DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੌਸਮੀ ਬਿਮਾਰੀਆਂ: ਇਲਾਜ ਨਾਲੋਂ ਪ੍ਰਹੇਜ਼ ਚੰਗਾ

ਮਨੁੱਖੀ ਜ਼ਿੰਦਗੀ ਵਿੱਚ ਮੌਸਮ ਦਾ ਅਹਿਮ ਯੋਗਦਾਨ ਹੈ। ਸਰਦੀਆਂ ਵਿੱਚ ਖਿੜੀ ਧੁੱਪ ਅਤੇ ਗਰਮੀਆਂ ਵਿੱਚ ਸਾਉਣ ਦੀਆਂ ਝੜੀਆਂ ਦਾ ਆਪਣਾ ਹੀ ਨਜ਼ਾਰਾ ਹੈ। ਅਜਿਹੇ ਮੌਸਮ ਵਿੱਚ ਮਨੁੱਖ ਤਾਂ ਕੀ, ਪਸ਼ੂ, ਪੰਛੀ, ਪੌਦੇ, ਪੂਰੀ ਬਨਸਪਤੀ ਝੂਮ ਉਠਦੀ ਹੈ। ਇਸੇ ਤਰ੍ਹਾਂ ਮਨੁੱਖੀ...
  • fb
  • twitter
  • whatsapp
  • whatsapp
Advertisement

ਮਨੁੱਖੀ ਜ਼ਿੰਦਗੀ ਵਿੱਚ ਮੌਸਮ ਦਾ ਅਹਿਮ ਯੋਗਦਾਨ ਹੈ। ਸਰਦੀਆਂ ਵਿੱਚ ਖਿੜੀ ਧੁੱਪ ਅਤੇ ਗਰਮੀਆਂ ਵਿੱਚ ਸਾਉਣ ਦੀਆਂ ਝੜੀਆਂ ਦਾ ਆਪਣਾ ਹੀ ਨਜ਼ਾਰਾ ਹੈ। ਅਜਿਹੇ ਮੌਸਮ ਵਿੱਚ ਮਨੁੱਖ ਤਾਂ ਕੀ, ਪਸ਼ੂ, ਪੰਛੀ, ਪੌਦੇ, ਪੂਰੀ ਬਨਸਪਤੀ ਝੂਮ ਉਠਦੀ ਹੈ। ਇਸੇ ਤਰ੍ਹਾਂ ਮਨੁੱਖੀ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿੱਚ ਵੀ ਮੌਸਮ ਦਾ ਵੱਡਾ ਦ਼ਖਲ ਹੁੰਦਾ ਹੈ। ਇਕ ਤਾਂ ਕੁਦਰਤੀ ਮੌਸਮ ਵਾਲੀ ਤਬਦੀਲੀ ਹੁੰਦੀ ਹੈ ਪਰ ਪ੍ਰਦੂਸ਼ਣ ਵਾਲਾ ਮੌਸਮ ਮਨੁੱਖ ਦਾ ਆਪਣਾ ਸਿਰਜਿਆ ਹੋਇਆ ਹੈ। ਕੁਦਰਤ ਦੀਆਂ ਰੁੱਤਾਂ ਵਿੱਚ ਗਰਮ ਅਤੇ ਸਰਦ ਰੁੱਤਾਂ ਮੁੱਖ ਹਨ। ਛੇ ਮਹੀਨੇ ਗਰਮੀ, ਛੇ ਮਹੀਨੇ ਸਰਦੀ। ਇਨ੍ਹਾਂ ਬਾਰਾਂ ਮਹੀਨਿਆਂ ਵਿੱਚ ਮੌਸਮ ਬਹੁਤ ਅੰਗੜਾਈਆਂ ਲੈਂਦਾ ਹੈ। ਬਸੰਤ ਰੁੱਤ ਦੀ ਬਹਾਰ, ਸਾਉਣ ਦੀਆਂ ਝੜੀਆਂ। ਚੇਤ-ਵਿਸਾਖ ਅਤੇ ਅੱਸੂ-ਕੱਤਕ, ਇੱਥੇ ਆ ਕੇ ਰੁੱਤਾਂ ਬਦਲਦੀਆਂ ਹਨ। ਚੇਤ-ਵਿਸਾਖ (ਮਾਰਚ-ਅਪਰੈਲ) ਵਿੱਚ ਸਰਦੀ ਨੂੰ ਅਲਵਿਦਾ ਕਹਿ ਕੇ ਗਰਮੀ ਵਿੱਚ ਪ੍ਰਵੇਸ਼ ਕਰਦੇ ਹਾਂ ਅਤੇ ਅੱਸੂ-ਕੱਤਕ (ਅਕਤੂਬਰ-ਸਤੰਬਰ) ਸਰਦੀ ਵਿੱਚ।

ਜਦੋਂ ਮੌਸਮ ਬਦਲਦਾ ਹੈ ਤਾਂ ਮਨੁੱਖੀ ਸਰੀਰ ਦਾ ਤਾਪਮਾਨ ਬਾਹਰਲੇ ਤਾਪਮਾਨ ਦੇ ਅਨੁਕੂਲ ਨਹੀਂ ਹੁੰਦਾ ਪਰ ਜਿਉਂ-ਜਿਉਂ ਮੌਸਮ ਸਥਿਰ ਹੁੰਦਾ ਹੈ ਤਾਂ ਮਨੁੱਖੀ ਤਾਪਮਾਨ ਵੀ ਸਥਿਰ ਹੋਣ ਲੱਗਦਾ ਹੈ, ਜਿਵੇਂ ਸਰਦੀ ਤੋਂ ਗਰਮੀ ਵਿੱਚ ਪ੍ਰਵੇਸ਼ ਕਰਨ ਵੇਲੇ ਸਰੀਰ ਨੂੰ ਸੁਸਤੀ ਜ਼ਿਆਦਾ ਪੈਣ ਲੱਗਦੀ ਹੈ। ਇੰਝ ਲੱਗਦਾ ਹੈ, ਜਿਵੇਂ ਸਾਰਾ ਦਿਨ ਸੁੱਤੇ ਪਏ ਰਹੀਏ, ਸਰੀਰ ਟੁੱਟਦਾ ਹੈ। ਇੱਥੋਂ ਤੱਕ ਕਿ ਕਈ ਲੋਕ ਆਖਦੇ ਹਨ- ਮਨ ਜਿਹਾ ਨਹੀਂ ਲੱਗਦਾ, ਉਖੜਿਆ-ਉਖੜਿਆ ਲੱਗਦਾ ਹੈ। ਇਨ੍ਹਾਂ ਦਿਨਾਂ ਵਿੱਚ ਤਾਪਮਾਨ ਅਤੇ ਬਲੱਡ ਪ੍ਰੈੱਸ਼ਰ ਘੱਟ ਜਾਂਦਾ ਹੈ। ਫਿਰ ਜਿਉਂ-ਜਿਉਂ ਗਰਮੀ ਆਪਣਾ ਜ਼ੋਰ ਪਾਉਂਦੀ ਹੈ ਤਾਂ ਪਸੀਨਾ ਵੱਧ ਆਉਣ ਕਰ ਕੇ ਸਰੀਰ ਵਿੱਚੋਂ ਲੂਣ ਅਤੇ ਹੋਰ ਤੱਤਾਂ ਦੀ ਕਮੀ ਹੋਣ ਲੱਗਦੀ ਹੈ। ਇਸੇ ਲੋੜ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਨਿੰਬੂ ਦੀ ਸ਼ਿਕੰਜਵੀ, ਸ਼ੱਕਰ ਵਾਲੀ ਸ਼ਰਬਤ ਜਾਂ ਦਹੀਂ ਦੀ ਲੱਸੀ ਪਰ ਸਾਡਾ ਕੰਮ ਉਲਟ ਹੈ; ਜਦੋਂ ਤੋੜ ਜਿਹੀ ਲੱਗਦੀ ਹੈ, ਚਾਹ ਦਾ ਪਤੀਲਾ ਧਰ ਕੇ ਬਹਿ ਜਾਂਦੇ ਹਾਂ। ਨਾਲੇ ਆਖਦੇ ਹਾਂ- ਗਰਮੀ ਨੂੰ ਗਰਮੀ ਹੀ ਮਾਰਦੀ ਹੈ। ਜੇਕਰ ਇਹ ਗੱਲ ਹੈ ਤਾਂ ਭਾਈ ਪੋਹ-ਮਾਘ ’ਚ ਕੁਲਫੀਆਂ ਕਿਉਂ ਨਹੀਂ ਖਾਂਦੇ?

Advertisement

ਬਰਸਾਤ ਦੇ ਮੌਸਮ, ਖ਼ਾਸ ਕਰ ਕੇ ਸਾਉਣ ਦੇ ਦਿਨਾਂ ਵਿੱਚ ਮੱਛਰ ਦੀ ਭਰਮਾਰ ਹੋ ਜਾਂਦੀ ਹੈ। ਕਣੀਆਂ ਵਿੱਚ ਭਿੱਜ ਕੇ ਜੋੜਾਂ ਦੇ ਦਰਦ, ਬੁਖਾਰ ਹੋ ਜਾਂਦਾ ਹੈ। ਮਲੇਰੀਆ ਹੋਣ ਦਾ ਡਰ ਵੀ ਰਹਿੰਦਾ ਹੈ। ਇਸ ਮੌਸਮ ਵਿੱਚ ਧਰਤੀ ਹੇਠਲੇ ਜੀਵ ਵੀ ਮੀਂਹ ਦਾ ਆਨੰਦ ਮਾਣਨ ਲਈ ਧਰਤੀ ’ਤੇ ਆ ਜਾਂਦੇ ਹਨ। ਸੋ ਇਨ੍ਹਾਂ ਤੋਂ ਬਚਣ ਲਈ ਸੰਭਵ ਉਪਰਾਲੇ ਕਰਨ ਦੀ ਲੋੜ ਹੁੰਦੀ ਹੈ।

ਗਰਮੀਆਂ ਵਿੱਚ ਬਦਹਜ਼ਮੀ ਜਾਂ ਪੇਟ ਖਰਾਬ ਹੋਣਾ ਆਮ ਵਰਤਾਰਾ ਹੈ ਕਿਉਂਕਿ ਥੋੜ੍ਹੀ ਜਿਹੀ ਗਰਮੀ ਪੇਟ ਵਿੱਚ ਵਧਣ ਨਾਲ ਪੇਟ ਤੋਂ ਖਾਧਾ ਹੋਇਆ ਸੰਭਾਲ ਨਹੀਂ ਹੁੰਦਾ। ਗਰਮੀਆਂ ਵਿੱਚ ‘ਫੂਡ ਪੁਆਇਜ਼ਨਿੰਗ’ ਦੀ ਸਮੱਸਿਆ ਵੀ ਜ਼ਿਆਦਾ ਹੁੰਦੀ ਹੈ ਅਤੇ ਟਾਇਫਾਇਡ ਜਾਂ ਪੀਲੀਆ ਹੋ ਸਕਦਾ ਹੈ। ਇਸ ਕਰ ਕੇ ਗਰਮੀਆਂ ਵਿੱਚ ਬਾਹਰਲਾ ਤਲਿਆ-ਫਲਿਆ ਭੋਜਨ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਣਢਕੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਗਰਮੀ ਵਿੱਚ ‘ਪਿੱਤ’ ਆਪਣਾ ਅਸਰ ਦਿਖਾਉਂਦੀ ਹੈ। ਪਿੱਤ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਅੰਦਰ ਗਰਮੀ ਜ਼ਿਆਦਾ ਹੋਵੇ ਪਰ ਕਈ ਲੋਕ ਉਪਰਲੀ ਸਥਿਤੀ ਵਾਂਗ ਗਰਮੀ ਨੂੰ ਗਰਮੀ ਨਾਲ ਮਾਰਨ ਦਾ ਸਿਧਾਂਤ ਦੇ ਕੇ ਚਾਹ ਜਾਂ ਸ਼ਰਾਬ ਪੀਂਦੇ ਹਨ ਜਾਂ ਕਈ ਲੋਕ ਗਰਮੀ ਤੋਂ ਬਚਣ ਲਈ ਠੰਢੀ ਬੀਅਰ ਦਾ ਸਹਾਰਾ ਲੈਂਦੇ ਹਨ, ਜੋ ਬਿਲਕੁਲ ਗ਼ਲਤ ਹੈ। ਸਿਆਣੇ ਕਹਿੰਦੇ ਹਨ, ਗਰਮੀਆਂ ਵਿੱਚ ਖਾਣ ਵਾਲੀਆਂ ਚੀਜ਼ਾਂ ਨਾਲ ਪੇਟ ਨੂੰ ਘੱਟ ਭਰਨਾ ਚਾਹੀਦਾ ਹੈ। ਪੀਣ ਵਾਲੀਆਂ ਭਾਵ ਪਾਣੀ, ਸ਼ਿਕੰਜਵੀਂ, ਜੌਂਅ ਦੇ ਸੱਤੂ ਜਾਂ&ਨਬਸਪ; ਸ਼ਰਬਤ ਪੀਣਾ ਚਾਹੀਦਾ ਹੈ ਪਰ ਸ਼ਰਾਬ ਜਾਂ ਚਾਹ ਨਹੀਂ। ਇਸੇ ਤਰ੍ਹਾਂ ਸਰਦੀਆਂ ਵਿੱਚ ਰੱਜ ਕੇ ਖਾਣਾ ਚਾਹੀਦਾ ਹੈ, ਠੰਢ ਨਹੀਂ ਲੱਗਦੀ।

ਗਰਮੀ ਵਿੱਚ ਗਰਮ-ਸਰਦ ਹੋਣ ਤੋਂ ਬਾਅਦ ਬੁਖਾਰ ਹੋਣਾ ਜਾਂ ਭਖੇ-ਭਖਾਏ ਠੰਢਾ ਪਾਣੀ ਪੀਣ ਨਾਲ ਗਲਾ ਖ਼ਰਾਬ ਹੋਣਾ ਵੀ ਆਮ ਗੱਲ ਹੈ। ਸੋ ਸਾਨੂੰ ਹਰ ਕਦਮ ਬੋਚ-ਬੋਚ ਕੇ ਰੱਖਣਾ ਚਾਹੀਦਾ ਹੈ। ਸਰਦੀਆਂ ਵਿੱਚ ਖੰਘ, ਜ਼ੁਕਾਮ ਹੋਣਾ ਆਮ ਗੱਲ ਹੈ। ਥੋੜ੍ਹੀ ਜਿਹੀ ਹਵਾ ਲੱਗੀ, ਨੱਕ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ, ਬੁਖਾਰ ਹੋ ਜਾਂਦਾ ਹੈ। ਅਜਿਹੇ ਮੌਸਮ ਵਿੱਚ ਗਰਮ ਪਾਣੀ ਨਾਲ ਨਹਾ ਕੇ ਯਕਦਮ ਬਾਹਰ ਨਹੀਂ ਨਿਕਲਣਾ ਚਾਹੀਦਾ, ਨੱਕ-ਮੂੰਹ ’ਤੇ ਰੁਮਾਲ ਬੰਨ੍ਹ ਕੇ ਹੀ ਸਕੂਟਰ-ਮੋਟਰਸਾਈਕਲ ਦੀ ਸਵਾਰੀ ਕਰਨੀ ਚਾਹੀਦੀ ਹੈ। ਲੌਂਗ ਅਤੇ ਇਲਾਇਚੀ ਪਾ ਕੇ ਇਕ-ਦੋ ਵਾਰ ਚਾਹ ਪੀ ਲੈਣੀ ਚਾਹੀਦੀ ਹੈ ਪਰ ਪਾਣੀ ਵੀ ਜ਼ਰੂਰ ਪੀਣਾ ਚਾਹੀਦਾ ਹੈ।

ਇਹ ਵੀ ਕੁਦਰਤੀ ਵਰਤਾਰਾ ਹੀ ਹੈ ਕਿ ਜਦੋਂ ਮੌਸਮ ਬਦਲਦਾ ਹੈ, ਉਨ੍ਹੀ ਦਿਨੀਂ ਸਾਡੀਆਂ ਮੁੱਖ ਫਸਲਾਂ ਝੋਨਾ ਅਤੇ ਕਣਕ ਪੱਕ ਕੇ ਤਿਆਰ ਹੁੁੰਦੀਆਂ ਹਨ। ਸਤੰਬਰ-ਅਕਤੂਬਰ ਵਿੱਚ ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਲਾਈ ਅੱਗ ਅਤੇ ਕਣਕ ਦੀ ਵਾਢੀ ਪਿੱਛੋਂ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਅਸੀਂ ਖੁਦ ਬਿਮਾਰੀਆਂ ਸਹੇੜਦੇ ਹਾਂ। ਸਾਹ, ਦਮੇ ਅਤੇ ਚਮੜੀ ਦੇ ਰੋਗ ਇਸ ਮੌਸਮ ਵਿੱਚ ਵਧਦੇ ਹਨ। ਕਈ ਰੋਗੀ ਤਾਂ ਅਜਿਹੇ ਹੁੰਦੇ ਹਨ ਕਿ ਦਵਾਈਆਂ ਦੇਣ ਦੇ ਬਾਵਜੂਦ ਠੀਕ ਨਹੀਂ ਹੁੰਦੇ ਪਰ ਜਦੋਂ ਧੂੰਆਂ ਉਡਣੋਂ ਹਟ ਜਾਂਦਾ ਹੈ, ਫਿਰ ਆਪਣੇ ਆਪ ਠੀਕ ਹੋ ਜਾਂਦੇ ਹਨ।

ਬਾਕੀ ਕੁਦਰਤ ਨੇ ਮੌਸਮ ਦੇ ਹਿਸਾਬ ਨਾਲ ਧਰਤੀ ਮਾਂ ਦੀ ਕੁੱਖ ਵਿੱਚੋਂ ਬਹੁਤ ਕੁਝ ਪੈਦਾ ਕਰ ਕੇ ਮਨੁੱਖ ਨੂੰ ਦਿੱਤਾ ਹੈ। ਗਰਮੀਆਂ ਵਿੱਚ ਤਰਬੂਜ਼, ਨਿੰਬੂ, ਖ਼ਰਬੂਜਾ, ਕੱਦੂ, ਤੋਰੀਆਂ, ਖੱਖੜੀ, ਪੁਦੀਨਾ; ਸਰਦੀਆਂ ਵਿੱਚ ਮੂੰਗਫਲੀ, ਖਜੂਰ ਜਾਂ ਬਹੁਤੇ ਸਰਦੇ ਪੁੱਜਦਿਆਂ ਲਈ ਦਾਖ, ਕਾਜੂ, ਬਦਾਮ, ਅਖਰੋਟ ਆਦਿ ਬਖ਼ਸ਼ੇ ਹਨ ਪਰ ਜੇਕਰ ਮਨੁੱਖ ਕੁਦਰਤ ਦੀਆਂ ਦਾਤਾਂ ਦਾ ਸਦਉਪਯੋਗ ਕਰੇ ਤਾਂ ਹੀ ਤੰਦਰੁਸਤ ਰਹਿ ਸਕੇਗਾ ਪਰ ਜੇਕਰ ਕੱਦੂਆਂ ਜਾਂ ਤਰਬੂਜ਼ਾਂ ਨੂੰ ਟੀਕੇ ਲਾ-ਲਾ ਪਕਾਇਆ ਜਾਂਦਾ ਰਿਹਾ ਤਾਂ ਕੁਦਰਤ ਦੀਆਂ ਇਨ੍ਹਾਂ ਅਨਮੋਲ ਦਾਤਾਂ ਤੋਂ ਮਨੁੱਖ ਵਾਂਝਾ ਹੋ ਜਾਵੇਗਾ ਅਤੇ ਬਿਮਾਰੀਆਂ ਹੀ ਬਿਮਾਰੀਆਂ ਪੱਲੇ ਰਹਿ ਜਾਣਗੀਆਂ। ਉਂਝ, ਮੌਸਮੀ ਬਿਮਾਰੀਆਂ ਵਿੱਚ ਦਵਾਈਆਂ ਦੀ ਜ਼ਰੂਰਤ ਜ਼ਿਆਦਾ ਨਹੀਂ ਪੈਂਦੀ, ਸਗੋਂ ਓਹੜ-ਪੋਹੜ ਨਾਲ ਹੀ ਰੋਗੀ ਠੀਕ ਹੋ ਸਕਦਾ ਹੈ।

ਸੰਪਰਕ: 98146-99446

Advertisement
×