ਆਸਥਾ ਦੀ ਮਿੱਟੀ
ਪਿਛਲੇ ਸਾਲ ਦੀ ਗੱਲ ਹੈ। ਰਾਤ ਨੂੰ ਸੌਣ ਦੀ ਤਿਆਰੀ ਕਰ ਹੀ ਰਹੀ ਸੀ ਤਾਂ ਕਿਸੇ ਜਾਣਕਾਰ ਦਾ ਫੋਨ ਆ ਗਿਆ ਕਿ ਕੱਲ੍ਹ ਨੂੰ ਭਗਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨੀ ਹੈ, ਇਸ ਲਈ ਸਵੇਰੇ ਸਮੇਂ ਸਿਰ ਸਾਡੇ ਘਰ ਆ ਜਾਣਾ। ਇਹ ਸੁਣਦੇ ਸਾਰ ਜ਼ਿਹਨ ’ਚ ਪਲਾਸਟਰ ਆਫ ਪੈਰਿਸ (POP) ਦੀ ਰੰਗ-ਬਰੰਗੀ ਚਮਕੀਲੀ ਮੂਰਤੀ ਘੁੰਮਣ ਲੱਗੀ। ਸੋਚਣ ਲੱਗੀ ਕਿ ਜੋ ਆਪ ‘ਵਿਘਨਹਰਤਾ’ ਹਨ, ਫਿਰ ਅਸੀਂ ਸ਼ਰਧਾ ਵੱਸ ਉਨ੍ਹਾਂ ਤੋਂ ਹੀ ਅਣਜਾਣੇ ਵਿੱਚ ਕੁਦਰਤ ਦੀ ਲੈਅ ਵਿੱਚ ਵਿਘਨ ਕਿਉਂ ਪੁਆ ਰਹੇ ਹਾਂ? ਕੁਦਰਤ ਤਾਂ ਪਹਿਲਾਂ ਹੀ ਸਾਡੀਆਂ ਗ਼ਲਤੀਆਂ ਕਾਰਨ ਕਿਸੇ ਨਾ ਕਿਸੇ ਰੂਪ ਵਿੱਚ ਕਹਿਰ ਢਾਹ ਰਹੀ ਹੈ। ਅਜਿਹੇ ਹਾਲਾਤ ਵਿੱਚ ਅਸੀਂ ਪਲਾਸਟਰ ਤੇ ਰੰਗਾਂ ਵਾਲੀਆਂ ਮੂਰਤੀਆਂ ਨਾਲ ਕੁਦਰਤ ਨੂੰ ਨੁਕਸਾਨ ਕਿਉਂ ਪਹੁੰਚਾ ਰਹੇ ਹਾਂ?
ਸਵੇਰੇ ਨਿਰਧਾਰਤ ਸਮੇਂ ’ਤੇ ਮੈਂ ਇਹ ਸਭ ਸੋਚਦੀ ਹੋਈ ਅਣਮੰਨੇ ਜਿਹੇ ਮਨ ਨਾਲ ਮੂਰਤੀ ਵਿਸਰਜਨ ਦੇ ਪ੍ਰੋਗਰਾਮ ਵਿੱਚ ਜਾ ਸ਼ਾਮਲ ਹੋਈ ਪਰ ਉੱਥੇ ਤਾਂ ਕਹਾਣੀ ਹੀ ਬਦਲ ਗਈ। ਉਨ੍ਹਾਂ ਨੇ ਤਾਂ ਸਾਰੇ ਪਰਿਵਾਰ ਨੇ ਆਪ ਮਿਲ ਕੇ ਘਰ ਵਿੱਚ ਹੀ ਮਿੱਟੀ ਦੇ ਸ੍ਰੀ ਗਣੇਸ਼ ਭਗਵਾਨ ਤਿਆਰ ਕੀਤੇ ਸਨ। ਘਰ ਦੇ ਬਜ਼ੁਰਗਾਂ ਨੇ ਬੱਚਿਆਂ ਨਾਲ ਮਿਲ ਕੇ ਮੂਰਤੀ ਬਣਾਈ ਸੀ। ਵੱਡਿਆਂ ਦੇ ਕਹਿਣ ’ਤੇ ਹਰ ਬੱਚਾ ਆਪਣੀਆਂ ਛੋਟੀਆਂ-ਛੋਟੀਆਂ ਉਂਗਲਾਂ ਨਾਲ ਮੂਰਤੀ ਨੂੰ ਰੂਪ ਦੇਣ ਲੱਗ ਪਿਆ ਸੀ। ਕਿਸੇ ਨੇ ਕੰਨ ਬਣਾਏ, ਕਿਸੇ ਨੇ ਸੁੰਡ, ਕਿਸੇ ਨੇ ਛੋਟੇ-ਛੋਟੇ ਪੈਰ। ਫਿਰ ਬੱਚਿਆਂ ਨੇ ਵੱਡਿਆਂ ਦੀ ਦੇਖ-ਰੇਖ ਵਿੱਚ ਉਸ ’ਤੇ ਰੰਗ ਕਰ ਕੇ ਉਸ ਨੂੰ ਸਜਾ ਦਿੱਤਾ। ਇਹ ਮੂਰਤੀ ਕਿਸੇ ਗੱਲੋਂ ਘੱਟ ਨਹੀਂ ਸੀ, ਬਲਕਿ ਬਾਜ਼ਾਰੂ ਮੂਰਤੀਆਂ ਨਾਲੋਂ ਕਿਧਰੇ ਜ਼ਿਆਦਾ ਸੁੰਦਰ ਹੀ ਸੀ ਕਿਉਂਕਿ ਇਸ ਵਿੱਚ ਉਨ੍ਹਾਂ ਦੇ ਪਿਆਰ, ਮਿਹਨਤ ਅਤੇ ਸ਼ਰਧਾ ਦੀ ਸੱਚੀ ਭਾਵਨਾ ਸਮਾਈ ਹੋਈ ਸੀ। ਇਹ ਉਹ ਸ਼ਰਧਾ ਸੀ ਜੋ ‘ਇੱਕ ਪੰਥ ਦੋ ਕਾਜ’ ਵਾਲੀ ਸੀ। ਭਗਵਾਨ ਗਣੇਸ਼ ਜੀ ਦੀ ਬੰਦਗੀ ਦੇ ਨਾਲ-ਨਾਲ ਕੁਦਰਤ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਗਵਾਵਾ ਸੀ; ਉਹ ਕੁਦਰਤ ਜਿਸ ਦੀ ਗੋਦ ਵਿੱਚੋਂ ਸਾਨੂੰ ਸਭ ਕੁਝ ਮਿਲਦਾ ਹੈ।
ਪੂਜਾ-ਅਰਚਨਾ ਤੋਂ ਬਾਅਦ ਜਦੋਂ ਮੂਰਤੀ ਵਿਸਰਜਨ ਦਾ ਸਮਾਂ ਆਇਆ ਤਾਂ ਇਹ ਵੀ ਨਿਵੇਕਲਾ ਅਨੁਭਵ ਦੇ ਗਿਆ। ਉਨ੍ਹਾਂ ਨੇ ਕਿਸੇ ਨਦੀ ਜਾਂ ਹੋਰ ਜਲ ਸਰੋਤ ਵਿੱਚ ਵਿਸਰਜਨ ਕਰਨ ਦੀ ਥਾਂ ਮੂਰਤੀ ਆਪਣੇ ਘਰ ਵਿੱਚ ਹੀ ਵਿਸਰਜਿਤ ਕੀਤੀ। ਉਨ੍ਹਾਂ ਨੇ ਲੋਹੇ ਦੇ ਵੱਡੇ ਟੱਬ ਵਿੱਚ ਪਾਣੀ ਪਾ ਕੇ ‘ਗਣਪਤੀ ਬੱਪਾ ਮੋਰਿਆ...’ ਦੇ ਉਚਾਰਨ ਅਤੇ ਪੂਰੇ ਸ਼ਰਧਾ ਭਾਵ ਨਾਲ ਭਗਵਾਨ ਸ੍ਰੀ ਗਣੇਸ਼ ਨੂੰ ਵਿਸਰਜਿਤ ਕੀਤਾ। ਫਿਰ ਇਸ ਪਾਣੀ ਅਤੇ ਮਿੱਟੀ ਨੂੰ ਆਪਣੇ ਘਰ ਦੇ ਬਗੀਚੇ ਅਤੇ ਗਮਲਿਆਂ ਵਿੱਚ ਪ੍ਰਵਾਹ ਕੀਤਾ ਤਾਂ ਕਿ ਭਗਵਾਨ ਸ੍ਰੀ ਗਣੇਸ਼ ਉਨ੍ਹਾਂ ਦੇ ਘਰ ਵਿੱਚ ਗਣੇਸ਼ ਚਤੁਰਥੀ ਮੌਕੇ ਸਿਰਫ਼ ਦਸ ਦਿਨ ਹੀ ਬਿਰਾਜਮਾਨ ਨਾ ਰਹਿਣ, ਬਲਕਿ ਉਹ ਹਮੇਸ਼ਾ ਉਨ੍ਹਾਂ ਦੇ ਘਰ ਅੰਦਰ ਮੌਜੂਦ ਰਹਿਣ।
ਇਹ ਪਲ ਹਰ ਕਿਸੇ ਲਈ ਭਾਵਨਾਵਾਂ ਭਰਪੂਰ ਸੀ। ਭਗਵਾਨ ਦੇ ਵਿਸਰਜਿਤ ਹੋਣ ਨਾਲ ਜਿੱਥੇ ਉਨ੍ਹਾਂ ਦੀਆਂ ਅੱਖਾਂ ਨਮ ਸਨ, ਉੱਥੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਪਿਆ ਸੀ ਕਿ ਉਨ੍ਹਾਂ ਨੇ ਆਪਣੇ ‘ਵਿਘਨਹਰਤਾ’ ਤੋਂ ਕੁਦਰਤ ਦੀ ਲੈਅ ਵਿੱਚ ਜਾਣੇ-ਅਣਜਾਣੇ ਕਿਸੇ ਤਰ੍ਹਾਂ ਦਾ ‘ਵਿਘਨ’ ਨਹੀਂ ਪੁਆਇਆ, ਬਲਕਿ ਉਨ੍ਹਾਂ ਨੂੰ ਕੁਦਰਤ ਨਾਲ ਇਕਮਿਕ ਕਰ ਦਿੱਤਾ।
ਇਸ ਪਰਿਵਾਰ ਨੇ ਆਪਣੀ ਧਾਰਮਿਕ ਸ਼ਰਧਾ ਅਤੇ ਕੁਦਰਤ ਪ੍ਰਤੀ ਪ੍ਰੇਮ ਦੀ ਵਧੀਆ ਮਿਸਾਲ ਪੇਸ਼ ਕੀਤੀ ਹੈ ਪਰ ਸਾਡੇ ਕੋਲ ਅਜਿਹੇ ਕਿੰਨੇ ਕੁ ਪਰਿਵਾਰ ਹਨ? ਅੱਜ ਦੇ ਸਮੇਂ ਵਿੱਚ ਸਾਡੇ ਸਾਹਮਣੇ ਵੱਡਾ ਸਵਾਲ ਇਹ ਖੜ੍ਹਾ ਹੈ: ਕੀ ਸਾਡੀ ਸ਼ਰਧਾ ਵਾਤਾਵਰਨ ਲਈ ਭਾਰ ਤਾਂ ਨਹੀਂ ਬਣ ਰਹੀ? ਪਿਛਲੇ ਕਈ ਸਾਲਾਂ ਤੋਂ ਪਲਾਸਟਰ ਆਫ ਪੈਰਿਸ, ਰਸਾਇਣਕ ਰੰਗਾਂ ਅਤੇ ਗੈਰ-ਜੈਵਿਕ ਪਦਾਰਥਾਂ ਨਾਲ ਬਣੀਆਂ ਮੂਰਤੀਆਂ ਬਹੁਤ ਵੱਡੀ ਗਿਣਤੀ ਵਿੱਚ ਵਰਤੀਆਂ ਜਾ ਰਹੀਆਂ ਹਨ। ਪੀਓਪੀ ਦੀ ਮੂਰਤੀ ਪਾਣੀ ਵਿੱਚ ਆਸਾਨੀ ਨਾਲ ਨਹੀਂ ਘੁਲਦੀ। ਕੈਮੀਕਲ ਰੰਗ ਜਲ-ਜੀਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਨਾਲ ਦਰਿਆ, ਝੀਲਾਂ ਅਤੇ ਸਮੁੰਦਰ ਪ੍ਰਦੂਸ਼ਿਤ ਹੋ ਜਾਂਦੇ ਹਨ। ਇਸ ਤਰ੍ਹਾਂ ਸਾਡੀਆਂ ਭਵਿੱਖੀ ਪੀੜ੍ਹੀਆਂ ਨੂੰ ਸਾਫ਼ ਪਾਣੀ ਅਤੇ ਸੁੱਚਾ ਵਾਤਾਵਰਨ ਨਹੀਂ ਮਿਲੇਗਾ। ਇਹ ਸੋਚ ਕੇ ਹਰ ਕੁਦਰਤ ਪ੍ਰੇਮੀ ਦਾ ਦਿਲ ਦੁਖੀ ਹੁੰਦਾ ਹੈ ਕਿ ਜਿਹੜੇ ਗਣਪਤੀ ਬੱਪਾ ਸਾਨੂੰ ਵਿਘਨ ਤੋਂ ਬਚਾਉਂਦੇ ਹਨ, ਉਨ੍ਹਾਂ ਦੀ ਮੂਰਤੀ ‘ਸ਼ਰਧਾਵਾਨਾਂ’ ਵੱਲੋਂ ਅਣਜਾਣੇ ਹੀ ਕੁਦਰਤ ਲਈ ਵਿਘਨਕਾਰੀ ਬਣਾਈ ਜਾ ਰਹੀ ਹੈ।
ਸਮੇਂ ਦੀ ਜ਼ਰੂਰਤ ਇਹੀ ਹੈ ਕਿ ਅਸੀਂ ਆਪਣੀ ਧਾਰਮਿਕ ਆਸਥਾ ਦੇ ਨਾਲ-ਨਾਲ ਕੁਦਰਤ ਪ੍ਰਤੀ ਵੀ ਆਸਥਾ ਰੱਖੀਏ ਅਤੇ ਮਿੱਟੀ ਦੀਆਂ ਮੂਰਤੀਆਂ ਵੱਲ ਰੁਖ਼ ਕਰੀਏ। ਮਿੱਟੀ ਦੀ ਮੂਰਤੀ ਪਾਣੀ ਵਿੱਚ ਆਸਾਨੀ ਨਾਲ ਘੁਲ ਜਾਂਦੀ ਹੈ। ਇਸ ਮਿੱਟੀ ਨਾਲ ਨਾ ਤਾਂ ਜਲ ਪ੍ਰਦੂਸ਼ਣ ਹੁੰਦਾ ਹੈ ਅਤੇ ਨਾ ਹੀ ਵਾਤਾਵਰਨ ਨੂੰ ਕੋਈ ਹਾਨੀ। ਮਿੱਟੀ ਦੇ ਗਣੇਸ਼ ਜੀ ਨੂੰ ਘਰ ਲਿਆਉਣਾ ਸਿਰਫ਼ ਧਾਰਮਿਕ ਵਿਸ਼ਵਾਸ ਨਹੀਂ, ਸਗੋਂ ਇਹ ਧਰਤੀ ਮਾਤਾ ਪ੍ਰਤੀ ਸੱਚਾ ਪਿਆਰ ਹੈ। ਇਹ ਉਸੇ ਤਰ੍ਹਾਂ ਹੈ, ਜਿਵੇਂ ਗਣਪਤੀ ਬੱਪਾ ਨੂੰ ਫੁੱਲ, ਫਲ ਅਤੇ ਦੁੱਧ ਨਾਲ ਭੋਗ ਲਗਾ ਕੇ ਖੁਸ਼ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਮਿੱਟੀ ਦੀ ਮੂਰਤੀ ਨਾਲ ਉਨ੍ਹਾਂ ਨੂੰ ਸਾਡਾ ਕੁਦਰਤ ਪ੍ਰਤੀ ਪ੍ਰੇਮ ਦਾ ਸੰਦੇਸ਼ ਮਿਲਦਾ ਹੈ ਕਿ ਅਸੀਂ ਧਰਤੀ ਦੀ ਸੰਭਾਲ ਕਰ ਰਹੇ ਹਾਂ। ਆਓ, ਇਸ ਵਾਰ ਗਣੇਸ਼ ਚਤੁਰਥੀ ’ਤੇ ਵਚਨ ਲਈਏ ਕਿ ਅਗਾਂਹ ਤੋਂ ‘ਗਣਪਤੀ ਬੱਪਾ ਮੋਰਿਆ... ਸਿਰਫ਼ ਮਿੱਟੀ ਦੇ ਹੋਣ।’