ਅਜੇ ਤੁਰਨਾ ਸਿੱਖ ਰਿਹਾਂ...
ਪਿਤਾ ਹੋਣ ਦੇ ਅਹਿਸਾਸ ਨੇ ਮੈਨੂੰ ਅਨੰਦਿਤ ਕਰ ਦਿੱਤਾ। ਨਵਾਂ ਜੀਅ ਆਇਆ ਤਾਂ ਨਵੇਂ ਅਹਿਸਾਸ, ਨਵੀਆਂ ਗੱਲਾਂ; ਇਕ ਦਿਨ ਗੱਲਾਂ-ਗੱਲਾਂ ਵਿੱਚ ਸਹਿਜੇ ਹੀ ਮਾਂ ਨੂੰ ਪੁੱਛ ਲਿਆ, “ਮਾਂ, ਆਪਣੀ ਯਸ਼ਲੀਨ ਕਦੋਂ ਤੀਕ ਤੁਰਨਾ ਸਿੱਖ ਜਾਵੇਗੀ?” ਮਾਂ ਕਿਸੇ ਸੰਤ ਵਾਂਗ ਮੁਸਕਰਾਈ,...
ਪਿਤਾ ਹੋਣ ਦੇ ਅਹਿਸਾਸ ਨੇ ਮੈਨੂੰ ਅਨੰਦਿਤ ਕਰ ਦਿੱਤਾ। ਨਵਾਂ ਜੀਅ ਆਇਆ ਤਾਂ ਨਵੇਂ ਅਹਿਸਾਸ, ਨਵੀਆਂ ਗੱਲਾਂ; ਇਕ ਦਿਨ ਗੱਲਾਂ-ਗੱਲਾਂ ਵਿੱਚ ਸਹਿਜੇ ਹੀ ਮਾਂ ਨੂੰ ਪੁੱਛ ਲਿਆ, “ਮਾਂ, ਆਪਣੀ ਯਸ਼ਲੀਨ ਕਦੋਂ ਤੀਕ ਤੁਰਨਾ ਸਿੱਖ ਜਾਵੇਗੀ?”
ਮਾਂ ਕਿਸੇ ਸੰਤ ਵਾਂਗ ਮੁਸਕਰਾਈ, “ਪੁੱਤਰਾ, ਅਸੀਂ ਪੈਰਾਂ ’ਤੇ ਖੜ੍ਹੇ ਤਾਂ ਹੋ ਜਾਂਦੇ ਆਂ ਪਰ ਕਈ ਵਾਰ ਸਾਰੀ ਉਮਰ ਤੁਰਨਾ ਨਹੀਂ ਆਉਂਦਾ। ਤੂੰ ਦੇਖਦਾ ਜਾਈਂ, ਇਹ ਮੇਰੀ ਪੋਤੀ ਆ, ਆਪਣੇ ਪੈਰਾਂ ’ਤੇ ਖੜ੍ਹੀ ਵੀ ਮਾਣ ਨਾਲ ਹੋਵੇਗੀ ਤੇ ਤੁਰਨਾ ਵੀ ਜਲਦੀ ਸਿੱਖ ਜਾਵੇਗੀ।”
‘ਅਸੀਂ ਪੈਰਾਂ ’ਤੇ ਖੜ੍ਹੇ ਤਾਂ ਹੋ ਜਾਂਦੇ ਆਂ ਪਰ ਕਈ ਵਾਰ ਸਾਰੀ ਉਮਰ ਤੁਰਨਾ ਨਹੀਂ ਆਉਂਦਾ’, ਮਾਂ ਦਾ ਇਹ ਵਾਕ ਸੁਣ ਕੇ ਲੱਗਾ ਕਿ ਮੈਂ ਕਵਿਤਾ ਉਪਰ ਪੀਐੱਚ ਡੀ ਕੀਤੀ ਹੈ ਪਰ ਐਸੀ ਸੋਹਣੀ ਤੇ ਦਾਰਸ਼ਨਿਕ ਗੱਲ ਤੁਰਨ ਬਾਰੇ ਬਹੁਤ ਘੱਟ ਕਵੀਆਂ ਨੇ ਕੀਤੀ ਹੈ। ਮੈਂ ਆਪਣੀ ਮਾਂ ਦੀ ਦਾਰਸ਼ਨਿਕਤਾ ਤੋਂ ਬਲਿਹਾਰ ਹੋ ਗਿਆ; ਉਹ ਮਾਂ ਜਿਸ ਨੇ ਦੁਨਿਆਵੀ ਸਕੂਲ ’ਚ ਕਦੀ ਦਾਖਲਾ ਨਹੀਂ ਲਿਆ ਪਰ ਜ਼ਿੰਦਗੀ ਦੀਆਂ ਬਹੁਤੀਆਂ ਡਿਗਰੀਆਂ ਪਹਿਲੀ ਪੁਜ਼ੀਸ਼ਨ ਵਿਚ ਪਾਸ ਕਰ ਲਈਆਂ। ਅਸੀਂ ਉਥੇ ਪੜ੍ਹੇ ਜਿਥੇ ਪਹਿਲਾਂ ਸਬਕ ਮਿਲਦਾ ਤੇ ਫਿਰ ਇਮਤਿਹਾਨ ਹੁੰਦਾ; ਮਾਂ ਉਥੇ ਪੜ੍ਹੀ ਜਿੱਥੇ ਜ਼ਿੰਦਗੀ ਪਹਿਲਾਂ ਇਮਤਿਹਾਨ ਲੈਂਦੀ ਤੇ ਫਿਰ ਸਬਕ ਦਿੰਦੀ। ਹੁਣ ਜਦ ਮੈਂ ਕਦੀ ਕਦਮ ਪੁੱਟਦਾ ਹਾਂ ਤਾਂ ਮਾਂ ਦਾ ਵਾਕ ਮੇਰੀ ਉਂਗਲ ਉਵੇਂ ਹੀ ਫੜ ਲੈਂਦਾ ਹੈ, ਜਿਵੇਂ ਨਿੱਕੇ ਬਾਲ ਦੀ ਉਂਗਲ ਫੜ ਕੇ ਤੁਰਨਾ ਸਿਖਾਇਆ ਜਾਂਦਾ ਹੈ।
ਇਸ ਸਿੱਖਿਆ ਦਾ ਸਾਥ ਮਾਣਦਾ ਕਰਮ ਭੂਮੀ ਕਾਲਜ ਪਹੁੰਚ ਗਿਆ। ਮੇਰੇ ਨਾਲ ਹਿੰਦੀ ਵਾਲੇ ਬਲਰਾਜ ਸਰ ਹਨ। ਕੁਦਰਤੀ ਤੌਰ ’ਤੇ ਉਹ ਸਾਡੇ ਨਾਲੋਂ ਵਿਲੱਖਣ ਹਨ। ਅਸੀਂ ਚਿਹਰੇ ’ਤੇ ਉੱਗੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਦਿਲ ਦੀਆਂ ਅੱਖਾਂ ਨਾਲ ਦੇਖਦੇ ਹਨ, ਪਰ ਅੱਜ ਤਾਂ ਗੱਲ ਤੁਰਨ ਦੀ ਸਮਝ ਆਉਣ ਲੱਗੀ ਹੈ, ਸੋ ਦੇਖਣ ਦੀ ਜਾਚ ਬਾਰੇ ਕਦੇ ਫਿਰ ਗੱਲ ਕਰਾਂਗੇ।
ਬਲਰਾਜ ਜੀ ਜਨਮਜਾਤ ਹੀ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹਨ ਪਰ ਮੈਂ ਇਹ ਗੱਲ ਮਹਿਸੂਸ ਕੀਤੀ, ਉਹ ਅੱਖਾਂ ਦੀ ਰੌਸ਼ਨੀ ਵਾਲਿਆਂ ਤੋਂ ਵਧੇਰੇ ਚੰਗੀ ਤਰ੍ਹਾਂ ਤੁਰਨਾ ਜਾਣਦੇ ਹਨ। ਅੱਖਾਂ ਵਾਲੇ ਥਾਂ ਪੁਰ ਥਾਂ ਅੜਕਦੇ, ਠੁੱਡੇ ਖਾਂਦੇ, ਡਿੱਗਦੇ ਦੇਖੇ। ਤਿੰਨ ਕੁ ਮਹੀਨੇ ਪਹਿਲਾਂ ਜਦੋਂ ਬਲਰਾਜ ਜੀ ਨੇ ਕਾਲਜ ਹਾਜਿ਼ਰ ਹੋਏ ਤਾਂ ਅਜਿਹੇ ਵਿਲੱਖਣ ਸ਼ਖ਼ਸ ਦਾ ਸਾਥ ਮੇਰੇ ਲਈ ਬਿਲਕੁਲ ਅਦਭੁਤ ਵਰਤਾਰਾ ਹੋ ਗਿਆ।
ਕੁਝ ਦਿਨਾਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ, “ਚਲੋ ਸਰ, ਕਾਲਜ ਘੁਮਾ ਦੇਵਾਂ।” ਅਸੀਂ ਆਪਣੇ ਕਮਰੇ ’ਚੋਂ ਨਿਕਲੇ ਅਤੇ ਹੌਲੀ-ਹੌਲੀ ਕਾਲਜ ਦੇ ਲਾਅਨ ਵੱਲ ਚੱਲਣ ਲੱਗੇ। ਮੈਂ ਉਨ੍ਹਾਂ ਦੀ ਬਾਂਹ ਫੜੀ। ਨਾਲ-ਨਾਲ ਦੱਸਦਾ ਜਾ ਰਿਹਾਂ ਕਿ ਹੁਣ ਕਲਾਸ ਰੂਮਾਂ ਕੋਲੋਂ ਲੰਘ ਰਹੇ ਹਾਂ, ਸਾਡੇ ਸੱਜੇ ਪਾਸੇ ਲਾਅਨ ਹੈ।
“ਆਹ ਅਮਰੂਦ ਦਾ ਬੂਟਾ ਆ।”
“ਅਮਰੂਦ ਲੱਗੇ ਹੋਏ ਆ?” ਬਲਰਾਜ ਨੇ ਪੁੱਛਿਆ।
“ਹਾਂ ਜੀ, ਪਰ ਅਜੇ ਕੱਚੇ ਆ।”
“ਵੈਸੇ... ਉਹ ਕਿਉਂ ਕਹਿੰਦੇ ਕਿ ਕੌਣ ਪੁੱਛਦਾ ਮੇਲੇ ’ਚ ’ਮਰੂਦਾਂ ਨੂੰ?” ਉਨ੍ਹਾਂ ਦੀ ਗੱਲ ’ਚ ਬੱਚਿਆਂ ਵਾਲੀ ਉਤਸੁਕਤਾ ਹੈ।
“ਕਿਉਂਕਿ ਅਸੀਂ ਗੁਣਾਂ ਦੇ ਗਾਹਕ ਨਹੀਂ, ਅਸੀਂ ਚੰਗੇ ਜੌਹਰੀ ਨਹੀਂ। ਅਸੀਂ ਬਸ ਐਪਲ-ਐਪਲ ਖੇਡਦੇ ਆਂ। ਬੱਚਿਆਂ ਨੂੰ ‘ਏ ਫਾਰ ਐਪਲ’ ਜੋ ਪੜ੍ਹਾਉਣ ਲੱਗ ਪਏ ਜਦੋਂਕਿ ਗੁਣਾਂ ਦੇ ਤੌਰ ’ਤੇ ਅਮਰੂਦ ਵਿੱਚ ਸੇਬ ਨਾਲੋਂ ਹਰ ਖਣਿਜ ਵਧੇਰੇ ਹੁੰਦਾ ਹੈ। ਅੰਗਰੇਜ਼ੀ ਮਾਧਿਅਮ ਨੇ ਸਾਡੇ ਜਵਾਕਾਂ ਦੇ ਦਿਮਾਗਾਂ ’ਚ ਸਿਰਫ਼ ਏ ਬੀ ਸੀ ਨਹੀਂ ਵਾੜੀ ਸਗੋਂ ਘਰਾਂ ’ਚ ਵੀ ‘ਏ ਫਾਰ ਐਪਲ’ ਵਾੜ ਦਿੱਤਾ।”
ਉਹ ਹੌਲੀ ਜਿਹੇ ਗੰਭੀਰਤਾ ਨਾਲ ਮੁਸਕਰਾਏ।
ਮੈਂ ਦੱਸਦਾ ਜਾ ਰਿਹਾਂ, “ਹੁਣ ਅਰਜਨ ਕੋਲੋਂ ਲੰਘ ਰਹੇ ਹਾਂ, ਹੁਣ ਪਾਰਕਿੰਗ ਆ ਗਈ ਹੈ। ਇਸ ਦੇ ਉਪਰ ਕੰਟੀਨ ਬਣੀ ਹੋਈ ਹੈ। ਇਹ ਪ੍ਰਿੰਸੀਪਲ ਲਈ ਘਰ ਬਣਾਇਆ ਗਿਆ ਹੈ।” ਫਿਰ ਕਿਹਾ ਕਿ ਆਪਾਂ ਕੁਝ ਸਮਾਂ ਇੱਥੇ ਰੁੱਖਾਂ ਦੀ ਸੰਗਤ ਮਾਣਦੇ ਹਾਂ। ਉਹ ਰਾਜ਼ੀ ਹੋ ਗਏ। ਕੁਝ ਪਲ ਬੈਠਣ ਤੋਂ ਬਾਅਦ ਕਹਿੰਦੇ, “ਕਾਲਜ ਬਹੁਤ ਸੋਹਣਾ ਹੈ, ਨਿੱਕਾ ਜਿਹਾ ਤੇ ਹਰਿਆ-ਭਰਿਆ ਤੇ ਗੁਣਕਾਰੀ ਅਮਰੂਦਾਂ-ਅਰਜਣਾਂ ਵਾਲਾ।” ਮੈਂ ਇਹ ਸੁਣ ਕੇ ਅਚੰਭਿਤ ਹੋ ਗਿਆ ਕਿ ਜਿਸ ਸ਼ਖ਼ਸ ਦੀਆਂ ਅੱਖਾਂ ਦੀ ਰੌਸ਼ਨੀ ਬਚਪਨ ਤੋਂ ਹੀ ਨਹੀਂ, ਉਹ ਦਿਲ ਦੀਆਂ ਅੱਖਾਂ ਨਾਲ ਕਿੰਨਾ ਸੋਹਣਾ ਦੇਖ ਰਿਹਾ ਹੈ। ਮੈਂ ਉਨ੍ਹਾਂ ਦਾ ਵਾਕ ਸੁਣ ਕੇ ਅਨੰਦਿਤ ਹੋ ਗਿਆ।
ਅਸੀਂ ਕਿੰਨਾ ਸਮਾਂ ਮੌਨ ਹੋ ਕੇ ਹਵਾ ਦੀ ਸੁਰ ਸੁਣਦੇ ਰਹੇ। ਰੁੱਖਾਂ ਦੀ ਛਾਂ ਦਾ ਅਸ਼ੀਰਵਾਦ, ਕੁਦਰਤ ਦੀ ਰਸ-ਭਿੰਨੀ ਖੁਸ਼ਬੂ, ਪੱਤਿਆਂ ਦੀ ਤਾਲ ਤੇ ਪੰਛੀਆਂ ਦੀ ਚਹਿਲ-ਪਹਿਲ।
ਵਾਪਸ ਕਮਰੇ ਵੱਲ ਪਰਤਣ ਦਾ ਵੇਲਾ ਹੋਇਆ। ਬਲਰਾਜ ਜੀ ਸਹਿਜੇ ਹੀ ਉੱਠੇ। ਜਿਧਰ ਦੀ ਆਏ ਸਾਂ, ਉਸੇ ਪਾਸੇ ਸਹਿਜਤਾ ਨਾਲ ਚੱਲਣ ਲੱਗੇ। ਜਿਵੇਂ ਉਨ੍ਹਾਂ ਦੇ ਪੈਰਾਂ ’ਤੇ ਅੱਖਾਂ ਉੱਗ ਆਈਆਂ ਹੋਣ। ਫਿਰ ਵੀ ਮੈਂ ਕਦੇ-ਕਦੇ ਬਾਂਹ ਫੜਨ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਅਹਿਸਾਸ ਹੋ ਗਿਆ- ਇਸ ਬੰਦੇ ਨੂੰ ਤੁਰਨਾ ਆਉਂਦੈ, ਚਿਹਰੇ ’ਤੇ ਉੱਗੀਆਂ ਅੱਖਾਂ ਵਾਲਿਆਂ ਨਾਲੋਂ ਬਿਹਤਰ।
ਮੈਨੂੰ ਮਹਿਸੂਸ ਹੋਇਆ, ਉਹ ਜਦੋਂ ਕਦਮ ਪੁੱਟਦੇ ਤਾਂ ਪੋਲੇ ਜਿਹੇ ਪੈਰਾਂ ਨਾਲ ਧਰਤੀ ਮਹਿਸੂਸ ਕਰਦੇ। ਉਹ ਕਦਮ ਇਸ ਤਰ੍ਹਾਂ ਪੁੱਟਦੇ ਜਿਵੇਂ ਕੋਈ ਜਿਮਨਾਸਟਿਕ ਖਿਡਾਰੀ ਆਪਣੇ ਸਰੀਰ ਨੂੰ ਲੈਅ ਵਿੱਚ ਲਿਆਉਂਦਾ, ਕਲਾਬਾਜ਼ੀਆਂ ਪਾਉਂਦਾ। ਉਹ ਤੁਰ ਰਹੇ ਹਨ ਜਾਂ ਤੈਰ ਰਹੇ ਹਨ, ਇਹ ਕਹਿਣਾ ਔਖਾ ਹੈ।
ਪਰ ਉਨ੍ਹਾਂ ਵਰਗਾ ਤੁਰਨਾ ਮੈਂ ਅੱਜ ਤੱਕ ਨਹੀਂ ਦੇਖਿਆ।
... ਤੇ ਮੈਂ ਮਾਂ ਦੇ ਵਾਕ ਆਸਰੇ ਅਤੇ ਬਲਰਾਜ ਜੀ ਦੇ ਸਾਥ ਨਾਲ ਤੁਰਨਾ ਸਿੱਖ ਰਿਹਾ ਹਾਂ…।
ਸੰਪਰਕ: 70873-20578