ਕਦੇ ਖ਼ੁਸ਼ੀ ਕਦੇ ਗ਼ਮ...
ਕਈ ਸਾਲ ਪਹਿਲਾਂ ਮਿੱਤਰ ਮੰਡਲੀ ਦੇ ਹਾਸੇ-ਠੱਠੇ ਦੌਰਾਨ ਜਗਦੀਸ਼ ਪਾਪੜਾ ਕਹਿਣ ਲੱਗਾ, “ਜੇ ਕੋਈ ਅਜਿਹਾ ਵਿਧੀ-ਵਿਧਾਨ ਹੋਵੇ ਕਿ ਮਰਿਆ ਬੰਦਾ ਕਿਤੇ ਲੁਕ-ਛਿਪ ਕੇ ਆਪਣਾ ਸ਼ਰਧਾਂਜਲੀ ਸਮਾਗਮ ਦੇਖ/ਸੁਣ ਸਕੇ ਅਤੇ ਸ਼ਰਧਾਂਜਲੀ ਭੇਟ ਕਰਨ ਵਾਲੇ ਬੁਲਾਰਿਆਂ ਦੇ ਬੋਲ ਮੁਰਦੇ ਦੇ ਕੰਨਾਂ ਵਿੱਚ ਪੈਣ ਲੱਗ ਜਾਣ ਤਾਂ ਕਿੰਨਾ ਨਜ਼ਾਰਾ ਆਵੇ! ਹੋ ਸਕਦੈ, ਸਾਰੀ ਉਮਰ ਲੱਤਾਂ ਖਿੱਚਣ ਵਾਲੇ ਤਾਰੀਫ਼ਾਂ ਦੇ ਪੁਲ ਬੰਨ੍ਹੀ ਜਾਂਦੇ ਹੋਣ ਅਤੇ ਸਾਰੀ ਜ਼ਿੰਦਗੀ ਨਾਲ ਜੁੜ-ਜੁੜ ਬਹਿਣ ਵਾਲੇ ਘੁਣਤਰਾਂ ਕੱਡੀ ਜਾਂਦੇ ਹੋਣ।” ਖ਼ੈਰ! ਅੱਜ ਤੱਕ ਨਾ ਅਜਿਹਾ ਵਿਧੀ-ਵਿਧਾਨ ਬਣ ਸਕਿਐ ਤੇ ਨਾ ਬਣ ਸਕਣੈ ਕਿ ਮੁਰਦਾ ਆਪਣਾ ਸ਼ਰਧਾਂਜਲੀ ਸਮਾਗਮ ਦੇਖ/ਸੁਣ ਸਕੇ ਪਰ ਕਦੇ-ਕਦੇ ਕੋਈ ਆਲੋਕਰ ਵੀ ਜਾਂਦਾ। ਲਿਬਰੇਸ਼ਨ ਵਾਲੇ ਕਾਮਰੇਡ ਨਛੱਤਰ ਖੀਵੇ ਦੇ ਕਰਮ ਤੇਜ਼ ਨਿਕਲੇ ਜਿਸ ਨੂੰ ਆਪਣਾ ਸ਼ਰਧਾਂਜਲੀ ਸਮਾਗਮ ਦੇਖ/ਸੁਣ ਸਕਣ ਦਾ ਅਦਭੁਤ ਮੌਕਾ ਮਿਲ ਗਿਆ ਤੇ ਕੁਝ ਚਿਰ ਬਾਅਦ ਉਹਨੇ ਇਹਦਾ ‘ਲਾਈਲ ਟੈਲੀਕਾਸਟ’ ਵਰਗਾ ਬਿਰਤਾਂਤ ਆਪਣੀ ਫੇਸਬੁੱਕ ’ਤੇ ਵੀ ਸਾਂਝਾ ਕਰ ਮਾਰਿਆ।
ਹੋਇਆ ਇੰਝ ਕਿ ਭੀਖੀ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਭੀਖੀ ਦਾ ਬਲਾਕ ਦਾ ਦਰਜਾ ਖੋਹਣ ਵਿਰੁੱਧ ‘ਬਲਾਕ ਬਚਾਓ ਧਰਨਾ’ ਲਾਇਆ ਹੋਇਆ ਸੀ। ਜੋਸ਼-ਖਰੋਸ਼ ਨਾਲ ਚੱਲਦੀ ਧਰਨੇ ਦੀ ਕਾਰਵਾਈ ਦੌਰਾਨ ਕਿਸੇ ਨੇ ਸੀਨੀਅਰ ਆਗੂ ਦੇ ਕੰਨ ਵਿੱਚ ਆਣ ਦੱਸਿਆ ਕਿ ਹਾਰਟ ਅਟੈਕ ਨਾਲ ਕਾਮਰੇਡ ਨਛੱਤਰ ਖੀਵੇ ਦੀ ਮੌਤ ਹੋ ਗਈ ਹੈ। ਉਸ ਆਗੂ ਨੇ ਹੋਰ ਆਗੂਆਂ ਨੂੰ ਇੱਕ ਪਾਸੇ ਕਰ ਕੇ ਉਨ੍ਹਾਂ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ। ਖ਼ਬਰ ਸੁਣ ਕੇ ਸਭ ਦੇ ਚਿਹਰਿਆਂ ’ਤੇ ਮਾਯੂਸੀ ਛਾ ਗਈ। ਨਛੱਤਰ ਖੀਵੇ ਦਾ ਸਾਰਾ ਜੀਵਨ ਸੰਘਰਸ਼ਾਂ ਤੇ ਕੁਰਬਾਨੀਆਂ ਭਰਿਆ ਰਿਹਾ ਸੀ ਤੇ ਉਹ ਚੜ੍ਹਦੀ ਜਵਾਨੀ ਤੋਂ ਲੈ ਕੇ ਅੱਧੀ ਸਦੀ ਤੋਂ ਵੱਧ ਜ਼ਿੰਦਗੀ ਕਮਿਊਨਿਸਟ ਲਹਿਰ ਦੇ ਲੇਖੇ ਲਾ ਚੁੱਕਾ ਸੀ। ਅਜਿਹੇ ਕਾਮਰੇਡ ਦੇ ਤੁਰ ਜਾਣ ਦੀ ਖ਼ਬਰ ਗ਼ਮਗੀਨ ਕਰਨ ਵਾਲੀ ਤਾਂ ਹੋਣੀ ਹੀ ਸੀ। ਉਸ ਆਗੂ ਟੀਮ ਨੇ ਆਪਣੇ ਵਿੱਚੋਂ ਸੀਨੀਅਰ ਤੇ ਸਿਆਣੇ ਆਗੂ ਮਾਸਟਰ ਛੱਜੂ ਰਾਮ ਰਿਸ਼ੀ ਦੀ ਡਿਊਟੀ ਲਾ ਦਿੱਤੀ ਕਿ ਉਹ ਇਹ ਦੁਖਦਾਈ ਖ਼ਬਰ ਸਟੇਜ ਤੋਂ ਸਾਂਝੀ ਕਰਨ।
ਮਾਸਟਰ ਜੀ ਨੇ ਇਹ ਖ਼ਬਰ ਸਾਂਝੀ ਕਰਨ ਅਤੇ ਵਿਛੜੇ ਸਾਥੀ ਦੀ ਸੰਘਰਸ਼ ਤੇ ਕੁਰਬਾਨੀਆਂ ਭਰੀ ਜ਼ਿੰਦਗੀ ਬਾਰੇ ਕੁਝ ਪ੍ਰਸ਼ੰਸਾਮਈ ਸ਼ਬਦ ਕਹਿਣ ਤੋਂ ਬਾਅਦ ਸਾਰਿਆਂ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਦੀ ਅਪੀਲ ਕੀਤੀ। ਮੌਨ ਤੋਂ ਬਾਅਦ ਧਰਨਾ ਸੋਗ ਸਭਾ ਵਿੱਚ ਬਦਲ ਗਿਆ। ਗਾਇਕ ਅਜਮੇਰ ਅਕਲੀਆ ਨੇ ਮਰਹੂਮ ਸੰਤ ਰਾਮ ਉਦਾਸੀ ਦਾ ਗੀਤ ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੂੰ ਬਚਾਇਓ’ ਸ਼ਰਧਾਂਜਲੀ ਵਜੋਂ ਪੇਸ਼ ਕੀਤਾ; ਤੇ ਫਿਰ ਬੁਲਾਰਿਆਂ ਨੇ ਕਾਮਰੇਡ ਖੀਵੇ ਨੂੂੰ ਸ਼ਰਧਾਂਜਲੀਆਂ ਭੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਸੇ ਨੇ ਨਛੱਤਰ ਖੀਵੇ ਦੇ ਘਰੋਂ ਪਤਾ ਕਰਨ ਦੀ ਕੋਸ਼ਿਸ਼ ਨਾ ਕੀਤੀ ਕਿ ਕੀ ਭਾਣਾ ਵਰਤਿਆ ਹੈ? ਹੋਰ ਤਾਂ ਹੋਰ, ਕਿਸੇ ਨੇ ਪਾਰਟੀ ਦਫ਼ਤਰੋਂ ਅੰਤਿਮ ਕਿਰਿਆ ਕਰਮ ਦਾ ਸਮਾਂ ਸਥਾਨ ਪਤਾ ਕਰਨ ਦੀ ਜ਼ਹਿਮਤ ਵੀ ਨਾ ਉਠਾਈ।
ਇਸ ਦੌਰਾਨ ਕਿਸੇ ਕਾਰਕੁਨ ਨੇ ਕਿਹਾ ਵੀ ਕਿ ‘ਯਾਰ ਕੱਲ੍ਹ ਸ਼ਾਮ ਨੂੰ ਤਾਂ ਕਾਮਰੇਡ ਮੈਨੂੰ ਮਿਲਿਆ ਸੀ, ਅੱਜ ਵੀ ਪਿੰਡ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੁਣੀ। ਪਤਾ ਤਾਂ ਕਰ ਲਓ!’ ਪਰ ‘ਨਗਾਰਖਾਨੇ ਵਿੱਚ ਤੂਤੀ ਵਾਂਗ’ ਉਹਦੀ ਕਿਸੇ ਨਾ ਸੁਣੀ। ਫਿਰ ਵੀ ਉਸ ਨੂੰ ਉਭਲਾ-ਚੁਭਲੀ ਲੱਗੀ ਰਹੀ ਤੇ ਉਹਨੇ ਖੀਵੇ ਦੇ ਘਰ ਫੋਨ ਕਰ ਲਿਆ। ਕਾਮਰੇਡ ਦੀ ਪਤਨੀ ਕਹਿੰਦੀ, “ਉਹ ਤਾਂ ਅੱਜ ਤੜਕਸਾਰ ਇਹ ਕਹਿ ਕੇ ਪਾਰਟੀ ਦਫ਼ਤਰ ਚਲਾ ਗਿਆ ਸੀ ਕਿ ਅੱਜ ਸੂਬਾ ਕਮੇਟੀ ਦੀ ਮੀਟਿੰਗ ਐ।” ਉਹਨੇ ਘਬਰਾਈ ਹੋਈ ਨੇ ਕਾਮਰੇਡ ਦਾ ਨੰਬਰ ਮਿਲਾ ਲਿਆ। ਅੱਗਿਓਂ ਉਹ ਕਹਿੰਦਾ, “ਤੂੰ ਕਮਲੀ ਹੋਈ ਐਂ, ਮੈਂ ਤਾਂ ਚੰਗਾ ਭਲਾ ਮੀਟਿੰਗ ਵਿੱਚ ਬੈਠਾਂ।” ਘੁੰਮ ਘੁਮਾ ਕੇ ਜਦੋਂ ਕਾਮਰੇਡ ਖੀਵੇ ਦੇ ਜਿਊਂਦੇ ਹੋਣ ਦੀ ਖ਼ਬਰ ਸ਼ਰਧਾਂਜਲੀ ਸਮਾਗਮ ਵਿੱਚ ਬਦਲੇ ਧਰਨੇ ਵਿੱਚ ਪੁੱਜੀ ਤਾਂ ਜਿਹੜੀ ਹਾਲਤ ਉੱਥੇ ਪੈਦਾ ਹੋਈ ਹੋਵੇਗੀ, ਉਹ ਤੁਸੀਂ ਸਮਝ ਹੀ ਸਕਦੇ ਹੋ। ਛਿੱਥੇ ਪਏ ਆਗੂਆਂ ਨੇ ਕਾਮਰੇਡ ਨੂੰ ਸ਼ਰਧਾਜਲੀਆਂ ਦੇਣੀਆਂ ਬੰਦ ਕਰ ਕੇ ਮੁੜ ਬੜੀ ਮੁਸ਼ਕਿਲ ਨਾਲ ਬਲਾਕ ਤੋੜਨ ਵਿਰੁੱਧ ‘ਜ਼ਿੰਦਾਬਾਦ ਮੁਰਦਾਬਾਦ’ ਕਰਨੀ ਸ਼ੁਰੂ ਕੀਤੀ।
ਅਸਲ ਵਿੱਚ ਕਾਮਰੇਡ ਖੀਵੇ ਦੀ ਮੌਤ ਵਾਲੀ ਖ਼ਬਰ ਸੱਚੀ ਵੀ ਸੀ ਤੇ ਝੂਠੀ ਵੀ। ਜਿਹੜੇ ਜਿਊਂਦੇ ਕਾਮਰੇਡ ਨਛੱਤਰ ਖੀਵੇ ਨੂੰ ਸ਼ਰਧਾਂਜਲੀਆਂ ਭੇਟ ਹੋਣ ਲੱਗ ਪਈਆਂ ਸਨ, ਉਸ ਦਾ ਪਿੰਡ ਖੀਵਾ ਕਲਾਂ ਹੈ; ਜਿਹੜਾ ਨਛੱਤਰ ਖੀਵਾ ਮਰਿਆ ਸੀ, ਉਹ ਪਿੰਡ ਖੀਵਾ ਸ਼ਹਿਜ਼ਾਦੇ ਵਾਲੇ ਦਾ ਸਾਬਕਾ ਸਰਪੰਚ ਸੀ। ਉਹ ਵੀ ਕਦੇ ਥੋੜ੍ਹਾ ਬਹੁਤਾ ਕਾਮਰੇਡਾਂ ਨਾਲ ਰਿਹਾ ਸੀ। ਬਸ ਇਸੇ ਭੁਲੇਖੇ ਵਿੱਚ ਜਿਊਂਦੇ ਕਾਮਰੇਡ ਨਛੱਤਰ ਖੀਵੇ ਨੂੰ ਸ਼ਰਧਾਂਜਲੀਆਂ ਭੇਟ ਹੋ ਗਈਆਂ। ਕਦੇ-ਕਦੇ ਸਿਆਣੇ ਬੰਦੇ ਵੀ ‘ਬਹੁਤੇ ਸਿਆਣੇ’ ਸਾਬਤ ਹੋ ਜਾਂਦੇ ਹਨ। ਚਲੋ ਇਸ ਬਹਾਨੇ ਕਾਮਰੇਡ ਨਛੱਤਰ ਖੀਵੇ ਨੂੰ ਆਪਣਾ ਸ਼ਰਧਾਂਜਲੀ ਸਮਾਗਮ ਦੇਖਣ/ਸੁਣਨ ਦਾ ਸੁਭਾਗਾ ਮੌਕਾ ਮਿਲ ਗਿਆ, ਜਿਹੜਾ ਕਿਸੇ ਨੂੰ ਨਹੀਂ ਮਿਲਦਾ।
ਸੰਪਰਕ: 94175-88616