ਨਸ਼ਿਆਂ ਦੀ ਦਲਦਲ ਵਿੱਚ ਵਿਦਿਆਰਥੀ ਵਰਗ
ਇੱਕ ਵਿਦਵਾਨ ਦਾ ਕਥਨ ਹੈ- “ਜੇ ਤੁਹਾਡੀ ਇਕ ਸਾਲ ਦੀ ਯੋਜਨਾ ਹੈ ਤਾਂ ਖੇਤਾਂ ਵਿੱਚ ਫਸਲ ਬੀਜੋ, ਜੇ ਦਸ ਸਾਲ ਦੀ ਯੋਜਨਾ ਹੈ ਤਾਂ ਦਰਖਤ ਲਾਓ ਅਤੇ ਜੇ ਸੌ ਸਾਲ ਦੀ ਯੋਜਨਾ ਹੈ ਤਾਂ ਨਸਲਾਂ ਤਿਆਰ ਕਰੋ।” ਦੁਖਾਂਤ ਇਹ ਹੈ ਕਿ ਇਸ ਵੇਲੇ ਫਸਲਾਂ ’ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਨੇ, ਦਰੱਖ਼ਤ ਆਰਿਆਂ ਦੀ ਮਾਰ ਹੇਠ ਹਨ ਅਤੇ ਸਾਡੀਆਂ ਨਸਲਾਂ, ਸਾਡਾ ਭਵਿੱਖ ਤਰ੍ਹਾਂ-ਤਰ੍ਹਾਂ ਦੇ ਐਬਾਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਭੰਗ ਦੇ ਭਾਣੇ ਗੁਆ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਕਾਲਜ ਵਿੱਚ ਪੜ੍ਹਦੇ 10 ਵਿਦਿਆਰਥੀਆਂ ਵਿੱਚੋਂ ਔਸਤ ਤੀਜਾ ਵਿਦਿਆਰਥੀ ਨਸ਼ੇ ਦੀ ਲਪੇਟ ਵਿੱਚ ਹੈ ਪਰ ਦੁਖਾਂਤਕ ਪਹਿਲੂ ਇਹ ਹੈ ਕਿ ਬਹੁਤ ਸਾਰੇ ਸਕੂਲ ਵਿਦਿਆਰਥੀਆਂ ਤੱਕ ਵੀ ਨਸ਼ੇ ਦਾ ਸੇਕ ਪੁੱਜ ਚੁੱਕਿਆ ਹੈ। ਪਿਛਲੇ ਦਿਨੀਂ ਸੰਗਰੂਰ ਵਿੱਚ ਨੌਵੀਂ ਦਸਵੀਂ ਵਿੱਚ ਪੜ੍ਹਦੇ ਤਿੰਨ ਵਿਦਿਆਰਥੀਆਂ ਨੇ ਸਕੂਲ ਜਾਣ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਤੋਂ ਬੋਤਲ ਖਰੀਦੀ, ਨਾਲ ਲੱਗਦੇ ਅਹਾਤੇ ਵਿੱਚ ਜਾ ਕੇ ਘਰੋਂ ਲਿਆਂਦੀਆਂ ਪਾਣੀ ਵਾਲੀਆਂ ਬੋਤਲਾਂ ਵਿੱਚ ਇਸ ਨੂੰ ਉਲਟ ਕੇ ਬੋਤਲਾਂ ਬੈਗ ਵਿੱਚ ਪਾ ਲਈਆਂ। ਥੋੜ੍ਹੇ ਫਰਕ ’ਤੇ ਖੜ੍ਹੇ ਪੱਤਰਕਾਰ ਨੇ ਉਨ੍ਹਾਂ ਦੀ ਇਹ ਕਾਰਵਾਈ ਕੈਮਰੇ ਵਿੱਚ ਕੈਦ ਕਰ ਲਈ ਅਤੇ ਅਗਲੇ ਦਿਨ ਇਹ ਖ਼ਬਰ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ। ਪ੍ਰਸ਼ਾਸਨ ਤੇ ਵਿੱਦਿਆ ਵਿਭਾਗ ਹਰਕਤ ਵਿੱਚ ਵੀ ਆਇਆ ਅਤੇ ਇਹ ਹਦਾਇਤਾਂ ਜਿ਼ਲ੍ਹੇ ਦੇ ਸਾਰੇ ਸਕੂਲ ਮੁਖੀਆਂ ਨੂੰ ਜਾਰੀ ਹੋਈਆਂ ਕਿ ਸਵੇਰ ਦੀ ਪ੍ਰਾਰਥਨਾ ਸਭਾ ਵੇਲੇ ਵਿਦਿਆਰਥੀਆਂ ਦੇ ਬੈਗ ਚੰਗੀ ਤਰ੍ਹਾਂ ਚੈੱਕ ਕਰ ਲਏ ਜਾਣ। ਕੁਝ ਦਿਨ ਇਹ ਹਿਲਜੁਲ ਹੋਈ ਅਤੇ ਪਰਨਾਲਾ ਫਿਰ ਉੱਥੇ ਦਾ ਉੱਥੇ। ਆਬਕਾਰੀ ਵਿਭਾਗ ’ਤੇ ਵੀ ਉਸ ਸਮੇਂ ਉਂਗਲਾਂ ਉੱਠੀਆਂ ਕਿ 25 ਸਾਲ ਤੋਂ ਘੱਟ ਉਮਰ ਦੇ ਬੰਦੇ ਨੂੰ ਠੇਕੇ ਤੋਂ ਸ਼ਰਾਬ ਵੇਚਣੀ ਕਾਨੂੰਨ ਦੀ ਉਲੰਘਣਾ ਹੈ ਅਤੇ ਇਹ ਉਲੰਘਣਾ ਕਰ ਕੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਰਾਬ ਵੇਚੀ ਜਾ ਰਹੀ ਹੈ।
ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਾ ਰਹਿਣ ਵਾਲਾ ਤਸਕਰ ਖਰੜ ਵਿੱਚ ਫਲੈਟ ਲੈ ਕੇ ਵਿਦਿਆਰਥੀਆਂ ਨੂੰ ਨਸ਼ਾ ਸਪਲਾਈ ਕਰਦਾ ਗ੍ਰਿਫ਼ਤਾਰ ਕੀਤਾ ਗਿਆ ਹੈ। ਨਸ਼ਾ ਸਪਲਾਈ ਕਰਨ ਲਈ ਉਸ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਲਾਲਚ ਦੇ ਕੇ ਪਾਂਡੀ ਬਣਾ ਲਿਆ ਸੀ ਕਿਉਂਕਿ ਛੋਟੀ ਉਮਰ ਹੋਣ ਕਾਰਨ ਵਿਦਿਆਰਥੀਆਂ ’ਤੇ ਕੋਈ ਸ਼ੱਕ ਨਹੀਂ ਕਰਦਾ, ਇਸ ਲਈ ਤਸਕਰ ਸਕੂਲ ਵਿਦਿਆਰਥੀਆਂ ਨੂੰ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਵਰਤ ਰਹੇ ਹਨ। ਵਿਦਿਆਰਥੀ ਵਰਗ ਜਿਨ੍ਹਾਂ ਦੇ ਹੱਥਾਂ ਵਿੱਚ ਪੁਸਤਕਾਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਕੋਲ ਕਿਰਤ ਦਾ ਸੰਕਲਪ ਹੋਣਾ ਚਾਹੀਦਾ, ਉਨ੍ਹਾਂ ਹੱਥਾਂ ਵਿੱਚ ਨਸ਼ਿਆਂ ਦੀਆਂ ਪੁੜੀਆਂ ਦਾ ਹੋਣਾ ਸਿਰਫ ਉਨ੍ਹਾਂ ਦੇ ਜੀਵਨ ਲਈ ਹੀ ਘਾਤਕ ਨਹੀਂ, ਸਗੋਂ ਮਾਪਿਆਂ ਦੇ ਆਪਣੀ ਔਲਾਦ ਲਈ ਲਏ ਸੁਪਨਿਆਂ ਨੂੰ ਵੀ ਖੇਰੂੰ-ਖੇਰੂੰ ਕਰਨਾ ਹੈ। ਚਿੰਤਨ ਕਰਨ ਵਾਲੀ ਗੱਲ ਇਹ ਹੈ ਕਿ ਵਿਦਿਆਰਥੀ ਪ੍ਰਾਂਤ ਤੇ ਦੇਸ਼ ਦਾ ਭਵਿੱਖ ਹਨ ਅਤੇ ਸਮਾਜਿਕ ਜਿ਼ੰਮੇਵਾਰੀਆਂ ਦਾ ਬੋਝ ਵੀ ਭਵਿੱਖ ਵਿੱਚ ਇਨ੍ਹਾਂ ਨੇ ਚੁੱਕਣਾ ਹੈ। ਅਜਿਹੀ ਹਾਲਤ ਵਿੱਚ ਨਿੱਗਰ, ਉਸਾਰੂ ਅਤੇ ਅਗਾਂਹਵਧੂ ਸਮਾਜ ਦੀ ਆਸ ਕਿੰਝ ਰੱਖੀ ਜਾ ਸਕਦੀ ਹੈ?
ਇੱਕ ਸਰਵੇਖਣ ਅਨੁਸਾਰ 13-15 ਸਾਲ ਉਮਰ ਵਰਗ ਦੇ ਸਕੂਲ ਵਿਦਿਆਰਥੀਆਂ ਵਿੱਚ ਨਸ਼ੇ ਦੀ ਆਦਤ ਸਰਕਾਰੀ ਸਕੂਲਾਂ ਵਿੱਚ 11.9% ਅਤੇ ਪ੍ਰਾਈਵੇਟ ਸਕੂਲਾਂ ਵਿੱਚ 5.9% ਹੈ। ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਘੁਸਪੈਠ ਦਾ ਅਰਥ ਹੈ- ਸਕੂਲ ਵਿੱਚ ਅਨੁਸ਼ਾਸਨਹੀਣਤਾ, ਨੈਤਿਕ ਕਦਰਾਂ-ਕੀਮਤਾਂ ਦਾ ਨਿਘਾਰ, ਧੁੰਦਲਾ ਭਵਿੱਖ, ਸਰੀਰਕ, ਮਾਨਸਿਕ ਤੇ ਬੌਧਕ ਕੰਗਾਲੀ ਦਾ ਸ਼ਿਕਾਰ ਹੋਣਾ। ਸਰੀਰਕ ਪੱਖ ਤੋਂ ਨਿਘਾਰ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਅਕਸਰ 11-14 ਸਾਲ ਉਮਰ ਵਰਗ ਦੇ ਵਿਦਿਆਰਥੀ ਸ਼ੁਰੂ ਵਿੱਚ ਸ਼ੌਂਕ-ਸ਼ੌਂਕ ਵਿੱਚ ਸਮਾਜ ਜਾਂ ਘਰ ਦੇ ਕਿਸੇ ਜੀਅ ਦੇ ਅਸਰ ਹੇਠ ਬੀੜੀ, ਜਰਦਾ ਤੇ ਸਿਗਰਟ ਦੀ ਵਰਤੋਂ ਕਰਦੇ ਹਨ। ਸਿਗਨੇਚਰ ਦੀ ਵਰਤੋਂ ਵੀ ਇਸ ਵਿੱਚ ਸ਼ਾਮਲ ਹੈ। ਵਿਦਿਆਰਥੀ ਵਰਗ ਲਈ ਇਹ ਨਸ਼ੇ ਦਾ ਪਹਿਲਾ ਪੜਾਅ ਹੈ, ਜੇ ਇਸ ਪੜਾਅ ’ਤੇ ਵਿਦਿਆਰਥੀ ਨੂੰ ਰੋਕਿਆ ਨਾ ਗਿਆ ਤਾਂ ਉਸ ਦਾ 14 ਸਾਲ ਦੀ ਉਮਰ ਤੋਂ ਬਾਅਦ ਸ਼ਰਾਬ ਵੱਲ ਝੁਕਾਅ ਹੋ ਜਾਂਦਾ ਹੈ। ਜੇ ਦੂਜੇ ਪੜਾਅ ਵੱਲ ਵੀ ਧਿਆਨ ਨਾ ਦਿੱਤਾ ਗਿਆ ਤਾਂ ਫਿਰ ਤੀਜੇ ਪੜਾਅ ਵਿੱਚ ਉਸ ਦੇ ਹੱਥ ਵਿੱਚ ਚਿੱਟਾ ਤੇ ਸਰਿੰਜ ਹੁੰਦੀ ਹੈ। ਇਹ ਪੜਾਅ ਬਹੁਤ ਘਾਤਕ ਹੈ।
ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਮੇਰੇ ਕੋਲ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਅਧਿਆਪਕ ਲੈ ਕੇ ਆਏ। ਉਹ ਸਵੇਰ ਦੀ ਸਭਾ ਸਮੇਂ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਕੌਂਸਲਿੰਗ ਕਰਦਿਆਂ ਸਾਹਮਣੇ ਆਇਆ ਕਿ ਉਹ ਚਾਰ ਮਹੀਨਿਆਂ ਤੋਂ ਚਿੱਟਾ ਲੈ ਰਿਹਾ ਸੀ। ਉਸ ਨੇ ਦੱਸਿਆ ਕਿ ਸਕੂਲ ਵਿੱਚ ਹੋਰ ਕਈ ਵਿਦਿਆਰਥੀ ਵੀ ਚਿੱਟਾ ਲੈਂਦੇ ਹਨ। ਵਿਦਿਆਰਥੀ ਦੇ ਮਾਪਿਆਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰ ਕੇ ਮੁੱਖ ਧਾਰਾ ਵਿੱਚ ਲਿਆਂਦਾ ਗਿਆ। ਇੰਝ ਹੀ ਸੱਤਵੀਂ ਜਮਾਤ ਦਾ ਵਿਦਿਆਰਥੀ ਵੀ ਚਿੱਟਾ ਛੱਡਣ ਲਈ ਦਾਖ਼ਲ ਰਿਹਾ।
ਦਰਅਸਲ, ਮਾਪਿਆਂ ਦੀ ਸੋਚ ਇਸ ਗੱਲ ’ਤੇ ਕੇਂਦਰਤ ਹੈ ਕਿ ਉਸ ਨੂੰ ਮਹਿੰਗੀ ਟਿਊਸ਼ਨ, ਮਹਿੰਗਾ ਮੋਟਰਸਾਈਕਲ ਅਤੇ ਮਹਿੰਗਾ ਮੋਬਾਈਲ ਲੈ ਕੇ ਦਿੱਤਾ ਜਾਵੇ। ਇਹ ਸਭ ਕੁਝ ਕਰਨ ਪਿੱਛੋਂ ਉਹ ਬੱਚਿਆਂ ਪ੍ਰਤੀ ਆਪਣੀ ਜਿ਼ੰਮੇਵਾਰੀ ਤੋਂ ਮੁਕਤ ਸਮਝਦੇ ਹਨ। ਸਿਰਫ 2% ਮਾਪੇ ਸਕੂਲਾਂ ਵਿੱਚ ਆਪਣੇ ਬੱਚੇ ਦੀ ਕਾਰਗੁਜ਼ਾਰੀ ਸਬੰਧੀ ਪਤਾ ਕਰਨ ਜਾਂਦੇ ਹਨ। ਬਹੁਤ ਸਾਰੇ ਮਾਪੇ ਭੁੱਲ ਗਏ ਹਨ ਕਿ ਉਨ੍ਹਾਂ ਦੀ ਅਸਲ ਪੂੰਜੀ ਉਨ੍ਹਾਂ ਦੀਆਂ ਫੁੱਲੀਆਂ ਹੋਈਆਂ ਜੇਬਾਂ ਨਹੀਂ ਸਗੋਂ ਔਲਾਦ ਹੈ। ਜੇ ਔਲਾਦ ਹੀ ਸਿਵਿਆਂ ਦੇ ਰਾਹ ਪੈ ਗਈ, ਫਿਰ ਪਦਾਰਥਕ ਦੌੜ ਦੀ ਕੀਮਤ ਕੀ ਹੈ? ਮਾਪਿਆਂ ਨੂੰ ਸੁਝਾਅ ਹੈ ਕਿ ਉਹ ਔਲਾਦ ’ਤੇ ਬਾਜ਼ ਅੱਖ ਰੱਖਣ, ਜੇ ਉਸ ਦੀ ਸਿਹਤ ਵਿੱਚ ਦਿਨ-ਬਦਿਨ ਨਿਘਾਰ ਆ ਰਿਹਾ ਹੈ, ਬਾਥਰੂਮ ਵਿੱਚ ਜ਼ਿਆਦਾ ਸਮਾਂ ਲਾਉਂਦਾ ਹੈ, ਪੜ੍ਹਨ ਵਾਲਾ ਕਮਰਾ ਬੰਦ ਕਰ ਕੇ ਅਗਰਬੱਤੀ ਲਾਉਂਦਾ ਹੈ, ਹਰ ਵੇਲੇ ਖਿਝਿਆ ਜਿਹਾ ਰਹਿੰਦਾ ਹੈ। ਵਿਦਿਆਰਥੀ ਦੇ ਜਾਣ ਬਾਅਦ ਉਸ ਦੇ ਕਮਰੇ ਦੀ ਫਰੋਲਾ-ਫਰਾਲੀ ਕੀਤੀ ਜਾਵੇ। ਕਮਰੇ ਵਿੱਚ ਮਾਚਸਾਂ ਦਾ ਮਿਲਣਾ, ਵਰਤੀਆਂ ਜਾਂ ਅਣਵਰਤੀਆਂ ਸਰਿੰਜਾਂ ਦਾ ਮਿਲਣਾ, ਫੁਆਇਲ ਪੇਪਰ ਮਿਲਣਾ ਚੰਗੇ ਸੰਕੇਤ ਨਹੀਂ। ਮਾਪਿਆਂ ਨੂੰ ਤੁਰੰਤ ਕਿਸੇ ਚੰਗੇ ਮਨੋਵਿਗਿਆਨਕ ਡਾਕਟਰ ਨਾਲ ਸੰਪਰਕ ਕਰ ਕੇ ਉਸ ਦਾ ਇਲਾਜ ਕਰਾਉਣਾ ਚਾਹੀਦਾ ਹੈ। ਕਈ ਵਾਰ ਮਾਪੇ ਸਮਾਜਿਕ ਨਮੋਸ਼ੀ ਕਾਰਨ ਅੰਦਰੋ-ਅੰਦਰੀ ਥੋੜ੍ਹੀ-ਬਹੁਤੀ ਚਾਰਾਜੋਈ ਕਰਦੇ ਹਨ ਹਾਲਾਂਕਿ ਸਮਾਜ ਨੂੰ ਤਾਂ ਉਸ ਦੀਆਂ ਆਦਤਾਂ ਸਬੰਧੀ ਕਾਫੀ ਹੱਦ ਤੱਕ ਪਹਿਲਾਂ ਹੀ ਪਤਾ ਲੱਗ ਚੁੱਕਿਆ ਹੁੰਦਾ ਹੈ। ਕਈ ਵਾਰ ਕੋਈ ਭਲਾ ਮਾਣਸ ਜੇਕਰ ਬੱਚੇ ਦੀ ਇਸ ਆਦਤ ਸਬੰਧੀ ਮਾਪਿਆਂ ਨੂੰ ਦੱਸਦਾ ਹੈ ਤਾਂ ਮਾਪੇ ਇਹ ਕਹਿ ਕੇ ਉਸ ਦੇ ਗਲ ਪੈ ਜਾਂਦੇ ਹਨ- “ਤੈਨੂੰ ਕੋਈ ਭੁਲੇਖਾ ਲੱਗਿਐ, ਸਾਡੇ ਮੁੰਡੇ ਦੀ ਤਾਂ ਕੋਈ ਸਹੁੰ ਨਹੀਂ ਖਾਂਦਾ।” ਬੱਸ, ਇੱਦਾਂ ਮੁੰਡੇ ਦੇ ਮੂੰਹ ’ਤੇ ਕੀਤੀ ਵਡਿਆਈ ਉਸ ਦੀ ਇਸ ਬੁਰਾਈ ਨੂੰ ਹੋਰ ਬਲ ਦਿੰਦੀ ਹੈ।
ਪਿਛਲੇ ਦਿਨੀਂ ਲੁਧਿਆਣਾ ਦੇ ਸਕੂਲਾਂ ਦੇ ਆਲੇ-ਦੁਆਲੇ ਖੁੱਲ੍ਹੀਆਂ ਚਾਹ, ਫਲਾਂ, ਪਾਨ ਅਤੇ ਹੋਰ ਨਿੱਕ-ਸੁੱਕ ਦੀਆਂ ਦੁਕਾਨਾਂ ਦੀ ਪੁਲੀਸ ਵਿਭਾਗ ਨੇ ਤਲਾਸ਼ੀ ਲਈ। ਇਨ੍ਹਾਂ ਕੋਲੋਂ ਸਿਗਨੇਚਰ ਕੈਪਸੂਲ, ਸਿਗਰਟਾਂ ਅਤੇ ਨਸ਼ੇ ਦਾ ਹੋਰ ਸਮਾਨ ਬਰਾਮਦ ਹੋਇਆ। ਬਰਾਮਦਗੀ ਸਮੇਂ ਇਹ ਵੀ ਪਤਾ ਲੱਗਿਆ ਸੀ ਕਿ ਵਿਦਿਆਰਥੀ ਕੋਡ ਸ਼ਬਦ ਦੀ ਵਰਤੋਂ ਕਰ ਕੇ ਦੁਕਾਨਦਾਰ ਤੋਂ ਨਸ਼ਾ ਪ੍ਰਾਪਤ ਕਰਦੇ ਸਨ। ਇਸ ਸਬੰਧੀ ਅਧਿਆਪਕਾਂ ਨੂੰ ਬੇਨਤੀ ਹੈ ਕਿ ਅਜਿਹੇ ਦੁਕਾਨਦਾਰਾਂ ’ਤੇ ਬਾਜ਼ ਅੱਖ ਰੱਖੀ ਜਾਵੇ ਅਤੇ ਲੋੜ ਅਨੁਸਾਰ ਪੁਲੀਸ ਦੀ ਸਹਾਇਤਾ ਨਾਲ ਉਨ੍ਹਾਂ ’ਤੇ ਬਣਦੀ ਕਾਰਵਾਈ ਕਰਵਾਈ ਜਾਵੇ।
ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਜਿੰਨੀ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ, ਜ਼ਮੀਨੀ ਪੱਧਰ ’ਤੇ ਇੰਨਾ ਕੰਮ ਨਹੀਂ ਹੋਇਆ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ, ਪੰਜਾਬ ਦੀ ਆਬਾਦੀ ਕੁੱਲ ਦੇਸ਼ ਦੀ ਆਬਾਦੀ ਦਾ 2.21% ਹੈ, ਪਰ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਕੁੱਲ ਦੇਸ਼ ਵਿੱਚ ਹੋਈਆਂ ਮੌਤਾਂ ਦਾ 21% ਹੈ। ਯੁੱਧ ਨਸ਼ਿਆਂ ਵਿਰੁੱਧ ਦੀ ਅਗਲੀ ਕੜੀ ਵਿੱਚ ਪੰਜਾਬ ਸਰਕਾਰ ਨੇ ਫਾਜਿ਼ਲਕਾ ਜ਼ਿਲ਼ੇ ਦੇ ਅਰਨੀਵਾਲਾ ਐਮੀਨੈਂਸ ਸਕੂਲ ਵਿੱਚ ਸਮਾਗਮ ਕਰ ਕੇ ਛੇ ਜ਼ਿਲ੍ਹਿਆਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੁਲਾ ਕੇ ਨੌਵੀਂ ਤੋਂ ਬਾਰਵੀਂ ਤੱਕ ਦੇ ਸਿਲੇਬਸ ਵਿੱਚ ਨਸ਼ਿਆਂ ਦਾ ਸਿਲੇਬਸ ਸ਼ਾਮਿਲ ਕਰਨ ਦੀ ਯੋਜਨਾ ਆਰੰਭ ਕਰਨ ਦਾ ਐਲਾਨ ਕੀਤਾ ਹੈ। ਇਹ ਉਸਾਰੂ ਕਦਮ ਹੈ, ਪਰ ਇਸ ਦੇ ਨਾਲ ਹੀ ਮਾਪਿਆਂ ਅਤੇ ਅਧਿਆਪਕਾਂ ਦਾ ਰੋਲ ਮਾਡਲ ਹੋਣਾ, ਉਨ੍ਹਾਂ ਦਾ ਆਪਸ ਵਿੱਚ ਸੰਪਰਕ ਹੋਣਾ, ਸਮਾਜ ਦਾ ਨਾਲ ਜੁੜਨਾ ਅਤੇ ਰਾਜਸੀ ਦ੍ਰਿੜ ਇੱਛਾ ਸ਼ਕਤੀ ਨੂੰ ਅਮਲੀ ਜਾਮਾ ਪਹਿਨਾਉਣਾ ਅਤਿਅੰਤ ਜ਼ਰੂਰੀ ਹੈ। ਇਸ ਤਰ੍ਹਾਂ ਉਸਾਰੀ ਗਈ ਲੋਕ ਲਹਿਰ ਹੀ ਨਸ਼ਿਆਂ ਦੀ ਮਾਰੂ ਹਨੇਰੀ ਨੂੰ ਠੱਲ੍ਹ ਪਾ ਸਕੇਗੀ।
ਸੰਪਰਕ: 94171-48866