ਟੀਸੀ ਦੇ ਬੇਰ
ਡਾ. ਗੁਰਜੀਤ ਸਿੰਘ ਭੱਠਲ
ਹਰ ਬੁੱਧਵਾਰ ਸਾਡੇ ਘਰ ਨੇੜੇ ਦੁਸਹਿਰਾ ਗਰਾਊਂਡ ਵਿੱਚ ਸਬਜ਼ੀ ਮੰਡੀ (ਜਾਂ ਕਿਸਾਨ ਮੰਡੀ ਕਹੋ) ਲੱਗਦੀ ਹੈ, ਪਰ ਸੱਚ ਦੱਸਾਂ, ਇਹ ਮੰਡੀ ਘੱਟ ਤੇ ਮੇਲਾ ਜ਼ਿਆਦਾ ਲੱਗਦਾ ਹੈ। ਸਬਜ਼ੀਆਂ ਫਲਾਂ ਦੇ ਨਾਲ-ਨਾਲ ਹਰ ਕਿਸਮ ਦੀਆਂ ਫੜ੍ਹੀਆਂ ਇੱਥੇ ਆਮ ਦੇਖਣ ਨੂੰ ਮਿਲਦੀਆਂ। ਅਸੀਂ ਦੋਵੇਂ ਜੀਅ, ਮੈਂ ਤੇ ਮੇਰੀ ਪਤਨੀ, ਹਰ ਹਫ਼ਤੇ ਮੇਲੇ ਵਰਗੀ ਮੰਡੀ ਵਿੱਚ ਇਸ ਨੀਅਤ ਨਾਲ ਜਾਂਦੇ ਹਾਂ ਕਿ ਬਹਾਨੇ ਨਾਲ ਕੁਝ ਲੋਕਾਂ ਨਾਲ ਮੇਲ-ਜੋਲ ਹੋ ਜਾਵੇਗਾ। ਮੰਡੀ ਵਿੱਚ ਉਹ ਸਾਰੇ ਜਾਣ-ਪਛਾਣ ਵਾਲੇ ਵੀ ਮਿਲ ਜਾਂਦੇ ਹਨ ਜਿਨ੍ਹਾਂ ਨਾਲ ਰੋਜ਼ਾਨਾ ਜ਼ਿੰਦਗੀ ਵਿੱਚ ਮੇਲ-ਮਿਲਾਪ ਘੱਟ ਹੁੰਦਾ ਹੈ। ਹਫ਼ਤੇ ਦੀ ਖਰੀਦੋ-ਫਰੋਖ਼ਤ ਹੋ ਜਾਂਦੀ ਹੈ, ਪਰ ਸਾਡੀ ਵੱਧ ਰੁਚੀ ਸਬਜ਼ੀਆਂ ਨਾਲੋਂ ਫਲਾਂ ਵਿੱਚ ਹੁੰਦੀ ਹੈ। ਪਤਨੀ ਨੂੰ ਫਲਾਂ, ਖਾਸਕਰ ਬੇਰਾਂ ਦਾ ਬਹੁਤ ਸ਼ੌਕ ਹੈ। ਅੱਜ ਕੱਲ੍ਹ ਦੇ ਫਲ ਦੇਖ ਕੇ ਹੈਰਾਨੀ ਬੜੀ ਹੁੰਦੀ ਹੈ। ਬੇਰਾਂ ਦਾ ਆਕਾਰ ਅਮਰੂਦਾਂ ਜਿੱਡਾ ਤੇ ਅਮਰੂਦਾਂ ਦਾ ਆਕਾਰ ਖਰਬੂਜਿਆਂ ਜਿੱਡਾ ਹੋ ਗਿਆ ਹੈ। ਸਮੇਂ ਨਾਲ ਸਭ ਕੁਝ ਬਦਲ ਗਿਆ ਹੈ, ਹਰ ਚੀਜ਼ ਅਡਵਾਂਸ ਅਤੇ ਹਾਈਬ੍ਰਿਡ ਹੋ ਗਈ ਹੈ।
ਬਚਪਨ ਦੀਆਂ ਕੁਝ ਧੁੰਦਲੀਆਂ ਯਾਦਾਂ ਵਿੱਚ ਅੱਜ ਵੀ ਖੇਤਾਂ ਵਾਲਾ ਬਾਗ਼ ਚੇਤੇ ਆਉਂਦਾ ਹੈ, ਜਿੱਥੇ ਅਮਰੂਦ, ਜਾਮਣ ਤੇ ਅੰਬ ਦੇ ਦਰੱਖ਼ਤ ਹੁੰਦੇ ਸਨ। ਸਕੂਲ ਤੋਂ ਬਾਅਦ ਸਾਰੀ ਦੁਪਹਿਰ ਇਨ੍ਹਾਂ ਥੱਲੇ ਮੰਜੇ ’ਤੇ ਬੈਠ ਕੇ ਲੰਘ ਜਾਂਦੀ। ਉਸ ਵੇਲੇ ਫਲ ਖਾਣ ਦਾ ਕੋਈ ਨਿਯਮਤ ਸਮਾਂ ਨਹੀਂ ਸੀ, ਜਦੋਂ ਦਿਲ ਕਰਦਾ, ਦਰੱਖ਼ਤ ’ਤੇ ਚੜ੍ਹ ਕੇ ਖਾ ਲੈਂਦੇ। ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦਾ, ਉਦੋਂ ਹੀ ਹੋਰ ਫਲ ਦੇਖਣ ਨੂੰ ਮਿਲਦੇ ਸਨ। ਉਦੋਂ ਮੰਡੀ ਤੋਂ ਸਬਜ਼ੀ ਲਿਆਉਣ ਵਾਲੀ ਗੱਲ ਤਾਂ ਕਦੀ ਸੁਫਨੇ ਵਿੱਚ ਵੀ ਨਹੀਂ ਸੀ ਸੋਚੀ। ਜ਼ਰੂਰਤ ਜੋਗਾ ਸਭ ਕੁਝ ਆਪਣੇ ਖੇਤਾਂ ਜਾਂ ਪਿੰਡ ਵਿੱਚ ਹੋ ਜਾਂਦਾ ਸੀ।
ਬਚਪਨ ਵਿੱਚ ਬੇਰਾਂ ਦਾ ਬਹੁਤ ਸ਼ੌਕ ਸੀ। ਬਹੁਤੀਆਂ ਦੇਸੀ ਬੇਰੀਆਂ ਖੇਤਾਂ ਵਿੱਚ ਆਪ ਹੀ ਉੱਗੀਆਂ ਹੁੰਦੀਆਂ ਸਨ, ਪਰ ਬੇਰੀ ਦਾ ਦਰੱਖ਼ਤ ਉੱਚਾ ਅਤੇ ਕੰਡਿਆਂ ਨਾਲ ਭਰਿਆ ਹੁੰਦਾ ਜਿਸ ’ਤੇ ਚੜ੍ਹਨ ਦਾ ਕੋਈ ਰਾਹ ਨਹੀਂ ਸੀ ਲੱਭਦਾ ਹੁੰਦਾ ਅਤੇ ਸਿਖਰ ’ਤੇ ਲੱਗੇ ਬੇਰ ਜ਼ਿਆਦਾ ਪੱਕੇ ਹੁੰਦੇ ਜਿਨ੍ਹਾਂ ਨੂੰ ਤੋੜਨਾ ਬਹੁਤ ਔਖਾ ਹੁੰਦਾ। ਸਕੂਲ ਤੋਂ ਬਾਅਦ ਮੈਂ ਅਤੇ ਵੱਡੇ ਵੀਰ ਜੀ ਨਿੱਤ ਪਿੰਡ ਨੇੜੇ ਨਵੀਆਂ ਬੇਰੀਆਂ ਲੱਭਦੇ ਅਤੇ ਬੇਰ ਤੋੜਦੇ। ਇਹ ਖੇਡ ਖੇਡਦੇ-ਖੇਡਦੇ ਇੱਕ ਦਿਨ ਅਸੀਂ ‘ਟੀਸੀ ਦੇ ਬੇਰਾਂ’ ਮਗਰ ਪੈ ਗਏ, ਉਹ ਤੋੜ ਕੇ ਹੀ ਸਾਹ ਲੈਣਾ, ਭਾਵੇਂ ਜਿੰਨਾ ਵੀ ਸਮਾਂ ਲੱਗ ਜਾਵੇ। ਅਫ਼ਸੋਸ, ਸਮੇਂ ਦੀ ਰਫ਼ਤਾਰ ਤੇ ਤਰੱਕੀ ਨੇ ਬਾਗ ਵਾਲੇ ਖੇਤਾਂ ਵਿੱਚ ਕੰਕਰੀਟ ਦੇ ਮਹਿਲ ਖੜ੍ਹੇ ਕਰ ਦਿੱਤੇ। ਅਸੀਂ ਆਪਣਾ ਬਾਗ਼ ਆਪ ਉਜਾੜ ਲਿਆ ਅਤੇ ਕੁਦਰਤੀ ਖ਼ੁਸ਼ੀਆਂ ਹੱਥੀਂ ਗਵਾ ਬੈਠੇ।
ਪਿੱਛੇ ਮੁੜ ਕੇ ਦੇਖਦਾਂ ਤਾਂ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਪਹਿਲੀ ਕਲਾਸ ਤੋਂ ਪੰਜਾਬੀ ਯੂਨੀਵਰਸਿਟੀ ਦੀ ਪੀਐੱਚਡੀ ਅਤੇ ਅੱਜ ਪ੍ਰੋਫੈਸਰ ਬਣਨ ਤੱਕ ਦਾ ਸਫ਼ਰ ਆਸਾਨ ਨਹੀਂ ਸੀ। ਮੈਂ ਸਮਝਦਾਂ, ਬਚਪਨ ਦੀਆਂ ਉਨ੍ਹਾਂ ਖੇਡਾਂ, ਮਿਹਨਤ ਅਤੇ ਚੁਣੌਤੀਆਂ ਨੇ ਹੀ ਇਸ ਮੁਕਾਮ ਤੱਕ ਪਹੁੰਚਾਇਆ। ਟੀਸੀ ਦੇ ਬੇਰ ਤੋੜਨਾ ਸਿਰਫ਼ ਇੱਕ ਫਲ ਹਾਸਲ ਕਰਨਾ ਨਹੀਂ ਸੀ, ਬਲਕਿ ਚੁਣੌਤੀ ਸੀ। ਨਾਲੇ ਬਾਂਦਰ ਕੀਲਾ, ਪਿੱਠੂ ਗਰਮ ਵਰਗੀਆਂ ਖੇਡਾਂ ਸਾਨੂੰ ਟੀਮ ਵਿੱਚ ਖੇਡਣ, ਮਿਲ ਕੇ ਕੰਮ ਕਰਨ ਅਤੇ ਸਹਿਯੋਗ ਦੇ ਗੁਣ ਸਿਖਾਉਂਦੀਆਂ ਸਨ ਤੇ ਇਹ ਗੁਣ ਜ਼ਿੰਦਗੀ ਦੇ ਅਹਿਮ ਮੋੜਾਂ ’ਤੇ ਕੰਮ ਵੀ ਆਉਂਦੇ ਰਹੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ- ਸੋਨਾ ਜਦੋਂ ਭੱਠੀ ਵਿੱਚ ਚੰਗੀ ਤਰ੍ਹਾਂ ਤਪਾਇਆ ਜਾਂਦਾ ਹੈ, ਤਦ ਹੀ ਕੁੰਦਨ ਬਣਦਾ ਹੈ।
ਅੱਜ ਦੀ ਪੀੜ੍ਹੀ ਇਨ੍ਹਾਂ ਅਨੁਭਵਾਂ ਤੋਂ ਵਾਂਝੀ ਹੈ। ਮੋਬਾਈਲ ਫੋਨ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਬੱਚੇ ਘਰਾਂ ਵਿੱਚ ਬੰਦ ਹੋ ਗਏ ਹਨ। ਸਬਜ਼ੀ ਮੰਡੀ ਜਾਣ ਦੀ ਵੀ ਲੋੜ ਨਹੀਂ , ਹਰ ਚੀਜ਼ ਔਨਲਾਈਨ ਮੰਗਾਈ ਜਾ ਸਕਦੀ ਹੈ। ਇੱਕ ਦਿਨ ਮੰਡੀ ਵਿੱਚ ਕੋਈ ਬੱਚੀ ਮਾਂ ਨੂੰ ਕਹਿ ਰਹੀ ਸੀ, “ਮੰਮਾ, ਇੱਥੇ ਆਉਣ ਦੀ ਕੀ ਲੋੜ ਸੀ, ਕਿੰਨੀ ਡੱਸਟ ਆ ਇੱਥੇ, ਆਪਾਂ ਔਨਲਾਈਨ ਹੀ ਆਰਡਰ ਕਰ ਦੇਣਾ ਸੀ।” ਕੀ ਇਹ ਸਹੂਲਤਾਂ ਸਾਡੇ ਬੱਚਿਆਂ ਨੂੰ ਜੀਵਨ ਦੇ ਅਸਲੀ ਤਜਰਬਿਆਂ ਤੋਂ ਵਾਂਝਾ ਨਹੀਂ ਕਰ ਰਹੀਆਂ? ਬੱਚਿਆਂ ਅਤੇ ਨੌਜਵਾਨਾਂ ਦੇ ਸੋਚਣ ਅਤੇ ਕੰਮ ਕਰਨ ਦਾ ਨਜ਼ਰੀਆ ਬਿਲਕੁਲ ਵੱਖਰਾ ਹੈ। ਸੱਚ ਹੈ ਕਿ ਬੇਹਿਸਾਬ ਸਹੂਲਤਾਂ ਨੇ ਸਾਨੂੰ ਮਿਹਨਤ ਤੋਂ ਦੂਰ ਕਰ ਦਿੱਤਾ ਹੈ। ਹੁਣ ਮੋਬਾਈਲ ਐਪਸ ਤੋਂ ਸਮਾਨ ਮੰਗਾਉਣਾ ਆਸਾਨ ਹੈ, ਪਰ ਘਰੋਂ ਬਾਹਰ ਨਿਕਲਣ, ਲੋਕਾਂ ਨਾਲ ਮਿਲਣ ਅਤੇ ਬਾਹਰ ਖੇਡਣ ਵਾਲੀ ਖ਼ੁਸ਼ੀ ਖ਼ਤਮ ਹੋ ਗਈ ਹੈ ਜਦਕਿ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹਨ। ਮੇਰੇ ਲਈ ਇਹ ਉਹ ਅਮਿੱਟ ਸਬਕ ਸਨ, ਜੋ ਬਚਪਨ ਵਿੱਚ ਸਿੱਖੇ, ਜਿਨ੍ਹਾਂ ਦੀ ਬਦੌਲਤ ਕਦੇ ਜ਼ਿੰਦਗੀ ਵਿੱਚ ਨਮੋਸ਼ੀ ਨਹੀਂ ਹੋਈ।
ਸੰਪਰਕ: 98142-05475