ਮੇਲਾ ਤਾਂ ਲੁੱਟਿਆ ਗਿਆ...
ਅੱਜ ਕੱਲ੍ਹ ਭਾਵੇਂ ਮਨੋਰੰਜਨ ਦੇ ਬਹੁਤ ਸਾਧਨ ਹੋ ਜਾਣ ਕਾਰਨ ਮੇਲਿਆਂ ਦੀ ਮਹੱਤਤਾ ਪਹਿਲਾਂ ਨਾਲੋਂ ਘਟ ਗਈ ਹੈ, ਫਿਰ ਵੀ ਲੋਕਾਂ ਅੰਦਰ ਅਜੇ ਵੀ ਕਾਫੀ ਉਤਸ਼ਾਹ ਹੈ। ਸਾਡੇ ਪਿੰਡ ਮੱਟਰਾਂ ਦੇ ਗੁਆਂਢੀ ਪਿੰਡ ਨਮਾਦਾ ਵਿੱਚ ਮਾਲਵੇ ਦਾ ਮਸ਼ਹੂਰ ਗੁੱਗਾ ਮਾੜੀ ਦਾ ਮੇਲਾ ਭਰਦਾ ਹੈ। ਪੁਰਾਣੇ ਸਮਿਆਂ ਵਿੱਚ ਇਸ ਮੇਲੇ ਸਮੇਂ ਸਾਡੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਦੂਰ-ਦੂਰ ਤੋਂ ਰਿਸ਼ਤੇਦਾਰ ਮੇਲਾ ਦੇਖਣ ਲਈ ਆ ਜਾਂਦੇ ਸਨ।
ਗੱਲ 57-58 ਸਾਲ ਪਹਿਲਾਂ ਦੀ ਹੈ। ਦੋ ਦਿਨਾਂ ਦੇ ਨਮਾਦਿਆਂ ਦੇ ਮੇਲੇ ਲਈ ਮੇਰੀ ਮਾਂ ਨੇ ਮੈਨੂੰ 5 ਰੁਪਏ ਫੜਾ ਦਿੱਤੇ। ਮੈਂ ਪੈਸੇ ਆਪਣੇ ਪਜਾਮੇ ਦੇ ਨੇਫੇ ਵਿਚ ਵਲੇਟ ਲਏ। ਮੇਰੇ ਪਿੰਡ ਮੱਟਰਾਂ ਅਤੇ ਨਮਾਦਾ ਪਿੰਡ ਦੀ ਜੂਹ ਸਾਂਝੀ ਹੈ।
ਅਸੀਂ ਚਾਚੇ ਤਾਇਆਂ ਦੇ ਸਾਰੇ ਜਵਾਕ ਤਾਇਆ ਜੀ (ਮਰਹੂਮ) ਨਰੰਜਣ ਸਿੰਘ ਨਾਲ ਮੇਲਾ ਦੇਖਣ ਲਈ ਖੇਤਾਂ ਦੇ ਔਝੜੇ ਰਾਹ ਚੱਲ ਪਏ। ਰਸਤੇ ਵਿੱਚ ਜਦੋਂ ਟਿੱਬਿਆਂ ਵਿੱਚ ਮੂੰਗਫਲੀ ਦੇ ਖੇਤ ਵਿੱਚੋਂ ਲੰਘਣਾ ਸੀ ਤਾਂ ਮੈਂ ਤਾਏ ਦੇ ਮੁੰਡੇ ਜਸਪਾਲ, ਜੋ ਸਾਥੋਂ ਕਾਫੀ ਛੋਟਾ ਸੀ, ਨੂੰ ਆਪਣੀ ਪਿੱਠ ’ਤੇ ਬਿਠਾ ਕੇ ਇਹ ਖੇਤ ਪਾਰ ਕਰਵਾਇਆ। ਮੇਲੇ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਤਾਇਆ ਜੀ ਨੇ ਸਾਨੂੰ ਸਮਾਣੇ ਵਾਲਿਆਂ ਦੀ ਮਠਿਆਈ ਦੀ ਮਸ਼ਹੂਰ ਦੁਕਾਨ ਤੋਂ ਮਠਿਆਈ ਲੈ ਕੇ ਖਵਾਈ। ਮਨ ਪ੍ਰਸੰਨ ਹੋ ਗਿਆ। ਇਸ ਤੋਂ ਬਾਅਦ ਅਸੀਂ ਮੇਲੇ ਵਿੱਚ ਘੁੰਮਣ ਲੱਗ ਪਏ। ਉਦੋਂ ਸਾਨੂੰ ਪਟਾਕਿਆਂ ਵਾਲਾ ਪਿਸਤੌਲ ਲੈਣਾ ਬਹੁਤ ਵਧੀਆ ਲੱਗਦਾ ਹੁੰਦਾ ਸੀ। ਪਿਸਤੌਲ ਲੈਣ ਲਈ ਆਪਣੇ ਪਜਾਮੇ ਦੇ ਨੇਫੇ ਨੂੰ ਹੱਥ ਮਾਰਿਆ ਤਾਂ ਨੇਫਾ ਖੁੱਲ੍ਹਾ ਪਿਆ ਸੀ ਅਤੇ ਪੰਜ ਰੁਪਏ ਗ਼ਾਇਬ ਸਨ। ਮਨ ਬਹੁਤ ਉਦਾਸ ਹੋਇਆ। ਮੈਨੂੰ ਲੱਗਿਆ- ਮੇਰਾ ਤਾਂ ਮੇਲਾ ਲੁੱਟਿਆ ਗਿਆ! ਉਂਝ, ਇਸ ਬਾਰੇ ਮੈਂ ਕਿਸੇ ਨੂੰ ਨਹੀਂ ਦੱਸਿਆ ਅਤੇ ਚੁੱਪ ਧਾਰ ਕੇ ਤਾਇਆ ਜੀ ਨਾਲ ਘਰ ਵਾਪਸ ਆ ਗਏ। ਘਰ ਆ ਕੇ ਵੀ ਕੁੱਟ ਪੈਣ ਦੇ ਡਰ ਕਾਰਨ ਕਿਸੇ ਨੂੰ ਨਹੀਂ ਦੱਸਿਆ।
ਅਗਲੀ ਸਵੇਰ ਚਾਹ ਪੀਣ ਸਮੇਂ ਵੀ ਦਿਮਾਗ ਵਿੱਚ ਉਹੀ ਰੁਪਏ ਘੁੰਮੀ ਗਏ। ਇਸੇ ਦੌਰਾਨ ਮੂੰਗਫਲੀ ਦੇ ਖੇਤ ਵਿੱਚੋਂ ਤਾਏ ਦੇ ਮੁੰਡੇ ਨੂੰ ਪਿੱਠ ’ਤੇ ਬਿਠਾ ਕੇ ਲੰਘਾਉਣ ਵਾਲੀ ਗੱਲ ਯਾਦ ਆਈ। ਸੋਚਿਆ- ਹੋ ਸਕਦੈ, ਪੈਸੇ ਉਥੇ ਹੀ ਡਿੱਗੇ ਹੋਣ!
ਬੱਸ ਫਿਰ ਕੀ ਸੀ... ਮੂੰਗਫਲੀ ਦੇ ਉਸੇ ਖੇਤ ਵੱਲ ਦੌੜ ਲਗਾ ਦਿੱਤੀ ਅਤੇ ਡੇਢ ਕਿਲੋਮੀਟਰ ਦਾ ਫਾਸਲਾ ਸਮਝੋ ਮਿਲਖਾ ਸਿੰਘ ਨਾਲੋਂ ਵੀ ਘੱਟ ਸਮੇਂ ਵਿੱਚ ਪਾਰ ਕਰ ਗਿਆ। ਦਰਅਸਲ, ਇਹ ਆਮ ਵਗਦਾ ਰਸਤਾ ਨਹੀਂ ਸੀ, ਅਸੀਂ ਆਪਣੇ ਖੇਤਾਂ ਵਿੱਚੋਂ ਨਮਾਦਿਆਂ ਦੇ ਖੇਤਾਂ ਰਾਹੀਂ ਗਏ ਸੀ। ਮੈਂ ਮੂੰਗਫਲੀ ਦੇ ਖੇਤ ਵਿੱਚ ਮੂੰਗਫਲੀ ਦੇ ਇੱਕ ਇੱਕ ਬੂਝੇ ਨੂੰ ਬਾਜ ਨਿਗਾਹਾਂ ਨਾਲ ਤੱਕਦਾ ਹੋਇਆ ਤੁਰਦਾ ਗਿਆ। ਖੇਤ ਦੇ ਐਨ ਵਿਚਕਾਰ ਪਹੁੰਚ ਕੇ ਇੱਕ ਬੂਝੇ ਹੇਠ 5 ਰੁਪਏ ਦਿਖਾਈ ਦਿੱਤੇ ਤਾਂ ਪੈਸਿਆਂ ਨੂੰ ਝਪਟ ਹੀ ਪਿਆ। ਇਉਂ ਲੱਗਿਆ, ਜਿਵੇਂ ਕੋਈ ਵੱਡੀ ਜੰਗ ਜਿੱਤ ਲਈ ਹੋਵੇ। ਖੁਸ਼ੀ ਵਿੱਚ ਕਿਲਕਾਰੀਆਂ ਮਾਰਦਾ ਘਰ ਪਹੁੰਚ ਕੇ ਸਭ ਨੂੰ ਦੱਸਿਆ। ਘਰਵਾਲੇ ਵੀ ਹੈਰਾਨ। ਬਾਪੂ ਨੇ ਕਿਹਾ, “ਤੂੰ ਘੱਟੋ-ਘੱਟ ਮੈਨੂੰ ਤਾਂ ਦੱਸ ਦਿੰਦਾ, ਤੈਨੂੰ ਹੋਰ ਪੈਸੇ ਦੇ ਦਿੰਦਾ।”
ਫਿਰ ਦੂਜੇ ਦਿਨ ਦੇ ਮੇਲੇ ਵਿੱਚ ਇਨ੍ਹਾਂ ਪੰਜ ਰੁਪਇਆਂ ਨਾਲ ਖ਼ੂਬ ਆਨੰਦ ਮਾਣਿਆ। ਉਦੋਂ ਦੇ ਪੰਜ ਰੁਪਏ ਦੀ ਕੀਮਤ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ ਵਿੱਚ ਅਸੀਂ 5-6 ਪੱਤਰਕਾਰ ਇਸੇ ਮੇਲੇ ’ਤੇ ਕਵਰੇਜ ਲਈ ਗਏ ਤਾਂ ਵਾਪਸ ਆਉਂਦਿਆਂ ਨੇ ਥੋੜ੍ਹੀ-ਥੋੜ੍ਹੀ ਘਿਓਰ (ਮਠਿਆਈ) ਖਰੀਦੀ ਜੋ 1500 ਰੁਪਏ ਦੀ ਸੀ।
ਸੰਪਰਕ: 98142-07558