ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੱਡੀ ਜਾਂਦੀ ਏ ਛਲਾਗਾਂ ਮਾਰਦੀ...

ਜੀਪ, ਫੀਏਟ, ਅੰਬੈਸਡਰ, ਮਾਰੂਤੀ-800 ਤੇ ਉਸ ਤੋਂ ਬਾਅਦ ਹੋਰ ਕਿੰਨੀਆਂ ਹੀ ਗੱਡੀਆਂ ਸਮੇਂ-ਸਮੇਂ ਲਈਆਂ; ਮੈਨੂੰ ਲੱਗਦਾ, ਸਾਨੂੰ ਗੱਡੀਆਂ ਹੀ ਇੱਥੇ ਤੱਕ ਲੈ ਕੇ ਆਈਆਂ। ਮੇਰੇ ਪਿਤਾ ਕੋਲ ਪਹਿਲਾਂ-ਪਹਿਲ ਜੀਪ ਹੁੰਦੀ ਸੀ, ਜਿਵੇਂ ਜੁੱਤਿਆਂ ਦੀ ਦੁਨੀਆ ਵਿਚ ਚੱਪਲ ਹੁੰਦੀ ਹੈ; ਥੋੜ੍ਹੀ-ਥੋੜ੍ਹੀ...
Advertisement

ਜੀਪ, ਫੀਏਟ, ਅੰਬੈਸਡਰ, ਮਾਰੂਤੀ-800 ਤੇ ਉਸ ਤੋਂ ਬਾਅਦ ਹੋਰ ਕਿੰਨੀਆਂ ਹੀ ਗੱਡੀਆਂ ਸਮੇਂ-ਸਮੇਂ ਲਈਆਂ; ਮੈਨੂੰ ਲੱਗਦਾ, ਸਾਨੂੰ ਗੱਡੀਆਂ ਹੀ ਇੱਥੇ ਤੱਕ ਲੈ ਕੇ ਆਈਆਂ। ਮੇਰੇ ਪਿਤਾ ਕੋਲ ਪਹਿਲਾਂ-ਪਹਿਲ ਜੀਪ ਹੁੰਦੀ ਸੀ, ਜਿਵੇਂ ਜੁੱਤਿਆਂ ਦੀ ਦੁਨੀਆ ਵਿਚ ਚੱਪਲ ਹੁੰਦੀ ਹੈ; ਥੋੜ੍ਹੀ-ਥੋੜ੍ਹੀ ਢਕੀ ਤੇ ਥੋੜ੍ਹੀ ਅਣਢਕੀ। ਮੈਨੂੰ ਖੜ੍ਹੀ ਗੱਡੀ ਦਾ ਸਟੇਅਰਿੰਗ ਘੁਮਾਉਣ ਅਤੇ ਪੀਂ-ਪੀਂ ਵਜਾਉਣ ਦਾ ਚਾਅ ਹੁੰਦਾ ਸੀ। ਹਾਰਨ ਮਾਰਨ ਨਾਲ ਸਾਡੀਆਂ ਛੋਟੀਆਂ-ਛੋਟੀਆਂ ਦੁੱਖ-ਤਕਲੀਫ਼ਾਂ ਪਾਸੇ ਹੋ ਜਾਂਦੀਆਂ।

ਫਿਰ ਗੱਡੀ ’ਚ ਅੱਗੇ, ਡਰਾਈਵਰ ਸੀਟ ਨਾਲ ਬੈਠਣ ਲਈ ਜ਼ਿੱਦ ਕਰਨੀ। ਮਾਵਾਂ ਕੋਲ ਇਸ ਤਰ੍ਹਾਂ ਦੀਆਂ ਹਿੰਡਾਂ ਦਾ ਤੋੜ ਹੁੰਦਾ ਹੈ। ਮਾਂ ਨੇ ਅੱਗੇ ਬੈਠ ਗੋਦੀ ’ਚ ਬਿਠਾ ਲੈਣਾ। ਹੁਣ ਇੰਨੇ ਵਰ੍ਹਿਆਂ ਬਾਅਦ ਗੁਲ ਚੌਹਾਨ ਦੀ ਕਵਿਤਾ ਪੜ੍ਹੀ ਤਾਂ ਸਮਝ ਗਿਆ ਕਿ ਬੰਦੇ ਦੇ ਅਵਚੇਤਨ ਵਿਚ ਕੀ-ਕੀ ਚੱਲਦਾ ਰਹਿੰਦਾ: ‘ਪਿਛਲੀ ਸੀਟ ’ਤੇ ਬੈਠਦੇ ਹੀ ਬੰਦਾ ਸੰਖੇਪ ਹੋ ਜਾਂਦਾ ਹੈ/ਸਿਮਟ ਜਾਂਦਾ ਸਰਵਜਨਕ ਸਵਾਰੀ ਵਿਚ/ਮੈਨੂੰ ਚੰਗਾ ਲੱਗਦਾ ਹੈ, ਕਾਰ ਵਿਚ ਅਗਲੀ ਸੀਟ ’ਤੇ ਬੈਠਣਾ/ਸਫ਼ਰ ਕਰਨਾ।’

Advertisement

ਫਿਰ ਘਰ ਪੂਰੀਆਂ ਢਕੀਆਂ ਗੱਡੀਆਂ ਆਉਣ ਲੱਗੀਆਂ, ਜਿਸ ਤਰ੍ਹਾਂ ਮਕਾਨ ਬਣਾਉਣ ਤੋਂ ਬਾਅਦ ਦਰਵਾਜ਼ੇ ਲੱਗਦੇ ਨੇ; ਤਰਪਾਲ ਜਿਹੀ ਤੋਂ ਬਾਅਦ ਪੱਕੀਆਂ ਤਾਕੀਆਂ। ਅੰਬੈਸਡਰ, ਫੀਏਟ ਤੇ ਫਿਰ ਮਾਰੂਤੀ-800 ਆਈ। ਪੰਜਵਾਂ ਟਾਇਰ ਵੀ ਬਾਹਰ ਲਟਕਦਾ-ਲਟਕਦਾ ਅੰਦਰ ਆਉਣ ਜੋਗਾ ਹੋ ਗਿਆ।

ਵੱਡਾ ਹੋ ਕੇ ਖ਼ੁਦ ਲੈਣ ਤੋਂ ਬਾਅਦ, ਪਹਿਲਾਂ ਮੈਂ ਬਾਕਾਇਦਾ ਗੱਡੀ ਸਿੱਖੀ। ਇਹ ਮੇਰਾ ਅਕੀਦਾ ਹੈ ਕਿ ਪਹਿਲਾਂ ਸਿੱਖਣਾ ਜ਼ਰੂਰੀ ਹੈ। ਹੱਥਾਂ ਪੈਰਾਂ ਦਾ ਤਾਲਮੇਲ, ਗੇਅਰਾਂ ਦਾ ਤਲਿੱਸਮ ਮੈਨੂੰ ਆਪਣੇ ਵੱਲ ਖਿੱਚਦਾ। ਇਹਦੀ ਅੱਗੇ-ਪਿੱਛੇ ਅੱਗੇ-ਪਿੱਛੇ ਦੀ ਫਿਲਾਸਫੀ ਪ੍ਰਭਾਵਿਤ ਕਰਦੀ। ਅੱਗੇ ਜਾਣ ਲਈ ਪਿਛਾਂਹ ਵੱਲ ਵੀ ਆਉਣਾ ਪੈਂਦਾ। ਟਾਇਰ ਬਦਲਣ ਦੀ ਪ੍ਰਕਿਰਿਆ ਮੈਨੂੰ ਚੰਗੀ ਲੱਗਦੀ। ਖਿਡਾਰੀ ਦੇ ਤੌਰ ’ਤੇ ਇਹਨੂੰ (ਵਾਧੂ ਟਾਇਰ) ਵੀ ਮੌਕਾ ਮਿਲਦਾ ਮੈਦਾਨ ’ਚ ਆਉਣ ਦਾ। ਕੁਝ ਬਦਲਣ ਦਾ ਭਾਵ ਜ਼ਿਹਨ ’ਚ ਆ ਰਿਹਾ। ਬਰਤੋਲਤ ਬ੍ਰੈਖਤ ਦੀ ਕਵਿਤਾ ‘ਪਹੀਆ ਬਦਲਦੇ ਹੋਏ’ ਚੇਤੇ ਆ ਗਈ: ਸੜਕ ਕੰਢੇ ਬੈਠਾ ਹਾਂ/ਡਰਾਈਵਰ ਪਹੀਆ ਬਦਲਦਾ ਏ/ਜਿਸ ਥਾਂ ਤੋਂ ਆਇਆ ਹਾਂ, ਮੈਨੂੰ ਉਹ ਭਾਉਂਦੀ ਨਹੀਂ/ਜਿਸ ਥਾਂ ’ਤੇ ਜਾ ਰਿਹਾਂ, ਮੈਨੂੰ ਭਾਉਂਦੀ ਨਹੀਂ ਉਹ/ਫਿਰ ਉਹਨੂੰ ਮੈਂ ਪਹੀਏ ਬਦਲਦੇ ਨੂੰ/ਏਨੀ ਬੇਸਬਰੀ ਨਾਲ ਕਿਉਂ ਦੇਖਦਾਂ?

ਪੁਰਾਣੀ ਕਾਰ ਲੈਣ ਦੀ ਜ਼ਰੂਰਤ ਆ ਪਈ। ਜਿਹੜੀ ਕਾਰ ਮਨ ਸੀ ਲੈਣ ਦਾ, ਉਹੀ ਕਾਰ ਜ਼ਿਆਦਾ ਦਿਸੇ ਸੜਕ ’ਤੇ।... ਨਵੀਆਂ ਨਾਲੋਂ ਪੁਰਾਣੀਆਂ ਗੱਡੀਆਂ ਲੈਣੀਆਂ ਜ਼ਿਆਦਾ ਔਖੀਆਂ। ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਨੂੰ ਕਿਹਾ ਦੱਸ ਪਾਉਣ ਨੂੰ। ਚੇਤਨਾ ਹੁੰਦੀ ਜੇ ਕਾਰਾਂ ਵਿਚ ਤਾਂ ਹੈਰਾਨ ਹੁੰਦੀਆਂ ਕਿ ਮੀਟਰ ਪਿੱਛੇ ਘੁੰਮ ਗਿਆ। ਚਲੀਆਂ ਗਈਆਂ ਉਹ ਅਤੀਤ ਵਿਚ, ਜਦੋਂ ਉਹ ਜਵਾਨ ਹੁੰਦੀਆਂ ਸੀ। ਮਾਡਲ ਪੜ੍ਹ ਕੇ ਬੰਦਾ ਜ਼ਰੂਰ ਉਸ ਸਮੇਂ ਬਾਰੇ ਸੋਚਦਾ।

ਹੌਲੀ-ਹੌਲੀ ਅਕੇਵੇਂ ’ਚ ਵੱਖ-ਵੱਖ ਥਾਵਾਂ ਦੇ ਨੰਬਰ, ਅੱਖਰਾਂ ਨਾਲ, ਹਿਸਾਬ ਤੇ ਸਾਇੰਸ ਦੇ ਫਾਰਮੂਲੇ ਹੀ ਲੱਗਣ ਜਾਂਦੇ।

ਹੋਰ ਅਗਾਂਹ ਦੇਖਿਆ... ਸੰਸਾਰ ਵਸਦਾ ਚਲਿਆ ਗਿਆ। ਇੱਥੇ ਨਿਲਾਮੀ ਦੀਆਂ ਕਾਰਾਂ ਦੇਖੀਆਂ, ਵਿਆਹ ’ਚ ਆਈਆਂ, ਛੱਡੀਆਂ ਜਾਂ ਛੁੱਟ ਗਈਆਂ ਵੀ ਨਜ਼ਰੀਂ ਪਈਆਂ।

ਚੰਡੀਗੜ੍ਹ ਦੇ ਇਲਾਕੇ ਵਿਚ ਕਿੰਨੇ ਵਿਦਿਆਰਥੀ, ਨੌਜਵਾਨ ਦੇਖੇ ਜੋ ਕੰਪਨੀਆਂ ਦੀਆਂ ਕਾਰਾਂ, ਬਚੇ ਸਮੇਂ ’ਚ ਚਲਾ ਕੇ ਆਪਣੀ ਪੜ੍ਹਾਈ ਦਾ ਖਰਚਾ ਕੱਢਦੇ। ਇੱਥੇ ਪੁਰਾਣੀਆਂ ਕਾਰਾਂ ਵੇਚਣ ਵਾਲੀਆਂ ਵੀ ਕਿੰਨੀਆਂ ਕੰਪਨੀਆਂ ਹਨ। ਨੌਜਵਾਨ ਚਲਾ ਕਿ ਹੀ ਨਹੀਂ, ਕਾਰਾਂ ਦਿਖਾ ਕੇ ਵੀ ਆਪਣਾ ਰੁਜ਼ਗਾਰ ਚਲਾਉਂਦੇ ਹਨ।

ਗੱਡੀਆਂ ਦੇ ਆਇਲ ਫਿਲਟਰ, ਏਅਰ ਫਿਲਟਰ ਇੰਜਣ ਆਦਿ ਹੁਣ ਨੇੜਿਓਂ ਦੇਖੇ ਤਾਂ ਕਾਰਾਂ ਵੀ ਜਿਊਂਦੀ ਜਾਗਦੀ ਸ਼ੈਅ ਹੀ ਜਾਪਦੀਆਂ; ਜੋ ਮਨੁੱਖ ਵਾਂਗ ਸਾਹ ਲੈਂਦੀਆਂ।

ਗੱਡੀ ਕਿੰਨੇ ਸੀਟਿਡ ਹੈ, ਇਸ ਗੱਲ ਵੱਲ ਵੀ ਮੇਰਾ ਧਿਆਨ ਜਾਂਦਾ; ਵੱਧ ਤੋਂ ਵੱਧ ਲੋਕ ਮੇਰੇ ਨਾਲ, ਪਿੱਛੇ ਹੋਣ, ਸ਼ਾਇਦ ਅਵਚੇਤਨ ’ਚ ਇਹ ਭਾਵ ਹੋਣ। ਅੱਜ ਕੱਲ੍ਹ ਦੀ ਮੰਡੀ ਤੁਹਾਨੂੰ ਸ਼ਾਹ ਮਹਿਸੂਸ ਕਰਨ ਲਗਾ ਦਿੰਦੀ ਹੈ। ਕੋਈ ਐਪ ਛੇੜ ਲਵੋ, ਫਿਰ ਤੁਹਾਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ; ਤੁਹਾਨੂੰ ਕੰਪਨੀਆਂ ਦੇ ਫੋਨ ਤੇ ਫੋਨ ਆਉਣ ਲੱਗ ਜਾਂਦੇ।

ਗੱਡੀਆਂ ਦੇ ਮਸਲੇ ਵਿਚ ਅੱਜ ਕੱਲ੍ਹ ਇਕ ਹੀ ਗੱਲ ਸਭ ਤੋਂ ਜ਼ਿਆਦਾ ਦੁਖਦਾਈ ਹੈ, ਉਹ ਹੈ ਐਕਸੀਡੈਂਟ। ਲਾਲ ਪੀਲੀਆਂ ਪਲੇਟਾਂ ਵਾਲੀਆਂ ਛੂੰ-ਛੂੰ&ਨਬਸਪ; ਕਰਦੀਆਂ ਇਹ ਆਪੇ ਤੋਂ ਬਾਹਰ ਹੋਈਆਂ ਫਿਰਦੀਆਂ ਨੇ।

ਮੈਨੂੰ ਸਾਰੇ ਦੇਖ-ਦਖਈਏ ਵਿੱਚੋਂ ਸਭ ਤੋਂ ਲੁਭਾਉਣੀ ਤੇ ਦਿਲਚਸਪ ਗੱਲ ‘ਟੈਸਟ ਡਰਾਈਵ’ ਲੱਗੀ, ਤੁਸੀਂ ਮਨਚਾਹੀਆਂ ਗੱਡੀਆਂ ਚਲਾ ਕੇ ਦੇਖ ਸਕਦੇ ਹੋ। ਕੁਝ ਮਿੰਟ ਮਹਿੰਗੀਆਂ, ਲਗਜ਼ਰੀ ਗੱਡੀਆਂ ਦੀ ਸੰਗਤ ਮਾਣ ਸਕਦੇ ਹੋ।

ਮੈਨੂੰ ਇਸ ਸਾਰੇ ਤੋਰੇ-ਫੇਰੇ ਤੋਂ ਜ਼ਿੰਦਗੀ ਦਾ ਮਨ ਛੂਹਣ ਵਾਲਾ ਫ਼ਲਸਫ਼ਾ ਹਾਸਿਲ ਹੋਇਆ। ਕਵਿਤਾ ‘ਜ਼ਿੰਦਗੀ’ ਆਈ:

ਭੱਜ-ਨੱਠ/ਭਜਾਉਣਾ ਕਿਤੇ ਗੱਡੀ/ਹੌਲੀ ਕਿਤੇ

ਮੋੜਾਂ-ਘੋੜਾਂ ’ਚ ਚਲਾਉਣਾ/ਕਰਦਾਂ ਬੈਕ ਤੇਜ਼ੀ ਨਾਲ

ਦੇਖਦਾਂ, ਬਾਹਰੋਂ ਅੰਦਰੋਂ ਧਿਆਨ ਨਾਲ

ਟੈਸਟ ਡਰਾਈਵ ਇਹ/ਲੈਣੀ ਹੈ ਗੱਡੀ ਅਜੇ ਵਧੀਆ

ਚੱਲਾਂਗੇ, ਲਾਂਗ ਡਰਾਈਵ ’ਤੇ।

ਸੰਪਰਕ: 82838-26876

Advertisement