DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਦੋਂ ਸਕੂਲ ਟਾਵਾਂ-ਟਾਵਾਂ ਸੀ...

ਐੱਮ ਏ ਸਿੰਘ ਇਹ ਗੱਲ ਅਪਰੈਲ 1950 ਦੀ ਹੈ। ਸਾਡੇ ਪਿੰਡ ਗਿੱਦੜ ਪਿੰਡੀ ਵਿੱਚ ਉਦੋਂ ਪ੍ਰਾਇਮਰੀ ਸਕੂਲ ਚੌਥੀ ਜਮਾਤ ਤੱਕ ਹੁੰਦਾ ਸੀ। ਪੰਜਵੀਂ ਜਮਾਤ ਵਿੱਚ ਦਾਖਲ ਹੋਣ ਲਈ ਨੇੜੇ ਤੇੜੇ ਸਕੂਲ ਗੌਰਮਿੰਟ ਮਿਡਲ ਸਕੂਲ ਲੋਹੀਆਂ ਖਾਸ ਸੱਤ ਮੀਲ ਸੀ ਤੇ...
  • fb
  • twitter
  • whatsapp
  • whatsapp
Advertisement
ਐੱਮ ਏ ਸਿੰਘ

ਇਹ ਗੱਲ ਅਪਰੈਲ 1950 ਦੀ ਹੈ। ਸਾਡੇ ਪਿੰਡ ਗਿੱਦੜ ਪਿੰਡੀ ਵਿੱਚ ਉਦੋਂ ਪ੍ਰਾਇਮਰੀ ਸਕੂਲ ਚੌਥੀ ਜਮਾਤ ਤੱਕ ਹੁੰਦਾ ਸੀ। ਪੰਜਵੀਂ ਜਮਾਤ ਵਿੱਚ ਦਾਖਲ ਹੋਣ ਲਈ ਨੇੜੇ ਤੇੜੇ ਸਕੂਲ ਗੌਰਮਿੰਟ ਮਿਡਲ ਸਕੂਲ ਲੋਹੀਆਂ ਖਾਸ ਸੱਤ ਮੀਲ ਸੀ ਤੇ ਪਰਮਜੀਤ ਹਾਈ ਸਕੂਲ ਸੁਲਤਾਨਪੁਰ ਲੋਧੀ ਨੌਂ ਕੁ ਮੀਲ (ਹੁਣ ਗੌਰਮਿੰਟ ਸੀਨੀਅਰ ਸਕੈਂਡਰੀ ਸਕੂਲ) ਸੀ।

Advertisement

ਮੈਨੂੰ ਬਾਪੂ ਜੀ ਨੇ ਪਰਮਜੀਤ ਹਾਈ ਸਕੂਲ ਸੁਲਤਾਨਪੁਰ ਲੋਧੀ ਪੰਜਵੀਂ ਵਿੱਚ ਦਾਖਲ ਕਰਵਾ ਦਿੱਤਾ। ਮੇਰੇ ਨਾਲ ਪਿੰਡ ਦੇ ਹੋਰ ਵੀ ਮੁੰਡੇ ਦਾਖਲ ਹੋਏ ਸੀ। ਸਾਡੇ ਪਿੰਡ ਅੰਗਰੇਜ਼ ਵੇਲੇ ਤੋਂ ਰੇਲਵੇ ਸਟੇਸ਼ਨ ਬਣਿਆ ਹੋਇਆ ਹੈ। ਗਰਮੀਆਂ ਵਿੱਚ ਸਕੂਲ ਸੱਤ ਵਜੇ ਲਗਦਾ ਤੇ ਡੇਢ ਵਜੇ ਛੁੱਟੀ ਹੋ ਜਾਂਦੀ ਸੀ। ਸਰਦੀਆਂ ਨੂੰ ਸਕੂਲ ਨੌਂ ਵਜੇ ਲਗਦਾ ਤੇ ਚਾਰ ਵਜੇ ਛੁੱਟੀ ਹੁੰਦੀ।

ਗਰਮੀਆਂ ਨੂੰ ਅਸੀਂ ਸਾਰੇ ਬੱਚੇ ਸਵੇਰੇ ਸਕੂਲ ਨੂੰ ਸੁਲਤਾਨਪੁਰ ਲੋਧੀ ਤੁਰ ਕੇ ਜਾਂਦੇ ਤੇ ਵਾਪਸੀ ਦੁਪਹਿਰ ਦੀ ਰੇਲ ਗੱਡੀ ਪਿੰਡ ਪਹੁੰਚ ਜਾਂਦੇ। ਸਰਦੀਆਂ ਨੂੰ ਅਸੀਂ ਸਕੂਲ ਸਵੇਰੇ ਸੱਤ ਵੱਜੇ ਰੇਲ ਗੱਡੀ ਸੁਲਤਾਨਪੁਰ ਲੋਧੀ ਜਾਂਦੇ ਤੇ ਸ਼ਾਮ ਨੂੰ ਤੁਰ ਕੇ ਪਿੰਡ ਨੂੰ ਵਾਪਸ ਜਾਂਦੇ।

ਅਸੀਂ ਸਾਰੇ ਬੱਚਿਆਂ ਨੇ ਦਹੀਂ ਦਾ ਕੌਲਾ ਖਾ ਕੇ ਦੋ-ਤਿੰਨ ਪਰੌਂਠੇ ਕੱਪੜੇ ਵਿੱਚ ਬੰਨ੍ਹ ਕੇ ਝੋਲੇ ਵਿੱਚ ਪਾ ਲੈਣੇ ਤੇ ਮਗਰਲੇ ਪਹਿਰ ਜਦ ਹਾਲੀ ਖੇਤਾਂ ਨੂੰ ਜਾਂਦੇ ਹਨ, ਭਾਵ, ਚਾਰ ਕੁ ਵੱਜ ਜਾਂਦੇ ਹੋਣਗੇ, ਝੋਲੇ ਮੋਢਿਆਂ ਵਿੱਚ ਪਾ ਕੇ ਨੱਕ ਦੀ ਸੇਧ ਸੁਲਤਾਨਪੁਰ ਲੋਧੀ ਨੂੰ ਤੁਰ ਪੈਣਾ। ਉਦੋਂ ਘੜੀਆਂ ਆਮ ਨਹੀਂ ਹੁੰਦੀਆਂ ਸਨ।

ਅਸੀਂ ਸਵੇਰ ਦੀ ਰੋਟੀ ਲਗਭੱਗ ਅੱਧ ਵਿਚਕਾਰ ਜੌੜੇ ਖੂਹਾਂ ’ਤੇ ਜਾ ਕੇ ਖਾਣੀ। ਰਾਮ ਲੋਕ ਚਪੜਾਸੀ ਨੇ ਸਕੂਲ ਦੇ ਹਾਲ ਉਪਰ ਚੜ੍ਹ ਕੇ ਪਿੱਤਲ ਦੀ ਘੰਟੀ ਵਜਾਉਣੀ, ਘੰਟੀ ਸਾਨੂੰ ਚਾਰ ਮੀਲ ’ਤੇ ਵੀ ਇਵੇਂ ਸੁਣਦੀ ਹੁੰਦੀ ਸੀ ਜਿਵੇਂ ਨੇੜੇ ਤੇੜੇ ਵਜਦੀ ਹੋਵੇ। ਪਿੱਤਲ ਅਸਲੀ ਹੁੰਦਾ ਸੀ, ਇਸ ਵਿੱਚ ਖੋਟ ਨਹੀਂ ਹੁੰਦੀ ਸੀ। ਕਈ ਵਾਰ ਅਸੀਂ ਅਜੇ ਅੱਧ-ਪਚੱਦੀ ਹੀ ਰੋਟੀ ਖਾਧੀ ਹੋਣੀ, ਸਾਰਿਆਂ ਨੇ ਬਚੀ ਰੋਟੀ ਲਪੇਟ ਕੇ ਝੋਲੇ ਪਾਉਣੀ, ਜਿਉਂ ਦੌੜ ਲਾਉਣੀ... ਤੇ ਸਮੇਂ ਸਿਰ ਸਕੂਲ ਪੁੱਜ ਜਾਣਾ। ਕਈ ਵਾਰ ਲੇਟ ਵੀ ਹੋ ਜਾਣਾ, ਫਿਰ ਮਾਸਟਰ ਜੀ ਦੇ ਰੂਲ ਨੁਮਾ ਸੋਟੇ ਦੀ ਕੁੱਟ ਤੋਂ ਡਰਦੇ ਸਕੂਲ ਨਹੀਂ ਵੜਦੇ ਹੁੰਦੇ ਸੀ। ਸਾਰਾ ਦਿਨ ਸ਼ਹਿਰ ਵਿੱਚ ਘੁੰਮਦੇ ਰਹਿਣਾ ਤੇ ਰੋਜ਼ ਵਾਂਗ ਦੁਪਹਿਰ ਦੀ ਗੱਡੀ ਪਿੰਡ ਨੂੰ ਚਲੇ ਜਾਣਾ। ਦੂਜੇ ਦਿਨ ਪਹਿਲੇ ਦਿਨ ਵਾਲੀ ਸਜ਼ਾ ਜ਼ਰੂਰ ਮਿਲਦੀ ਹੁੰਦੀ ਸੀ।

ਉਨ੍ਹਾਂ ਦਿਨਾਂ ਵਿੱਚ ਸਾਡੇ ਅਧਿਆਪਕ ਬੜੀ ਮਿਹਨਤ ਨਾਲ ਪੜ੍ਹਾਉਂਦੇ ਹੁੰਦੇ ਸੀ। ਇਮਤਿਹਾਨਾਂ ਦੇ ਨੇੜੇ ਜਾ ਕੇ ਮਾਰਚ ਮਹੀਨੇ ਅੱਠਵੀਂ ਤੇ ਦਸਵੀਂ ਜਮਾਤ ਨੂੰ ਹਿਸਾਬ ਤੇ ਅੰਗਰੇਜ਼ੀ ਵਾਲੇ ਅਧਿਆਪਕ ਸਵੇਰ ਵੇਲੇ ਸਕੂਲ ਲੱਗਣ ਤੋਂ ਪਹਿਲਾਂ ਇੱਕ ਘੰਟਾ ਬੱਚਿਆਂ ਨੂੰ ਮੁਫਤ ਪੜ੍ਹਾਉਂਦੇ ਹੁੰਦੇ ਸੀ ਤਾਂ ਕਿ ਸਾਡੇ ਮਜ਼ਮੂਨ ਦਾ ਨਤੀਜਾ ਵਧੀਆ ਆਵੇ।

ਸਰਦੀਆਂ ਵਿੱਚ ਸਵੇਰੇ ਗਿੱਦੜ ਪਿੰਡੀ ਸਟੇਸ਼ਨ ਤੋਂ ਸੱਤ ਵਜੇ ਗੱਡੀ ਚੜ੍ਹਨਾ ਤੇ ਅੱਠ ਜਾਂ ਸਾਢੇ ਅੱਠ ਸੁਲਤਾਨਪੁਰ ਲੋਧੀ ਪਹੁੰਚ ਜਾਣਾ। ਸ਼ਾਮ ਨੂੰ ਚਾਰ ਵਜੇ ਛੁੱਟੀ ਹੁੰਦੀ ਸੀ, ਅਸੀਂ ਝੋਲੇ ਮੋਢੇ ਪਾਉਣੇ ਤੇ ਹਿੰਮਤ ਨਾਲ ਭੱਜੇ ਜਾਣਾ, ਫਿਰ ਵੀ ਸਾਨੂੰ ਰਸਤੇ ਵਿੱਚ ਹੀ ਸੂਰਜ ਛਿਪ ਜਾਂਦਾ ਸੀ। ਘਰ ਪਹੁੰਚਦਿਆਂ ਨੂੰ ਘੁੱਪ ਹਨੇਰਾ ਹੋ ਜਾਂਦਾ।

ਸਲੇਬਸ ਕਦੀ ਵੀ ਨਹੀਂ ਬਦਲਦਾ ਸੀ, ਇਸ ਲਈ ਪੁਰਾਣੀਆਂ ਕਿਤਾਬਾਂ ਲੈ ਕੇ ਕੰਮ ਸਰ ਜਾਂਦਾ ਸੀ। ਉਦੋਂ ਪੜ੍ਹਾਈ ਮਹਿੰਗੀ ਸੀ, ਸਾਨੂੰ ਨਿਆਣਿਆਂ ਨੂੰ ਮੇਲੇ-ਮਸਾਵੇ ’ਤੇ ਚਵਾਨੀ ਜਾਂ ਅਠਿਆਨੀ ਮਿਲਦੀ ਹੁੰਦੀ ਸੀ। ਰੁਪਈਆ ਤਾਂ ਕਦੀ ਕਦਾਈਂ ਦੇਖਣ ਨੂੰ ਮਿਲਦਾ ਹੁੰਦਾ ਸੀ।

ਅੱਜ ਵੀ ਯਾਦ ਆਉਂਦਾ ਹੈ, ਸਾਡਾ ਅੱਠਵੀਂ ਦਾ ਸਾਲਾਨਾ ਇਮਤਿਹਾਨ ਸੀ। ਬੱਚੇ ਤਿੰਨ ਕਮਰਿਆਂ ਵਿੱਚ ਬੈਠੇ ਸੀ। ਨਿਗਰਾਨੀ ਲਈ ਸਿਰਫ ਇੱਕ ਮਾਸਟਰ ਜੀ ਦੀ ਡਿਊਟੀ ਸੀ। ਤਿੰਨਾਂ ਕਮਰਿਆਂ ਵਿੱਚ ਆਉਣ ਜਾਣ ਨੂੰ ਦਰਵਾਜ਼ੇ ਲੱਗੇ ਹੋਏ ਸੀ। ਮਾਸਟਰ ਜੀ ਦਬਕਾ ਮਾਰ ਕੇ ਸਾਡਾ ਤ੍ਰਾਹ ਕੱਢ ਦਿੰਦੇ ਸੀ। ਮਜਾਲ ਸੀ, ਕੋਈ ਬੱਚਾ ਸੱਜੇ ਖੱਬੇ ਦੇਖ ਜਾਵੇ; ਸਾਰੇ ਆਪੋ-ਆਪਣੀਆਂ ਉੱਤਰ ਕਾਪੀਆਂ ’ਤੇ ਵਾਹੋ-ਦਾਹੀ ਲਿਖਣ ਵਿੱਚ ਮਸਤ ਹੁੰਦੇ ਸੀ।

ਮੈਂ ਸਮਝਦਾ ਹਾਂ, ਇਸ ਨਾਜ਼ੁਕ ਅਦਾਰੇ ਵਿੱਚ ਜਦੋਂ ਤੋਂ ਸਿਆਸੀ ਦਖ਼ਲ ਸ਼ੁਰੂ ਹੋ ਗਿਆ, ਉਦੋਂ ਤੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਡਿਗਣਾ ਸ਼ੁਰੂ ਹੋ ਗਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਮਾਡਲ ਸਕੂਲ ਖੁੰਬਾਂ ਵਾਂਗ ਉੱਗ ਪਏ। ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਸਿੱਖਿਆ ਦਾ ਵਪਾਰੀਕਰਨ ਹੋ ਗਿਆ ਹੈ।

ਸੰਪਰਕ: 81469-24936

Advertisement
×