ਹੋਣ ਲਗਦਾ। ਮਾਪਿਆਂ ਦੀ ਠੰਢੀ ਮਿੱਠੀ ਛਾਂ ਹੇਠ ਗੁਜ਼ਾਰੇ ਪਲ ਅੱਖਾਂ ਸਾਹਵੇਂ ਸਾਕਾਰ ਹੋਣ ਲਗਦੇ। ਬਚਪਨ, ਪੜ੍ਹਾਈ ਲਿਖਾਈ ਤੇ ਸਫਲਤਾ ਦੇ ਦਰਾਂ ’ਤੇ ਜਾਣ ਦਾ ਸਫ਼ਰ ਬੀਤੇ ਦਾ ਸੁਨਿਹਰੀ ਸਮਾਂ ਪ੍ਰਤੀਤ ਹੁੰਦਾ। ਘਰ ਗ੍ਰਹਿਸਥੀ ਵਿੱਚੋਂ ਥੋੜ੍ਹੀ ਵਿਹਲ ਮਿਲਣ ’ਤੇ ਪਹਿਲਾ ਟਿਕਾਣਾ ਪੇਕਿਆਂ ਦਾ ਘਰ ਹੀ ਹੁੰਦਾ।
ਘੋਲੀਆ ਕਲਾਂ ਜਾਣ ਵਾਲੀ ਛੋਟੀ ਸੜਕ ਚੜ੍ਹਦਿਆਂ ਹੀ ਅਪਣੱਤ ਦਾ ਅਨੂਠਾ ਅਹਿਸਾਸ ਹੋਣ ਲੱਗਾ। ਦੂਰ ਤੱਕ ਪਸਰੇ ਹਰੇ ਭਰੇ ਖੇਤ ਹਮਸਾਏ ਨਜ਼ਰ ਆਏ। ਘਰ ਪਹੁੰਚੇ ਤਾਂ ਗੁਲਾਬ ਦੇ ਖਿੜੇ ਫੁੱਲ ਜੀ ਆਇਆਂ ਨੂੰ ਆਖਦੇ ਜਾਪੇ- ‘ਧੀਆਂ ਧਿਆਣੀਆਂ ਘਰਾਂ ਦਾ ਮਾਣ ਹੁੰਦੀਆਂ। ਅਸੀਂ ਤੁਹਾਨੂੰ ਦੇਖ ਕੇ ਜਿਊਂਦੇ ਹਾਂ। ਮਾਪਿਆਂ ਦੇ ਘਰ ਆਉਂਦੇ ਜਾਂਦੇ ਰਿਹਾ ਕਰੋ।’ ਸੰਘਣੀ ਛਾਂ ਵਾਲੇ ਨਿੰਮ ਦੇ ਰੁੱਖਾਂ ਦੀ ਉਡੀਕ ਮੁੱਕ ਗਈ ਪ੍ਰਤੀਤ ਹੋਈ। ਹਵਾ ਦੇ ਬੁੱਲੇ ਨਾਲ ਝੂਮਦੇ ਪੱਤੇ ਬੀਤੇ ਵਕਤ ਦੀ ਸਰਦਲ ’ਤੇ ਲੈ ਗਏ।... ਸਕੂਲੋਂ ਪਰਤਦਿਆਂ ਹੀ ਨਿੰਮਾਂ ਦੀ ਛਾਂ ਆਪਣੇ ਕਲਾਵੇ ਵਿੱਚ ਲੈ ਲੈਂਦੀ। ਛਾਂ ਹੇਠਾਂ ਪਏ ਮੰਜੇ ਸਾਡਾ ਟਿਕਾਣਾ ਹੁੰਦੇ। ਸਕੂਲੋਂ ਮਿਲਿਆ ਕੰਮ ਪੂਰਾ ਹੋਣ ਤੱਕ ਛਾਂ ਦਾ ਸਾਥ ਮਾਣਦੇ। ਰੋਟੀ ਪਾਣੀ ਵੀ ਬੀਬੀ ਮੰਜਿਆਂ ’ਤੇ ਹੀ ਲਿਆ ਪਰੋਸਦੀ। ਛੁੱਟੀ ਵਾਲੇ ਦਿਨ ਦਾਦੀ ਮਾਂ ਦੀਆਂ ਜ਼ਿੰਦਗੀ ਦੀਆਂ ਗੱਲਾਂ ਇਨ੍ਹਾਂ ਰੁੱਖਾਂ ਦੀ ਛਾਵੇਂ ਹੀ ਸੁਣਦੇ।
ਸਾਨੂੰ ਚਾਰੇ ਭੈਣ ਭਰਾਵਾਂ ਨੂੰ ਇਕੱਠੇ ਪੜ੍ਹਦਿਆਂ ਦੇਖ ਦਾਦੀ ਮਾਂ ਖੁਸ਼ ਹੁੰਦੀ; ਆਖਦੀ- ‘ਬਹੁਤ ਮਿਹਨਤ ਮੁਸ਼ੱਕਤ ਤੋਂ ਬਾਅਦ ਸੁੱਖ ਦੇ ਆਹ ਦਿਨ ਆਏ ਨੇ। ਬੰਦਾ ਮੌਕਾ ਸਾਂਭ ਲਵੇ ਤਾਂ ਜ਼ਿੰਦਗੀ ਬਦਲ ਜਾਂਦੀ ਹੈ। ਅਸੀਂ ਰਤਨ ਸਿਹੁੰ ਨੂੰ ਪੜ੍ਹਾਈ ਦੇ ਲੜ ਲਾਇਆ। ਇਹਨੇ ਮਿਹਨਤ ਤੇ ਉੱਦਮ ਨਾਲ ਮਿਲਿਆ ਮੌਕਾ ਸਫਲਤਾ ’ਚ ਬਦਲ ਲਿਆ। ਪੜ੍ਹ-ਲਿਖ ਕੇ ਹੈੱਡਮਾਸਟਰ ਬਣਿਆ ਤਾਂ ਘਰ ਨੂੰ ਰੰਗ ਭਾਗ ਲੱਗ ਗਏ। ਇਹ ਮੌਕਾ ਹੁਣ ਤੁਹਾਡੇ ਸਾਰਿਆਂ ਕੋਲ ਵੀ ਹੈ।’
ਅਸੀਂ ਦਾਦੀ ਮਾਂ ਦੇ ਬੋਲਾਂ ਨੂੰ ਸਬਕ ਵਾਂਗ ਲੈਂਦੇ। ਪੜ੍ਹਨ ਲਿਖਣ ਦੇ ਕੰਮ ਵਿੱਚ ਮਗਨ ਰਹਿੰਦੇ। ਘਰ ਪਰਿਵਾਰ ਦਾ ਅਜਿਹਾ ਮਾਹੌਲ ਸਾਡੀ ਸਫਲਤਾ ਦਾ ਰਾਹ ਬਣਾਉਂਦਾ ਗਿਆ। ਇਸ ਰਾਹ ਵਿੱਚ ਪਾਪਾ ਜੀ ਦੀ ਅਗਵਾਈ ਤੇ ਬੀਬੀ ਦਾ ਸਮਰਪਣ ਕਦੇ ਨਹੀਂ ਭੁੱਲਦਾ। ਬੀਬੀ ਦਿਨ ਭਰ ਘਰ-ਬਾਰ ਦੇ ਕੰਮਾਂ ਵਿੱਚ ਜੁਟੀ ਰਹਿੰਦੀ। ਸਵੇਰੇ ਸਵਖਤੇ ਮੱਝਾਂ ਦੀ ਸੇਵਾ ਸੰਭਾਲ ਕਰਦੀ। ਦੁੱਧ ਚੋ ਕੇ ਸਾਫ ਸਫਾਈ ਦਾ ਕੰਮ ਕਰਦੀ। ਪਾਪਾ ਜੀ ਤੋਂ ਮਗਰੋਂ ਸਾਨੂੰ ਤਿਆਰ ਕਰ ਕੇ ਸਕੂਲ ਦੇ ਰਾਹ ਪਾਉਂਦੀ। ਸਾਨੂੰ ਚਾਰੇ ਭੈਣ ਭਰਾਵਾਂ ਨੂੰ ਅਕਸਰ ਆਖਦੀ, ‘ਪੁੱਤ, ਮੈਂ ਆਪ ਤਾਂ ਨ੍ਹੀਂ ਪੜ੍ਹੀ, ਪਰ ਮੈਨੂੰ ਪੜ੍ਹਾਈ ਦੀ ਕੀਮਤ ਪਤਾ। ਤੁਹਾਨੂੰ ਪੈਰਾਂ ਸਿਰ ਕਰ ਕੇ ਹੀ ਸਾਡਾ ਜੀਵਨ ਸਫਲਾ ਹੋਣਾ।’
ਅਸੀਂ ਮਾਪਿਆਂ ਦੀਆਂ ਉਮੀਦਾਂ ’ਤੇ ਖਰੇ ਉੱਤਰੇ। ਰੁਜ਼ਗਾਰ ਮਿਲਿਆ ਤਾਂ ਉਨ੍ਹਾਂ ਸਾਨੂੰ ਘਰ ਪਰਿਵਾਰ ਵਾਲੇ ਬਣਾਇਆ। ਪਾਪਾ ਨੌਕਰੀ ਤੋਂ ਸੇਵਾ ਮੁਕਤ ਹੋਏ ਤਾਂ ਬੀਬੀ ਬੇਵਕਤ ਤੁਰ ਗਈ। ਪਾਪਾ ਸਕੂਲ ਮੁਖੀ ਬਣਨ ਤੋਂ ਪਹਿਲਾਂ ਲੰਮਾ ਸਮਾਂ ਖੇਡ ਅਧਿਆਪਕ ਰਹੇ। ਸਕੂਲ ਦੇ ਬੱਚਿਆਂ ਨੂੰ ਖੇਡਾਂ ਦੇ ਲੜ ਲਾ ਕੇ ਸਫਲਤਾ ਦੀ ਮੰਜ਼ਿਲ ’ਤੇ ਪੁੱਜਦਾ ਕਰਨ ਦੇ ਕਾਰਜ ਵਿੱਚ ਜੁਟੇ ਰਹਿੰਦੇ। ਸਾਡੇ ਕੋਲ ਅਕਸਰ ਸਫਲਤਾ ਦੇ ਦਰਾਂ ’ਤੇ ਪਹੁੰਚੇ ਆਪਣੇ ਵਿਦਿਆਰਥੀਆਂ ਦਾ ਜ਼ਿਕਰ ਕਰਦੇ; ਆਖਦੇ- ‘ਜ਼ਿੰਦਗੀ ਦਾ ਅਨੁਸ਼ਾਸਨ ਮਨੁੱਖ ਨੂੰ ਮੰਜ਼ਿਲ ’ਤੇ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ।’
ਬੀਬੀ ਦੇ ਗੁਜ਼ਰ ਜਾਣ ਮਗਰੋਂ ਜਦ ਕਦੇ ਮੇਰੇ ਕੋਲ ਆਉਂਦੇ, ਘਰ ਵਿੱਚ ਥਾਂ-ਥਾਂ ਪਈਆਂ ਪੁਸਤਕਾਂ ਦੇਖ ਆਖ਼ਦੇ- ‘ਤੁਹਾਡੀ ਜ਼ਿੰਦਗੀ ਦੇ ਸੁਹਜ ਸਲੀਕੇ ਦਾ ਰਾਜ਼ ਹੁਣ ਸਮਝ ਆਇਆ!’ ਬੈਠੇ-ਬੈਠੇ ਪੁਸਤਕਾਂ ਦੇ ਪੰਨੇ ਪਲਟਣ ਲਗਦੇ। ਘਰ ਦੀ ਲਾਇਬ੍ਰੇਰੀ ਵਿੱਚੋਂ ਉਨ੍ਹਾਂ ਜਿਹੜੀ ਪਹਿਲੀ ਪੁਸਤਕ ਪੜ੍ਹਨ ਲਈ ਚੁਣੀ, ਕੁਦਰਤੀ ਉਹ ‘ਪਹਿਲਾ ਅਧਿਆਪਕ’ ਸੀ। ਸ਼ਾਮ ਨੂੰ ਖਾਣਾ ਖਾਂਦੇ ਹੋਏ ਕਹਿਣ ਲੱਗੇ, ਕੋਈ ਅਧਿਆਪਕ ਹੋਵੇ ਤਾਂ ਦੂਈਸ਼ੇਨ (‘ਪਹਿਲਾ ਅਧਿਆਪਕ’ ਦਾ ਮੁੱਖ ਪਾਤਰ) ਜਿਹਾ ਜਿਸ ਦੇ ਜਿਊਣ, ਪੜ੍ਹਾਉਣ ਦਾ ਕੋਈ ਮਕਸਦ ਹੋਵੇ। ਕਾਸ਼! ਮੈਂ ਪਹਿਲਾਂ ਜ਼ਿੰਦਗੀ ਦੇ ਇਸ ਨਾਇਕ ਬਾਰੇ ਪੜ੍ਹਿਆ ਹੁੰਦਾ।’
ਅਗਲੀ ਸਵੇਰ ਉਹ ‘ਸਤਲੁਜ ਵਹਿੰਦਾ ਰਿਹਾ’ ਲੈ ਕੇ ਪਿੰਡ ਪਰਤ ਗਏ। ਮਹੀਨੇ ਬਾਅਦ ਪਰਤ ਕੇ ਦੋ ਦਿਨ ‘ਅਸਲੀ ਇਨਸਾਨ ਦੀ ਕਹਾਣੀ’ ਦਾ ਸਾਥ ਮਾਣਦੇ ਰਹੇ। ਪੁਸਤਕਾਂ ਪੜ੍ਹਨ ਦੀ ਲਗਨ ਸਦਕਾ ਉਹ ਕਈ-ਕਈ ਦਿਨ ਸਾਡੇ ਕੋਲ ਰਹਿ ਜਾਂਦੇ। ਜਾਂਦੇ ਵਕਤ ਲਾਇਬ੍ਰੇਰੀ ਵਿੱਚੋਂ ਮਨਪਸੰਦ ਪੁਸਤਕਾਂ ਨਾਲ ਲਿਜਾਣਾ ਨਾ ਭੁੱਲਦੇ। ਪੁਸਤਕਾਂ ਨਾਲ ਸੰਵਾਦ ਕਰਦਿਆਂ ਸਾਲ ਭਰ ਵਿੱਚ ਉਨ੍ਹਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਗਿਆ। ਉਨ੍ਹਾਂ ਨਾਲ ਆਖਿ਼ਰੀ ਮਿਲਣੀ ਦੇ ਬੋਲ ਕਦੇ ਨਹੀਂ ਭੁਲਦੇ- ‘ਬਹੁਤੇ ਲੋਕ ਤਾਂ ਚੰਗੇ ਖਾਣ-ਪੀਣ, ਮਹਿੰਗੇ ਕੱਪੜਿਆਂ ਤੇ ਜ਼ਮੀਨ ਜਾਇਦਾਦ ਨੂੰ ਹੀ ਜਿਊਣ ਦਾ ਮਕਸਦ ਸਮਝਦੇ ਨੇ। ਜਿਊਣ ਦਾ ਮਕਸਦ ਤਾਂ ਪੁਸਤਕਾਂ ਦੇ ਸਾਥ ਤੇ ਰਿਸ਼ਤਿਆਂ ਦੀ ਬੁੱਕਲ ਵਿੱਚ ਪਿਆ। ਸਾਂਝ ਦੇ ਕਲਾਵੇ ਵਿੱਚ ਰਹਿਣਾ, ਸਭਨਾਂ ਦੇ ਭਲੇ ਵਾਲੇ ਆਦਰਸ਼ ਲਈ ਜਿਊਣਾ। ਸੂਝ, ਸਿਆਣਪ, ਸੰਘਰਸ਼, ਗਿਆਨ ਤੇ ਚੇਤਨਾ ਜਿਹੀਆਂ ਜੀਵਨ ਰਿਸ਼ਮਾਂ ਦੀ ਦਾਤ ਵੀ ਇੱਥੋਂ ਹੀ ਮਿਲਦੀ ਹੈ। ਜਿਹੜੀਆਂ ਜੀਵਨ ਦਾ ਰਾਹ ਰੌਸ਼ਨ ਕਰਦੀਆਂ ਨੇ। ਇਹ ਰਿਸ਼ਮਾਂ ਮੈਨੂੰ ਚੰਗੇਰੇ ਸਮਾਜ ਦਾ ਭਵਿੱਖ ਜਾਪਦੀਆਂ ਹਨ।’
ਸੰਪਰਕ: rashpinderpalkaur@gmail.com