DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਧਿਆਪਕ ਦੀ ਚਿੰਤਾ

ਜਦੋਂ ਮੈਂ ਚੌਥੀ ਜਮਾਤ ਵਿੱਚ ਹੋਇਆ ਤਾਂ ਸਾਡੇ ਅਧਿਆਪਕ ਪ੍ਰੀਤਮ ਸਿੰਘ ਟੋਡਰਮਾਜਰਾ ਜੀ ਬਦਲ ਗਏ ਅਤੇ ਉਨ੍ਹਾਂ ਦੀ ਥਾਂ ਖੁਸ਼ਹਾਲ ਸਿੰਘ ਰਾਏਪੁਰ ਜੀ ਆ ਗਏ। ਖੁਸ਼ਹਾਲ ਸਿੰਘ ਜੀ ਚੌਥੀ ਅਤੇ ਪੰਜਵੀਂ ਜਮਾਤ ਨੂੰ ਪੜ੍ਹਾਉਂਦੇ ਸਨ ਅਤੇ ਪ੍ਰੀਤਮ ਸਿੰਘ ਭਬਾਤ ਜੀ...

  • fb
  • twitter
  • whatsapp
  • whatsapp
Advertisement

ਜਦੋਂ ਮੈਂ ਚੌਥੀ ਜਮਾਤ ਵਿੱਚ ਹੋਇਆ ਤਾਂ ਸਾਡੇ ਅਧਿਆਪਕ ਪ੍ਰੀਤਮ ਸਿੰਘ ਟੋਡਰਮਾਜਰਾ ਜੀ ਬਦਲ ਗਏ ਅਤੇ ਉਨ੍ਹਾਂ ਦੀ ਥਾਂ ਖੁਸ਼ਹਾਲ ਸਿੰਘ ਰਾਏਪੁਰ ਜੀ ਆ ਗਏ। ਖੁਸ਼ਹਾਲ ਸਿੰਘ ਜੀ ਚੌਥੀ ਅਤੇ ਪੰਜਵੀਂ ਜਮਾਤ ਨੂੰ ਪੜ੍ਹਾਉਂਦੇ ਸਨ ਅਤੇ ਪ੍ਰੀਤਮ ਸਿੰਘ ਭਬਾਤ ਜੀ ਉਦੋਂ ਪਹਿਲੀ, ਦੂਜੀ ਅਤੇ ਤੀਜੀ ਕਲਾਸ ਨੂੰ। ਖੁਸ਼ਹਾਲ ਸਿੰਘ ਜੀ ਬਹੁਤ ਮਿਹਨਤੀ ਅਧਿਆਪਕ ਸਨ। ਉਹ ਪੜ੍ਹਾਉਂਦੇ ਵੀ ਵਧੀਆ ਸਨ ਅਤੇ ਚੰਡਦੇ ਵੀ ਚੰਗਾ ਸਨ। ਉਹ ਦਸੰਬਰ ਤੱਕ ਸਿਲੇਬਸ ਪੂਰਾ ਕਰ ਕੇ ਜਨਵਰੀ ਫਰਵਰੀ ਵਿੱਚ ਦੁਹਰਾਈ ਅਤੇ ਟੈਸਟ ਲੈਂਦੇ ਸਨ ਤਾਂ ਜੋ ਮਾਰਚ ਦੇ ਇਮਤਿਹਾਨ ਵਿਚ ਵਿਦਿਆਰਥੀ ਵਧੀਆ ਕਾਰਜਗੁਜ਼ਾਰੀ ਕਰਨ।

ਉਦੋਂ ਅਕਸਰ ਹੀ ਮਾਪਿਆਂ, ਪਰਿਵਾਰ ਦੇ ਵੱਡਿਆਂ ਅਤੇ ਅਧਿਆਪਕਾਂ ਤੋਂ ਕੁੱਟ ਪੈ ਜਾਂਦੀ ਸੀ। ਪੜ੍ਹਾਈ ਵਿੱਚ ਠੀਕ ਹੋਣ ਕਾਰਨ ਮੇਰਾ ਅਧਿਆਪਕਾਂ ਤੋਂ ਕੁੱਟ ਖਾਣ ਦਾ ਤਜਰਬਾ ਘੱਟ ਹੀ ਰਿਹਾ ਪਰ ਇੱਕ ਵਾਕਿਆ ਮੈਨੂੰ ਯਾਦ ਹੈ ਕਿ ਸਾਡੇ ਇਮਤਿਹਾਨ ਤੋਂ ਪਹਿਲਾਂ ਵਾਲੇ ਟੈਸਟ ਚੱਲ ਰਹੇ ਸਨ। ਗਣਿਤ ਵਿੱਚ ਮੇਰੇ 100 ਵਿੱਚੋਂ 94 ਅੰਕ ਆਏ ਅਤੇ ਮਾਸਟਰ ਖੁਸ਼ਹਾਲ ਸਿੰਘ ਜੀ ਨੇ ਮੇਰਾ ਕੰਨ ਮਰੋੜ ਕੇ ਜ਼ੋਰ ਦੀ ਥੱਪੜ ਮਾਰਿਆ। ਮੇਰੀ ਜਿਵੇਂ ਰੂਹ ਕੰਬ ਗਈ ਹੋਵੇ। ਹੋਰ ਵਿਦਿਆਰਥੀਆਂ ਨੂੰ ਵੀ ਭਾਵੇਂ ਕੁੱਟ ਪਈ ਸੀ ਪਰ ਕੁਝ ਵਿਦਿਆਰਥੀਆਂ ਜਿਨ੍ਹਾਂ ਤੋਂ ਮੇਰੇ ਨਾਲੋਂ ਕਾਫੀ ਅੰਕ ਘੱਟ ਸਨ, ਨੂੰ ਉਨ੍ਹਾਂ ਨੇ ਕੁਝ ਨਹੀਂ ਕਿਹਾ। ਕਦੇ ਕਦਾਈਂ ਕੁੱਟ ਪੈਣ ਕਾਰਨ ਮੈਨੂੰ ਕੁਝ ਜ਼ਿਆਦਾ ਹੀ ਮਹਿਸੂਸ ਹੋਇਆ। ਅਸੀਂ ਅੱਧੀ ਛੁੱਟੀ ਸਮੇਂ ਖਾਣਾ ਖਾਣ ਘਰ ਜਾਂਦੇ ਸੀ। ਮੈਂ ਘਰ ਜਾ ਕੇ ਭਾਵੇਂ ਕੁਝ ਨਹੀਂ ਦੱਸਿਆ ਪਰ ਮੇਰੇ ਦਾਦੀ ਜੀ ਤਾੜ ਗਏ; ਉਨ੍ਹਾਂ ਮੈਨੂੰ ਪੁੱਛ ਲਿਆ, “ਕੀ ਹੋਇਆ, ਮੂੰਹ ਉੱਤਰਿਆ ਹੋਇਐ?” ਇਹ ਸੁਣ ਕੇ ਮੇਰੀ ਭੁੱਬ ਨਿੱਕਲ ਗਈ।

Advertisement

“ਹਾਏ ਹਾਏ ਮੈਂ ਮਰਜਾਂ, ਕਦੇ ਅੱਗੇ ਨਾ ਪਿੱਛੇ, ਹੋਇਆ ਕੀ?” ਕਹਿ ਕੇ ਉਸ ਨੇ ਮੈਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਮੈਨੂੰ ਕੁਝ ਦੱਸਣ ਲਈ ਸਮਾਂ ਲੱਗਾ। ਆਪਣੇ ਆਪ ਨੂੰ ਸੰਭਾਲਦਿਆਂ ਮੈਂ ਦੱਸਿਆ- ਮੇਰੇ 100 ਵਿੱਚੋਂ 94 ਨੰਬਰ ਸਨ, ਮੈਨੂੰ ਮਾਰਿਆ ਪਰ ਚੇਤੂ (ਚੇਤ ਸਿੰਘ) ਦੇ 56 ਨੰਬਰ ਸੀ, ਉਸ ਨੂੰ ਕੁਝ ਨਹੀਂ ਕਿਹਾ। ਚੇਤ ਸਿੰਘ ਦੀ ਦਾਦੀ ਮਾਸਟਰ ਖੁਸ਼ਹਾਲ ਸਿੰਘ ਜੀ ਦੀ ਸਕੀ ਭੂਆ ਸੀ ਅਤੇ ਮਾਸਟਰ ਖੁਸ਼ਹਾਲ ਸਿੰਘ ਜੀ ਅਕਸਰ ਦੁਪਹਿਰ ਦਾ ਖਾਣਾ ਉਨ੍ਹਾਂ ਦੇ ਘਰ ਖਾਂਦੇ ਸਨ। ਉਨ੍ਹਾਂ ਦਾ ਘਰ ਵੀ ਸਾਡੇ ਘਰ ਦੇ ਨੇੜੇ ਸੀ। ਮੈਨੂੰ ਨਹੀਂ ਪਤਾ ਲੱਗਾ ਕਦੋਂ ਦਾਦੀ ਜੀ ਸ਼ਿਕਾਇਤ ਲੈ ਕੇ ਚੇਤ ਸਿੰਘ ਦੀ ਦਾਦੀ ਕੋਲ ਚਲੇ ਗਏ ਅਤੇ ਗੱਲ ਮਾਸਟਰ ਖੁਸ਼ਹਾਲ ਸਿੰਘ ਜੀ ਤੱਕ ਪਹੁੰਚ ਗਈ। ਜੇ ਮੈਨੂੰ ਪਤਾ ਲੱਗ ਜਾਂਦਾ ਤਾਂ ਮੈਂ ਸ਼ਾਇਦ ਸਕੂਲ ਜਾਣ ਤੋਂ ਵੀ ਡਰਦਾ। ਉਸ ਸਮੇਂ ਦੇ ਬੱਚਿਆਂ ਦਾ ਕੀ ਸੀ, ਝਾੜ-ਮਾਰ ਖਾ ਕੇ ਥੋੜ੍ਹੀ ਦੇਰ ਬਾਅਦ ਜਿਵੇਂ ਤਿਵੇਂ ਹੋ ਜਾਂਦੇ ਸਨ। ਅੱਜ ਵਾਂਗ ਨਹੀਂ...!

ਅਗਲੇ ਦਿਨ ਮੈਂ ਆਮ ਵਾਂਗ ਸਕੂਲ ਪਹੁੰਚ ਗਿਆ ਤੇ ਮਾਸਟਰ ਖੁਸ਼ਹਾਲ ਸਿੰਘ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਬੁਚਕਾਰ ਕੇ ਕਹਿਣ ਲੱਗੇ, “ਜਦੋਂ ਤੇਰਾ ਇੱਕ ਨੰਬਰ ਵੀ ਕੱਟਦੈ, ਮੈਨੂੰ ਦੁੱਖ ਹੁੰਦੈ... ਹੋਰਾਂ ਦਾ ਕੀ ਐ, ਜੇ ਉਹ 50 ਜਾਂ ਉੱਤੇ ਅੰਕ ਲੈਂਦੇ ਹਨ, ਮੈਂ ਬਹੁਤ ਖੁਸ਼ ਹੁੰਦਾ ਆਂ।”

ਇਸ ਗੱਲ ਨੇ ਮੈਨੂੰ ਅੰਦਰ ਤੱਕ ਠਾਰ ਦਿੱਤਾ, ਮੈਂ ਸੋਚਦਾ ਰਿਹਾ ਅਤੇ ਅੱਜ ਤੱਕ ਵੀ ਸੋਚਦਾ ਹਾਂ ਕਿ ਅਧਿਆਪਕ ਜਿੰਨਾ ਮਰਜ਼ੀ ਕਠੋਰ ਹੋਵੇ, ਉਸ ਦਾ ਹਿਰਦਾ ਆਪਣੇ ਵਿਦਿਆਰਥੀਆਂ ਲਈ ਬਹੁਤ ਕੋਮਲ ਹੁੰਦਾ ਹੈ ਅਤੇ ਉਸ ਨੂੰ ਉਨ੍ਹਾਂ ਦੀ ਚਿੰਤਾ ਹੁੰਦੀ ਹੈ। ਕਈ ਸਾਲ ਪਹਿਲਾਂ ਅਧਿਆਪਕ ਦਿਵਸ ਮੌਕੇ ਮੈਂ ਉਨ੍ਹਾਂ ਦੇ ਪਿੰਡ ਜਾ ਕੇ ਉਨ੍ਹਾਂ ਨੂੰ ਲੱਭ ਕੇ ਸਨਮਾਨਿਤ ਕਰਨ ਗਿਆ ਸਾਂ... ਅਧਿਆਪਕਾਂ ਦੀ ਦੇਣ ਦਾ ਪਤਾ ਬਾਅਦ ਵਿੱਚ ਹੀ ਲੱਗਦਾ ਹੈ।

ਸੰਪਰਕ: 94171-53819

Advertisement
×