ਕਮਾਦ ਦੀ ਕਾਸ਼ਤ: ਵਿਚਾਰਨ ਵਾਲੇ ਕੁਝ ਨੁਕਤੇ
ਕਮਾਦੀ ਬੀਜੋ ਵਿਸਾਖ, ਕਮਾਦੀ ਦੀ ਨਾ ਰੱਖਿਓ ਆਸ।
ਧੀ ਨਾ ਰੱਖੀਏ ਲਾਡਲੀ ਵਿਸਾਖ ਨ ਬੀਜੀਏ ਇੱਖ।
ਉਹ ਘਰ ਨਾ ਵੱਸਦੇ ਜਿਨ੍ਹਾਂ ਲਈ ਪਰਾਈ ਸਿੱਖ।
ਕਮਾਦ ਦੀ ਖੇਤੀ ਪੰਜਾਬੀਆਂ ਲਈ ਕੋਈ ਨਵੀਂ ਨਹੀਂ। ਇਹ ਮੁੱਢ ਕਦੀਮ ਤੋਂ ਇਥੇ ਹੁੰਦੀ ਆਈ ਹੈ। ਇਸ ਦਾ ਵੇਰਵਾ ਵੇਦਾਂ ਵਿੱਚ ਵੀ ਮਿਲਦਾ ਹੈ। ਗੰਨਾ ਭਾਵੇਂ ਗਰਮ ਅਤੇ ਤਰ ਜਲਵਾਯੂ ਵਿੱਚ ਵਧੇਰੇ ਹੁੰਦਾ ਹੈ ਪਰ ਪੰਜਾਬ ਵਿੱਚ ਲਗਭਗ ਹਰੇਕ ਕਿਸਾਨ ਇਸ ਦੀ ਕਾਸ਼ਤ ਕਰਦਾ ਸੀ। ਹੁਣ ਭਾਵੇਂ ਘਰਾਂ ਵਿੱਚ ਖੰਡ ਦੀ ਵਰਤੋਂ ਵਧੇਰੇ ਹੋਣ ਲੱਗ ਪਈ ਹੈ, ਪਰ ਕਦੇ ਗੁੜ ਅਤੇ ਸ਼ੱਕਰ ਦੀ ਹੀ ਵਰਤੋਂ ਹੁੰਦੀ ਸੀ। ਇਸੇ ਕਰ ਕੇ ਘੱਟੋ-ਘੱਟ ਘਰ ਦੀ ਲੋੜ ਲਈ ਹਰੇਕ ਕਿਸਾਨ ਗੰਨੇ ਦੀ ਖੇਤੀ ਕਰਦਾ ਸੀ। ਹੁਣ ਪੰਜਾਬੀ ਮੁੜ ਆਪਣੇ ਪਿਛੋਕੜ ਵੱਲ ਮੁੜ ਰਹੇ ਹਨ। ਸਾਗ, ਮੱਕੀ ਦੀ ਰੋਟੀ, ਗੁੜ ਅਤੇ ਸ਼ੱਕਰ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਇਨ੍ਹਾਂ ਨੂੰ ਪੰਜਾਬੀ ਸਭਿਆਚਾਰ ਦਾ ਹਿੱਸਾ ਮੰਨਿਆ ਜਾਣ ਲੱਗ ਪਿਆ ਹੈ। ਨਵੀਆਂ ਕਿਸਮਾਂ ਆਉਣ ਨਾਲ ਖੰਡ ਦੀ ਮਾਤਰਾ ਵਿੱਚ ਵੀ ਵਾਧਾ ਹੋਇਆ ਹੈ। ਹੁਣ ਇਹ ਮਾਤਰਾ 9 ਪ੍ਰਤੀਸ਼ਤ ਤੋਂ ਵਧ ਗਈ ਹੈ। ਇਸ ਸਮੇਂ ਗੁੜ ਅਤੇ ਸ਼ੱਕਰ ਦਾ ਮੁੱਲ ਖੰਡ ਤੋਂ ਵੱਧ ਹੈ। ਜੇਕਰ ਕਿਸਾਨ ਥੋੜ੍ਹੀ ਮਿਹਨਤ ਕਰਨ ਤਾਂ ਗੁੜ ਸ਼ੱਕਰ ਰਾਹੀਂ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਕੁਝ ਸਾਲ ਪਹਿਲਾਂ ਤੱਕ ਸਾਰਾ ਸਿਆਲ ਪਿੰਡਾਂ ਵਿੱਚ ਵੇਲਣੇ ਚੱਲਦੇ ਸਨ ਅਤੇ ਚੌਗਿਰਦਾ ਕੜ੍ਹ ਰਹੀ ਰਸ ਦੀ ਮਹਿਕ ਨਾਲ ਭਰਿਆ ਰਹਿੰਦਾ ਸੀ। ਇਸ ਨਾਲ ਸਿਆਲ ਦੇ ਵਿਹਲੇ ਦਿਨਾਂ ਵਿੱਚ ਪੂਰਾ ਰੁਝੇਵਾਂ ਬਣਿਆ ਰਹਿੰਦਾ ਸੀ।
ਗੰਨੇ ਨੂੰ ਲੱਗਣ ਵਾਲੀਆਂ ਬਹੁਤੀਆਂ ਬਿਮਾਰੀਆਂ ਬੀਜ ਰਾਹੀਂ ਆਉਂਦੀਆਂ ਹਨ। ਇਨ੍ਹਾਂ ਵਿੱਚ ਰੱਤਾ ਰੋਗ ਕਾਫ਼ੀ ਘਾਤਕ ਹੈ। ਇਸ ਕਰ ਕੇ ਬੀਜ ਹਮੇਸ਼ਾ ਰੋਗ ਰਹਿਤ ਅਤੇ ਸਿਫ਼ਾਰਸ਼ ਕੀਤੀਆਂ ਕਿਸਮਾਂ ਦਾ ਹੀ ਵਰਤੋ। ਗੰਨੇ ਦੀ ਬਿਜਾਈ ਗੰਨੇ ਦੇ ਟੁਕੜਿਆਂ ਰਾਹੀਂ ਕੀਤੀ ਜਾਂਦੀ ਹੈ ਜਿਸ ਨੂੰ ਪੱਛੀਆਂ ਜਾਂ ਗੁੱਲੀਆਂ ਆਖਿਆ ਜਾਂਦਾ ਹੈ। ਇੱਕ ਏਕੜ ਦੀ ਬਿਜਾਈ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਪੱਛੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਪੱਛੀਆਂ ਦੀ ਲੋੜ ਪੈਂਦੀ ਹੈ। ਇਨ੍ਹਾਂ ਦਾ ਭਾਰ 35 ਕੁਇੰਟਲ ਦੇ ਲਗਭਗ ਹੁੰਦਾ ਹੈ। ਗੰਨੇ ਦਾ ਬੀਜ ਹਮੇਸ਼ਾ ਪੂਰਾ ਪਾਉਣਾ ਚਾਹੀਦਾ ਹੈ ਕਿਉਂਕਿ ਸੰਘਣੀ ਫ਼ਸਲ ਤੋਂ ਹੀ ਪੂਰਾ ਝਾੜ ਪ੍ਰਾਪਤ ਹੋ ਸਕਦਾ ਹੈ। ਇਸ ਬਾਰੇ ਅਖਾਣ ਪ੍ਰਸਿੱਧ ਹੈ:
ਕਣਕ ਕਮਾਦੀ ਸੰਘਣੀ, ਟਾਵੀਂ-ਟਾਵੀਂ ਕੰਗਣੀ।
ਡੱਡੂ ਟੱਪ ਬਾਜਰਾ, ਤਿੱਤਰ ਤੋਰ ਜਵਾਰ।
ਕਣਕ ਕਮਾਦੀ ਸੰਘਣੀ ਕਦੇ ਨਾ ਹੋਵੇ ਹਾਰ।
ਗੰਨੇ ਦੀ ਬਿਜਾਈ ਲਈ ਅਗੇਤੀਆਂ, ਵਿਚਕਾਰਲੇ ਸਮੇਂ ਅਤੇ ਪਿਛੇਤੀਆਂ ਕਿਸਮਾਂ ਪ੍ਰਾਪਤ ਹਨ। ਤਿੰਨ ਹੀ ਤਰ੍ਹਾਂ ਦੀਆਂ ਕਿਸਮਾਂ ਬੀਜੋ ਤਾਂ ਜੋ ਸਾਰਾ ਸਿਆਲ ਗੰਨੇ ਦੀ ਕਮਾਈ ਕੀਤੀ ਜਾ ਸਕੇ। ਪੰਜਾਬ ਵਿੱਚ ਕਾਸ਼ਤ ਲਈ ਸੀਓਜੇ 85, ਸੀਓਪੀਬੀ 95, ਸੀਓਪੀਬੀ 96 ਅਤੇ ਸੀਓਜੇ 64 ਅਗੇਤੀਆਂ ਕਿਸਮਾਂ ਹਨ। ਸੀਓਜੇ 88, ਸੀਓਪੀਬੀ 98, ਸੀਓਪੀਬੀ 93 ਅਤੇ ਸੀਓਪੀਬੀ 94 ਪਿਛੇਤੀਆਂ ਕਿਸਮਾਂ ਹਨ। ਬੀਜਣ ਤੋਂ ਪਹਿਲਾਂ ਬੀਜ ਸੋਧ ਲੈਣਾ ਚਾਹੀਦਾ ਹੈ। ਘੋਲ ਬਣਾਉਣ ਲਈ 25 ਐੱਮਐੱਲ ਇਥਰਲ 39 ਐੱਸਐੱਲ 100 ਲਿਟਰ ਪਾਣੀ ਵਿੱਚ ਘੋਲੋ। ਬੀਜ ਨੂੰ 24 ਘੰਟੇ ਇਸ ਵਿੱਚ ਡੁਬੋ ਕੇ ਰੱਖੋ।
ਖੇਤ ਦੀ ਤਿਆਰੀ ਕਰਦੇ ਸਮੇਂ ਘੱਟੋ-ਘੱਟ 8 ਟਨ ਰੂੜੀ ਖਾਦ ਪਾਵੋ। ਫ਼ਸਲ ਦੀ ਬਿਜਾਈ 75 ਸੈਂਟੀਮੀਟਰ ਦੇ ਫ਼ਾਸਲੇ ’ਤੇ ਲਾਏ ਸਿਆੜਾਂ ਵਿੱਚ ਪੱਛੀ ਨੂੰ ਪੱਛੀ ਨਾਲ ਜੋੜ ਕੇ ਕਰੋ। ਪਿੱਛੋਂ ਹਲਕਾ ਸੁਹਾਗਾ ਮਾਰ ਦੇਵੋ। ਬਿਜਾਈ ਟ੍ਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ। ਕਮਾਦ ਨੂੰ 130 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਲੋੜ ਹੈ। ਅੱਧਾ ਹਿੱਸਾ ਯੂਰੀਆ ਕਮਾਦ ਦੇ ਉੱਗਣ ਪਿਛੋਂ ਪਹਿਲੇ ਪਾਣੀ ਨਾਲ ਲਾਈਨਾਂ ਦੇ ਲਾਗੇ ਕੇਰੇ ਨਾਲ ਪਾਵੋ। ਬਾਕੀ ਦੀ ਅੱਧੀ ਖਾਦ ਇਸੇ ਢੰਗ ਨਾਲ ਮਈ ਵਿੱਚ ਡਰਿੱਲ ਕਰੋ।
ਕਮਾਦ ਵਿੱਚ ਜਪਾਨੀ ਪੁਦੀਨਾ (ਮੈਂਥਾ) ਅਤੇ ਭਿੰਡੀ ਵੀ ਬੀਜੀਆਂ ਜਾ ਸਕਦੀਆਂ ਹਨ। ਨਦੀਨਾਂ ਉੱਤੇ ਕਾਬੂ ਪਾਉਣ ਲਈ ਘੱਟੋ-ਘੱਟ ਦੋ ਗੋਡੀਆਂ ਜ਼ਰੂਰ ਕਰੋ। ਗਰਮੀਆਂ ਵਿੱਚ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ। ਜਦੋਂ ਕਮਾਦ ਦਾ ਜੰਮ ਪੂਰਾ ਹੋ ਜਾਵੇ ਤਾਂ ਕਮਾਦ ਦੀਆਂ ਲਾਈਨਾਂ ਵਿਚਕਾਰ, ਪਰਾਲੀ ਜਾਂ ਖੋਰੀ ਵਿਛਾਉਣ ਨਾਲ ਨਮੀ ਸਾਂਭੀ ਜਾ ਸਕਦਾ ਹੈ। ਇਸ ਨਾਲ ਨਦੀਨਾਂ ਦੀ ਵੀ ਰੋਕਥਾਮ ਹੁੰਦੀ ਹੈ।
ਗੰਨੇ ਦੀ ਫ਼ਸਲ ਨੂੰ ਬਰਸਾਤ ਵਿੱਚ ਡਿੱਗਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਜੂਨ ਦੇ ਅਖ਼ੀਰ ਵਿੱਚ ਮਿੱਟੀ ਚੜ੍ਹਾਵੋ। ਅਗਸਤ ਵਿੱਚ ਫ਼ਸਲ ਦੇ ਮੂੰਏ ਬੰਨ੍ਹ ਦੇਵੋ। ਕਮਾਦ ਦੇ ਪੱਤਿਆਂ ਨੂੰ ਵਟ ਚਾੜ੍ਹ ਕੇ ਰੱਸੀ ਬਣਾ ਲਵੋ ਅਤੇ ਇੱਕ ਮੂਆਂ ਛੱਡ ਕੇ ਦੂਸਰੇ ਦੇ ਵਿੱਚੋਂ ਲੰਘਾਂਦੇ ਜਾਵੋ। ਸਰਦੀਆਂ ਵਿੱਚ ਫ਼ਸਲ ਨੂੰ ਕੋਰੇ ਤੋਂ ਬਚਾਉਣਾ ਵੀ ਜ਼ਰੂਰੀ ਹੈ। ਜੇ ਫ਼ਸਲ ਵਧੀਆ ਹੋਵੇਗੀ ਤਾਂ ਕੋਰੇ ਦਾ ਟਾਕਰਾ ਕਰ ਸਕੇਗੀ। ਖੜ੍ਹੀ ਫ਼ਸਲ ਉਤੇ ਕੋਰੇ ਦਾ ਘੱਟ ਅਸਰ ਹੁੰਦਾ ਹੈ। ਸਰਦੀਆਂ ਵਿੱਚ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।
ਕਮਾਦ ਅਜਿਹੀ ਫ਼ਸਲ ਹੈ ਜਿਸ ਦਾ ਮੁੱਢਾ ਰੱਖਿਆ ਜਾ ਸਕਦਾ ਹੈ। ਜਿਸ ਫ਼ਸਲ ਦਾ ਮੁੱਢਾ ਰੱਖਣਾ ਹੋਵੇ, ਉਸ ਦੀ ਕਟਾਈ ਫ਼ਰਵਰੀ ਵਿੱਚ ਧਰਤੀ ਦੇ ਬਿਲਕੁੱਲ ਹੇਠਾਂ ਕਰੋ। ਖੇਤ ਨੂੰ ਪਾਣੀ ਦੇਵੋ। ਵੱਤਰ ਆਉਣ ਉੱਤੇ ਸਿਆੜਾਂ ਵਿਚਕਾਰ ਵਹਾਈ ਕਰੋ। ਜੇਕਰ ਕੋਈ ਪਾੜਾ ਰਹਿ ਗਿਆ ਹੋਵੇ ਤਾਂ ਫੱਗਣ ਮਹੀਨੇ ਉਥੇ ਨਵੀਆਂ ਪੱਛੀਆਂ ਬੀਜ ਦੇਵੋ। ਮੁੱਢੀ ਫ਼ਸਲ ਨੂੰ 90 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਚਾਹੀਦੀ ਹੈ। ਪਹਿਲਾ ਹਿੱਸਾ ਮਾਰਚ, ਦੂਜਾ ਅਪਰੈਲ ਤੇ ਤੀਜਾ ਹਿੱਸਾ ਜੂਨ ਵਿੱਚ ਪਾਵੋ। ਰੋਗੀ ਫ਼ਸਲ ਦਾ ਮੁੱਢਾ ਨਾ ਰੱਖੋ। ਮੁੱਢੀ ਫ਼ਸਲ ਉੱਤੇ ਅਗੇਤੀ ਫੋਟ ਦੇ ਗੜੂੰਏ ਅਤੇ ਕਾਲੇ ਖਟਮਲ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਦੀ ਰੋਕਥਾਮ ਵੇਲੇ ਸਿਰ ਕਰੋ। ਗੰਨੇ ਵਿੱਚ ਖੰਡ ਦੀ ਮਾਤਰਾ ਦੇ ਵਾਧੇ ਲਈ ਜਦੋਂ ਫ਼ਸਲ ਪੱਕਣ ਵਾਲੀ ਹੋਵੇ, ਘੱਟ ਪਾਣੀ ਦੇਵੋ। ਨਾਈਟ੍ਰੋਜਨ ਵਾਲੀ ਸਾਰੀ ਖਾਦ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਾਵੋ। ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਮੇਂ ਸਿਰ ਕਰੋ। ਜਦੋਂ ਫ਼ਸਲ ਪੂਰੀ ਤਰ੍ਹਾਂ ਪੱਕ ਜਾਵੇ, ਉਦੋਂ ਹੀ ਕਟਾਈ ਕਰੋ। ਮੁੱਢੀ ਫ਼ਸਲ ਬੀਜੜ ਫ਼ਸਲ ਨਾਲੋਂ ਪਹਿਲਾਂ ਹੀ ਪੱਕ ਜਾਂਦੀ ਹੈ। ਕਟਾਈ ਸਮੇਂ ਖੋਰੀ, ਮਿੱਟੀ, ਜੜ੍ਹਾਂ ਜਾਂ ਕੱਚੀਆਂ ਗੁੱਲੀਆਂ ਲਾਹ ਦੇਵੋ। ਮਿੱਲ ਉੱਤੇ ਭੇਜਣ ਸਮੇਂ ਗੰਨੇ ਦੀਆਂ ਭਰੀਆਂ ਬੰਨ੍ਹਣ ਲਈ ਘੱਟ ਤੋਂ ਘੱਟ ਖੋਰੀ ਦੀ ਵਰਤੋਂ ਕਰੋ।
ਗੰਨਾ ਸਾਰਾ ਸਾਲ ਰਹਿਣ ਵਾਲੀ ਫ਼ਸਲ ਹੈ। ਇੱਕ ਵਾਰ ਬੀਜੀ ਫ਼ਸਲ ਤਿੰਨ ਚਾਰ ਸਾਲ ਚੱਲਦੀ ਹੈ। ਜੇ ਬਿਜਾਈ ਪਿੱਛੋਂ ਫ਼ਸਲ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਪੂਰਾ ਝਾੜ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰ ਕੇ ਕਿਸਾਨਾਂ ਨੂੰ ਰੋਜ਼ ਫ਼ਸਲ ਦਾ ਮੁਆਇਨਾ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਘਾਟ ਨੂੰ ਪੂਰਾ ਕੀਤਾ ਜਾਵੇ। ਕਮਾਦ ਵਿੱਚ ਸਿਫ਼ਾਰਸ਼ ਕੀਤੀਆਂ ਦੂਜੀਆਂ ਫ਼ਸਲਾਂ ਵੀ ਜ਼ਰੂਰ ਬੀਜਣੀਆਂ ਚਾਹੀਦੀਆਂ ਹਨ ਤਾਂ ਜੋ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।
ਸੰਪਰਕ: 94170-87328