ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੱਭਿਆਚਾਰਕ ਵਿਰਾਸਤੀ ਸੈਰ-ਸਪਾਟੇ ਅਤੇ ਵਿਕਾਸ ਲਈ ਸੁਚਾਰੂ ਨੀਤੀ ਜ਼ਰੂਰੀ

ਪ੍ਰੋ. ਸੁਖਦੇਵ ਸਿੰਘ ਸਾਲ 2017 ਵਿੱਚ ਆਪਣੇ 22ਵੇਂ ਸੈਸ਼ਨ ਵਿੱਚ ਸੰਯੁਕਤ ਰਾਸ਼ਟਰ ਸੈਰ-ਸਪਾਟਾ ਜਨਰਲ ਅਸੈਂਬਲੀ ਨੇ ਸੱਭਿਆਚਾਰਕ ਸੈਰ-ਸਪਾਟੇ ਨੂੰ ਅਜਿਹੀ ਗਤੀਵਿਧੀ ਵਜੋਂ ਪਰਿਭਾਸ਼ਿਤ ਕੀਤਾ ਜਿੱਥੇ “ਯਾਤਰੀ ਦੀ ਮੁੱਖ ਪ੍ਰੇਰਨਾ ਸੈਰ-ਸਪਾਟਾ ਸਥਾਨ ਦੇ ਠੋਸ ਅਤੇ ਅਮੂਰਤ ਸੱਭਿਆਚਾਰਕ ਆਕਰਸ਼ਣਾਂ/ਉਤਪਾਦਾਂ ਬਾਰੇ ਖੋਜ ਕਰਨਾ,...
Advertisement
ਪ੍ਰੋ. ਸੁਖਦੇਵ ਸਿੰਘ

ਸਾਲ 2017 ਵਿੱਚ ਆਪਣੇ 22ਵੇਂ ਸੈਸ਼ਨ ਵਿੱਚ ਸੰਯੁਕਤ ਰਾਸ਼ਟਰ ਸੈਰ-ਸਪਾਟਾ ਜਨਰਲ ਅਸੈਂਬਲੀ ਨੇ ਸੱਭਿਆਚਾਰਕ ਸੈਰ-ਸਪਾਟੇ ਨੂੰ ਅਜਿਹੀ ਗਤੀਵਿਧੀ ਵਜੋਂ ਪਰਿਭਾਸ਼ਿਤ ਕੀਤਾ ਜਿੱਥੇ “ਯਾਤਰੀ ਦੀ ਮੁੱਖ ਪ੍ਰੇਰਨਾ ਸੈਰ-ਸਪਾਟਾ ਸਥਾਨ ਦੇ ਠੋਸ ਅਤੇ ਅਮੂਰਤ ਸੱਭਿਆਚਾਰਕ ਆਕਰਸ਼ਣਾਂ/ਉਤਪਾਦਾਂ ਬਾਰੇ ਖੋਜ ਕਰਨਾ, ਸਿੱਖਣਾ, ਅਨੁਭਵ ਕਰਨਾ ਅਤੇ ਆਨੰਦ ਪ੍ਰਾਪਤ ਕਰਨਾ ਹੈ।”
Advertisement

ਪ੍ਰੇਰਨਾ ਦੇ ਇਹ ਚਾਰ ਪਹਿਲੂ ਕਿਸੇ ਸੱਭਿਆਚਾਰਕ ਵਿਰਾਸਤ ਸਥਾਨ ਜਾਂ ਉਤਪਾਦ ਬਾਰੇ ਕਿਸੇ ਸੈਲਾਨੀ ਅਤੇ ਉਸ ਦੇ ਮਾਰਗ ਪਰਦਰਸ਼ਕ (ਟੂਰ ਗਾਈਡ) ਦਾ ਏਜੰਡਾ ਉਲੀਕਦੇ ਹਨ। ਕੁਝ ਸਮੇਂ ਤੋਂ ਇਮਾਰਤੀ-ਸੱਭਿਆਚਾਰਕ-ਵਿਰਾਸਤ ਸਬੰਧੀ ਸਮਝ ਨੂੰ ਪੁਰਾਤੱਤਵ ਖੰਡਰਾਂ ਤੱਕ ਸੀਮਤ ਨਾ ਕਰ ਕੇ ‘ਜੀਵਤ ਵਿਰਾਸਤ’ ਤੱਕ ਫੈਲਾਇਆ ਗਿਆ ਹੈ, ਵਿਰਾਸਤੀ ਇਮਾਰਤਾਂ ਦੀ ਮੁੜ ਵਰਤੋਂ ਦੀ ਵਕਾਲਤ ਕੀਤੀ ਗਈ ਹੈ, ਕਾਰੋਬਾਰ ਰਹਿਤ ਯਾਤਰਾ ਦਾ ਦਾਇਰਾ ਵਿਸ਼ਾਲ ਕਰ ਕੇ ਇਸ ਨੂੰ ਨਾ ਸਿਰਫ ਤੀਰਥ ਯਾਤਰਾ ਸਗੋਂ ‘ਮਨੋਰੰਜਨ, ਅਨੁਭਵ, ਆਰਾਮ’ ਕਰਨ ਲਈ ਅਤੇ ‘ਅਨਜਾਣ ਨਾਲ ਪਛਾਣ’ ਕਰਨ ਲਈ ਸੈਰ-ਸਪਾਟਾ ਯਾਤਰਾ ਵਜੋਂ ਮਾਨਤਾ ਦਿੱਤੀ ਗਈ ਹੈ, ਨਾਲ ਹੀ ਉੱਚ ਜੀਵਨ ਪੱਧਰ ਵਜੋਂ ਪੇਸ਼ ਕੀਤਾ ਗਿਆ ਹੈ। ਸੱਭਿਆਚਾਰਕ ਵਿਰਾਸਤ ਅਤੇ ਯਾਤਰਾ ਦੇ ਅਰਥਾਂ ਵਿੱਚ ਇਸ ਤਬਦੀਲੀ ਨਾਲ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਰਾਸਤ ਦੇ ਸਾਂਭ-ਸੰਭਾਲ ਕਾਰੋਬਾਰ ਅਜਿਹੇ ਉਦਯੋਗ ਵਾਂਗ ਉੱਭਰੇ ਹਨ ਜਿਸ ਨੇ ਹੋਰ ਕਾਰੋਬਾਰੀ ਖੇਤਰਾਂ ਜਿਵੇਂ ਪ੍ਰਾਹੁਣਚਾਰੀ, ਰੈਣ ਬਸੇਰਾ, ਆਵਾਜਾਈ, ਆਮ ਖਰੀਦੋ-ਫਰੋਖਤ, ਮਨੋਰੰਜਨ ਆਦਿ ਕਾਰੋਬਾਰਾਂ ਲਈ ਉਤਪ੍ਰੇਰਕ ਵਜੋਂ ਕੰਮ ਕੀਤਾ ਹੈ ਜਿਸ ਕਰ ਕੇ ਸਰਕਾਰਾਂ ਸੱਭਿਆਚਾਰਕ ਵਿਰਾਸਤ ਨੂੰ ਸੈਰ-ਸਪਾਟਾ ਯਾਤਰਾ ਨਾਲ ਜੋੜ ਕੇ ਇਸ ਨੂੰ ਰਾਸ਼ਟਰੀ ਚੇਤਨਾ ਅਤੇ ਪਛਾਣ ਦੇ ਨਾਲ-ਨਾਲ ਕਾਰੋਬਾਰ ਅਤੇ ਕਾਰੋਬਾਰੀ ਉਤਪ੍ਰੇਰਕ ਵਜੋਂ ਵਿਕਸਤ ਕਰ ਰਹੀਆਂ ਹਨ।

ਇਸ ਲਈ ਸੱਭਿਆਚਾਰਕ ਵਿਰਾਸਤ ਸੈਰ-ਸਪਾਟਾ ਯਾਤਰਾ ਕਾਰੋਬਾਰ ਨੂੰ ਸਮਾਵੇਸ਼ੀ ਆਰਥਿਕ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਲਈ ਚਾਲਕ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੈਰ-ਸਪਾਟਾ ਉਦਯੋਗ ਸਥਾਨਕ ਕਾਰੋਬਾਰਾਂ, ਟਰਾਂਸਪੋਰਟਰਾਂ, ਸੈਲਾਨੀ ਗਾਈਡਾਂ, ਹੋਟਲਾਂ ਤੇ ਰੈਸਟੋਰੈਂਟਾਂ, ਕਾਰੀਗਰਾਂ, ਪੁਰਸ਼ਾਂ ਤੇ ਔਰਤਾਂ ਦੀ ਇੱਕੋ ਸਮੇਂ ਸਮਾਜ ਦੇ ਕਈ ਲੋਕਾਂ, ਵਰਗਾਂ ਅਤੇ ਖੇਤਰਾਂ ਨੂੰ ਲਾਭ ਪਹੁੰਚਾਉਂਦਾ ਹੈ। ਸੈਰ-ਸਪਾਟਾ ਯਾਤਰਾ ਵਿੱਚ ਭੂਗੋਲਿਕ ਲਗਾਤਾਰਤਾ ਹੋਣ ਕਰ ਕੇ ਇਹ ਸੈਰ-ਸਪਾਟਾ ਮੰਜਿ਼ਲ ਦੇ ਨਾਲ-ਨਾਲ ਰਸਤੇ ਵਿੱਚ ਵੀ ਕਾਰੋਬਾਰੀ ਉਤਪ੍ਰੇਰਕ ਬਣਦਾ ਹੈ। ਸੱਭਿਆਚਾਰਕ ਵਿਰਾਸਤ ਨੂੰ ਸੈਰ-ਸਪਾਟੇ ਨਾਲ ਜੋੜਨ ਦੇ ਲਾਭ ਸਮਾਵੇਸ਼ੀ (ਨਿਚਲੁਸਵਿੲ) ਰੁਜ਼ਗਾਰ ਅਤੇ ਵਿਕਾਸ ਤੋਂ ਇਲਾਵਾ ਅੰਤਰ-ਸੱਭਿਆਚਾਰਕ ਲੈਣ-ਦੇਣ ਅਤੇ ਸਮਝ, ਸ਼ਾਂਤੀ ਅਤੇ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਲਈ ਸਾਧਨਾਂ ਦੀ ਸੰਭਾਵਨਾ ਪੇਸ਼ ਕੀਤੇ ਜਾਂਦੇ ਹਨ। ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਰਾਸਤ ਵਿਚਕਾਰ ਸਬੰਧ ਪਰਸਪਰਤਾ (ਮੁਟੁਅਲਿਟੇ) ਦੇ ਸਿਧਾਂਤ ’ਤੇ ਆਧਾਰਿਤ ਹੈ ਜੋ ਸੱਭਿਆਚਾਰਕ ਵਿਰਾਸਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਾਧਨ ਹੈ ਤਾਂ ਸੈਰ-ਸਪਾਟਾ ਸੱਭਿਆਚਾਰਕ ਵਿਰਾਸਤ ਦੇ ਪਾਲਣ-ਪੋਸ਼ਣ ਲਈ ਚਾਲਕ ਬਣ ਸਕਦਾ ਹੈ। ਇਸ ਲਈ ਹੁਣ ਸੱਭਿਆਚਾਰਕ ਵਿਰਾਸਤ ਜਿਸ ਵਿੱਚ ਕੁਦਰਤੀ ਅਤੇ ਸੱਭਿਆਚਾਰਕ ਮਹੱਤਤਾ ਵਾਲੇ ਸਥਾਨ, ਆਰਕੀਟੈਕਚਰਲ ਢਾਂਚੇ, ਸ਼ਿਲਪ-ਵਸਤਾਂ, ਅਮੂਰਤ ਗਿਆਨ ਪ੍ਰਦਰਸ਼ਨ ਆਦਿ ਸ਼ਾਮਲ ਹਨ, ਸੈਰ-ਸਪਾਟਾ ਉਦਯੋਗ ਦਾ ਤੇਜ਼ੀ ਨਾਲ ਉੱਭਰ ਰਿਹਾ ਅਹਿਮ ਹਿੱਸਾ ਬਣ ਰਿਹਾ ਹੈ।

ਉਂਝ, ਮਸਲਾ ਓਨਾ ਸਿੱਧਾ ਤੇ ਸਰਲ ਨਹੀਂ ਜਿੰਨਾ ਕਿਹਾ ਅਤੇ ਸਮਝਿਆ ਜਾਂਦਾ ਹੈ। ਸੈਰ-ਸਪਾਟਾ ਉਦਯੋਗ ਦੇ ਤੌਰ ’ਤੇ ਮੁਨਾਫ਼ੇ ਅਤੇ ਆਰਥਿਕ ਵਿਕਾਸ ਦੇ ਸਿਧਾਂਤ ’ਤੇ ਸਥਾਪਿਤ ਹੈ ਜਦੋਂ ਕਿ ਸੱਭਿਆਚਾਰਕ ਵਿਰਾਸਤ ਪਛਾਣ ਅਤੇ ਵਿਰਾਸਤ ਦੇ ਸਿਧਾਂਤ ’ਤੇ ਸਥਾਪਿਤ ਹੈ। ਵਿਰੋਧਾਭਾਸ ਇਹ ਹੈ ਕਿ ਸੱਭਿਆਚਾਰਕ ਵਿਰਾਸਤ, ਸੈਰ-ਸਪਾਟੇ ਲਈ ਵਸਤੂ ਹੈ; ਸੱਭਿਆਚਾਰਕ ਵਿਰਾਸਤ ਲਈ ਸੈਰ-ਸਪਾਟਾ ਪਾਲਕ ਹੈ। ਸੈਲਾਨੀਆਂ ਨੂੰ ਆਕਰਸ਼ਿਤ ਕਰ ਕੇ ਆਮਦਨ ਪੈਦਾ ਕਰਨ ਦਾ ਜ਼ਰੀਆ ਬਣ ਸਕਣ ਦੀ ਸੰਭਾਵਨਾ ਕਰ ਕੇ ਸੱਭਿਆਚਾਰਕ ਵਿਰਾਸਤ ਨੂੰ ਇੱਕ ਅਰਥ ਵਿੱਚ 'ਵਸਤੂ' ਵਜੋਂ ਦੇਖਿਆ ਜਾਂਦਾ ਹੈ ਪਰ ਇਹ ਇਸ ਤੋਂ ਵੀ ਕਿਤੇ ਵੱਧ ਪਛਾਣ ਚਿੰਨ੍ਹ ਹੈ। ਇਹ ਰੀਤੀ ਰਿਵਾਜਾਂ, ਮੁੱਲਾਂ, ਕਲਾਕ੍ਰਿਤੀਆਂ ਅਤੇ ਸਥਾਨਾਂ ਨੂੰ ਪਛਾਣ ਅਤੇ ਇਤਿਹਾਸ ਵਜੋਂ ਦਰਸਾਉਂਦਾ ਹੈ ਜੋ ਕਿਸੇ ਭਾਈਚਾਰੇ ਦੇ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਤੀਤ ਨਾਲ ਜੋੜਦਾ ਹੈ।

ਸੱਭਿਆਚਾਰਕ ਵਿਰਾਸਤ ਨਾਲ ਸੈਰ-ਸਪਾਟਾ ਉਦਯੋਗ ਦੇ ਪ੍ਰਫੁਲਤ ਹੋਣ ਦੀਆਂ ਸੰਭਾਵਨਾਵਾਂ ਅਤੇ ਨਾਲ ਹੀ ਜਿ਼ੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਸੈਰ-ਸਪਾਟਾ ਉਦਯੋਗ ਦੀ ਕਾਮਯਾਬੀ ਅਤੇ ਇਸ ਤੋਂ ਲਾਭ ਉਠਾਉਣ ਲਈ ਉਪਰੋਕਤ ਲਾਭ ਪਾਤਰੀ ਸਾਰੇ ਖੇਤਰਾਂ ਨੂੰ ਸੈਲਾਨੀਆਂ ਲਈ ਪ੍ਰਮਾਣਿਕ ਅਤੇ ਸੁਹਾਵਣਾ ਅਨੁਭਵ ਮੁਹੱਈਆ ਕਰਨ ਵਿੱਚ ਇਕੱਠੇ ਕੰਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਜਿੱਥੇ ਸੈਰ-ਸਪਾਟਾ ਉਦਯੋਗ ਦੇ ਸੰਚਾਲਕਾਂ ਅਤੇ ਕਾਰਕੁਨਾਂ ਨੂੰ ਸੱਭਿਆਚਾਰਕ ਵਿਰਾਸਤ ਸਥਾਨ ਦੇ ਪ੍ਰੋਟੋਕੋਲ ਨੂੰ ਸਮਝਣਾ ਅਤੇ ਇਸ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ, ਉੱਥੇ ਵਿਰਾਸਤੀ ਸਥਾਨ ਦੇ ਪ੍ਰਬੰਧਕਾਂ ਨੂੰ ਸਵੀਕਾਰ ਕਰਨਾ ਪਵੇਗਾ ਕਿ ਸੈਲਾਨੀਆਂ ਨੂੰ ਵਿਰਾਸਤੀ ਸਥਾਨ ਦੀ ਮਰਿਆਦਾ, ਪ੍ਰੋਟੋਕੋਲ ਅਤੇ ਪਵਿੱਤਰਤਾ ਬਾਰੇ ਓਨੀ ਜਾਣਕਾਰੀ ਨਹੀਂ ਹੈ ਜਿੰਨੀ ਸਥਾਨਕ ਆਬਾਦੀ ਨੂੰ ਹੋ ਸਕਦੀ ਹੈ। ਸੈਲਾਨੀਆਂ ਨੂੰ ਇਹ ਪਛਾਣਨਾ ਪਵੇਗਾ ਕਿ ਸੱਭਿਆਚਾਰਕ ਵਿਰਾਸਤ ਸਥਾਨ ਸਿਰਫ਼ ਸੈਰ-ਸਪਾਟਾ ਸਥਾਨ ਨਹੀਂ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਯਾਤਰਾ ਦੌਰਾਨ ਮਾਰਗ ਪਰਦਰਸ਼ਕ (ਟੂਰ ਗਾਈਡ) ਸੈਲਾਨੀਆਂ ਨੂੰ ਸਥਾਨਕ ਰੀਤੀ-ਰਿਵਾਜਾਂ ਅਤੇ ਜੀਵਨ ਸ਼ੈਲੀ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ। ਉਹ ਸੈਲਾਨੀਆਂ ਨੂੰ ਸਥਾਨਕ ਲੋਕਾਂ ਨਾਲ ਓਨਾ ਕੁ ਹੀ ਘੁਲਣ-ਮਿਲਣ ਲਈ ਉਤਸ਼ਾਹਿਤ ਕਰਨ ਜਿਸ ਨਾਲ ਉਨ੍ਹਾਂ ਦੀ ਨਿੱਜਤਾ ਅਤੇ ਨਿੱਜੀ ਜੀਵਨ ਵਿੱਚ ਦਖਲਅੰਦਾਜ਼ੀ ਨਾ ਹੋਵੇ।

ਸੱਭਿਆਚਾਰਕ ਵਿਰਾਸਤੀ ਢਾਂਚਿਆਂ, ਸਥਾਨਾਂ ਅਤੇ ਹੋਰ ਕਲਾ ਤੇ ਸ਼ਿਲਪ ਉਤਪਾਦਾਂ ਤੋਂ ਲਾਭ ਉਠਾਉਣ ਲਈ ਇਨ੍ਹਾਂ ਦੀ ਬਿਹਤਰ ਸੰਭਾਲ, ਪ੍ਰਬੰਧਨ ਅਤੇ ਪ੍ਰਦਰਸ਼ਨ ਜ਼ਰੂਰੀ ਹੈ। ਖੋਜ ਆਧਾਰਿਤ ਨਵੇਂ ਬਿਰਤਾਂਤ ਜੋੜ ਕੇ ਇਨ੍ਹਾਂ ਦੀ ਢੁਕਵੀਂ ਦੇਖਭਾਲ ਕਰ ਕੇ ਅਤੇ ਇਨ੍ਹਾਂ ਬਾਰੇ ਜਾਗਰੂਕਤਾ ਵਿੱਚ ਵਾਧਾ ਕਰ ਕੇ ਸੈਰ-ਸਪਾਟਾ ਉਦਯੋਗ ਇਨ੍ਹਾਂ ਦੀ ਮਹੱਤਤਾ ਵਧਾ ਸਕਦਾ ਹੈ ਪਰ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਸੈਰ-ਸਪਾਟਾ ਵਧਣ ਨਾਲ ਭੀੜ-ਭੜੱਕੇ ਵਿੱਚ ਵਾਧਾ ਅਤੇ ਵਾਤਾਵਰਨ ਦੇ ਵਿਗਾੜ ਕਾਰਨ ਲੋਕਲ ਆਬਾਦੀ ਦਾ ਜੀਵਨ ਅਣਸੁਖਾਵਾਂ ਨਾ ਬਣੇ।

ਭਾਰਤ ਵਿੱਚ ਖੇਤੀਬਾੜੀ, ਕਲਾ, ਇਮਾਰਤਸਾਜ਼ੀ, ਸ਼ਿਲਪਕਾਰੀ ਅਤੇ ਦਰਸ਼ਨ ਦੀਆਂ ਵਿਭਿੰਨ ਪਰੰਪਰਾਵਾਂ ਦੇ ਨਾਲ-ਨਾਲ ਇਸ ਦੀ ਭੂਗੋਲਿਕ, ਨਸਲੀ, ਭਾਸ਼ਾਈ ਅਤੇ ਸੱਭਿਆਚਾਰਕ ਵੰਨ-ਸਵੰਨਤਾ ਇਸ ਦੀ ਅਮੀਰ ਵਿਰਾਸਤ ਨੂੰ ਬਿਆਨ ਕਰਦੀ ਹੈ। ਭਾਰਤ ਵਿੱਚ ਵਿਰਾਸਤੀ ਸਥਾਨਾਂ ਤੋਂ ਇਲਾਵਾ ਵੀ ਸੈਰ-ਸਪਾਟਾ ਉਦਯੋਗ ਲਈ ਵੱਡੀਆਂ ਸੰਭਾਵਨਾਵਾਂ ਹਨ ਜਿਸ ਲਈ ਸੁਚਾਰੂ ਆਵਾਜਾਈ, ਸਾਫ ਚੌਗਿਰਦਾ ਤੇ ਵਾਤਵਰਨ, ਇਮਾਨਦਾਰ ਵਿਹਾਰ, ਸਪਸ਼ਟ ਤੇ ਪਾਰਦਰਸ਼ੀ ਨੀਤੀਆਂ ਆਦਿ ਆਧਾਰਿਤ ਢਾਂਚਾ ਉਸਾਰਨ ਦੀ ਜ਼ਰੂਰਤ ਹੈ। ਜੇ ਸੱਭਿਆਚਾਰਕ ਵਿਰਾਸਤ ਨੂੰ ਵੀ ਸੈਰ-ਸਪਾਟਾ ਉਦਯੋਗ ਲਈ ਇੱਕ ਹੋਰ ਅੰਗ ਵਜੋਂ ਸ਼ਾਮਿਲ ਕਰਨਾ ਹੈ ਤਾਂ ਜਿ਼ੰਮੇਵਾਰੀ ਹੋਰ ਵਧ ਜਾਂਦੀ ਹੈ। ਸੈਰ-ਸਪਾਟਾ ਉਦਯੋਗ ਨਾ ਸਿਰਫ ਰੁਜ਼ਗਾਰ ਅਤੇ ਆਰਥਿਕ ਵਿਕਾਸ ਚਾਲਕ ਵਜੋਂ ਸਮਾਵੇਸ਼ੀ ਹੈ ਸਗੋਂ ਜਿ਼ੰਮੇਵਾਰੀ ਵਜੋਂ ਵੀ ਸਮਾਵੇਸ਼ੀ ਹੈ। ਕਿਸੇ ਇੱਕ ਵਰਗ ਜਾਂ ਕਾਰੋਬਾਰੀ ਖੇਤਰ ਦੇ ਕਮਜ਼ੋਰ ਜਾਂ ਵੱਧ ਭਾਰੂ ਹੋਣ ਨਾਲ ਹੀ ਸੰਤੁਲਨ ਵਿਗੜਨ ਦਾ ਖਤਰਾ ਰਹਿੰਦਾ ਹੈ। ਇਸ ਲਈ ਸੈਰ-ਸਪਾਟਾ ਤੇ ਸੱਭਿਆਚਾਰਕ ਵਿਰਾਸਤ ਵਿੱਚ ਸੰਤੁਲਨ ਅਤੇ ਇੱਕ ਦੂਜੇ ਦੇ ਪੂਰਕ ਹੋਣ ਦਾ ਰਿਸ਼ਤਾ ਵਿਕਸਿਤ ਹੋਣਾ ਜ਼ਰੂਰੀ ਹੈ, ਇਸ ਅਭਿਆਸ ਨੂੰ ਅਨਿਯਮਤ ਨਹੀਂ ਛੱਡਿਆ ਜਾ ਸਕਦਾ। ਇਸ ਲਈ ਸੱਭਿਆਚਾਰਕ ਵਿਰਾਸਤ ਅਤੇ ਸੈਰ-ਸਪਾਟੇ ਵਿਚਾਲੇ ਸੰਭਾਵੀ ਅਸੰਤੁਲਨ ਨੂੰ ਰੋਕਣ ਅਤੇ ਸਦਭਾਵਨਾ ਵਾਲੀ ਸਹਿ-ਹੋਂਦ ਨੂੰ ਉਤਸ਼ਾਹਿਤ ਕਰਨ ਲਈ ਟਿਕਾਊ ਸੈਰ-ਸਪਾਟਾ ਨੀਤੀ ਜ਼ਰੂਰੀ ਹੈ।

*ਪ੍ਰੋਫੈਸਰ (ਸੇਵਾਮੁਕਤ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

ਸੰਪਰਕ: 94642-25655

Advertisement