ਰੱਬ ਦਾ ਰੂਪ...
ਲੈਕਚਰਾਰ ਅਜੀਤ ਖੰਨਾ
ਗੱਲ ਡੇਢ ਦਹਾਕਾ ਪੁਰਾਣੀ ਹੈ। ਇੱਕ ਦਿਨ ਸਕੂਲ ’ਚ ਖੜ੍ਹੇ-ਖੜ੍ਹੇ ਅਚਾਨਕ ਢਿੱਡ ’ਚ ਬਹੁਤ ਦਰਦ ਹੋਣ ਲੱਗਾ। ਮੇਰਾ ਕੁਲੀਗ ਮੈਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ ਲੈ ਗਿਆ। ਅਪੈਂਡੈਕਸ ਦੀ ਸ਼ਿਕਾਇਤ ਨਿਕਲੀ। ਡਾਕਟਰ ਨੇ ਕਿਹਾ, ਅਪ੍ਰੇਸ਼ਨ ਕਰਨਾ ਪਵੇਗਾ। ਪਹਿਲਾਂ ਮੈਂ ਡਰ ਗਿਆ, ਫਿਰ ਅਪ੍ਰੇਸ਼ਨ ਵਾਸਤੇ ਰਾਜ਼ੀ ਹੋ ਗਿਆ। ਅਪ੍ਰੇਸ਼ਨ ਲਈ ਹਸਪਤਾਲ ’ਚ ਅਗਾਂਹ ਹੋਰ ਡਾਕਟਰ ਰੱਖੇ ਹੋਏ ਸਨ ਜੋ ਵੱਖ-ਵੱਖ ਬਿਮਾਰੀਆਂ ਦੇ ਮਾਹਰ ਸਨ। ਮੇਰਾ ਅਪ੍ਰੇਸ਼ਨ ਸਾਡੇ ਸ਼ਹਿਰ ਦੇ ਸਿਵਲ ਹਸਪਤਾਲ ਤੋਂ ਸੇਵਾ ਮੁਕਤ ਹੋਏ ਐੱਸਐੱਮਓ ਨੇ ਕੀਤਾ।
ਅਪ੍ਰੇਸ਼ਨ ਸਹੀ ਸਲਾਮਤ ਹੋ ਗਿਆ। ਜਿਉਂ-ਜਿਉਂ ਯਾਰਾਂ ਦੋਸਤਾਂ ਨੂੰ ਪਤਾ ਲੱਗਦਾ ਗਿਆ, ਉਹ ਹਾਲ-ਚਾਲ ਜਾਣਨ ਲਈ ਆਉਣ ਲੱਗੇ। ਇੱਕ ਦਿਨ ਹਸਪਤਾਲ ਆਏ ਮੇਰੇ ਇੱਕ ਦੋਸਤ ਨੇ ਗੱਲਬਾਤ ਦੌਰਾਨ ਪੁੱਛਿਆ, “ਤੁਸੀਂ ਕੋਈ ਹੈਲਥ ਪਾਲਿਸੀ ਵਗ਼ੈਰਾ ਨਹੀਂ ਕਾਰਵਾਈ?” ਯਾਦ ਆਇਆ ਕਿ ਮੇਰੇ ਜਾਣਕਾਰ ਨੇ ਮੇਰੀ ਹੈਲਥ ਪਾਲਿਸੀ ਕੀਤੀ ਸੀ। ਫਿਰ ਕੀ ਸੀ! ਸਿਹਤ ਬੀਮੇ ਵਾਲਾ ਕਾਰਡ ਘਰੋਂ ਮੰਗਵਾ ਲਿਆ। ਡਾਕਟਰ ਨੂੰ ਕਾਰਡ ਦਿਖਾਇਆ, ਉਹਨੇ ਮਿੰਟ ਨਹੀਂ ਲਾਇਆ ਤੇ ਹੈਲਥ ਪਾਲਿਸੀ ਬਾਰੇ ਕੰਪਨੀ ਨੂੰ ਮੇਲ ਪਾ ਕੇ ਪ੍ਰਵਾਨਗੀ ਲੈ ਲਈ। ਮੈਂ ਖੁਸ਼ ਕਿ ਹੁਣ ਇਲਾਜ ਦਾ ਕੋਈ ਪੈਸਾ ਨਹੀਂ ਲੱਗੇਗਾ। ਹਸਪਤਾਲ ਵਿਚਲੇ ਮੈਡੀਕਲ ਸਟੋਰ ਵਾਲਿਆਂ ਨੇ ਮੈਥੋਂ ਪੈਸੇ ਲੈਣੇ ਬੰਦ ਕਰ ਦਿੱਤੇ। ਬੱਸ ਪਰਚੀ ਦਿਖਾਓ, ਦਵਾਈ ਲੈ ਜਾਓ। ਮੈਨੂੰ ਲੱਗਾ, ਹੈਲਥ ਪਾਲਿਸੀ ਦਾ ਤਾਂ ਫਾਇਦਾ ਹੀ ਬਹੁਤ ਹੈ, ਇਹ ਤਾਂ ਹਰ ਬੰਦੇ ਨੂੰ ਕਰਵਾਉਣੀ ਚਾਹੀਦੀ ਹੈ।
ਖ਼ੈਰ! ਕੁਝ ਦਿਨਾਂ ਮਗਰੋਂ ਸਿਹਤ ’ਚ ਕਾਫੀ ਸੁਧਾਰ ਹੋ ਗਿਆ, ਮੈਂ ਡਾਕਟਰ ਕੋਲੋਂ ਛੁੱਟੀ ਮੰਗੀ ਪਰ ਡਾਕਟਰ ਨੇ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ। ਸਮਝ ਨਾ ਲੱਗੇ, ਡਾਕਟਰ ਛੁੱਟੀ ਕਿਉਂ ਨਹੀਂ ਦੇ ਰਿਹਾ!... ਇੱਕ ਦਿਨ ਹਸਪਤਾਲ ਦੇ ਕਮਰੇ ਤੋਂ ਬਾਹਰ ਬੈਠਾ ਧੁੱਪ ਸੇਕ ਰਿਹਾ ਸਾਂ ਤਾਂ ਆਪਣੇ ਕੋਲ ਬੈਠੇ ਮਰੀਜ਼ ਨੂੰ ਪੁੱਛਿਆ, “ਤੁਹਾਨੂੰ ਕੀ ਤਕਲੀਫ਼ ਹੈ?” ਉਹ ਕਹਿੰਦਾ, “ਢਿੱਡ ’ਚ ਦਰਦ ਹੋਇਆ ਸੀ, ਹੁਣ ਬਿਲਕੁਲ ਠੀਕ ਹੈ ਪਰ ਡਾਕਟਰ ਛੁੱਟੀ ਨਹੀਂ ਦੇ ਰਿਹਾ।” ਕਾਰਨ ਪੁੱਛਿਆ ਤਾਂ ਉਹਨੇ ਦੱਸਿਆ, “ਡਾਕਟਰ ਹੈਲਥ ਪਾਲਿਸੀ ਵਾਲੇ ਮਰੀਜ਼ ਨੂੰ ਜਲਦੀ ਛੁੱਟੀ ਨਹੀਂ ਦਿੰਦਾ, ਪਾਲਿਸੀ ਦੇ ਸਾਰੇ ਪੈਸੇ ਪੂਰੇ ਹੋਣ ਪਿੱਛੋਂ ਹੀ ਘਰ ਭੇਜਦਾ ਹੈ। ਮਿੱਲ ਮਾਲਕਾਂ ਨੇ ਮੇਰੀ ਹੈਲਥ ਪਾਲਿਸੀ ਕਾਰਵਾਈ ਹੋਈ ਹੈ।” ਉਹਦੇ ਇੰਨਾ ਆਖਦਿਆਂ ਹੀ ਸਭ ਕਹਾਣੀ ਸਮਝ ਗਿਆ।... ਡਾਕਟਰ ਨੇ ਮੇਰੇ ਕਈ ਟੈਸਟ ਅਜਿਹੇ ਵੀ ਕਰਵਾ ਲਏ ਸਨ ਜਿਨ੍ਹਾਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸੀ, ਸਿਰਫ ਬੀਮਾ ਕੰਪਨੀ ਤੋਂ ਵਧ ਤੋਂ ਵਧ ਪੈਸੇ ਵਸੂਲਣ ਲਈ ਕੀਤੇ ਸਨ।
ਇਹ ਮਾਜਰਾ ਪਤਾ ਲੱਗਣ ’ਤੇ ਮੈਂ ਛੁੱਟੀ ਵਾਸਤੇ ਜ਼ਿੱਦ ਕਰਨ ਲੱਗਾ ਤਾਂ ਡਾਕਟਰ ਕਹਿਣ ਲੱਗਾ, “ਇੱਕ ਆਖਿ਼ਰੀ ਟੈਸਟ ਰਹਿ ਗਿਆ, ਉਹ ਕਰ ਕੇ ਛੁੱਟੀ ਕਰ ਦਿੰਦੇ ਹਾਂ।” ਡਾਕਟਰ ਨੇ ਸਿਟੀ ਸਕੈਨ ਕਰਵਾਉਣ ਲਈ ਕਹਿ ਦਿੱਤਾ ਜਿਸ ਦਾ ਮੇਰੇ ਅਪ੍ਰੇਸ਼ਨ ਜਾਂ ਬਿਮਾਰੀ ਨਾਲ ਸਰੋਕਾਰ ਹੀ ਕੋਈ ਨਹੀਂ ਸੀ। ਇਸ ਟੈਸਟ ਦੀ ਫੀਸ 5000 ਰੁਪਏ ਬਿੱਲ ਵਿੱਚ ਪਾ ਦਿੱਤੀ ਗਈ।... ਮੇਰੀ ਹੈਲਥ ਪਾਲਿਸੀ ਇੱਕ ਲੱਖ ਦੀ ਸੀ ਤੇ ਉਸ ਵਿਚ ਅਜੇ 10 ਹਜ਼ਾਰ ਹੋਰ ਬਚਦੇ ਸਨ... ਤੇ ਡਾਕਟਰ ਨੇ 95 ਹਜ਼ਾਰ ਦੇ ਬਿੱਲ ’ਤੇ ਦਸਤਖ਼ਤ ਕਰਵਾ ਲਏ। ਹਸਪਤਾਲੋਂ ਛੁੱਟੀ ਮਿਲਣ ਮਗਰੋਂ ਘਰ ਪਰਤਦੇ ਵਕਤ ਸੋਚ ਰਿਹਾ ਸਾਂ... ਲੋਕ ਸਮਝਦੇ ਹਨ ਕਿ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ...!
ਸੰਪਰਕ: 76967-54669