ਚਪੇੜ
ਨਸ਼ਿਆਂ ਵਿਰੁੱਧ ਯੁੱਧ ਤਹਿਤ ਤਸਕਰਾਂ ਦੀ ਫੜ-ਫੜਾਈ ਦੇ ਨਾਲ-ਨਾਲ ਕਈ ਥਾਵਾਂ ’ਤੇ ਤਸਕਰਾਂ ਦੇ ਘਰ ਬੁਲਡੋਜ਼ਰ ਦੀ ਮਾਰ ਹੇਠ ਵੀ ਆਏ ਹਨ। ਜੇਲ੍ਹਾਂ ਵੀ ਨਸ਼ਾ ਤਸਕਰਾਂ ਅਤੇ ਹੋਰ ਗੁਨਾਹਗਾਰਾਂ ਨਾਲ ਭਰੀਆਂ ਪਈਆਂ ਹਨ ਪਰ ਦੂਜੇ ਪਾਸੇ, ਨਸ਼ੇ ਦੀ ਮਾਰ ਕਾਰਨ ਪਿੰਡਾਂ ਦੇ ਸੋਗੀ ਵਿਹੜਿਆਂ ’ਚ ਸੱਥਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਰ ਰੋਜ਼ ਨਸ਼ਿਆਂ ਦੀ ਮਾਰ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਔਸਤ ਚਾਰ ਹੈ। ਬਹੁਤ ਸਾਰੀਆਂ ਮੌਤਾਂ ਵੱਖ-ਵੱਖ ਕਾਰਨਾਂ ਕਰ ਕੇ ਗਿਣਤੀ ਵਿੱਚ ਨਹੀਂ ਆਉਂਦੀਆਂ। ਇਸ ਵੇਲੇ ਨਾ ਮਾਵਾਂ ਦੇ ਵੈਣ ਰੁਕੇ ਹਨ ਅਤੇ ਨਾ ਹੀ ਭੈਣਾਂ ਦੇ ਆਪ ਮੁਹਾਰੇ ਵਹਿੰਦੇ ਹੰਝੂ। ਬਾਪ ਦੇ ਚਿਹਰੇ ’ਤੇ ਪਸਰਿਆ ਸੋਗੀ ਸੰਨਾਟਾ ਵਰਤਮਾਨ ਅਤੇ ਭਵਿੱਖ ਦੀ ਸੋਗੀ ਤਸਵੀਰ ਪੇਸ਼ ਕਰਦਾ ਹੈ। ਕਈ ਥਾਵਾਂ ’ਤੇ ਭੈਣਾਂ ਨੇ ਆਪਣੇ ਕੁਆਰੇ ਭਰਾ ਦੇ ਸਿਰ ’ਤੇ ਸਿਹਰਾ ਬੰਨ੍ਹ ਕੇ ਭੁੱਬਾਂ ਮਾਰਦਿਆਂ ਅੰਤਮ ਵਿਦਾਇਗੀ ਦਿੱਤੀ ਹੈ।
ਚਿੱਟੇ ਦੀ ਮਾਰ ਦੇ ਨਾਲ-ਨਾਲ ਮਜੀਠਾ ਇਲਾਕੇ ਦੇ ਪਿੰਡਾਂ ਦੇ ਕਈ ਕਾਮਿਆਂ ਅਤੇ ਮਜ਼ਦੂਰਾਂ ਦਾ ਜ਼ਹਿਰੀਲੀ ਸ਼ਰਾਬ ਨੇ ਸਾਹ ਸੂਤ ਲਿਆ। ਕਹਿਰ ਦੀਆਂ ਇਨ੍ਹਾਂ ਮੌਤਾਂ ਨੇ ਨਸ਼ਿਆਂ ਵਿਰੁੱਧ ਯੁੱਧ ਦੇ ਬਾਣ ਖੁੰਢੇ ਕਰ ਦਿੱਤੇ। ਨਸ਼ਾ ਤਸਕਰਾਂ, ਪੁਲੀਸ ਵਿਭਾਗ ਦੇ ਕਰਮਚਾਰੀ, ਐਕਸਾਈਜ਼ ਵਿਭਾਗ ਦੇ ਅਧਿਕਾਰੀ ਅਤੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਬਾਰੇ ਇਲਾਕੇ ਦੇ ਲੋਕ ਦੁਹਾਈ ਪਾ ਰਹੇ ਹਨ। ਹੋਰਾਂ ਥਾਵਾਂ ਤੋਂ ਵੀ ਨਸ਼ੇ ਦੇ ਸੌਦਾਗਰਾਂ ਦੇ ਪੁਲੀਸ ਅਤੇ ਸਿਆਸਤਦਾਨਾਂ ਨਾਲ ਗਠਜੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਸੰਗਰੂਰ ਜੇਲ੍ਹ ਦਾ ਇੱਕ ਅਧਿਕਾਰੀ ਨਸ਼ਾ ਸਪਲਾਈ ਕਰਦਾ ਮੌਕੇ ’ਤੇ ਫੜਿਆ ਗਿਆ। ਦਰਅਸਲ, ਜਦੋਂ ਮਾਲੀ ਦਗਾ ਦੇ ਜਾਣ ਤਾਂ ਮਹਿਕਾਂ ਰੁਲ ਜਾਂਦੀਆਂ ਹਨ ਅਤੇ ਜਦੋਂ ਦਰਬਾਨ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਮਾਲਕ ਦੀ ਜਾਨ ਅਤੇ ਮਾਲ ਨੂੰ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ। ਨਸ਼ਾ ਮੁਕਤ ਸਮਾਜ ਸਿਰਜਣ ਲਈ ਇਸ ਤਰ੍ਹਾਂ ਦੇ ਯਤਨ ਹੋ ਰਹੇ ਹਨ ਕਿ ਛੱਤ ਚੋਅ ਰਹੀ ਹੈ ਅਤੇ ਫਰਸ਼ ਸਾਫ ਕੀਤਾ ਜਾ ਰਿਹਾ ਹੈ। ਬੂਟਾ ਸੁੱਕ ਰਿਹਾ ਹੈ ਅਤੇ ਸਪਰੇਅ ਫਰਸ਼ ’ਤੇ ਕੀਤਾ ਜਾ ਰਿਹਾ ਹੈ। ਪਾਟੀ ਹੋਈ ਰਜ਼ਾਈ ’ਤੇ ਸ਼ਨੀਲ ਦਾ ਗਿਲਾਫ਼ ਚੜ੍ਹਾ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੇ ਦਿਨੀਂ ਪੁਲੀਸ ਪਾਰਟੀ ਨੇ ਇੱਕ ਨਸ਼ਾ ਤਸਕਰ ਔਰਤ ਦੇ ਘਰ ਛਾਪਾ ਮਾਰਿਆ। ਪੁਲੀਸ ਪਾਰਟੀ ਵਿੱਚ ਦੋ ਔਰਤ ਪੁਲੀਸ ਕਰਮਚਾਰੀ ਵੀ ਸਨ। ਰੋਅਬ ਨਾਲ ਬੂਹਾ ਖੜਕਾਉਣ ’ਤੇ ਔਰਤ ਨੇ ਬੂਹਾ ਖੋਲ੍ਹਿਆ। ਪੁਲੀਸ ਪਾਰਟੀ ਦਾ ਮੁਖੀ ਗੁੱਸੇ ਨਾਲ ਭਰਿਆ ਪਿਆ ਸੀ, “ਤੈਨੂੰ ਕਿੰਨੀ ਵਾਰ ਚਿਤਾਵਨੀ ਦੇ ਕੇ ਛੱਡਿਐ, ਪਰ ਤੂੰ ਨਸ਼ਾ ਵੇਚਣੋਂ ਨਹੀਂ ਹਟੀ। ਚੱਲ ਸਾਡੇ ਨਾਲ ਥਾਣੇ, ਤੇਰੀ ਕੱਢਦੇ ਆਂ ਸਾਰੀ ਮੜਕ। ਇਉਂ ਨਹੀਂ ਤੂੰ ਹਟਣਾ।” ਔਰਤ ਨੇ ਸਹਿਜ ਮਤੇ ਨਾਲ ਜਵਾਬ ਦਿੱਤਾ, “ਮੈਨੂੰ ਥਾਣੇ ਜਾਣ ’ਚ ਕੋਈ ਇਤਰਾਜ਼ ਨਹੀਂ।” ਫਿਰ ਉਹਨੇ ਨਾਲ ਆਈਆਂ ਦੋ ਔਰਤ ਮੁਲਾਜ਼ਮਾਂ ਵਿੱਚੋਂ ਇੱਕ ਵੱਲ ਇਸ਼ਾਰਾ ਕਰਦਿਆਂ ਕਿਹਾ, “ਮੇਰੇ ਨਾਲ ਥੋਡੀ ਇਸ ਮੁਲਾਜ਼ਮ ਨੂੰ ਵੀ ਅੰਦਰ ਕਰੋ। ਇਹ ਮੇਰੇ ਕੋਲੋਂ ਹਰ ਮਹੀਨੇ ਸੱਤ ਹਜ਼ਾਰ ਰੁਪਏ ਲੈ ਕੇ ਜਾਂਦੀ ਐ।” ਔਰਤ ਮੁਲਾਜ਼ਮ ਨੇ ਉੱਡੇ ਜਿਹੇ ਮੂੰਹ ਨਾਲ ਜਦੋਂ ਨਾਂਹ ਨੁੱਕਰ ਕੀਤੀ ਤਾਂ ਉਹਨੇ ਦ੍ਰਿੜ ਵਿਸ਼ਵਾਸ ਨਾਲ ਕਿਹਾ, “ਮੈਂ ਆਪਣੇ ਪੁੱਤ ਨੂੰ ਨਾਲ ਲੈ ਕੇ ਧਾਰਮਿਕ ਅਸਥਾਨ ’ਤੇ ਜਾ ਕੇ ਇਹ ਗੱਲ ਕਹਿਣ ਨੂੰ ਤਿਆਰ ਹਾਂ ਪਰ ਨਾਲ ਇਹ ਵੀ ਧਾਰਮਿਕ ਅਸਥਾਨ ’ਤੇ ਜਾ ਕੇ ਕਹਿ ਦੇਵੇ ਕਿ ਹਰ ਮਹੀਨੇ ਸੱਤ ਹਜ਼ਾਰ ਨਹੀਂ ਵਸੂਲੇ।” ਕੁਝ ਪਲ ਦੀ ਖਾਮੋਸ਼ੀ ਤੋਂ ਬਾਅਦ ਤਸਕਰ ਔਰਤ ਨੇ ਫਿਰ ਕਿਹਾ, “ਮੈਂ ਕਈ ਵਾਰ ਨਸ਼ਾ ਨਾ ਵੇਚਣ ਦਾ ਫੈਸਲਾ ਕੀਤਾ, ਪਰ ਇਹ ਅੜ ਕੇ ਮੇਰੇ ਕੋਲੋਂ ਮਹੀਨਾ ਵਸੂਲਦੀ ਰਹੀ। ਮੈਨੂੰ ਇਹ ਕਾਲਾ ਧੰਦਾ ਕਰਨ ਲਈ ਇਹ ਮੁਲਾਜ਼ਮ ਮਜਬੂਰ ਕਰਦੀ ਰਹੀ।”
ਨਾਲ ਆਏ ਅਧਿਕਾਰੀ ਅਤੇ ਦੂਜੇ ਪੁਲੀਸ ਕਰਮਚਾਰੀਆਂ ਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ। ਉਹਨੇ ਫਿਰ ਕਿਹਾ, “ਇਹ ਸਿਰਫ ਮੈਥੋਂ ਹੀ ਉਗਰਾਹੀ ਨਹੀਂ ਕਰਦੀ, ਸਗੋਂ 15-20 ਹੋਰ ਥਾਵਾਂ ਤੋਂ ਵੀ ਉਗਰਾਹੀ ਕਰਦੀ ਹੈ। ਇਹਦਾ ਬੈਂਕ ਖਾਤਾ ਦੇਖੋ, ਇਹਨੇ ਆਪਣੀ ਤਨਖਾਹ ਕਦੇ ਨਹੀਂ ਕਢਵਾਈ।” ਫਿਰ ਉਹਨੇ ਉਸ ਔਰਤ ਮੁਲਾਜ਼ਮ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਤੇਰੀ ਪੈਸੇ ਲੈਂਦਿਆਂ ਦੀ ਵੀਡੀਓ ਵੀ ਮੇਰੇ ਕੋਲ ਹੈਗੀ। ਜੇ ਕਹੇ ਤਾਂ ਹੁਣੇ ਦਿਖਾਵਾਂ?” ਇੰਨੇ ਨੂੰ ਉੱਥੇ ਪਿੰਡ ਦੇ ਲੋਕਾਂ ਦਾ ਇਕੱਠ ਹੋ ਗਿਆ ਸੀ। ਲੋਕਾਂ ਨੇ ਵੀ ਹਾਮੀ ਭਰੀ ਕਿ ਇਹ ਔਰਤ ਮੁਲਾਜ਼ਮ ਗਾਹੇ-ਬਗਾਹੇ ਇਹਦੇ ਕੋਲ ਆਉਂਦੀ ਰਹੀ ਹੈ।
ਇਸੇ ਦੌਰਾਨ ਲੋਕਾਂ ਦੇ ਇਕੱਠ ਵਿੱਚੋਂ ਹੀ ਇੱਕ ਸ਼ਖ਼ਸ ਨੇ ਗੱਲ ਸੁਣਾਈ, “ਇਕ ਵਾਰ ਸ਼ਹਿਰ ਗਿਆ। ਪੁਲੀਸ ਕਰਮਚਾਰੀਆਂ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਰੈਲੀ ਕੱਢੀ ਸੀ। ਇਹ ਪੁਲੀਸ ਮੁਲਾਜ਼ਮ ਸਭ ਤੋਂ ਮੂਹਰਲੀ ਕਤਾਰ ਵਿੱਚ ਬੜੇ ਜੋਸ਼ ਨਾਲ ਨਾਅਰੇ ਲਾ ਰਹੀ ਸੀ- ‘ਨਸ਼ਾ ਪੰਜਾਬ ’ਚ ਰਹਿਣ ਨਹੀਂ ਦੇਣਾ, ਨਸ਼ੱਈ ਕਿਸੇ ਨੂੰ ਕਹਿਣ ਨਹੀਂ ਦੇਣਾ’।” ਲੋਕਾਂ ਦੇ ਚਿਹਰਿਆਂ ’ਤੇ ਵਿਅੰਗਮਈ ਮੁਸਕਰਾਹਟ ਆ ਗਈ। ਗੱਲ ਵਿਗੜਦੀ ਦੇਖ ਕੇ ਪੁਲੀਸ ਪਾਰਟੀ ਦੇ ਮੁਖੀ ਨੇ ਆਪਣਾ ਮੋਬਾਈਲ ਨੰਬਰ ਤਸਕਰ ਔਰਤ ਨੂੰ ਦਿੰਦਿਆਂ ਕਿਹਾ, “ਤੇਰੇ ਕੋਲੋਂ ਜੇ ਕੋਈ ਉਗਰਾਹੀ ਲੈਣ ਆਵੇ ਤਾਂ ਮੈਨੂੰ ਤੁਰੰਤ ਇਸ ਫੋਨ ਨੰਬਰ ’ਤੇ ਦੱਸੀਂ ਪਰ ਤੂੰ ਅੱਗੇ ਤੋਂ ਨਸ਼ਾ ਨਹੀਂ ਵੇਚਣਾ।”
ਤਸਕਰ ਔਰਤ ਨੇ ਭਰੇ ਇਕੱਠ ਵਿੱਚ ਇਹ ਕਹਿ ਕੇ ਵਾਅਦਾ ਕੀਤਾ, “ਠੀਕ ਐ ਜੀ, ਜੇ ਕੋਈ ਪੁਲੀਸ ਵਾਲਾ ਮੇਰੇ ਕੋਲੋਂ ਪੈਸਾ ਨਹੀਂ ਮੰਗੇਗਾ ਤਾਂ ਫਿਰ ਮੈਂ ਨਸ਼ਾ ਵੀ ਨਹੀਂ ਵੇਚਣਾ। ਫਿਰ ਭਾਵੇਂ ਥੋਡੇ ਸਮੇਤ ਸਾਰਾ ਪਿੰਡ ਮੇਰੇ ਭਿਉਂ-ਭਿਉਂ ਕੇ ਛਿੱਤਰ ਲਾਵੇ।”
ਪੁਲੀਸ ਪਾਰਟੀ ਚਲੀ ਗਈ। ਉਹ ਔਰਤ ਮੁਲਾਜ਼ਮ ਇੰਝ ਮਹਿਸੂਸ ਕਰ ਰਹੀ ਸੀ ਜਿਵੇਂ ਉਹਦੇ ਮੂੰਹ ’ਤੇ ਚਪੇੜ ਵੱਜੀ ਹੋਵੇ।
ਸੰਪਰਕ: 94171-48866