DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਨ੍ਹਾਂ ਦਿਨਾਂ ਦੀ ਗੱਲ...

ਡਾ. ਅਵਤਾਰ ਸਿੰਘ ਪਤੰਗ 1970ਵਿਆਂ ਵਿੱਚ ਲਗਭਗ ਸਾਰੇ ਪਿੰਡਾਂ ਦਾ ਜਨ-ਜੀਵਨ ਅੱਜ ਨਾਲੋਂ ਕਿਤੇ ਵੱਖਰਾ ਅਤੇ ਵਿਲੱਖਣ ਹੁੰਦਾ ਸੀ। ਕੁਝ ਇਹੋ ਜਿਹਾ ਹਾਲ-ਹਵਾਲ ਸਾਡੇ ਪਿੰਡ ਦਾ ਸੀ। ਸੜਕਾਂ ਕੱਚੀਆਂ ਅਤੇ ਸੜਕਾਂ ਤੋਂ ਪਿੰਡਾਂ ਨੂੰ ਜਾਂਦੇ ਗੋਹਰ (ਅੱਜ ਦੀਆਂ ਲਿੰਕ ਰੋਡਜ਼)...
  • fb
  • twitter
  • whatsapp
  • whatsapp
Advertisement
ਡਾ. ਅਵਤਾਰ ਸਿੰਘ ਪਤੰਗ

1970ਵਿਆਂ ਵਿੱਚ ਲਗਭਗ ਸਾਰੇ ਪਿੰਡਾਂ ਦਾ ਜਨ-ਜੀਵਨ ਅੱਜ ਨਾਲੋਂ ਕਿਤੇ ਵੱਖਰਾ ਅਤੇ ਵਿਲੱਖਣ ਹੁੰਦਾ ਸੀ। ਕੁਝ ਇਹੋ ਜਿਹਾ ਹਾਲ-ਹਵਾਲ ਸਾਡੇ ਪਿੰਡ ਦਾ ਸੀ। ਸੜਕਾਂ ਕੱਚੀਆਂ ਅਤੇ ਸੜਕਾਂ ਤੋਂ ਪਿੰਡਾਂ ਨੂੰ ਜਾਂਦੇ ਗੋਹਰ (ਅੱਜ ਦੀਆਂ ਲਿੰਕ ਰੋਡਜ਼) ਉੱਭੜ-ਖਾਭੜ ਅਤੇ ਭੁੱਬਲ ਭਰੇ ਸਨ। ਬਿਜਲੀ ਪਿੰਡ ਦੇ ਲੋਕਾਂ ਦੀ ਪਹੁੰਚ ਤੋਂ ਕਿਤੇ ਦੂਰ ਸੀ। ਅਸੀਂ ਨਿਆਣੇ ਕੋਠੇ ਚੜ੍ਹ ਕੇ ਨੀਝ ਲਾ ਕੇ ਵੀਹ ਮੀਲ ਦੂਰ ਰੋਪੜ ਸ਼ਹਿਰ ਦੀਆਂ ਸੜਕਾਂ ’ਤੇ ਬਲਦੇ ਖੰਭੇ ਦੇਖਣ ਲਈ ਤੀਂਘੜਦੇ ਰਹਿੰਦੇ ਸੀ। ਪਿੰਡ ਦੇ ਬਹੁਤੇ ਘਰ ਮਿੱਟੀ ਗਾਰੇ ਦਾ ਢਾਂਚਾ ਹੁੰਦੇ ਸਨ। ਦਿਹਾੜੀ-ਦੱਪੜ ਕਰਨ ਵਾਲੇ ਲੋਕ ਛੰਨਾਂ ਵਿੱਚ ਰਹਿੰਦੇ ਸਨ। ਵਿਰਲਾ-ਟਾਵਾਂ ਚੁਬਾਰਾ ਦਿਸ ਪੈਂਦਾ ਸੀ। ਕੱਚੇ ਘਰਾਂ ਵਿੱਚ ਸਫ਼ੈਦੀ ਕਰਨ ਦੀ ਗੁੰਜਾਇਸ਼ ਕਿਸ ਕੋਲ ਹੁੰਦੀ ਸੀ...? ਜਦੋਂ ਕਿਸੇ ਘਰ ਵਿਆਹ ਹੁੰਦਾ ਤਾਂ ਘਰ ਵਿੱਚ ਗੋਲੂ (ਸਫ਼ੈਦੀ ਰੰਗੀ ਮਿੱਟੀ) ਦਾ ਪਰੋਲਾ (ਪੋਚਾ) ਫੇਰ ਦਿੰਦੇ।

Advertisement

ਉਨ੍ਹੀਂ ਦਿਨੀਂ ਨੋਟ ਬੰਦੀ ਦੇ ਦਿਨਾਂ ਵਾਂਗ ਪਿੰਡ ਦੇ ਲੋਕ ਪੈਸੇ-ਪੈਸੇ ਦੇ ਅਵਾਜਾਰ ਸਨ। ਕੱਲਰੀ ਜ਼ਮੀਨ ਹੋਣ ਕਰ ਕੇ ਖਾਣ ਜੋਗੇ ਦਾਣੇ ਮਸਾਂ ਹੁੰਦੇ। ਆਟੇ ਵਾਲਾ ਭੜੋਲਾ ਕਿਸੇ ਭਾਗਾਂ ਵਾਲੇ ਦਾ ਹੀ ਭਰਦਾ ਸੀ। ਲੋਕਾਂ ਦੇ ਕਹਿਣ ਅਨੁਸਾਰ- ‘ਜ਼ਹਿਰ ਖਾਣ ਨੂੰ ਵੀ’ ਪੈਸਾ ਨਹੀਂ ਸੀ ਹੁੰਦਾ। ਉਸ ਵੇਲੇ ਜਿਸ ਘਰ ਦਸ ਰੁਪਏ ਦਾ ਨੋਟ ਹੁੰਦਾ ਸੀ, ਉਹ ਰਾਤ ਨੂੰ ਸੋਘਾ ਹੋ ਕੇ ਸੌਂਦਾ ਸੀ। ਆਪਣੇ ਅਗਾੜੇ-ਪਛਵਾੜੇ ਲੱਗੇ ਕੰਡ-ਕਰੇਲੇ, ਬੱਡਾਂ (ਘੀਆ), ਕਾਲੀ ਤੋਰੀ, ਚਿੱਬ੍ਹੜ, ਹਰੇ ਪਿਆਜ਼ ਅਤੇ ਕੱਚੀਆਂ ਅੰਬੀਆਂ ਦੀ ਚਟਣੀ, ਅੰਬ ਅਤੇ ਲਸੂਹੜੇ ਦੇ ਅਚਾਰ ਅਤੇ ਖੱਟੀ ਲੱਸੀ ਵਿੱਚ ਲਾਲ ਮਿਰਚਾਂ ਅਤੇ ਸੈਂਚਰੀ ਲੂਣ (ਕਾਲਾ ਲੂਣ) ਪਾ ਕੇ ਲੋਕ ਦੋ ਵੇਲੇ ਦਾ ਡੰਗ ਸਾਰ ਲੈਂਦੇ ਸਨ। ਜੇ ਘਰ ਵਿੱਚ ਕੋਈ ਪੱਛ-ਪ੍ਰਾਹੁਣਾ ਆ ਜਾਂਦਾ ਤਾਂ ਆਲੂਆਂ ਦਾ ਸਲੂਣਾ (ਉਸ ਵੇਲੇ ਦਾ ਸ਼ਾਹੀ ਪਨੀਰ) ਜਾਂ ਬਤਾਊਂਆਂ ਦੀ ਸਬਜ਼ੀ ਬਣਾ ਕੇ ਸੇਵਾ ਕੀਤੀ ਜਾਂਦੀ ਸੀ।

ਉਸ ਵਕਤ ਸਿਹਤ ਵਿਭਾਗ ਦਾ ਪਿੰਡ ਵਿੱਚ ਕੋਈ ਸਰਕਾਰੀ ਡਾਕਟਰ ਜਾਂ ਦਵਾਖਾਨਾ ਨਹੀਂ ਸੀ ਹੁੰਦਾ ਪਰ ਮੇਰੇ ਪਿੰਡ ਦੇ ਲੋਕ ਕਿਹੜਾ ਕਿਸੇ ਲੁਕਮਾਨ ਤੋਂ ਘੱਟ ਸਨ! ਉਹ ਵੀ ਸਿਹਤ ਵਿਭਾਗ ਨੂੰ ਟਿੱਚ ਜਾਣਦੇ ਸਨ ਕਿਉਂਕਿ ਉਨ੍ਹਾਂ ਦਾ ਜੱਦੀ-ਪੁਸ਼ਤੀ ਚਲੇ ਆ ਰਹੇ ਆਪਣੇ ‘ਟੂਣਾ-ਟਾਮਣ’ ਅਤੇ ‘ਨੁਸਖਾ ਫਾਰਮੇਸੀ’ ਵਾਲੇ ਸਿਹਤ ਸਿਸਟਮ ਵਿੱਚ ਪੂਰਾ ਵਿਸ਼ਵਾਸ ਸੀ। ਕੋਈ ਬਿਮਾਰ ਹੋ ਜਾਵੇ ਤਾਂ ਵੈਦ/ਹਕੀਮ ਬਾਰੇ ਤਾਂ ਬਾਅਦ ਵਿੱਚ ਸੋਚਦੇ, ਪਹਿਲਾਂ ਪਿੰਡ ਦੇ ‘ਸਿਆਣੇ’ ਕੋਲੋਂ ਝਾੜ-ਫੂਕ ਕਰਵਾਉਣ ਨਾਲ ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਸੀ।

ਹਰ ਬਿਮਾਰੀ ਦਾ ਵੱਖਰਾ ਨੁਸਖ਼ਾ ਹੁੰਦਾ ਸੀ। ਖੰਘ, ਬੁਖਾਰ ਲਈ ਲੌਂਗ, ਲੈਚੀ ਅਤੇ ਅਜਵਾਇਣ ਦਾ ਕਾੜ੍ਹਾ, ਹੱਡ-ਗੋਡੇ ਦੁਖਣ ’ਤੇ ਆਦਾ (ਅਦਰਕ) ਸਲੂਣਾ। ਜੇ ਦਰਦ ਜ਼ਿਆਦਾ ਹੋਵੇ ਤਾਂ ਮਘ ਭੁੰਨ ਕੇ ਰਗੜ ਕੇ ਖਾ ਲੈਣੀ। ਕਬਜ਼ ਲਈ ਗਰਮ ਦੁੱਧ ਨਾਲ ਗੁਲਕੰਦ ਜਾਂ ਹਰੜ ਦਾ ਮੁਰੱਬਾ। ਜੇ ਗੱਲ ਨਾ ਬਣੇ ਤਾਂ ਜਮਾਲ ਘੋਟਾ ਪੀ ਲੈਣਾ। ਜਲਾਬ ਲੱਗ ਜਾਣ ਤਾਂ ਦਹੀਂ ਵਿੱਚ ਈਸਬਗੋਲ ਦੀ ਫੱਕ ਰਲਾਅ ਕੇ ਖਾਣੀ। ਸਾਧਾਰਨ ਪੇਟ ਦਰਦ ਲਈ ਅਜਵਾਇਣ ਦੀ ਤਲੀ, ਜ਼ਿਆਦਾ ਪੇਟ ਦਰਦ ਲਈ ਗਰਮ ਪਾਣੀ ਦੀ ਬੋਤਲ ਢਿੱਡ ’ਤੇ ਫੇਰਨੀ। ਜੇ ਢਿੱਡ ਵਿੱਚ ਸੂਲ ਉਠੇ ਤਾਂ ਪਤਾਸੇ ਵਿੱਚ ਅੰਬਰਧਾਰੇ ਦੀਆਂ ਕੁਝ ਬੂੰਦਾਂ ਪਾ ਕੇ ਖਾ ਲੈਣੀਆਂ। ਅੱਖਾਂ ਦੁਖਣੀਆਂ ਆਉਣ ਤਾਂ ਬੱਕਰੀ ਦੇ ਦੁੱਧ ਦੇ ਫੇਹੇ ਰੱਖਣੇ। ਹੱਥਾਂ ਪੈਰਾਂ ’ਤੇ ਸੋਜ ਹੋਵੇ ਤਾਂ ਗਰਮ ਪਾਣੀ ਵਿੱਚ ਲੂਣ ਜਾਂ ਫਟਕੜੀ ਪਾ ਕੇ ਟਕੋਰ ਕਰਨੀ। ਫੋੜੇ-ਫਿਨਸੀ ਪਕਾਉਣ ਲਈ ਪੱਥਰ-ਚੱਟ ਦੀ ਲੁਪਰੀ (ਕੱਪੜੇ ਦੀ ਲੀਰ ’ਤੇ ਪੱਤਾ ਰੱਖ ਕੇ) ਬੰਨ੍ਹਣੀ। ਅੱਖ ’ਤੇ ਗੁਆਂਢਣ ਉੱਠੇ (ਗੁਆਂਜਣੀ) ਤਾਂ ਸੰਧੂਰ ਪਾ ਲੈਣਾ। ਪੈਰਾਂ ਦੀਆਂ ਬਿਆਈਆਂ ਫਟ ਜਾਣ ਤਾਂ ਮੋਮ ਗਰਮ ਕਰ ਕੇ ਭਰਨਾ। ਸਿਰ ਵਿੱਚ ਸਿਕਰੀ ਹੋਵੇ ਤਾਂ ਦਹੀਂ ਨਾਲ ਸਿਰ ਧੋਣਾ। ਜੇ ਕੁੱਤਾ ਮੁੱਚ ਮਾਰ ਜਾਏ ਤਾਂ ਜ਼ਖ਼ਮ ’ਤੇ ਲਾਲ ਮਿਰਚਾਂ ਦਾ ਲੇਪ ਕਰਨਾ। ਚੁੱਕ ਪੈ ਜਾਵੇ ਤਾਂ ਕਿਸੇ ਪੁੱਠੇ ਜੰਮੇ ਬੰਦੇ ਦਾ ਪਿੱਠ ’ਤੇ ਖੱਬਾ ਪੈਰ ਲੁਆ ਲੈਣਾ। ਖੇਤਾਂ ਵਿੱਚ ਕੰਮ ਕਰਦਿਆਂ ਕਿਸੇ ਦੇ ਹੱਥ-ਪੈਰ ’ਤੇ ਖੁਰਪੇ/ਕਹੀ ਨਾਲ ਜ਼ਖ਼ਮ ਹੋ ਜਾਵੇ ਤਾਂ ਖੂਨ ਬੰਦ ਕਰਨ ਲਈ ਤੁਰੰਤ ਰਾਹਤ (ਫਸਟ ਏਡ) ਵਜੋਂ ਜ਼ਖ਼ਮ ’ਤੇ ਪੇਸ਼ਾਬ ਕਰ ਲੈਣ ਵਾਲਾ ਨੁਸਖ਼ਾ ਬਹੁਤ ਕਾਰਗਰ ਸਿੱਧ ਹੁੰਦਾ ਸੀ।

ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਅਗਲੇ ਪਿੰਡ ਵਿੱਚ ਪੰਨਾ ਲਾਲ ਹਕੀਮ ਦਾ ਕਲਿਨਿਕ ਵੀ ਸੀ। ਮਰੀਜ਼ ਕਿਸੇ ਵੀ ਮਰਜ਼ ਦਾ ਹੋਵੇ, ਹਕੀਮ ਜੀ ਦਾ ਡਾਇਗਨੋਜ਼ ਕਰਨ ਦਾ ਢੰਗ ਇੱਕੋ ਹੀ ਸੀ। ਮਰੀਜ਼ ਦੀ ਨਬਜ਼ ਦੇਖ ਕੇ ਉਸ ਕਹਿਣਾ, “ਪਿੱਤ ਬਾਏ ਦਾ ਝਗੜੈ ਭਾਈ... ਕੱਲ੍ਹ ਖ਼ਾਲੀ ਪੇਟ ਆਉਣਾ ਸਵੇਰ ਦਾ ਕਰੂਰਾ (ਪੇਸ਼ਾਬ) ਲੈ ਕੇ।” ਅਗਲੇ ਦਿਨ ਉਹਨੇ ਕਰੂਰੇ ਵਾਲੀ ਸ਼ੀਸ਼ੀ ਉਪਰ ਕਰ ਕੇ ਸੂਰਜ ਦੀ ਰੌਸ਼ਨੀ ਵਿੱਚ ਦੇਖ ਕੇ ਕਹਿਣਾ, “ਪਿੱਤੇ ’ਚ ਗਰਮੀ ਐ... ਹੱਡਾਂ ’ਚ ਪਾਣੀ ਵੀ ਐ ਤੇ ਰਗਤ (ਅਲਰਜੀ) ਦੀ ਸ਼ਕੈਤ ਵੀ ਲਗਦੀ... ਇੱਕ ਸਾਤੇ (ਹਫ਼ਤੇ) ਦੀਆਂ ਪੁੜੀਆਂ ਦੇਣ ਲੱਗਾਂ... ਸਵੇਰੇ ਸ਼ਾਮ... ਨੇਮ ਨਾਲ ਲੈਣੀਆਂ ਗੋਕੇ (ਗਾਂ) ਦੁੱਧ ਨਾਲ। ਭੋਲੇ ਨਾਥ ਮਿਹਰ ਕਰਨਗੇ...।”

ਉਸ ਵੇਲੇ ਤੱਕ ਅਲਟਰਾਸਾਊਂਂਡ, ਸੀਟੀ ਸਕੈਨ, ਐੱਮਆਰਆਈ, ਇੰਡੋਸਕੋਪੀ ਆਦਿ ਦਾ ਨਾਂ ਕਿਸੇ ਨਹੀਂ ਸੀ ਸੁਣਿਆ। ਵੱਡੇ ਤੋਂ ਵੱਡਾ ਟੈਸਟ ਐਕਸ-ਰੇ ਹੁੰਦਾ ਸੀ, ਉਹ ਵੀ ਸਿਰਫ਼ ਵੱਡੇ ਸ਼ਹਿਰਾਂ ਲੁਧਿਆਣੇ, ਜਲੰਧਰ ਜਾਂ ਅੰਮ੍ਰਿਤਸਰ ਵਿਚ ਕੋਈ ਖਾਸ ਡਾਕਟਰ ਹੀ ਕਰਦਾ ਸੀ। ਡਾਕਟਰ ਜਿਸ ਨੂੰ ਐਕਸ-ਰੇ ਕਰਵਾਉਣ ਦੀ ਸਲਾਹ ਦਿੰਦਾ ਸੀ, ਉਹ ਮਰੀਜ਼ ਅਤੇ ਉਸ ਦੇ ਘਰਵਾਲੇ ਪਹਿਲਾਂ ਹੀ ਰੋਣ ਲੱਗ ਪੈਂਦੇ ਸਨ ਤੇ ਜ਼ਿੰਦਗੀ ਦੀ ਆਸ-ਉਮੀਦ ਛੱਡ ਦਿੰਦੇ ਸਨ। ਬਲੱਡ ਪ੍ਰੈੱਸ਼ਰ, ਸ਼ੂਗਰ, ਟੈਨਸ਼ਨ, ਡਿਪਰੈਸ਼ਨ ਆਦਿ ਕਿਸ ਬਲਾਅ ਦਾ ਨਾਂ ਹੈ, ਪਿੰਡ ਦੇ ਲੋਕਾਂ ਨੂੰ ਨਹੀਂ ਸੀ ਪਤਾ।

ਜੇ ਹਕੀਮ ਜੀ ਦੀਆਂ ਪੁੜੀਆਂ ਕੰਮ ਨਾ ਕਰਨ ਤਾਂ ਸ਼ਹਿਰੋਂ ਡਾਕਟਰ ਮੰਗਵਾਇਆ ਜਾਂਦਾ। ਡਾਕਟਰ ਆਪਣੇ ਰਾਜਦੂਤ ਮੋਟਰਸਾਈਕਲ ’ਤੇ ਆਉਂਦਾ। ਪਿੰਡ ਦੇ ਸਾਰੇ ਨਿਆਣੇ-ਸਿਆਣੇ ਡਾਕਟਰ ਦਾ ਮੋਟਰਸਾਈਕਲ ਦੇਖਣ ਕੋਠਿਆਂ ’ਤੇ ਚੜ੍ਹ ਕੇ ਕਿਸੇ ਮੰਤਰੀ ਦੇ ਆਉਣ ਵਾਂਗ ਡਾਕਟਰ ਨੂੰ ਉਡੀਕਦੇ ਸਨ। ਡਾਕਟਰ ਦੀ ਫੀਸ ਪੰਜ ਰੁਪਏ ਹੁੰਦੀ ਸੀ।

ਮਾਨਵ ਚਕਿਤਸਾ ਤੋਂ ਇਲਾਵਾ ਪਿੰਡ ਦੇ ਲੋਕ ਪਸ਼ੂ ਚਕਿਤਸਾ ਦੇ ਵੀ ਮਾਹਿਰ ਸਨ। ਪਸ਼ੂਆਂ ਦੀਆਂ ਬਿਮਾਰੀਆ ਦੇ ਇਲਾਜ ਲਈ ਵੀ ਉਨ੍ਹਾਂ ਕੋਲ ਨੁਸਖ਼ਿਆਂ ਦੀ ਕੋਈ ਘਾਟ ਨਹੀਂ ਸੀ। ਜ਼ਿਆਦਾ ਹਰਾ ਚਰਨ ਨਾਲ ਜੇ ਪਸ਼ੂਆਂ ਨੂੰ ਬਾਇ-ਬਾਦੀ ਹੋ ਜਾਵੇ ਤਾਂ ਗੁੜ, ਮੇਥੇ ਅਤੇ ਸੋਏ ਕਾੜ੍ਹ ਕੇ ਪਿਲਾਉਣ ਨਾਲ ਰਾਹਤ ਮਿਲ ਜਾਂਦੀ ਸੀ। ਸਰਦੀਆਂ ਵਿੱਚ ਪਸ਼ੂਆਂ ਦਾ ਦੁੱਧ ਘਟ ਜਾਣਾ ਤਾਂ ਕਣਕ ਦਾ ਦਲੀਆ ਜਾਂ ਵੜੇਵੇਂ ਉਬਾਲ ਕੇ ਨਾਲ ਗੁੜ ਦੇਣ ਨਾਲ ਦੁੱਧ ਵਧ ਜਾਂਦਾ। ਜੀਰਨ (ਜਿਗਰ ਦੀ ਗਰਮੀ) ਦੀ ਵਜ੍ਹਾ ਕਰ ਕੇ ਜੇ ਪਸ਼ੂ ਪੱਠੇ ਨਾ ਖਾਵੇ ਤਾਂ ਸੌਂਫ਼, ਬੜੀ ਇਲਾਇਚੀ ਕੁੱਟ ਕੇ ਵਿੱਚ ਚੀਨੀ ਮਿਲਾ ਕੇ ਚਾਰ ਦੇਣਾ। ਖੁਰਾਂ ਦੀ ਬਿਮਾਰੀ ਹੋਵੇ ਤਾਂ ਜ਼ਮੀਨ ਅਤੇ ਦਰਵਾਜ਼ੇ ਅੱਗੇ ਚੂਨਾ ਖਿਲਾਰ ਦੇਣਾ। ਥਣ ਫਟ ਜਾਣ ਤਾਂ ਦੇਸੀ ਘਿਓ ਲਗਾ ਦੇਣਾ।

ੜਕਤ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਹੈ ਤੇ ਬਦਲਦਾ ਰਹੇਗਾ। ਨੁਸਖ਼ੇ ਦੱਸਣ ਅਤੇ ਵਰਤਣ ਵਾਲੇ ਸਭ ਸਮੇਂ ਦਾ ਖਾਜਾ ਬਣ ਚੁੱਕੇ ਹਨ। ਹੁਣ ਤਾਂ ਪਿੰਡ ਦਾ ਹਰ ਬੰਦਾ ਯੂਟਿਊਬ ਦੇਖ-ਦੇਖ ਕੇ ਡਾਕਟਰ ਬਣੀ ਫਿਰਦਾ ਹੈ। ਸਮੇਂ ਦੀ ਰਫ਼ਤਾਰ ਅਤੇ ਪੰਛੀਆਂ ਦੀ ਪਰਵਾਜ਼ ਨੂੰ ਕੌਣ ਰੋਕੇ...?

ਸੰਪਰਕ: 88378-08371

Advertisement
×