ਗੱਲਾਂ ਦਾ ਡਾਕਟਰ
ਸ਼ੁੱਕਰਵਾਰ ਸਵੇਰੇ-ਸਵੇਰੇ ਜਸਵਿੰਦਰ ਭੱਲਾ ਉਰਫ ਚਾਚੇ ਚਤਰੇ ਦੇ ਬੇਵਕਤ ਇੰਤਕਾਲ ਦੀ ਖ਼ਬਰ ਨੇ ਧੁਰ ਅੰਦਰ ਤੱਕ ਦੁੱਖ ਅਤੇ ਨਮੋਸ਼ੀ ਨਾਲ ਭਰ ਦਿੱਤਾ। ਇਸੇ ਦੌਰਾਨ ਉਨ੍ਹਾਂ ਨਾਲ ਪਿਛਲੇ ਤਕਰੀਬਨ ਦੋ-ਢਾਈ ਦਹਾਕਿਆਂ ਦੀਆਂ ਕੁਝ ਅਭੁੱਲ ਯਾਦਾਂ ਮੇਰੇ ਦਿਲੋ-ਦਿਮਾਗ ’ਚ ਛਿਣ ਭਰ ਵਿੱਚ ਕਿਸੇ ਗੰਭੀਰ ਫਿਲਮ ਦੇ ਅਤਿ ਜਜ਼ਬਾਤੀ ਅਤੇ ਸੰਵੇਦਨਸ਼ੀਲ ਸੀਨ ਵਾਂਗ ਅੱਖਾਂ ਸਾਹਮਣੇ ਆ ਗਈਆਂ।
ਬਹੁਤ ਸਾਰੇ ਲੋਕਾਂ ਨੇ ਜਸਵਿੰਦਰ ਭੱਲਾ ਦਾ ਫਿਲਮਾਂ ਵਾਲਾ ਹੀ ਪੱਖ ਦੇਖਿਆ ਤੇ ਮਾਣਿਆ ਹੈ, ਪਰ ਮੈਂ ਉਨ੍ਹਾਂ ਦੇ ਕਈ ਪੱਖ ਦੇਖੇ ਤੇ ਮਾਣੇ ਹਨ। ਉਨ੍ਹਾਂ ਦੀ ਜਿ਼ੰਦਗੀ ਦਾ ਇੱਕ ਅਜਿਹਾ ਅਹਿਮ ਪੱਖ ਸੀ ਜੋ ਬਹੁਤ ਘੱਟ ਸਾਹਮਣੇ ਆਇਆ- ਇਹ ਸੀ ਉਨ੍ਹਾਂ ਦਾ ਅਕਾਦਮਿਕ, ਬੌਧਿਕ ਅਤੇ ਪ੍ਰਸ਼ਾਸਨਿਕ ਯੋਗਤਾ ਵਾਲਾ ਪੱਖ ਜੋ ਉਨ੍ਹਾਂ ਦੀ ਵਿਲੱਖਣਤਾ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਉਨ੍ਹਾਂ ਨਾਲ ਮੇਰਾ ਵਾਹ ਪਹਿਲਾਂ ਬਤੌਰ ਵਿਦਿਆਰਥੀ ਪਿਆ। ਉਨ੍ਹਾਂ ਉਸ ਸਮੈਸਟਰ ਵਿੱਚ ਸਾਨੂੰ ਪਸਾਰ ਸਿੱਖਿਆ ਦਾ ਖੇਤੀ ਸੰਚਾਰ ਕੋਰਸ ਪੜ੍ਹਾਇਆ। ਉਸ ਗਰੁੱਪ ਵਿੱਚ ਸਾਰੇ ਮੁੰਡੇ ਹੀ ਸੀ ਤੇ ਸਾਰੇ ਇੱਕ ਤੋਂ ਵੱਧ ਇੱਕ ਪੰਜਾਬੀ ਗਾਣਿਆਂ ਅਤੇ ਫਿਲਮਾਂ ਦੇਖਣ ਦੇ ਸ਼ੁਕੀਨ। ਜਦ ਸਾਨੂੰ ਪਤਾ ਲੱਗਾ ਕਿ ਜਸਵਿੰਦਰ ਭੱਲਾ ਨੇ ਸਾਨੂੰ ਕੋਰਸ ਪੜ੍ਹਾਉਣਾ ਹੈ ਤਾਂ ਮੈਂ ਤੇ ਮੇਰਾ ਦੋਸਤ ਗੁਰਮਿੰਦਰ ਚਾਹਲ ਆਪ-ਮੁਹਾਰੇ ਹੀ ਹੱਸੀ ਜਾਈਏ। ਸਾਨੂੰ ਲੱਗਦਾ ਸੀ ਕਿ ਉਨ੍ਹਾਂ ਸਾਨੂੰ ਕੀ ਪੜ੍ਹਾਉਣਾ ਹੈ, ਬਸ ਹਾਸਾ ਮਖੌਲ ਹੀ ਕਰਨਾ, ਪਰ ਹੋਇਆ ਇਸ ਦੇ ਐਨ ਉਲਟ। ਪਹਿਲੇ ਹੀ ਦਿਨ ਕਲਾਸ ਲੱਗੀ; ਅਸੀਂ ਸਾਰੇ ਕਮੇਡੀਅਨ ਅਤੇ ਭੱਲਾ ਸਾਹਿਬ ਗੰਭੀਰ ਪ੍ਰੋਫੈਸਰ। ਇਹ ਉਲਟੀ ਗੰਗਾ ਵਹਿਣ ਵਾਂਗ ਹੋ ਗਿਆ ਸੀ। ਸਾਡੀਆਂ ਕਲਾਸਾਂ ਤਾਲਿਕਾ ਸੂਚੀ ਮੁਤਾਬਿਕ ਲੱਗੀਆਂ ਤੇ ਸਮੈਸਟਰ ਖ਼ਤਮ ਹੋਣ ਵਾਲਾ ਸੀ, ਆਖਿ਼ਰੀ ਕਲਾਸ ਸੀ। ਅਸੀਂ ਮਜ਼ਾਕੀਆ ਲਹਿਜੇ ’ਚ ਸੰਗਦੇ-ਸੰਗਾਉਂਦਿਆਂ ਨੇ ਭੱਲਾ ਸਾਹਿਬ ਨੂੰ ਯੂਨੀਵਰਸਿਟੀ ਕੰਟੀਨ ਚਾਹ ਪਿਆਉਣ ਲਈ ਟਿੱਚਰ ਜਿਹੀ ਕੀਤੀ। ਡਾ. ਜਸਵਿੰਦਰ ਭੱਲਾ ਨੇ ਆਪਣੇ ਅੰਦਾਜ਼ ’ਚ ਕਿਹਾ, “ਚਲੋ ਫੇਰ ਗੁਲਜ਼ਾਰੀ ਦੀ ਕੰਟੀਨ ਚਲਦੇ ਆਂ।” ਗੁਲਜ਼ਾਰੀ ਨੇ ਦੋਵੇਂ ਹੱਥ ਜੋੜ ਕੇ ਉਨ੍ਹਾਂ ਦੀ ਆਓ ਭਗਤ ਕੀਤੀ। ਗਰਮੀ ਦੇ ਦਿਨ ਸੀ, ਇੱਕ ਨੇ ਸ਼ਰਾਰਤ ਕਰਦਿਆਂ ਕਿਹਾ, “ਸਰ ਲੱਸੀ ਈ ਪੀ ਲਵਾਂਗੇ।” ਉਨ੍ਹਾਂ ਪੰਚ ਮਾਰਿਆ, “ਗੁਲਜ਼ਾਰ ਜੀ, ਸਾਰੇ ਮੁੰਡਿਆਂ ਦੀ ਲੱਸੀ ਕਰਦੇ ਤੇ ਮੈਨੂੰ ਚਾਹ ਪਿਆ ਦਿਓ। ਬੜੇ ਲੰਮੇ ਸਮੇਂ ਬਾਅਦ ਆਏ ਤੁਹਾਡੀ ਕੰਟੀਨ ’ਤੇ।”
ਦੂਜੀ ਗੱਲ ਜਿਹੜੀ ਯਾਦ ਆਈ, ਉਹ ਉਦੋਂ ਦੀ ਹੈ, ਜਦੋਂ ਯੂਨੀਵਰਸਿਟੀ ਵਿੱਚ ਮੈਂ ਬਤੌਰ ਸਹਾਇਕ ਪ੍ਰੋਫੈਸਰ ਲੱਗਾ ਤੇ ਤਤਕਾਲੀ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਮੈਨੂੰ ਸਾਡੇ ਕਾਲਜ ਦੇ ਕਈ ਸਾਹਿਤਕ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਪ੍ਰੇਰਨ ਅਤੇ ਤਿਆਰ ਕਰਨ ਲਈ ਵਾਧੂ ਜਿ਼ੰਮੇਵਾਰੀ ਦਿੱਤੀ। ਅਸੀਂ ਭੰਡਾਂ ਦੇ ਮੁਕਾਬਲੇ ਲਈ ਬੱਚਿਆਂ ਦੀ ਤਿਆਰੀ ਕਰ ਰਹੇ ਸੀ, ਅਗਲੇ ਦਿਨ ਸਵੇਰੇ ਮੁਕਾਬਲਾ ਸੀ, ਪਰ ਅਸੀਂ ਸਾਰੀ ਕਮੇਟੀ ਕੁਝ ਘਾਟ ਮਹਿਸੂਸ ਕਰ ਰਹੇ ਸੀ ਕਿਉਂਕਿ ਬੱਚੇ ਨਵੇਂ ਸਨ। ਮੈਂ ਡੀਨ ਨੂੰ ਕਿਹਾ, “ਸਰ ਜੇ ਭੱਲਾ ਸਾਹਿਬ ਪੰਦਰਾਂ ਕੁ ਮਿੰਟ ਆ ਕੇ ਬੱਚਿਆਂ ਨੂੰ ਕੁਝ ਟਿਪਸ ਦੇ ਦੇਣ ਤਾਂ...।” ਡਾ. ਧਾਲੀਵਾਲ ਕਹਿੰਦੇ, “ਭੱਲਾ ਮੇਰਾ ਜਮਾਤੀ ਆ।” ਉਨ੍ਹਾਂ ਫੋਨ ਕੀਤਾ ਤੇ ਦਸ ਮਿੰਟ ਵਿੱਚ ਭੱਲਾ ਸਾਹਿਬ ਹਾਜਿ਼ਰ। ਉਸ ਵਕਤ ਉਨ੍ਹਾਂ ਦੀ ਸ਼ਖ਼ਸੀਅਤ ਨੇੜਿਓਂ ਤੱਕੀ। ਉਹ ਦੋ ਘੰਟੇ ਬੈਠੇ ਰਹੇ ਤੇ ਸਾਨੂੰ ਖੂਬ ਹਸਾਇਆ। ਬਹੁਤ ਨਿਮਾਣੇ ਜਿਹੇ ਹੋ ਕੇ ਬੱਚਿਆਂ ਨੂੰ ਗੱਲਾਂ-ਗੱਲਾਂ ਵਿੱਚ ਹੀ ਤਿਆਰ ਕਰ ਗਏ ਤੇ ਸਾਡੇ ਕਾਲਜ ਨੂੰ ਪਹਿਲੀ ਪੁਜ਼ੀਸ਼ਨ ਮਿਲੀ। ਇਸ ਤੋਂ ਬਾਅਦ ਮੈਂ ਭੱਲਾ ਸਾਹਿਬ ਦੀ ਨਿਮਰਤਾ ਅਤੇ ਸ਼ਬਦਾਂ ਦੀ ਵਰਤੋਂ ਦਾ ਦੀਵਾਨਾ ਹੋ ਗਿਆ। ਹੰਕਾਰ ਉਨ੍ਹਾਂ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸੀ।
ਤੀਜੀ ਗੱਲ ਜੋ ਮਨ ਵਿੱਚ ਆਈ, ਉਦੋਂ ਡਾ. ਭੱਲਾ ਵਿਭਾਗ ਦੇ ਮੁਖੀ ਸਨ। ਮੇਰੇ ਕਿਸੇ ਜਾਣ-ਪਛਾਣ ਵਾਲੇ ਨੂੰ ਫੋਨ ਆਇਆ ਕਿ ਉਸ ਦੇ ਮੁੰਡੇ ਨੇ ਜ਼ਿੱਦ ਫੜੀ ਆ ਕਿ ਫਿਲਮਾਂ ਵਾਲੇ ਜਸਵਿੰਦਰ ਭੱਲੇ ਨੂੰ ਮਿਲਣਾ। ਉਹ ਬੱਚਾ ਸ਼ਾਇਦ ਕਿਸੇ ਵਕੀਲ ਦਾ ਸੀ। ਮੈਨੂੰ ਮੇਰੇ ਕੁਲੀਗ ਨੇ ਕਿਹਾ ਕਿ ਕਰ ਕੁਝ। ਮੈਂ ਫੋਨ ਕੀਤਾ; ਉਹ ਕਹਿੰਦੇ, “ਆਜੋ ਜਦ ਮਰਜ਼ੀ। ਮੈਂ ਅੱਜ ਡਿਪਾਰਟਮੈਂਟ ਹੀ ਆਂ।” ਅਸੀਂ ਬਾਅਦ ਦੁਪਹਿਰ ਉਨ੍ਹਾਂ ਦੇ ਦਫ਼ਤਰ ਚਲੇ ਗਏ। ਬੱਚਾ ਕਦੇ ਭੱਲਾ ਸਾਹਿਬ ਵੱਲ ਅਤੇ ਕਦੇ ਉਨ੍ਹਾਂ ਦੀ ਨੇਮ ਪਲੇਟ (ਜਿਸ ’ਤੇ ਡਾ. ਜੇਐੱਸ ਭੱਲਾ ਲਿਖਿਆ ਸੀ) ਵੱਲ ਤੱਕੀ ਜਾਵੇ। ਸ਼ਾਇਦ ਬੱਚੇ ਦੇ ਅਵਚੇਤਨ ਮਨ ’ਚ ਫਿਲਮਾਂ ਵਾਲਾ ਕਮੇਡੀਅਨ ਭੱਲਾ ਸੀ। ਬੱਚੇ ਨੇ ਇਸ ਕਸ਼ਮਕਸ਼ ਦੌਰਾਨ ਅਖ਼ੀਰ ਪੁੱਛ ਲਿਆ, “ਅੰਕਲ ਤੁਸੀਂ ਕਾਹਦੇ ਡਾਕਟਰ ਹੋ?” ਭੱਲਾ ਸਾਹਿਬ ਆਪਣੇ ਅੰਦਾਜ਼ ’ਚ ਕਹਿੰਦੇ, “ਗੱਲਾਂ ਦਾ ਡਾਕਟਰ!” ਅਸੀਂ ਹੱਸ-ਹੱਸ ਦੂਹਰੇ ਹੋ ਗਏ। ਉਹ ਵਾਕਿਆ ਹੀ ਗੱਲਾਂ ਦੇ ਡਾਕਟਰ ਸਨ ਜੋ ਆਪਾ-ਧਾਪੀ ਅਤੇ ਭੱਜ-ਦੌੜ ਵਾਲੀ ਜ਼ਿੰਦਗੀ ’ਚ ਲੋਕਾਂ ਨੂੰ ਗੱਲਾਂ ਕਰ ਕੇ ਖੁਸ਼ੀਆਂ ਤੇ ਹਾਸਿਆਂ ਦੇ ਢੇਰ ਲਗਾ ਦਿੰਦੇ ਸਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 30 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ 34 ਵਾਲੇ ਗੁਰਦੁਆਰੇ ਵਿਖੇ ਕੀਤਾ ਜਾ ਰਿਹਾ ਹੈ।
ਸੰਪਰਕ: 95016-01144