ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਧਿਆਪਕ ਦਿਵਸ: ਅਸਾਵਾਂਪਣ ਕਿਉਂ?

ਸਾਲ ਦੇ 365 ਦਿਨਾਂ ਵਿੱਚ 5 ਸਤੰਬਰ ਦਾ ਦਿਨ ਅਧਿਆਪਨ ਕਾਰਜ ਵਿੱਚ ਜੁਟੇ ਅਧਿਆਪਕ ਲਈ ਵਿਸ਼ੇਸ਼ ਬਣਾਉਣ ਲਈ ਅਧਿਆਪਕ ਨੂੰ ਸਭ ਤੋਂ ਪਹਿਲਾਂ ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕਾਂ ਦੇ ਨਾਂ...
Advertisement

ਸਾਲ ਦੇ 365 ਦਿਨਾਂ ਵਿੱਚ 5 ਸਤੰਬਰ ਦਾ ਦਿਨ ਅਧਿਆਪਨ ਕਾਰਜ ਵਿੱਚ ਜੁਟੇ ਅਧਿਆਪਕ ਲਈ ਵਿਸ਼ੇਸ਼ ਬਣਾਉਣ ਲਈ ਅਧਿਆਪਕ ਨੂੰ ਸਭ ਤੋਂ ਪਹਿਲਾਂ ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਅਧਿਆਪਕਾਂ ਦੇ ਨਾਂ ਕਰ ਦਿੱਤਾ ਸੀ। ਯਾਦ ਕਰੀਏ, ਮੁਲਕ ਦੇ ਦੂਜੇ ਰਾਸ਼ਟਰਪਤੀ ਸਰਵਪਲੀ ਰਾਧਾ ਕ੍ਰਿਸ਼ਨਨ ਆਪ ਸਫਲ ਅਧਿਆਪਕ ਸਨ। 1962 ਤੋਂ 5 ਸਤੰਬਰ ਮੁਲਕ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸਮਾਜ ਅਧਿਆਪਕ ਨੂੰ ਸ਼ੁਭ ਕਾਮਨਾਵਾਂ ਦਿੰਦਾ ਹੈ। ਮੁਲਕ ਵਿੱਚ ਅਧਿਆਪਨ ਦੀ ਪਰੰਪਰਾ ਗੁਰੂਕੁਲ ਪ੍ਰਣਾਲੀ, ਦੂਰ ਪਿੱਛੇ ਤੱਕ ਦੇਖੀ ਜਾ ਸਕਦੀ ਹੈ। ਅਧਿਆਪਨ ਰਾਹੀਂ ਮਨੁੱਖੀ ਗਿਆਨ ਦਾ ਵਿਦਿਆਰਥੀਆਂ ਅੰਦਰ ਸੰਚਾਰ ਕੀਤਾ ਜਾਂਦਾ ਹੈ। ਵਿਦਿਆਰਥੀਆਂ ਵਿੱਚ ਅਨੁਸ਼ਾਸਨੀ, ਮਾਨਵੀ ਅਤੇ ਸਮਾਜੀ ਗੁਣ ਵੀ ਪੈਦਾ ਕੀਤੇ ਜਾਂਦੇ ਹਨ। ਭਾਰਤ ਵਿੱਚ ਅਜਿਹਾ ਵੀ ਦੌਰ ਰਿਹਾ ਹੈ ਜਦੋਂ ਸਮਾਜ ਦੇ ਇੱਕ ਵਿਸ਼ੇਸ਼ ਹਿੱਸੇ ਲਈ ਪੜ੍ਹਨਾ ਪੜ੍ਹਾਉਣਾ ਰਾਖਵਾਂ ਸੀ। ਬਾਕੀਆਂ ਲਈ ਵਰਜਿਤ ਸੀ। ਗਿਆਨ ਵਾਹਕ ਉਦੋਂ ਵੀ ਅਧਿਆਪਕ ਹੀ ਸੀ। ਅੱਜ ਸਮੁੱਚੇ ਸਮਾਜ ਵੱਲੋਂ ਸਨਮਾਨਤ ਹੋ ਰਹੇ ਅਧਿਆਪਕ ਨੂੰ ਆਪਣੀ ਪਰੰਪਰਾ ਦੇ ਉਸ ਦੌਰ ਲਈ ਵੀ ਪਛਤਾਵਾ ਕਰਨਾ ਚਾਹੀਦਾ ਹੈ। ਇਸ ਸੱਚ ਨਾਲ ਅਸਹਿਮਤ ਅਧਿਆਪਕ ਨੂੰ ਮਨੂ ਸਿਮਰਿਤੀ ਪੜ੍ਹ ਲੈਣੀ ਚਾਹੀਦੀ ਹੈ।

ਅਧਿਆਪਕ ਲਈ ਅੱਜ ਦਾ ਦਿਨ ਸਮਾਜ ਵੱਲੋਂ ਵਧਾਈਆਂ ਲੈਣ ਦਾ ਹੀ ਦਿਨ ਨਹੀਂ, ਨਾ ਹੀ ਇਸ ਦਿਨ ਦੀ ਮਹੱਤਤਾ ਅਧਿਆਪਕ ਨੂੰ ਲੱਖ-ਲੱਖ ਵਧਾਈ ਦੇਣ ਤੱਕ ਸੀਮਤ ਰੱਖਣੀ ਚਾਹੀਦੀ ਹੈ। ਪਹਿਲਾ ਨੁਕਤਾ ਅਧਿਆਪਕ ਨੂੰ ਬੈਠ ਕੇ ਸੋਚਣ ਵੱਲ ਇਸ਼ਾਰਾ ਕਰਦਾ ਹੈ। ਅੱਜ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚੋਂ ਕੀ ਕਿਰ ਰਿਹਾ ਹੈ ਕਿ ਅਧਿਆਪਕ ਨੂੰ ਵਿਦਿਆਰਥੀ ਉਸ ਸ਼ਰਧਾ ਨਾਲ ਨਹੀਂ ਦੇਖਦਾ ਜਿਹੜੀ ਕਿਸੇ ਸਮੇਂ ਅਧਿਆਪਕ ਲਈ ਆਪ ਮੁਹਾਰਾ ਸੀ? ਇਸ ਦਾ ਸਮੁੱਚਾ ਕਾਰਨ ਭਾਵੇਂ ਅਧਿਆਪਕ ਨਹੀਂ, ਪਰ ਵੱਡਾ ਕਾਰਨ ਅਧਿਆਪਕ ਹੈ। ਲੱਗਦਾ ਹੈ, ਅੱਜ ਵਿਦਿਆਰਥੀ ਅਧਿਆਪਕ ਕੋਲੋਂ ਵੱਧ ਭਾਲਦਾ ਹੈ। ਅਧਿਆਪਕ ਜੇ ਉਹੀ ਕੁਝ ਪਰੋਸ ਰਿਹਾ ਹੈ ਜਿਹੜਾ ਵਿਦਿਆਰਥੀ ਯੂਟਿਊਬ ਉੱਤੇ ਪਹਿਲਾਂ ਹੀ ਦੇਖ ਜਾਣ ਚੁੱਕਾ ਹੈ ਤਾਂ ਲੋੜ ਹੈ ਉਸੇ ਗਿਆਨ ਨੂੰ ਨਵੀਂ ਦਿਸ਼ਾ ਤੋਂ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਜਾਵੇ। ਅਧਿਆਪਕ ਦੇ ਰਹਿਣ-ਸਹਿਣ, ਬਾਕੀ ਅਧਿਆਪਕਾਂ ਨਾਲ ਸਬੰਧ, ਸੰਸਥਾ ਨਾਲ ਉਸ ਦਾ ਮੋਹ, ਵਿਦਿਆਰਥੀ ਦੇ ਘਰੇਲੂ ਹਾਲਾਤ, ਉਨ੍ਹਾਂ ਹਾਲਾਤ ਪ੍ਰਤੀ ਅਧਿਆਪਕ ਦੀ ਸੰਵੇਦਨਸ਼ੀਲਤਾ ਆਦਿ ਇਹ ਸਾਰਾ ਕੁਝ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਹੋਰ ਸਾਰੇ ਮਨੁੱਖੀ ਰਿਸ਼ਤਿਆਂ ਤੋਂ ਵੱਖਰਾ ਬਣਾ ਦਿੰਦਾ ਹੈ।

Advertisement

ਹੁਣ ਅਧਿਆਪਕ ਨੂੰ ਵਧਾਈ ਦੇਣ ਵਾਲਿਆਂ ਵੱਲ ਆਉਂਦੇ ਹਾਂ। ਵਿਦਿਆਰਥੀ ਅਤੇ ਆਮ ਜਨਤਾ ਤੋਂ ਹਟ ਕੇ ਇਨ੍ਹਾਂ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਕੇਂਦਰੀ ਅਤੇ ਸੂਬਾਈ ਸਿੱਖਿਆ ਮੰਤਰੀਆਂ ਨੂੰ ਪੁੱਛਣਾ ਬਣਦਾ ਹੈ ਕਿ ਉਹ ਜਦੋਂ ਅਧਿਆਪਕ ਦਿਵਸ ਉੱਤੇ ਅਧਿਆਪਕ ਨੂੰ ਵਧਾਈ ਦਿੰਦੇ ਹਨ ਤਾਂ ਕੀ ਉਹ ਉਸ ਅਧਿਆਪਕ ਨੂੰ ਵੀ ਵਧਾਈ ਦਿੰਦੇ ਹਨ ਜਿਹੜਾ ਪੰਜ, ਸੱਤ, ਦਸ ਹਜ਼ਾਰ ਤਨਖਾਹ ਲੈ ਕੇ ਕਈ ਥਾਈਂ ਸਰਕਾਰੀ ਅਧਿਆਪਕ ਤੋਂ ਵੀ ਵੱਧ ਕੰਮ ਕਰਦਾ ਹੈ ਤੇ ਜਿਸ ਦੀ ਨੌਕਰੀ ਵੀ ਸੁਰੱਖਿਅਤ ਨਹੀਂ; ਜਿਸ ਦਾ ਕੋਈ ਅਜਿਹਾ ਫੰਡ ਨਹੀਂ ਕੱਟਦਾ ਜਿਸ ’ਚ ਸਰਕਾਰ ਬਰਾਬਰ ਰਾਸ਼ੀ ਪਾਉਂਦੀ ਹੈ; ਜਿਸ ਉੱਤੇ ਕੋਈ ਪੈਨਸ਼ਨ ਸਕੀਮ ਲਾਗੂ ਨਹੀਂ ਹੈ।

ਕਹਿਣ ਦਾ ਭਾਵ, ਜੇ ਉਪਰੋਕਤ ਹਸਤੀਆਂ ਇਨ੍ਹਾਂ ਪ੍ਰਾਈਵੇਟ ਅਧਿਆਪਕਾਂ ਨੂੰ ਬਾਹਰ ਰੱਖ ਕੇ ਅਧਿਆਪਕ ਵਰਗ ਨੂੰ ਵਧਾਈ ਦਿੰਦੀਆਂ ਹਨ ਤਾਂ ਵੀ ਠੀਕ ਨਹੀਂ ਅਤੇ ਜੇ ਇਨ੍ਹਾਂ ਅਧਿਆਪਕਾਂ ਨੂੰ ਬਰਾਬਰ ਵਧਾਈ ਦਿੰਦੇ ਹੋ ਤਾਂ ਇਹ ਨਿਰਾ ਦੰਭ ਹੈ। ਅਗਲੇ ਅਧਿਆਪਕ ਦਿਵਸ ਤੱਕ ਇਹਨੂੰ ਸੁਧਾਰ ਲਿਆ ਜਾਵੇ। ਇਹ ਸੁਧਾਰ ਇਸ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਨੇ ਗਿੱਗ ਵਰਕਰ ਅਤੇ ਪਲੈਟਫਾਰਮ ਵਰਕਰਜ਼ (ਕੁਲੀ ਆਦਿ) ਨੂੰ ਵੀ ਸਮਾਜਿਕ ਸੁਰੱਖਿਆ ਸਕੀਮਾਂ ਵਿੱਚ ਸ਼ਾਮਿਲ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਨ੍ਹਾਂ ਸਕੀਮਾਂ ਵਿੱਚ ਦੁਰਘਟਨਾ ਬੀਮਾ, ਛੁੱਟੀਆਂ, ਜਣੇਪਾ ਛੁੱਟੀ, ਪੈਨਸ਼ਨ ਆਦਿ ਸ਼ਾਮਿਲ ਹਨ। ਸੁਝਾਅ ਇਹ ਹੈ ਕਿ ਇਸ ਵਿੱਚ ਨੌਕਰੀ ਦੀ ਸੁਰੱਖਿਆ ਵੀ ਸ਼ਾਮਿਲ ਕਰਨੀ ਚਾਹੀਦੀ ਹੈ। ਇਨ੍ਹਾਂ ਪ੍ਰਾਈਵੇਟ ਅਧਿਆਪਕਾਂ ਵਿੱਚ ਅਨਏਡਿਡ ਅਤੇ ਏਡਿਡ ਸਕੂਲ (ਕਿਉਂਕਿ ਹੁਣ ਏਡਿਡ ਸਕੂਲ ਵੀ ਅਨਏਡਿਡ ਸਕੂਲਾਂ ਵਰਗੇ ਹੋ ਗਏ ਹਨ) ਅਧਿਆਪਕ ਸ਼ਾਮਿਲ ਕਰਨੇ ਚਾਹੀਦੇ ਹਨ। UDISE 2024-25 ਦੀ ਰਿਪੋਰਟ ਅਨੁਸਾਰ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੀ ਗਿਣਤੀ 7601 ਹੈ ਅਤੇ ਇਨ੍ਹਾਂ ਵਿੱਚ ਦਾਖਲਾ 30.63 ਲੱਖ ਵਿਦਿਆਰਥੀ ਦਾਖਲ ਹੋਏ ਹਨ। ਦੂਜੇ ਪਾਸੇ, ਸਰਕਾਰੀ ਸਕੂਲਾਂ ਦੀ ਗਿਣਤੀ 19243 ਹੈ ਅਤੇ ਇਨ੍ਹਾਂ ਵਿੱਚ 26.69 ਲੱਖ ਵਿਦਿਆਰਥੀ ਦਾਖਲ ਹੋਏ ਹਨ। ਕੇਂਦਰ ਸਰਕਾਰ ਨੇ ਗਿੱਗ ਵਰਕਰ ਅਤੇ ਪਲੈਟਫਾਰਮ ਵਰਕਰਜ਼ (ਕੁਲੀ ਆਦਿ) ਨੂੰ ਸਮਾਜਿਕ ਸੁਰੱਖਿਆ ਸਕੀਮਾਂ ’ਚ ਸ਼ਾਮਿਲ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ, ਉਸ ਨੇ ਇਸ ਸਬੰਧ ’ਚ ਰਜਿਸਟ੍ਰੇਸ਼ਨ ਕਰਵਾਉਣ ਲਈ ਈ-ਸ਼੍ਰਮ ਪੋਰਟਲ ਖੋਲ੍ਹਿਆ ਹੈ। ਅਧਿਆਪਕ ਦਿਵਸ ’ਤੇ ਅਧਿਆਪਕਾਂ ਨੂੰ ਵਧਾਈਆਂ ਦੇਣ ਵਾਲੀਆਂ ਸਰਕਾਰੀ ਹਸਤੀਆਂ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਹਨ।

ਕੋਈ ਮੰਨੇ ਜਾਂ ਨਾ ਮੰਨੇ, ਕੌਮ ਦਾ ਨਿਰਮਾਤਾ ਅਧਿਆਪਕ ਨੇ ਹੀ ਰਹਿਣਾ ਹੈ। ਕੌਮ ਦਾ ਨਿਰਮਾਣ ਗਿਆਨ ਦੇ ਪ੍ਰਸਾਰ ਨਾਲ ਹੁੰਦਾ ਹੈ। ਬਹੁਤ ਸਾਰੇ ਪ੍ਰਸ਼ਨ ਹਨ ਜੋ ਹਰ ਅਧਿਆਪਕ ਦਿਵਸ ਸਾਥੋਂ ਸਾਰਿਆਂ ਤੋਂ ਉੱਤਰ ਮੰਗਦੇ ਹਨ। ਗੱਲ ਪੰਜਾਬ ਤੱਕ ਸੀਮਤ ਰੱਖ ਕੇ ਕਰਨੀ ਹੋਵੇ ਤਾਂ ਪਹਿਲਾ ਪ੍ਰਸ਼ਨ ਹੈ ਕਿ ਸਾਡਾ ਵਿਦਿਆਰਥੀ ਬਾਹਰ ਕਿਉਂ ਜਾ ਰਿਹਾ ਹੈ? ਪ੍ਰਸ਼ਨ ਦਾ ਉੱਤਰ ਇਕੱਲਾ ਸਿੱਖਿਆ ਨਾਲ ਸਬੰਧਤ ਨਹੀਂ; ਰੁਜ਼ਗਾਰ ਦੀ ਕਮੀ, ਨਸਿ਼ਆਂ ਦੀ ਮਾਰ, ਸਿੱਖਿਆ ਦਾ ਮਿਆਰ ਆਦਿ ਅਨੇਕ ਕਾਰਨ ਹਨ, ਪਰ ਸਿੱਖਿਆ ਦਾ ਮਿਆਰ ਤਾਂ ਪ੍ਰਸ਼ਨ ਦੇ ਘੇਰੇ ਤੋਂ ਉੱਪਰ ਰਹਿਣਾ ਚਾਹੀਦਾ ਸੀ। ਦੂਜਾ, ਬਰਾਬਰ ਦਾ ਪ੍ਰਸ਼ਨ ਹੈ ਕਿ ਸਿੱਖਿਆ ਢਾਂਚਾ ਬਹੁਰੰਗੀ ਕਿਉਂ ਹੈ? ਜੇ ਮੁਲਕ ਦੇ ਸੰਵਿਧਾਨ ਵਿੱਚ, ਲਾਜ਼ਮੀ ਸਿੱਖਿਆ ਐਕਟ ਵਿੱਚ, ਸਿੱਖਿਆ ਨੀਤੀ-2020 ਵਿੱਚ ਸਭ ਲਈ ਮਿਆਰੀ ਅਤੇ ਸਮਾਨ ਸਿੱਖਿਆ ਦੇ ਮੌਕੇ ਦੇਣੇ ਹਨ ਤਾਂ ਸਰਕਾਰ ਆਪ ਹੀ ਵੰਨ-ਸਵੰਨੇ ਸਿੱਖਿਆ ਢਾਂਚੇ ਕਿਉਂ ਬਣਾ ਰਹੀ ਹੈ?

ਅਧਿਆਪਕ ਦਿਵਸ ਮੌਕੇ ਸੋਚਣਾ ਬਣਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਪਿਛਲੇ ਸਾਲ 59,88,681 ਵਿਦਿਆਰਥੀ ਸਨ ਜੋ ਇਸ ਸਾਲ 80,000 ਘਟ ਕੇ 59.8 ਲੱਖ ਰਹਿ ਗਏ ਹਨ। ਇਸੇ ਤਰ੍ਹਾਂ ਪ੍ਰਾਇਮਰੀ ਵਿੱਚ ਪਿਛਲੇ ਸਾਲ ਦੇ 28.23 ਲੱਖ ਤੋਂ ਘਟ ਕੇ ਦਾਖਲਾ 26.59 ਲੱਖ ਰਹਿ ਗਿਆ ਹੈ। ਪ੍ਰਾਈਵੇਟ ਸਕੂਲਾਂ ’ਚ 29.81 ਤੋਂ ਵਧ ਕੇ ਇਸ ਵਰ੍ਹੇ 30.63 ਲੱਖ ਹੋ ਗਿਆ। ਇਸ ਬਾਰੇ ਸਰਕਾਰ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸੋਚਣਾ ਬਣਦਾ ਹੈ।

ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ’ਚ ਕਿਧਰੇ ਹੀ ਕਮੀ ਹੋਵੇਗੀ! ਸਕੂਲ ਤੇ ਕਲਾਸਰੂਮ ਸਮਾਰਟ ਹੋ ਗਏ ਹਨ। ਲੋੜ ਹੈ- ਸਰਕਾਰ, ਵਿਭਾਗ ਪੜ੍ਹਾਈ ਦੇ ਟਾਈਮ ਟੇਬਲ ’ਚ ਰੋਜ਼ਾਨਾ ਦੀ ਦਖਲ ਅੰਦਾਜ਼ੀ ਬੰਦ ਕਰੇ। ਪਹਿਲਾਂ ‘ਪੜ੍ਹੋ ਪੰਜਾਬ’ ਨੇ ਸਭ ਕੁਝ ਗੜਬੜ ਕਰ ਰੱਖਿਆ, ਹੁਣ ਮਿਸ਼ਨ ਸਮਰੱਥ ਰਾਹੀਂ ਉਹੀ ਕੁਝ ਕੀਤਾ ਜਾ ਰਿਹਾ ਹੈ। ਜੇ ਬਰੀਕੀ ਨਾਲ ਪਿੰਡ-ਪਿੰਡ ਦਾ ਸਰਵੇਖਣ ਕੀਤਾ ਜਾਵੇ ਤਾਂ ਹਾਲਾਤ ਵਧੇਰੇ ਵਿਗੜ ਚੁੱਕੇ ਹਨ। ਅਧਿਆਪਕ ਨੂੰ ਉਸ ਦੀ ਸਮਰੱਥਾ ਅਨੁਸਾਰ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ। ਕਿਧਰੇ ਅਧਿਆਪਕ ਵਾਧੂ ਹਨ, ਵਿਦਿਆਰਥੀ ਨਹੀਂ ਹਨ। ਕਿਧਰੇ ਵਿਦਿਆਰਥੀ ਵਾਧੂ ਹਨ, ਅਧਿਆਪਕ ਨਹੀਂ ਹਨ।

ਸਟੇਟ ਅਤੇ ਕੌਮੀ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕ ਭੈਣ ਭਰਾਵਾਂ ਨੂੰ ਵਧਾਈ ਦੇਣੀ ਬਣਦੀ ਹੈ। ਸਕੂਲਾਂ ਵਿੱਚ ਪੜ੍ਹਾ ਰਹੇ ਅਤੇ ਅੱਜ ਦੇ ਐਵਾਰਡੀਆਂ, ਸਰਕਾਰ ਅਤੇ ਸਿੱਖਿਆ ਮਾਹਿਰਾਂ ਨੂੰ ਸੋਚਣਾ ਬਣਦਾ ਹੈ ਕਿ ਸਰਕਾਰੀ ਸਿੱਖਿਆ ਢਾਂਚੇ ਨੂੰ ਇੰਨਾ ਸੋਹਣਾ ਅਤੇ ਮਿਆਰੀ ਕਿਵੇਂ ਬਣਾਈਏ ਕਿ ਉਹ ਨਾਮੀ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਨ ਅਤੇ ਸਰਕਾਰੀ ਅਧਿਆਪਕਾਂ ਦਾ ਆਪਣੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਉਣ ਨੂੰ ਦਿਲ ਕਰਨ ਲੱਗ ਜਾਵੇ। ਜਿਸ ਦਿਨ ਸਰਕਾਰੀ ਸਕੂਲਾਂ ਵਿੱਚ ਅਚਨਚੇਤ ਛੁੱਟੀ ਦੇ ਐਲਾਨ ਉੱਤੇ ਅਧਿਆਪਕ ਅਤੇ ਵਿਦਿਆਰਥੀ ਖ਼ੁਸ਼ ਹੋਣ ਦੀ ਥਾਂ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਲਈ ਦੁਖੀ ਹੋਣਾ ਸ਼ੁਰੂ ਹੋ ਜਾਣਗੇ, ਉਸ ਦਿਨ ਸਮਝੋ, ਸਿੱਖਿਆ ਮਿਆਰੀ ਹੋਣ ਵੱਲ ਚੱਲ ਪਈ ਹੈ। ਕਾਸ਼! ਇਹ ਦਿਨ ਜਲਦੀ ਆਵੇ।

ਸੰਪਰਕ: 94176-52947

Advertisement
Show comments