ਸੱਪ ਦਾ ਡੰਗ, ਸਾਵਧਾਨੀਆਂ ਅਤੇ ਇਲਾਜ
ਦੁਨੀਆ ਵਿਚ ਹਰ ਸਾਲ ਸੱਪ ਲੜਨ ਨਾਲ ਅਨੇਕ ਲੋਕ ਬਿਮਾਰ ਹੁੰਦੇ ਹਨ ਜਾਂ ਮਰਦੇ ਹਨ। ਜਿਹੜੇ ਲੋਕ ਬਾਹਰ ਖੁੱਲ੍ਹੇ ਵਿਚ, ਖੇਤਾਂ ਜਾਂ ਜੰਗਲਾਂ ਵਿਚ ਰਹਿੰਦੇ ਹਨ ਜਾਂ ਜਿਹੜੇ ਸੱਪ ਫੜਦੇ ਹਨ, ਉਨ੍ਹਾਂ ਨੂੰ ਇਸ ਦੇ ਡੰਗ ਦਾ ਵਧੇਰੇ ਖ਼ਤਰਾ ਰਹਿੰਦਾ ਹੈ। ਐਸੀਆਂ ਮੌਤਾਂ ਦੀ ਗਿਣਤੀ ਵੱਖ-ਵੱਖ ਭੂਗੋਲਿਕ ਖੇਤਰਾਂ ਵਿਚ ਅਲੱਗ-ਅਲੱਗ ਹੁੰਦੀ ਹੈ। ਭਾਰਤ ਵਿੱਚ ਹਰ ਸਾਲ 61000 ਦੇ ਕਰੀਬ ਲੋਕ ਸੱਪ ਦੇ ਡੰਗ ਜਾਣ ਨਾਲ ਮਰਦੇ ਹਨ। ਇਹ ਅੰਕੜਾ ਦਰਸਾਉਂਦਾ ਹੈ ਕਿ ਕੁਲ ਆਲਮ ਦੇ ਐਸੇ ਕੇਸਾਂ ’ਚੋਂ 80% ਭਾਰਤ ਵਿਚ ਮੌਤਾਂ ਹੁੰਦੀਆਂ ਹਨ। ਯੂਰੋਪ, ਆਸਟਰੇਲੀਆ ਤੇ ਉੱਤਰੀ ਅਮਰੀਕਾ ਵਿਚ ਸੱਪ ਡੰਗਣ ਨਾਲ ਵਧੇਰੇ ਮੌਤਾਂ ਨਹੀਂ ਹੁੰਦੀਆਂ ਪਰ ਸੰਸਾਰ ਦੇ ਕਈ ਭਾਗਾਂ ਵਿਚ ਇਹ ਮੌਤਾਂ ਕਾਫੀ ਗਿਣਤੀ ਵਿਚ ਹੁੰਦੀਆਂ ਹਨ।
ਸੱਪ ਲੜਨ ਦੇ ਕੇਸ ਆਮ ਕਰ ਕੇ ਬਰਸਾਤਾਂ ਦੇ ਮੌਸਮ ਵਿਚ ਆਉਂਦੇ ਹਨ। ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ, ਹਰ ਸਾਲ ਸੱਪ ਲੜੇ ਦੇ ਤਕਰੀਬਨ 25 ਲੱਖ ਕੇਸ ਆਉਂਦੇ ਹਨ; 81000 ਤੋਂ 138000 ਮੌਤਾਂ ਹੁੰਦੀਆਂ ਹਨ। ਤਕਰੀਬਨ ਚਾਰ ਲੱਖ ਮਰੀਜਾਂ ਦੇ ਅੰਗ ਕੱਟਣੇ ਪੈਂਦੇ ਹਨ। ਬਹੁਤ ਸਾਰੇ ਪੀੜਤ ਇਲਾਜ ਵਾਸਤੇ ਸਹੀ ਜਗ੍ਹਾ ’ਤੇ ਨਹੀਂ ਪਹੁੰਚਦੇ, ਇਸ ਕਰ ਕੇ ਬਹੁਤ ਕੇਸਾਂ ਦੀ ਤਾਂ ਰਿਪੋਰਟਿੰਗ ਵੀ ਨਹੀਂ ਹੁੰਦੀ। ਸਾਡੇ ਇਸ ਗ੍ਰਹਿ (ਧਰਤੀ) ’ਤੇ ਸੱਪਾਂ ਦੀਆਂ 3400 ਦੇ ਕਰੀਬ ਕਿਸਮਾਂ ਹਨ। ਭਾਰਤ ਵਿਚ ਤਕਰੀਬਨ 300 ਕਿਸਮ ਦੇ ਸੱਪ ਮਿਲਦੇ ਹਨ ਜਿਨ੍ਹਾਂ ਵਿੱਚੋਂ 180 ਕਿਸਮਾਂ ਜ਼ਹਿਰੀਲੀਆ ਨਹੀਂ ਹੁੰਦੀਆਂ। ਬਾਕੀਆਂ ’ਚੋਂ 60% ਬਹੁਤ ਜ਼ਹਿਰੀਲੇ ਹਨ ਤੇ 40 ਕੁਝ ਘੱਟ ਜ਼ਹਿਰੀਲੇ।
ਦੇਸੀ ਢੰਗ ਨਾਲ ਜਾਂ ਸੱਭਿਆਚਾਰ ਤੇ ਭਾਸ਼ਾ ਵਿਚ ਸੱਪਾਂ ਨੂੰ ਉਨ੍ਹਾਂ ਦੇ ਰੰਗ, ਡਿਜ਼ਾਇਨ ਤੇ ਆਕਾਰ ਦੇ ਹਿਸਾਬ ਨਾਲ ਵੱਖ-ਵੱਖ ਨਾਮ ਦਿੱਤੇ ਗਏ ਹਨ; ਜਿਵੇਂ ਕੰਡੀਆ ਵਾਲਾ ਸੱਪ, ਛੀਂਬਾ ਸੱਪ, ਖੜੱਪਾ, ਉਡਣਾ, ਦਮੂੰਹਾਂ, ਚੂਹੇ ਖਾਣਾ, ਸਪੋਲੀਆ, ਕਾਲਾ ਨਾਗ, ਫਨੀਅਰ, ਤੈਰਨ ਵਾਲਾ ਜਾਂ ਪਾਣੀ ਵਾਲਾ ਸੱਪ, ਅਜਗਰ ਆਦਿ। ਰੰਗ, ਆਕਾਰ ਜਾਂ ਬਾਹਰੀ ਦਿੱਖ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਹੜਾ ਜ਼ਹਿਰੀ ਹੈ ਤੇ ਕਿਹੜਾ ਨਹੀਂ। ਇਸ ਲਈ ਸੱਪ ਦੇ ਡੰਗਣ ’ਤੇ ਤੁਰੰਤ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ। ਉਂਝ ਕਾਲਾ ਨਾਗ (ਕੋਬਰਾ), ਵਾਇਪਰ, ਤੈਰਨ ਵਾਲਾ ਸੱਪ ਤੇ ਕਾਪਰ ਹੈੱਡ (ਤਾਂਬੇ ਰੰਗੇ ਸਿਰ ਵਾਲਾ) ਸੱਪ ਜ਼ਹਿਰੀਲੇ ਹੁੰਦੇ ਹਨ। ਭਾਰਤ ਵਿਚ ਵਧੇਰੇ ਜ਼ਹਿਰੀਲ ਸੱਪ ਅਸਾਮ, ਬੰਗਾਲ, ਉੜੀਸਾ, ਬਿਹਾਰ ਵਿਚ ਜ਼ਿਆਦਾ ਹੁੰਦੇ ਹਨ। ਆਪਣੇ ਆਪ ਨੂੰ ਬਚਾਉਣ ਵਾਸਤੇ ਜਾਂ ਆਪਣੇ ਭੋਜਨ ਦਾ ਸ਼ਿਕਾਰ ਕਰਨ ਵਾਸਤੇ ਸੱਪ, ਦੂਸਰੇ ’ਤੇ ਹਮਲਾ ਕਰਦਾ ਹੈ। ਉਹ ਆਪਣੇ ਸ਼ਿਕਾਰ ਨੂੰ ਜ਼ਹਿਰ ਦੀ ਬਜਾਇ ਵਲ੍ਹੇਟੇ ਮਾਰ ਕੇ, ਘੁੱਟ ਕੇ ਮਾਰਦੇ ਹਨ। ਸੱਪ ਨੂੰ ਆਪਣੇ ਨੇੜੇ ਦੇਖ ਕੇ ਹੀ ਬੰਦਾ ਬੌਂਦਲ ਜਾਂਦਾ ਹੈ ਕਿ ਸ਼ਾਇਦ ਮੈਨੂੰ ਸੱਪ ਲੜ ਹੀ ਗਿਆ ਹੈ; ਡਰ ਨਾਲ ਉਹ ਗੁੰਗਾ ਬੋਲ਼ਾ ਹੋਇਆ, ਨੀਮ ਬੇਹੋਸ਼ੀ ਦੀ ਹਾਲਤ ਵਿਚ ਜਾ ਸਕਦਾ ਹੈ।
ਸੱਪ ਲੜਨ ਤੋਂ ਬਾਅਦ ਭੈ-ਭੀਤ ਹੋ ਜਾਣਾ ਆਮ ਗੱਲ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਦਿਲ ਦਾ ਧੱਕ-ਧੱਕ ਵੱਜਣਾ, ਤੇਜ਼ ਨਬਜ਼, ਜੀਅ ਕੱਚਾ ਹੋਣਾ ਜਾਂ ਉਲਟੀ ਆਉਣੀ। ਜਿਹੜੇ ਸੱਪ ਜ਼ਹਿਰੀ ਨਹੀਂ ਵੀ ਹੁੰਦੇ, ਉਹ ਮਨੋਵਿਗਿਆਨਕ ਅਲਾਮਤਾਂ ਦੇ ਨਾਲ-ਨਾਲ ਚਮੜੀ ਉੱਤੇ ਦੰਦਾਂ (ਡੰਗ) ਦੇ ਜ਼ਖ਼ਮ ਕਰਦੇ ਹਨ, ਆਲਾ-ਦੁਆਲਾ ਲਾਲ ਹੋ ਜਾਂਦਾ ਹੈ, ਤੇ ਇਨਫੈਕਸ਼ਨ ਵੀ ਹੋ ਸਕਦੀ (ਜਾਂਦੀ) ਹੈ। ਕਈਆਂ ਵਿਚ ਸਰੀਰ ’ਤੇ ਧੱਫੜ, ਬਲੱਡ ਪ੍ਰੈੱਸ਼ਰ ਦਾ ਘਟਣਾ, ਕਮਜ਼ੋਰ ਨਬਜ਼ ’ਤੇ ਮੌਤ ਵੀ ਹੋ ਸਕਦੀ ਹੈ, ਭਾਵੇਂ ਸੱਪ ਜ਼ਹਿਰੀ ਨਾ ਵੀ ਹੋਵੇ। ਜ਼ਹਿਰ ਨਾਲ ਖੂਨ ਦੇ ਲਾਲ ਸੈੱਲ ਟੁੱਟ ਜਾਂਦੇ ਹਨ (ਹਿਮੌਲੇਸਿਸ) ਤੇ ਯਰਕਾਨ (ਜੌਂਡਿਸ) ਹੋ ਜਾਂਦਾ ਹੈ।
ਸੱਪ ਲੜੇ ਦੀਆਂ ਅਲਾਮਤਾਂ
ਡੰਗ ਵਾਲੀ ਜਗ੍ਹਾ ’ਤੇ ਦਰਦ, ਸੋਜ, ਲਾਲ ਜਾਂ ਲਾਖੇ ਧੱਬੇ, ਛਾਲੇ ਪੈ ਜਾਣਾ। ਉਸ ਜਗ੍ਹਾ ਤੋਂ ਲਹੂ ਵਗਣਾ ਜਾਂ ਖ਼ੂਨ ਵਗਣਾ ਬੰਦ ਨਾ ਹੋਣਾ (ਖੂਨ ਦੇ ਜੰਮਣ ਦਾ ਮਸਲਾ), ਚਿਹਰੇ ਅਤੇ ਹੋਰ ਥਾਵਾਂ ’ਤੇ ਕੀੜੀਆਂ ਤੁਰਨ ਵਾਂਗ ਮਹਿਸੂਸ ਹੋਣਾ। ਨਜ਼ਰ ਧੁੰਦਲੀ ਹੋ ਜਾਣਾ, ਮੂੰਹ ਵਿਚ ਧਾਤੂ ਜਾਂ ਰਬੜ ਵਰਗਾ ਸੁਆਦ, ਪਸੀਨਾ ਤੇ ਮੂੰਹ ਵਿਚ ਪਾਣੀ ਆਉਣਾ ਵਧ ਜਾਣਾ, ਸਾਹ ਲੈਣ ਵਿਚ ਸਮੱਸਿਆ, ਦਿਲ ਦੀ ਧੜਕਣ ਤੇ ਨਬਜ਼ ਤੇਜ਼, ਬਲੱਡ ਪ੍ਰੈੱਸ਼ਰ ਘਟ ਜਾਣਾ। ਇਨ੍ਹਾਂ ਦੇ ਨਾਲ-ਨਾਲ ਜੀ ਕੱਚਾ, ਉਲਟੀ, ਦਸਤ, ਸੁਸਤੀ, ਕਮਜ਼ੋਰੀ, ਦੌਰਾ ਪੈਣਾ, ਬੇਹੋਸ਼ੀ, ਬੁਖ਼ਾਰ, ਮੂੰਹ ਸੁੱਕਣਾ, ਕਿਸੇ ਅੰਗ ਦੀ ਕਮਜ਼ੋਰੀ ਆਦਿ ਨਿਸ਼ਾਨੀਆਂ ਵੀ ਹੋ ਜਾਂਦੀਆਂ ਹਨ।
ਸੱਪ ਲੜਨ ’ਤੇ ਕੀ ਕਰੀਏ
ਡੰਗ ਵੱਜੇ ਵਿਅਕਤੀ ਨੂੰ ਸੱਪ ਕੋਲੋਂ ਅਤੇ ਉਸ ਜਗ੍ਹਾ ਤੋਂ ਪਰੇ ਲੈ ਜਾਓ, ਉਹਦੇ ਤੰਗ ਕੱਪੜੇ ਜਿਵੇਂ ਜੁਰਾਬਾਂ, ਪੱਗ, ਫਿਫਟੀ, ਪੈਂਟ ਦੀ ਬੈਲਟ, ਘੜੀ, ਮੁੰਦਰੀ ਛੱਲਾ ਆਦਿ ਖੋਲ੍ਹ ਦਿਓ/ਢਿੱਲੇ ਕਰ ਦਿਓ। ਡੰਗ ਵਾਲੀ ਥਾਂ/ਚਮੜੀ ਨੂੰ ਚੰਗੀ ਤਰ੍ਹਾਂ ਸਾਬਣ ਅਤੇ ਪਾਣੀ ਨਾਲ ਧੋ ਦਿਓ ਅਤੇ ਖ਼ੁਸ਼ਕ ਪੱਟੀ ਬੰਨ੍ਹ ਦਿਓ। ਇਸ ਉੱਤੇ ਬਰਫ ਨਾ ਲਗਾਓ, ਜ਼ਖ਼ਮ ’ਤੇ ਕੋਈ ਕੱਟ/ਚੀਰਾ ਨਾ ਲਗਾਓ, ਜ਼ਖ਼ਮ ਨੂੰ ਚੂਸੋ ਨਾ (ਜਿਵੇਂ ਫਿਲਮਾਂ ’ਚ ਦਿਖਾਇਆ ਜਾਂਦਾ ਹੈ)। ਦਰਦ ਰੋਕੂ ਪੈਰਾਸਿਟਾਮੋਲ ਦੀ ਗੋਲੀ ਦਿੱਤੀ ਜਾ ਸਕਦੀ ਹੈ। ਵਿਅਕਤੀ ਦੀ ਹਿਲਜੁਲ/ਹਰਕਤ ਘਟਾ ਦਿਓ ਜਾਂ ਬੰਦ ਹੀ ਕਰ ਦਿਓ, ਤੇ ਜਿੰਨੀ ਜਲਦੀ ਹੋ ਸਕੇ, ਉਸ ਨੂੰ ਹਸਪਤਾਲ ਲੈ ਜਾਓ। ਸੱਪ ਲੜੇ ਦੇ ਇਲਾਜ ਵਾਸਤੇ ਕਦੇ ਵੀ ਕਿਸੇ ਤਾਂਤਰਿਕ, ਨੀਮ ਹਕੀਮ ਜਾਂ ਬਾਬੇ ਕੋਲ ਨਾ ਜਾਓ। ਸੱਪ ਲੜਨ ਦਾ ਖ਼ਾਸ ਇਲਾਜ ਐਂਟੀ-ਵੈਨਮ ਸੀਰਮ ਦਾ ਟੀਕਾ ਹੁੰਦਾ ਹੈ। ਸਰਕਾਰ ਨੇ ਹਰ ਸਰਕਾਰੀ ਹਸਪਤਾਲ ਵਿਚ ਇਹ ਟੀਕਾ ਉਪਲਬਧ ਕਰਵਾਇਆ ਹੋਇਆ ਹੈ। ਜੇ ਜ਼ਖ਼ਮ ਡੂੰਘਾ ਹੋਵੇ ਤਾਂ ਹਸਪਤਾਲ ਵਿਚ ਤੁਹਾਨੂੰ ਐਂਟੀ-ਬਾਇਓਟਿਕ ਦਿੱਤਾ ਜਾ ਸਕਦਾ ਹੈ, ਦਰਦ ਰੋਕੂ ਦਵਾਈ ਦਿੱਤੀ ਜਾ ਸਕਦੀ ਹੈ।
ਸੰਪਰਕ: 98728-43491