DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਜ਼ਾਦੀ ਸੰਘਰਸ਼ ਦੇ ਅਣਗੌਲੇ ਗ਼ਦਰੀ ਫ਼ੌਜੀ ਸ਼ਹੀਦ

ਪੰਜਾਬ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਬ੍ਰਿਟਿਸ਼ ਸਮਾਰਾਜ ਖ਼ਿਲਾਫ਼ ਜਦੋਜਹਿਦ ਵਿੱਚ ਮੂਹਰਲੀ ਕਤਾਰ ਵਿੱਚ ਰਿਹਾ ਹੈ। ਇਸ ਲੇਖ ਵਿੱਚ ਲਾਹੌਰ ਮੀਆਂ ਮੀਰ ਛਾਉਣੀ ਦੇ 23 ਨੰਬਰ ਰਸਾਲੇ ਦੇ ਬਹਾਦਰ ਫ਼ੌਜੀ ਯੋਧਿਆਂ ਦੀ ਵੀਰ ਕਥਾ ਦਾ ਵੇਰਵਾ ਦਿੱਤਾ ਜਾ ਰਿਹਾ ਹੈ...
  • fb
  • twitter
  • whatsapp
  • whatsapp
Advertisement

ਪੰਜਾਬ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਬ੍ਰਿਟਿਸ਼ ਸਮਾਰਾਜ ਖ਼ਿਲਾਫ਼ ਜਦੋਜਹਿਦ ਵਿੱਚ ਮੂਹਰਲੀ ਕਤਾਰ ਵਿੱਚ ਰਿਹਾ ਹੈ। ਇਸ ਲੇਖ ਵਿੱਚ ਲਾਹੌਰ ਮੀਆਂ ਮੀਰ ਛਾਉਣੀ ਦੇ 23 ਨੰਬਰ ਰਸਾਲੇ ਦੇ ਬਹਾਦਰ ਫ਼ੌਜੀ ਯੋਧਿਆਂ ਦੀ ਵੀਰ ਕਥਾ ਦਾ ਵੇਰਵਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ’ਚੋਂ 12 ਸੂਰਬੀਰਾਂ ਨੂੰ ਅੰਗਰੇਜ਼ ਸਰਕਾਰ ਨੇ 3 ਸਤੰਬਰ 1915 ਨੂੰ ਅੰਬਾਲਾ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਸੀ।

1912-13 ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਜਿਨ੍ਹਾਂ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਸੀ, ਨੇ ਭਾਰਤ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਬਣਾਈ। ਪਾਰਟੀ ਦਾ ਮੁੱਖ ਉਦੇਸ਼ ਭਾਰਤ ਦੀ ਮੁਕੰਮਲ ਆਜ਼ਾਦੀ ਅਤੇ ਗ਼ੈਰ-ਫਿ਼ਰਕੂ ਰਾਜ ਕਾਇਮ ਕਰਨਾ ਸੀ ਜਿਸ ਦੀ ਪ੍ਰਾਪਤੀ ਲਈ ਭਾਰਤ ਦੇ ਆਮ ਲੋਕਾਂ ਅਤੇ ਫ਼ੌਜੀਆਂ ਦੀ ਮਦਦ ਨਾਲ ਹਥਿਆਰਬੰਦ ਸੰਘਰਸ਼ ਦੀ ਲੋੜ ਸੀ। ਗ਼ਦਰ ਲਹਿਰ ਦੇ ਸੰਗਰਾਮ ਵਿੱਚ ਫ਼ੌਜੀਆਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਜਿਹੜੇ ਫ਼ੌਜੀ ਲਹਿਰ ਵਿੱਚ ਸ਼ਾਮਲ ਹੋਏ, ਉਨ੍ਹਾਂ ਵਿੱਚੋਂ ਸੈਂਕੜੇ ਕੋਰਟ ਮਾਰਸ਼ਲ ਕਰ ਕੇ ਗੋਲੀ ਨਾਲ ਉਡਾ ਦਿੱਤੇ ਗਏ ਅਤੇ 70 ਨੂੰ ਫਾਂਸੀ ਦਿੱਤੀ। 190 ਤੋਂ ਵੱਧ ਫ਼ੌਜੀਆਂ ਨੂੰ ਉਮਰ ਕੈਦ, ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਗਈ। ਕਈਆਂ ਨੂੰ ਫ਼ੌਜ ਵਿੱਚੋਂ ਕੱਢ ਦਿੱਤਾ।

Advertisement

ਜੁਲਾਈ 1914 ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ, ਜਿਸ ਵਿੱਚ ਅੰਗਰੇਜ਼ ਬੁਰੀ ਤਰ੍ਹਾਂ ਫਸਣ ਕਾਰਨ ਗ਼ਦਰੀ ਆਗੂਆਂ ਨੇ ਅੰਗਰੇਜ਼ਾਂ ਨੂੰ ਭਾਰਤ ’ਚੋਂ ਕੱਢਣ ਲਈ ਇਹ ਮੌਕਾ ਢੁੱਕਵਾਂ ਜਾਣ ਕੇ 5 ਅਗਸਤ 1914 ਨੂੰ ਐਲਾਨ-ਏ-ਜੰਗ ਕਰ ਦਿੱਤਾ। ਸੈਂਕੜੇ ਗ਼ਦਰੀ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਚੱਲ ਪਏ। ਭਾਰਤ ਦੀ ਅੰਗਰੇਜ਼ ਸਰਕਾਰ ਨੂੰ ਏਜੰਸੀਆਂ ਰਾਹੀਂ ਗ਼ਦਰੀਆਂ ਦੀਆਂ ਸਰਗਰਮੀਆਂ ਦਾ ਪਤਾ ਲੱਗ ਚੁੱਕਾ ਸੀ। ਇਸ ਲਈ ਬਾਹਰੋਂ ਆ ਰਹੇ ਗ਼ਦਰੀਆਂ ਨੂੰ ਫੜਨ ਲਈ ‘ਇਗਰਨੈਸ ਆਰਡੀਨੈਂਸ’ ਜਾਰੀ ਕਰਾ ਲਿਆ। ਵੱਖ-ਵੱਖ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਪੁੱਜਣ ਵਾਲੇ ਗ਼ਦਰੀਆਂ ਵਿੱਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਕਰਤਾਰ ਸਿੰਘ ਸਰਾਭਾ, ਵਿਸਾਖਾ ਸਿੰਘ ਦਦੇਹਰ, ਕੇਸਰ ਸਿੰਘ ਠੱਠਗੜ੍ਹ, ਕਿਹਰ ਸਿੰਘ ਮਰਹਾਣਾ, ਨਿਧਾਨ ਸਿੰਘ ਚੁੱਘਾ, ਗੁੱਜਰ ਸਿੰਘ, ਜਿੰਦਰ ਸਿੰਘ ਚੌਧਰੀਵਾਲਾ ਆਦਿ ਸੈਂਕੜੇ ਇਨਕਲਾਬੀ ਸ਼ਾਮਿਲ ਸਨ। ਬਹੁਤ ਸਾਰੇ ਇਨਕਲਾਬੀਆਂ ਨੂੰ ਜਹਾਜ਼ਾਂ ਤੋਂ ਉੱਤਰਦਿਆਂ ਹੀ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਜਾਂ ਪਿੰਡਾਂ ਵਿੱਚ ਨਜ਼ਰਬੰਦ ਕਰ ਦਿੱਤਾ। ਬਾਕੀ ਬਚੇ ਗ਼ਦਰੀਆਂ ਨੇ ਲਹਿਰ ਨੂੰ ਜਥੇਬੰਦ ਕਰ ਕੇ ਵੱਖ-ਵੱਖ ਥਾਵਾਂ ’ਤੇ ਗ਼ਦਰ ਅੱਡੇ ਬਣਾ ਲਏ। ਮਾਝਾ ਖੇਤਰ ਵਿੱਚ ਦਦੇਹਰ, ਝਾੜ ਸਾਹਿਬ, ਸਰਹਾਲੀ, ਸੁਰਸਿੰਘ ਮੁੱਖ ਗ਼ਦਰੀ ਅੱਡੇ ਸਨ।

ਇਸ ਦੌਰਾਨ ਲਾਹੌਰ ਦੀ ਮੀਆਂਮੀਰ ਛਾਉਣੀ ਵਿਚਲੀ ਰੈਜੀਮੈਂਟ ਦੇ 23ਵੇਂ ਰਸਾਲੇ ਜਿਸ ਵਿੱਚ ਬਹੁਗਿਣਤੀ ਮਾਝੇ ਦੇ ਫੌਜੀ ਸਵਾਰਾਂ ਦੀ ਸੀ, ਦਾ ਸੰਪਰਕ ਇਨ੍ਹਾਂ ਗ਼ਦਰੀਆਂ ਨਾਲ ਬਣ ਗਿਆ। ਨਵੰਬਰ 1914 ਦੇ ਸ਼ੁਰੂ ਵਿੱਚ ਰਸਾਲੇ ਦਾ ਸਵਾਰ ਸੁੱਚਾ ਸਿੰਘ ਚੋਹਲਾ ਸਾਹਿਬ ਛੁੱਟੀ ਕੱਟ ਕੇ ਵਾਪਸ ਗਿਆ ਤਾਂ ਉਹਨੇ ਸਾਥੀਆਂ ਲਾਂਸ ਦਫ਼ੇਦਾਰ ਲਛਮਣ ਸਿੰਘ ਚੂਸਲੇਵੜ (ਟਰੂਪ-7) , ਸਵਾਰ ਮਹਾਰਾਜ ਸਿੰਘ ਕਸੇਲ, ਇੰਦਰ ਸਿੰਘ ਅਤੇ ਸੁਰੈਣ ਸਿੰਘ ਨੂੰ ਦੱਸਿਆ ਕਿ ਅਮਰੀਕਾ ਤੋਂ ਵਾਪਸ ਆਏ ਗ਼ਦਰੀ ਵਿਸਾਖਾ ਸਿੰਘ ਦਦੇਹਰ ਤੇ ਸੁੰਦਰ ਸਿੰਘ ਚੋਹਲਾ ਸਾਹਿਬ ਉਸ ਨੂੰ ਮਿਲੇ ਸਨ; ਉਨ੍ਹਾਂ ਦੀ ਇੱਕ ਯੋਜਨਾ, ਸਭ ਤੋਂ ਪਹਿਲਾਂ ਲਾਹੌਰ ਕਿਲੇ ’ਤੇ ਕਬਜ਼ੇ ਦੀ ਹੈ। ਇਸ ਮਿਸ਼ਨ ਲਈ ਸੈਂਕੜੇ ਗ਼ਦਰੀ 15 ਨਵੰਬਰ ਨੂੰ ਲਾਹੌਰ ਰੱਖ ਵਿੱਚ ਇਕੱਠੇ ਹੋਣਗੇ, ਇਸ ਕੰਮ ਲਈ ਉਹ ਸਿੱਖ ਰੈਜੀਮੈਂਟ ਦੀ ਮਦਦ ਚਾਹੁੰਦੇ ਹਨ। ਇਹ ਸੁਣ ਕੇ ਲਾਂਸ ਦਫ਼ੇਦਾਰ ਲਛਮਣ ਸਿੰਘ ਚੂਸਲੇਵੜ ਤੇ ਸਾਥੀ ਸਹਿਮਤ ਹੋ ਗਏ। ਉਸੇ ਸ਼ਾਮ ਲਛਮਣ ਸਿੰਘ ਨੇ ਆਪਣੇ ਕੁਆਰਟਰ ਵਿੱਚ ਸਾਥੀਆਂ ਨਾਲ ਮੀਟਿੰਗ ਕਰ ਕੇ ਟਰੂਪ-1 ਦੇ ਦਫ਼ੇਦਾਰ ਗੰਡਾ ਸਿੰਘ ਨਾਲ ਗੱਲ ਕਰਨ ਦਾ ਫੈਸਲਾ ਕੀਤਾ।

ਦੋ ਦਿਨ ਬਾਅਦ ਦੁਪਹਿਰੇ 2:30 ਵਜੇ ਛਾਉਣੀ ਕਬਰਸਤਾਨ ’ਚ ਫ਼ੌਜੀਆਂ ਦੀ ਇਕੱਤਰਤਾ ਹੋਈ, ਜਿਸ ਵਿੱਚ ਟਰੂਪ-1 ਦੇ ਲਾਂਸ ਦਫ਼ੇਦਾਰ ਗੰਡਾ ਸਿੰਘ, ਸਵਾਰ ਲਛਮਣ ਸਿੰਘ ਸ਼ਾਬਾਜ਼ਪੁਰ, ਨੰਦ ਸਿੰਘ ਬੁਰਜ ਰਾਏ-ਕੇ ਵੀ ਸ਼ਾਮਲ ਹੋਏ। ਫੈਸਲਾ ਹੋਇਆ ਕਿ ਗੰਡਾ ਸਿੰਘ ਜੋ ਦੋ ਦਿਨ ਦੀ ਛੁੱਟੀ ਜਾ ਰਿਹਾ ਹੈ, ਗ਼ਦਰੀਆਂ ਨਾਲ ਸੰਪਰਕ ਕਰ ਕੇ ਆਪਸੀ ਮਿਲਵਰਤਣ ਬਾਰੇ ਗੱਲਬਾਤ ਕਰ ਕੇ ਆਵੇਗਾ।

ਗੰਡਾ ਸਿੰਘ ਦੀ ਵਾਪਸੀ ਤੋਂ ਕੁਝ ਦਿਨਾਂ ਬਾਅਦ ਫ਼ੌਜੀਆਂ ਨੇ ਦੁਬਾਰਾ ਮੀਟਿੰਗ ਕੀਤੀ, ਜਿਸ ਵਿੱਚ ਕੇਸਰ ਸਿੰਘ ਤੇ ਇੰਦਰ ਸਿੰਘ ਸ਼ਾਬਾਜ਼ਪੁਰ ਵੀ ਸ਼ਾਮਿਲ ਹੋਏ। ਗੰਡਾ ਸਿੰਘ ਨੇ ਦੱਸਿਆ ਕਿ ਸੰਪਰਕ ਕਰਨ ਲਈ ਗ਼ਦਰ ਪਾਰਟੀ ਦਾ ਆਗੂ ਛਾਉਣੀ ਆਵੇਗਾ। ਦੋ ਦਿਨ ਬਾਅਦ ਸੁੱਚਾ ਸਿੰਘ ਚੋਹਲਾ ਸਾਹਿਬ ਦੁਬਾਰਾ ਛੁੱਟੀ ਗਿਆ ਤੇ ਖ਼ਬਰ ਲਿਆਇਆ ਕਿ ਲਾਹੌਰ ’ਤੇ ਹਮਲੇ ਦੀ ਤਾਰੀਕ ਹੁਣ 15 ਦੀ ਥਾਂ 17 ਨਵੰਬਰ ਕਰ ਦਿੱਤੀ ਹੈ। ਛੇਤੀ ਹੀ ਗ਼ਦਰੀ ਪਰੇਮ ਸਿੰਘ ਸੁਰਸਿੰਘ ਛਾਉਣੀ ਆਇਆ ਤੇ ਲਛਮਣ ਸਿੰਘ ਚੂਸਲੇਵੜ ਦੇ ਕੁਆਰਟਰ ’ਚ ਫ਼ੌਜੀਆਂ ਦੀ ਮੀਟਿੰਗ ਹੋਈ। 13-14 ਨਵੰਬਰ ਨੂੰ ਪ੍ਰੇਮ ਸਿੰਘ ਦੂਜੀ ਵਾਰ ਦੋ ਸਾਥੀਆਂ ਨਾਲ ਲਾਹੌਰ ਛਾਉਣੀ ਆਇਆ ਅਤੇ 23 ਰਸਾਲੇ ਦੇ ਗ਼ਦਰੀ ਫ਼ੌਜੀਆਂ ਨੂੰ ਆਪਣੇ ਨਾਲ ਹੋਰ ਸਾਥੀਆਂ ਨੂੰ ਨਾਲ ਜੋੜਨ ਲਈ ਕਿਹਾ। ਸੁੱਚਾ ਸਿੰਘ ਚੋਹਲਾ ਸਾਹਿਬ ਪਿੰਡੋਂ ਛੁੱਟੀ ਕੱਟ ਕੇ ਵਾਪਿਸ ਛਾਉਣੀ ਆਇਆ ਤਾਂ ਉਸ ਨੇ ਦੱਸਿਆ ਕਿ ਹਮਲੇ ਦੀ ਮਿਤੀ ਹੁਣ 27 ਨਵੰਬਰ ਹੋ ਗਈ ਹੈ। 27 ਨਵੰਬਰ 1914 ਨੂੰ ਰਾਤ 10 ਵਜੇ ਗੰਡਾ ਸਿੰਘ ਦੇ ਕੁਆਰਟਰ ਵਿੱਚ ਫ਼ੌਜੀ ਇਕੱਠੇ ਹੋਏ। ਗੰਡਾ ਸਿੰਘ ਛਾਉਣੀ ਖ਼ਜ਼ਾਨੇ ਦਾ 600 ਰੁਪਏ ਵੀ ਕੱਢ ਲਿਆਇਆ ਤੇ ਬੁੱਧ ਸਿੰਘ ਢੋਟੀਆਂ ਰਾਈਫਲ ਰੈਕ ਦੀਆਂ ਚਾਬੀਆਂ। ਸੁੱਚਾ ਸਿੰਘ, ਸੁਰੈਣ ਸਿੰਘ, ਮਹਿਰਾਜ ਸਿੰਘ ਤੇ ਚੰਨਣ ਸਿੰਘ ਨੇ ਛਾਉਣੀ ਛੱਡੀ ਅਤੇ ਸਰਹਾਲੀ, ਦਦੇਹਰ, ਤਰਨ ਤਾਰਨ ਆਦਿ ਗ਼ਦਰੀ ਕੇਂਦਰਾਂ ’ਤੇ ਗ਼ਦਰੀਆਂ ਦੀ ਤਲਾਸ਼ ਕੀਤੀ ਅਤੇ ਝਾੜ ਸਾਹਿਬ ਪੁੱਜ ਗਏ, ਜਿੱਥੋਂ ਚੰਨਣ ਸਿੰਘ ਅਗਲੀ ਸਵੇਰ ਵਾਪਸ ਲਾਹੌਰ ਆ ਕੇ ਰਸਾਲੇ ਵਿੱਚ ਹਾਜ਼ਿਰ ਹੋ ਗਿਆ। ਬਾਕੀ ਤਿੰਨਾਂ ਨੂੰ ਪਹਿਲੀ ਦਸੰਬਰ ਨੂੰ ਗਸ਼ਤ ਕਰਦੀ ਪੁਲੀਸ ਨੇ ਫੜ ਕੇ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦਾ ਕੋਰਟ ਮਾਰਸ਼ਲ ਹੋਇਆ ਪਰ ਉਨ੍ਹਾਂ ਕੁਝ ਨਹੀਂ ਦੱਸਿਆ। ਚੱਲ ਰਹੀ ਵਿਸ਼ਵ ਜੰਗ ਕਾਰਨ ਉਨ੍ਹਾਂ ਨੂੰ ਗ਼ੈਰ-ਹਾਜ਼ਰੀ ਦੀ 2-2 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ।

ਦਸੰਬਰ 1914 ਤੋਂ ਅਪਰੈਲ 1915 ਤੱਕ 23ਵੇਂ ਰਸਾਲੇ ਦੇ ਇਹ ਫ਼ੌਜੀ ਗ਼ਦਰ ਬਾਰੇ ਸਲਾਹਾਂ ਅਤੇ ਢੁਕਵੇਂ ਮੌਕੇ ਦੀ ਭਾਲ ਕਰਦੇ ਰਹੇ। ਉਨ੍ਹਾਂ ਦਾ ਸੰਪਰਕ ਗ਼ਦਰੀ ਲੀਡਰਸ਼ਿਪ ਨਾਲ ਬਣਿਆ ਰਿਹਾ ਤੇ ਪ੍ਰੇਮ ਸਿੰਘ ਸੁਰਸਿੰਘ ਨੇ ਵੱਖ-ਵੱਖ ਸਮਿਆਂ ’ਤੇ ਚਾਰ ਵਾਰ ਛਾਉਣੀ ਆ ਕੇ ਮੀਟਿੰਗਾਂ ਕੀਤੀਆਂ। ਪਹਿਲੀ ਤੇ 2 ਦਸੰਬਰ ਦੀ ਰਾਤ ਨੂੰ ਬੁੱਧ ਸਿੰਘ ਤੇ ਅਬਦੁੱਲਾ ਢੋਟੀਆਂ ਨੇ ਭਗਤ ਸਿੰਘ ਤੇ ਤਾਰਾ ਸਿੰਘ ਰੂੜੀਵਾਲਾ ਨਾਲ ਮਿਲ ਕੇ ਟੈਲੀਗਰਾਮ ਤਾਰਾਂ ਕੱਟ ਕੇ ਲਾਹੌਰ ਛਾਉਣੀ ਤੇ ਕੋਟ ਲੱਖਪਤ ਦਰਮਿਆਨ ਸੰਚਾਰ ਪ੍ਰਬੰਧ ਰੋਕ ਦਿੱਤਾ। ਉਨ੍ਹਾਂ ਗ਼ਦਰੀ ਹੀਰਾ ਸਿੰਘ ਚਰੜ ਦੀ ਮਦਦ ਨਾਲ ਦੇਸੀ ਬੰਬ ਬਣਾਉਣੇ ਸਿੱਖ ਲਏ ਸਨ। ਗ਼ਦਰੀਆਂ ਦੁਆਰਾ 21 ਫਰਵਰੀ ਨੂੰ ਵੱਖ-ਵੱਖ ਛਾਉਣੀਆਂ ਦੇ ਭਾਰਤੀ ਫ਼ੌਜੀਆਂ ਨਾਲ ਰਲ ਕੇ ਕੀਤੇ ਜਾਣ ਵਾਲੇ ਗ਼ਦਰ ਵਿੱਚ ਸਰਗਰਮ ਹਿੱਸਾ ਲੈਣ ਦੀ ਇਸ ਰੈਜੀਮੈਂਟ ਦੇ ਜਵਾਨਾਂ ਦੀ ਪੂਰੀ ਤਿਆਰੀ ਸੀ ਪਰ ਸਰਕਾਰ ਨੂੰ ਗ਼ਦਰ ਬਾਰੇ ਪਹਿਲਾਂ ਸੂਹ ਮਿਲਣ ਕਾਰਨ 19 ਫਰਵਰੀ ਨੂੰ ਸ਼ਾਮੀਂ 7 ਵਜੇ ਸਾਰੀ ਰੈਜੀਮੈਂਟ ਨੂੰ ਫਾਲਨ ਕਰ ਲਿਆ ਗਿਆ।

ਵਿਸ਼ਵ ਯੁੱਧ ਚੱਲਦਾ ਹੋਣ ਕਾਰਨ ਸਰਕਾਰ ਨੇ ਅਪਰੈਲ ਮਹੀਨੇ ਦੇ ਅਖ਼ੀਰ ਵਿੱਚ 23ਵੇਂ ਰਸਾਲੇ ਦੇ ਜਵਾਨਾਂ ਨੂੰ ਬਸਰੇ ਜੰਗ ਦੇ ਮੋਰਚੇ ’ਤੇ ਭੇਜ ਦਿੱਤਾ। ਡੀਪੂ ਵਿੱਚ ਪਿੱਛੇ ਰਸਾਲੇ ਦੇ ਦੋ ਸਵਾਰ ਪੂਰਨ ਸਿੰਘ, ਵਸਾਵਾ ਸਿੰਘ ਅਤੇ ਅਬਦੁੱਲਾ ਨਾਹਲਬੰਦ ਹੀ ਰਹਿ ਗਏ। ਉਨ੍ਹਾਂ ਦੇ ਰੈਜੀਮੈਂਟ ਡੀਪੂ ਨੂੰ ਵੀ ਨੌਗਾਉਂ (ਯੂਪੀ ਛਾਉਣੀ) ਬਦਲ ਦਿੱਤਾ, ਜੋ ਹਰਪਾਲਪੁਰ ਦੇ ਰੇਲਵੇ ਸਟੇਸ਼ਨ ਤੋਂ ਕੁਝ ਦੂਰ ਸੀ। 13 ਮਈ 1915 ਨੂੰ ਜਿਸ ਵੇਲੇ ਹਰਪਾਲਪੁਰ ਸਟੇਸ਼ਨ ’ਤੇ ਮੀਆਂ ਮੀਰ ਛਾਉਣੀ ਦੇ ਫ਼ੌਜੀਆਂ ਦਾ ਸਮਾਨ ਉਤਾਰ ਕੇ ਲਾਰੀਆਂ ’ਚ ਰੱਖਿਆ ਜਾ ਰਿਹਾ ਸੀ ਤਾਂ ਪੂਰਨ ਸਿੰਘ ਦੀ ਪੇਟੀ ਹੇਠਾਂ ਡਿੱਗ ਪਈ ਤੇ ਉਸ ਵਿਚਲਾ ਦੇਸੀ ਬੰਬ ਫਟ ਗਿਆ। ਇੰਚਾਰਜ ਜਮਾਂਦਾਰ ਨੇ ਜਦੋਂ ਬਾਕੀ ਸਮਾਨ ਦੀ ਤਲਾਸ਼ੀ ਲਈ ਤਾਂ ਪੂਰਨ ਸਿੰਘ ਦੇ ਦੂਜੇ ਬਕਸੇ ਵਿੱਚੋਂ ਇੱਕ ਹੋਰ ਬੰਬ ਨਿਕਲਿਆ। ਪੂਰਨ ਸਿੰਘ ਤੇ ਵਸਾਵਾ ਸਿੰਘ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੀਆਂ ਮੀਰ ਛਾਉਣੀ ਦੀ ਯੋਜਨਾ ਤੇ ਝਾੜ ਸਾਹਿਬ ਤੋਂ ਫੜੇ ਤਿੰਨਾਂ ਸਵਾਰਾਂ ਬਾਰੇ ਭੇਤ ਖੋਲ੍ਹ ਦਿੱਤਾ।

ਪੂਰਨ ਸਿੰਘ ਅਤੇ ਵਸਾਵਾ ਸਿੰਘ ਨੇ ਵਾਅਦਾ ਮੁਆਫ਼ ਬਣ ਕੇ ਕਈ ਹੋਰ ਸਵਾਰਾਂ ਨੂੰ ਵੀ ਗ੍ਰਿਫ਼ਤਾਰ ਕਰਵਾ ਦਿੱਤਾ ਅਤੇ ਬਸਰੇ ਜਾ ਚੁੱਕੇ ਫ਼ੌਜੀਆਂ ਦੇ ਨਾਮ ਵੀ ਦੱਸ ਦਿੱਤੇ। ਸਰਕਾਰ ਨੇ ਬਸਰੇ ਦੇ ਫ਼ੌਜੀ ਕਮਾਂਡਰ ਨੂੰ ਉਨ੍ਹਾਂ ਦੇ ਨਾਂ ਅਤੇ ਨੰਬਰ ਲਿਖ ਕੇ ਭੇਜ ਦਿੱਤੇ ਗਏ। ਕਮਾਂਡਰ ਨੇ ਨਾਸਰੀ ਸ਼ਹਿਰ ਵਿੱਚ ਸਾਰੀ ਰੈਜੀਮੈਂਟ ਦੀ ਬਿਨਾਂ ਹਥਿਆਰਾਂ ਤੋਂ ਪਰੇਡ ਕਰਵਾ ਕੇ ਇਨ੍ਹਾਂ 19 ਫ਼ੌਜੀਆਂ ਨੂੰ ਵੱਖ ਕੱਢ ਲਿਆ। ਹਥਿਆਰਬੰਦ ਗੋਰਿਆਂ ਦੀ ਨਿਗਰਾਨੀ ਹੇਠ ਇਨ੍ਹਾਂ ਨੂੰ ਜਹਾਜ਼ ਵਿੱਚ ਚੜ੍ਹਾ ਦਿੱਤਾ ਗਿਆ। ਬੰਬਈ ਤੋਂ ਇਨ੍ਹਾਂ ਨੂੰ ਡਗਸ਼ਈ ਛਾਉਣੀ (ਜ਼ਿਲ੍ਹਾ ਸ਼ਿਮਲਾ, ਹਿਮਾਚਲ ਪ੍ਰਦੇਸ਼) ਪਹੁੰਚਾ ਦਿੱਤਾ। 11 ਅਗਸਤ 1915 ਨੂੰ 23ਵੇਂ ਰਸਾਲੇ ਦੇ ਚਾਰ ਹੋਰ ਸਵਾਰ ਡਗਸ਼ਈ ਪਹੁੰਚਾਏ ਗਏ। 15 ਅਗਸਤ 1915 ਨੂੰ ਇਨ੍ਹਾਂ ਦਾ ਕੋਰਟ ਮਾਰਸ਼ਲ ਸ਼ੁਰੂ ਹੋਇਆ ਅਤੇ 26 ਅਗਸਤ 1915 ਨੂੰ ਫ਼ੈਸਲਾ ਸੁਣਾ ਕੇ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ। ਬਾਅਦ ਵਿੱਚ ਇਨ੍ਹਾਂ ਵਿੱਚੋਂ 6 ਦੀ ਸਜ਼ਾ ਘਟਾ ਕੇ ਉਮਰ ਕੈਦ/ਜਲਾਵਤਨੀ ਕਰ ਦਿੱਤੀ ਗਈ।

30 ਅਗਸਤ 1915 ਨੂੰ ਫਾਂਸੀ ਵਾਲੇ 12 ਫ਼ੌਜੀਆਂ ਨੂੰ ਅੰਬਾਲਾ ਜੇਲ੍ਹ ਲਿਆਂਦਾ ਗਿਆ ਜਿੱਥੇ 3 ਸਤੰਬਰ 1915 ਨੂੰ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦਾ ਵਿਸਥਾਰ ਇਸ ਤਰ੍ਹਾਂ ਹੈ: ਦਫ਼ੇਦਾਰ ਲਛਮਣ ਸਿੰਘ (ਚੂਸਲੇਵੜ, ਤਰਨ ਤਾਰਨ), ਸਵਾਰ ਬੂਟਾ ਸਿੰਘ (ਕਸੇਲ, ਅੰਮ੍ਰਿਤਸਰ), ਬੁੱਧ ਸਿੰਘ ਤੇ ਅਬਦੁੱਲਾ ਨਾਹਲਬੰਦ (ਦੋਵੇਂ ਢੋਟੀਆਂ, ਤਰਨ ਤਾਰਨ), ਭਾਗ ਸਿੰਘ, ਮੋਤਾ ਸਿੰਘ, ਤਾਰਾ ਸਿੰਘ ਤੇ ਦਫ਼ੇਦਾਰ ਵਧਾਵਾ ਸਿੰਘ (ਚਾਰੇ ਰੂੜੀ੍ਹਵਾਲ, ਤਰਨ ਤਾਰਨ), ਇੰਦਰ ਸਿੰਘ (ਜੀਉਬਾਲਾ, ਤਰਨ ਤਾਰਨ), ਇੰਦਰ ਸਿੰਘ (ਸ਼ਾਬਾਜ਼ਪੁਰ, ਤਰਨ ਤਾਰਨ), ਗੁੱਜਰ ਸਿੰਘ ਤੇ ਜੇਠਾ ਸਿੰਘ (ਦੋਵੇਂ ਲੌਹਕਾ, ਤਰਨ ਤਾਰਨ)।

ਉਮਰ ਕੈਦ/ਜਲਾਵਤਨੀ ਦੀ ਸਜ਼ਾ ਵਾਲੇ ਫ਼ੌਜੀ: ਬਿਸ਼ਨ ਸਿੰਘ ਪੁੱਤਰ ਜੀਊਣ ਸਿੰਘ, ਬਿਸ਼ਨ ਸਿੰਘ ਪੁੱਤਰ ਰਾਮ ਸਿੰਘ, ਨੱਥਾ ਸਿੰਘ ਤੇ ਕਿਹਰ ਸਿੰਘ (ਚਾਰੇ ਢੋਟੀਆਂ, ਤਰਨ ਤਾਰਨ), ਨੰਦ ਸਿੰਘ (ਰਾਏ ਕਾ ਬੁਰਜ, ਤਰਨ ਤਾਰਨ), ਚੰਨਣ ਸਿੰਘ (ਢੰਡ ਕਸੇਲ, ਅੰਮ੍ਰਿਤਸਰ)। ਝਾੜ ਸਾਹਿਬ ਤੋਂ ਗ੍ਰਿਫ਼ਤਾਰ ਕੀਤੇ ਫ਼ੌਜੀ ਜਿਨ੍ਹਾਂ ਨੂੰ ਉਮਰ ਕੈਦ/ਜਲਾਵਤਨੀ ਦੀ ਸਜ਼ਾ ਹੋਈ: ਮਹਿਰਾਜ ਸਿੰਘ (ਕਸੇਲ, ਅੰਮ੍ਰਿਤਸਰ), ਸੁੱਚਾ ਸਿੰਘ (ਚੋਹਲਾ ਸਾਹਿਬ, ਤਰਨ ਤਾਰਨ)।

3 ਸਤੰਬਰ ਦਾ ਦਿਨ ਸਾਨੂੰ ਇਨ੍ਹਾਂ ਮਹਾਨ ਸੂਰਬੀਰ ਫ਼ੌਜੀ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਆਜ਼ਾਦੀ ਖ਼ਾਤਿਰ ਨੌਕਰੀਆਂ, ਰੁਜ਼ਗਾਰ ਤੇ ਆਪਣੇ ਪਰਿਵਾਰਾਂ ਦੇ ਭਵਿੱਖ ਦੀ ਪਰਵਾਹ ਕੀਤੇ ਬਿਨਾਂ ਅੰਗਰੇਜ਼ ਹਕੂਮਤ ਦੇ ਖ਼ਾਤਮੇ ਲਈ ਸੰਘਰਸ਼ ਕਰਦਿਆਂ ਜਾਨਾਂ ਵਾਰ ਦਿੱਤੀਆਂ।

ਸੰਪਰਕ: 98766-98068

Advertisement
×