ਹੰਝੂ ਪੁਰਾਣੇ
ਪਵਨਜੀਤ ਕੌਰ
ਹੁਣੇ ਡਿੱਗਿਆ ਹੈ ਜੋ ਅੱਖਾਂ ਵਿੱਚੋਂ, ਹੰਝੂ ਬੜਾ ਪੁਰਾਣਾ ਹੈ। ਮਨੁੱਖ ਅੰਦਰ ਕਿੰਨੇ ਹੀ ਕਿੱਸਿਆਂ ਤੇ ਯਾਦਾਂ ਦੇ ਅੰਬਾਰ ਲੱਗੇ ਹੋਏ ਹਨ। ਅਸੀਂ ਨਹੀਂ ਜਾਣਦੇ ਕਿ ਸਾਡੇ ਚੇਤਿਆਂ ਵਿੱਚ ਕਦੋਂ, ਕਿਹੜੀ ਯਾਦ ਸੁਰਜੀਤ ਹੋ ਜਾਵੇਗੀ। ਮਨ ਵਿੱਚ ਸਵਾਲ ਉੱਠਦਾ ਹੈ- ਮਨੁੱਖ ਕੀ ਹੈ? ਅੱਗਿਓਂ ਜਵਾਬ ਵੀ ਆਪੇ ਦੇ ਦਿੰਦਾ ਹੈ- ਮਨੁੱਖ ਸਿਮਰਤੀਆਂ ਦਾ ਹੀ ਤਾਂ ਬਣਿਆ ਹੋਇਆ ਹੈ। ਇਹੀ ਸਿਮਰਤੀਆਂ ਉਸ ਦੇ ਜੀਵਨ ਦਾ ਸੰਚਾਲਨ ਕਰਦੀਆਂ ਹਨ। ਕਦੇ ਕਿਸੇ ਦੁਖਦਾਈ ਘਟਨਾ ਨੂੰ ਯਾਦ ਕਰ ਕੇ ਮਨ ਉਦਾਸ ਹੁੰਦਾ ਹੈ, ਕਦੇ ਖ਼ੁਸ਼ਨੁਮਾ ਪਲਾਂ ਨੂੰ ਚੇਤੇ ਕਰਦਾ ਤੇ ਦੂਜਿਆਂ ਨਾਲ ਸਾਂਝਾ ਕਰ ਕੇ ਇੱਕ ਵਾਰ ਫਿਰ ਉਨ੍ਹਾਂ ਪਲਾਂ ਨੂੰ ਜਿਊਂਦਾ ਹੈ। ਇੰਝ ਮਨੁੱਖ ਯਾਦਾਂ ਰੂਪੀ ਰੁੱਖ ਨੂੰ ਸਿੰਜਦਾ ਜੀਵਨ ਪੰਧ ’ਤੇ ਅੱਗੇ ਵਧਦਾ ਰਹਿੰਦਾ ਹੈ।
ਕੁਝ ਯਾਦਾਂ ਸਾਡੇ ਜ਼ਿਹਨ ਵਿੱਚ ਇਉਂ ਜੀਵਤ ਹੋ ਉੱਠਦੀਆਂ ਹਨ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ। ਕਹਿੰਦੇ ਹਨ, ਕੋਈ ਪਿਆਰਾ ਜਦ ਸਾਥੋਂ ਜੁਦਾ ਹੋ ਜਾਂਦਾ ਹੈ, ਫਿਰ ਹੀ ਸਾਨੂੰ ਉਸ ਦੀ ਕਮੀ ਰੜਕਦੀ ਹੈ। ਖਿੜਕੀ ਨਾਲ ਜੁੜੀ ਬਚਪਨ ਦੀ ਇੱਕ ਯਾਦ ਨਾਨਾ-ਨਾਨੀ ਦੇ ਜਹਾਨ ਤੋਂ ਤੁਰ ਜਾਣ ’ਤੇ ਸੁੰਨੇ ਪਏ ਘਰ ਵਿੱਚ ਹਉਕੇ ਭਰਦਿਆਂ ਪੁੱਛ ਰਹੀ ਹੈ, “ਭੁੱਲ ਤਾਂ ਨਹੀਂ ਗਏ ਮੈਨੂੰ? ਇੱਕ ਵਾਰ ਨਗਰ ਕੀਰਤਨ ਆਇਆ ਹੋਇਆ ਸੀ ਤੇ ਤੁਸੀਂ ਖਿੜਕੀ ਵਿੱਚ ਖੜ੍ਹੇ ਸੀ। ਬਾਹਰ ਕਿਸੇ ਨੇ ਖਿੜਕੀ ਥੱਲੇ ਪਟਾਕਾ ਚਲਾ ਦਿੱਤਾ ਤੇ ਕਿਵੇਂ ਡਰ ਕੇ ਪਿੱਛੇ ਡਿੱਗ ਪਏ ਸੀ? ਚੇਤੇ ਹੈ ਕਿ ਭੁੱਲ ਗਏ?” ਨਾਨਕੇ ਘਰ ਦੀ ਮੁੱਖ ਸੜਕ ਵੱਲ ਖੁੱਲ੍ਹਦੀ ਉਸ ਖਿੜਕੀ ਨੂੰ ਦੇਖਦਿਆਂ ਹੀ ਮੈਂ ਬਚਪਨ ਦੇ ਉਨ੍ਹਾਂ ਪਲਾਂ ਵਿੱਚ ਚਲੀ ਗਈ ਜਿੱਥੇ ਖੜ੍ਹ ਕੇ ਮੈਂ ਤੇ ਮੇਰਾ ਭਰਾ ਸੜਕ ’ਤੇ ਆਉਂਦੇ-ਜਾਂਦੇ ਰਾਹਗੀਰਾਂ, ਮੱਝਾਂ-ਗਾਵਾਂ ਨੂੰ ਨਹਾਉਣ ਲਿਜਾਂਦੇ ਤੇ ਪਰਤਦੇ ਪਾਲ਼ੀਆਂ ਤੇ ਬੱਕਰੀਆਂ ਨੂੰ ਦੇਖਦੇ ਰਹਿੰਦੇ। ਨਾ ਗਰਮੀ-ਸਰਦੀ ਦੀ ਫ਼ਿਕਰ, ਨਾ ਭੁੱਖ-ਪਿਆਸ ਦੀ ਖ਼ਬਰ, ਬਸ ਖਿੜਕੀ ਵਿੱਚ ਖੜ੍ਹਨ ਦਾ ਹੀ ਚਾਅ ਹੁੰਦਾ ਸੀ।
ਖਿੜਕੀ ਦੂਹਰੀ ਕੰਧ ਵਿੱਚ ਬਣੀ ਹੋਣ ਕਰ ਕੇ ਖੜ੍ਹਨ ਲਈ ਥਾਂ ’ਤੇ ਅਸੀਂ ਝੱਟ ਖੜ੍ਹ ਜਾਂਦੇ। ਸਾਡੇ ਆਉਣ ਦੀ ਖ਼ਬਰ ਮਿਲਣ ’ਤੇ ਨਾਨਾ-ਨਾਨੀ ਨੇ ਖਿੜਕੀ ਵਿੱਚ ਖੜ੍ਹੇ ਹੋ ਸਾਨੂੰ ਉਡੀਕਣਾ। ਕਈ ਵਾਰ ਨਾਨੀ ਨੇ ਖਿੜਕੀ ਕੋਲ ਕਿਸੇ ਕਾਰ ਦੀ ਬਿੜਕ ਆਉਣ ’ਤੇ ਖਿੜਕੀ ਖੋਲ੍ਹ ਕੇ ਦੇਖਣਾ ਤਾਂ ਸਭ ਦੇ ਚਿਹਰੇ ’ਤੇ ਮੁਸਕਰਾਹਟ ਛਾ ਜਾਂਦੀ। ਅਸੀਂ ਅੰਦਰ ਵੜਨ ਸਾਰ ਪਹਿਲਾਂ ਖਿੜਕੀ ਵਿੱਚ ਖੜ੍ਹਨਾ। ਨਾਨਾ-ਨਾਨੀ ਨੇ ਪਿਆਰ ਨਾਲ ਖਿੱਚ ਕੇ ਆਪਣੇ ਨਾਲ ਮੰਜੇ ’ਤੇ ਬਿਠਾ ਲੈਣਾ। ਨਾਨੀ ਨੇ ਕਹਿਣਾ, “ਇਹ ਤਾਂ ਆਉਂਦੇ ਹੀ ਖਿੜਕੀ ਵਿੱਚ ਖੜ੍ਹ ਜਾਂਦੇ ਆ। ਲਓ ਖਾ-ਪੀ ਲਵੋ ਕੁਝ।” ਨਾਨੀ ਨੇ ਸਾਡੇ ਲਈ ਰੱਖੀ ਛੋਟੀ ਜਿਹੀ ਕੌਲੀ ਵਿੱਚ ਪਕੌੜੀਆਂ ਪਾ ਸਾਨੂੰ ਫੜਾ ਕੇ ਸਾਡੇ ਨਾਲ ਗੱਲਾਂ ਕਰਨ ਲੱਗ ਜਾਣਾ। ਸਾਲ ਬੀਤ ਗਏ, ਉਹ ਖਿੜਕੀ ਅੱਜ ਵੀ ਪਹਿਲਾਂ ਵਾਂਗ ਹੀ ਆਪਣੀ ਥਾਂ ਮੌਜੂਦ ਹੈ ਅਤੇ ਅਸੀਂ ਫ਼ਰਸ਼ ’ਤੇ ਖੜ੍ਹ ਕੇ ਖਿੜਕੀ ਤੋਂ ਵੀ ਲੰਮੇ ਹੋ ਗਏ ਪਰ ਹੁਣ ਕੋਈ ਪਿੱਛੋਂ ਆਵਾਜ਼ ਦੇਣ ਵਾਲਾ ਨਹੀਂ...।
ਕਈ ਵਾਰ ਇੰਝ ਵੀ ਹੁੰਦਾ ਹੈ, ਤੁਸੀਂ ਕਿਸੇ ਅਜਨਬੀ ਨੂੰ ਦੇਖਦੇ ਹੋ ਤੇ ਉਸ ਨੂੰ ਦੇਖ ਕੇ ਤੁਹਾਨੂੰ ਆਪਣੇ ਕਿਸੇ ਵਿਛੜੇ ਪਿਆਰੇ ਦੀ ਯਾਦ ਆ ਘੇਰਦੀ ਹੈ। ਤੁਹਾਡਾ ਦਿਲ ਖਿੜ ਉੱਠਦਾ ਹੈ ਅਤੇ ਚਿੱਤ ਕਰਦਾ ਹੈ ਕਿ ਉਸ ਪਿਆਰੇ ਨਾਲ ਗੱਲਾਂ ਕਰੀਏ ਤੇ ਉਸ ਨੂੰ ਦੱਸੀਏ ਕਿ ਕੱਲ੍ਹ ਮੈਨੂੰ ਤੁਹਾਡੇ ਚਿਹਰੇ ਵਰਗੇ ਚਿਹਰੇ ਵਾਲਾ ਸ਼ਖ਼ਸ ਮਿਲਿਆ ਜਿਸ ਨੇ ਤੁਹਾਡੇ ਵਾਂਗ ਹੀ ਕੰਨਾਂ ਪਿੱਛੇ ਕਰ ਕੇ ਸਿਰ ’ਤੇ ਚੁੰਨੀ ਲਈ ਹੋਈ ਸੀ, ਓਹੀ ਗੋਰਾ ਰੰਗ, ਲੰਮਾ ਨੱਕ, ਹੱਸਦਾ ਚਿਹਰਾ। ਜਦ ਸੁਰਤ ਵਰਤਮਾਨ ਵਿੱਚ ਪਰਤਦੀ ਹੈ ਤਾਂ ਸੋਚਦੇ ਹਾਂ- ਕਿੱਥੋਂ ਲੱਭੀਏ ਤੇ ਕਿਵੇਂ ਦੱਸੀਏ ਪਿਆਰੇ ਨੂੰ ਕਿ ਤੁਹਾਡੇ ਨਾਲ ਗੱਲਾਂ ਕਰਨ ਨੂੰ ਕਿੰਨਾ ਦਿਲ ਕਰਦਾ ਹੈ!
ਮਸ਼ਹੂਰ ਫਿਲਮ ਅਦਾਕਾਰ ਸੁਨੀਲ ਦੱਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, “ਮੈਨੂੰ ਲੱਗਦਾ ਸੀ ਕਿ ਨਰਗਿਸ (ਪਤਨੀ) ਦੀ ਮੌਤ ਤੋਂ ਬਾਅਦ ਮੈਂ ਵੀ ਮਰ ਜਾਵਾਂਗਾ, ਪਰ ਏਦਾਂ ਦਾ ਕੁਝ ਵੀ ਨਹੀਂ ਹੋਇਆ... ਮੈਂ ਅੱਜ ਵੀ ਜੀਅ ਰਿਹਾਂ।” ਇਸ ਤਰ੍ਹਾਂ ਕੋਈ ਕਿਸੇ ਨਾਲ ਨਹੀਂ ਮਰਦਾ। ਇਹ ਸਚਾਈ ਹੈ। ਹਰ ਕਿਸੇ ਨੇ ਆਪਣੇ ਜੀਵਨ ਵਿੱਚ ਆਪਣੇ ਪਿਆਰਿਆਂ ਨੂੰ ਵਿਛੜਦੇ ਦੇਖਿਆ ਹੈ। ਗਹਿਰੇ ਦੁੱਖ ਤੇ ਸਦਮੇ ਕਰ ਕੇ ਸਾਨੂੰ ਲੱਗਦਾ ਹੈ ਕਿ ਪਿਆਰੇ ਬਿਨਾਂ ਅਸੀਂ ਮਰ ਜਾਵਾਂਗੇ, ਪਿਆਰੇ ਬਿਨਾਂ ਸਾਡਾ ਜਿਊਣਾ ਵਿਅਰਥ ਹੈ। ਬੰਦੇ ਨੂੰ ਆਪਣਾ ਜੀਵਨ ਬੋਝ ਲੱਗਣ ਲੱਗਦਾ ਹੈ ਪਰ ਜਿਵੇਂ-ਜਿਵੇਂ ਦਿਨ ਬੀਤਦੇ ਹਨ, ਬੰਦਾ ਉਸ ਦੁੱਖ ਵਿੱਚੋਂ ਆਪਣੇ-ਆਪ ਨੂੰ ਬਾਹਰ ਕੱਢ ਲੈਂਦਾ ਹੈ। ਪਿਆਰੇ ਦੀ ਯਾਦ ਸਦਾ ਉਸ ਦੇ ਜ਼ਿਹਨ ਵਿੱਚ ਵਸ ਜਾਂਦੀ ਹੈ ਤੇ ਉਸ ਦੇ ਰੋਜ਼ਮੱਰਾ ਕੰਮ ਪਹਿਲਾਂ ਵਾਂਗ ਹੋਣ ਲੱਗਦੇ ਹਨ। ਜੀਵਨ ਆਪਣੀ ਮਸਤ ਚਾਲ ਚਲਦਾ ਰਹਿੰਦਾ ਹੈ।...
ਸੰਪਰਕ: pawanjeetk70@gmail.com