DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚੇ ਅਤੇ ਸਾਡਾ ਸਿੱਖਿਆ ਢਾਂਚਾ

ਪ੍ਰਿੰਸੀਪਲ ਵਿਜੈ ਕੁਮਾਰ ਬੱਚੇ ਦੇਸ਼ ਦਾ ਉਹ ਚਾਨਣ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਰੌਸ਼ਨ ਕਰਨਾ ਹੁੰਦਾ ਹੈ। ਹਰ ਬੱਚੇ ਦੀ ਸੁਰੱਖਿਆ ਅਤੇ ਸਿੱਖਿਆ ਦੇਸ਼ ਦੀਆਂ ਸਰਕਾਰਾਂ ਦੀ ਅਹਿਮ ਜਿ਼ੰਮੇਵਾਰੀ ਹੁੰਦੀ ਹੈ। ਜੇ ਸਰਕਾਰਾਂ ਇਹ ਜਿ਼ੰਮੇਵਾਰੀ ਨਹੀਂ ਨਿਭਾਉਂਦੀਆਂ ਤਾਂ...
  • fb
  • twitter
  • whatsapp
  • whatsapp
Advertisement

ਪ੍ਰਿੰਸੀਪਲ ਵਿਜੈ ਕੁਮਾਰ

ਬੱਚੇ ਦੇਸ਼ ਦਾ ਉਹ ਚਾਨਣ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਰੌਸ਼ਨ ਕਰਨਾ ਹੁੰਦਾ ਹੈ। ਹਰ ਬੱਚੇ ਦੀ ਸੁਰੱਖਿਆ ਅਤੇ ਸਿੱਖਿਆ ਦੇਸ਼ ਦੀਆਂ ਸਰਕਾਰਾਂ ਦੀ ਅਹਿਮ ਜਿ਼ੰਮੇਵਾਰੀ ਹੁੰਦੀ ਹੈ। ਜੇ ਸਰਕਾਰਾਂ ਇਹ ਜਿ਼ੰਮੇਵਾਰੀ ਨਹੀਂ ਨਿਭਾਉਂਦੀਆਂ ਤਾਂ ਉਸ ਦੇਸ਼ ਦਾ ਭਵਿੱਖ ਕਦੇ ਵੀ ਸੁਨਹਿਰਾ ਨਹੀਂ ਹੋ ਸਕਦਾ। ਦੇਸ਼ ਦੇ ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁੱਲ ਕਲਾਮ ਨੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਸਬੰਧੀ ਯੂਨੀਵਰਸਟੀਆਂ ਦੇ ਉਪ ਕੁਲਪਤੀਆਂ, ਸਿੱਖਿਆ ਮੰਤਰੀਆਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਸੈਮੀਨਾਰ ਦੌਰਾਨ ਆਪਣੇ ਵਿਚਾਰ ਰੱਖਦਿਆਂ ਕਿਹਾ ਸੀ ਕਿ ਦੇਸ਼ ਦੇ ਆਜ਼ਾਦ ਹੋਣ ਮਗਰੋਂ ਲੰਮਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਸਾਡੀਆਂ ਸਰਕਾਰਾਂ ਮਿਆਰੀ ਸਿੱਖਿਆ, ਹਰ ਬੱਚੇ ਨੂੰ ਸਕੂਲ ਤੱਕ ਪਹੁੰਚਾਉਣ ਅਤੇ ਅੱਧਵਾਟੇ ਪੜ੍ਹਾਈ ਛੱਡ ਜਾਣ ਵਾਲੇ ਬੱਚਿਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕਾਮਯਾਬ ਇਸ ਕਰ ਕੇ ਨਹੀਂ ਹੋ ਸਕੀਆਂ ਕਿਉਂਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਾਰਗਰ ਨੀਤੀਆਂ ਨਹੀਂ ਬਣ ਸਕੀਆਂ। ਜਿਸ ਦਿਨ ਇਨ੍ਹਾਂ ਸਮੱਸਿਆਵਾਂ ਤੋਂ ਦੇਸ਼ ਨੇ ਨਿਜਾਤ ਪਾ ਲਈ, ਉਸ ਦਿਨ ਦੇਸ਼ ਦੀ ਤਸਵੀਰ ਹੀ ਹੋਰ ਹੋਵੇਗੀ।

Advertisement

ਅੱਧਵਾਟੇ ਪੜ੍ਹਾਈ ਛੱਡਣ ਵਾਲੇ ਬੱਚਿਆਂ ਦੀ ਸਮੱਸਿਆ ਦਾ ਹੱਲ ਕਦੋਂ ਹੋਵੇਗਾ? ਇਸ ਦੇ ਕਾਰਨ ਕੀ ਹਨ। ਨੀਤੀਆਂ ’ਚ ਕਿਹੜੀ ਘਾਟ ਸੀ ਜਿਸ ਕਰ ਕੇ ਇਸ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ। ਇਸ ਸਮੱਸਿਆ ਦੇ ਹੱਲ ਲਈ ਕੀ ਕੁਝ ਹੋਣਾ ਚਾਹੀਦਾ ਹੈ। ਪੜ੍ਹਾਈ ਅੱਧ ਵਿਚਾਲੇ ਛੱਡਣ ਦੇ ਇਸ ਮੁੱਦੇ ਬਾਰੇ ਕੌਮੀ ਅੰਕੜੇ (ਯੂਡੀਆਈਐੱਸਸੀ) ਮੌਜੂਦ ਹਨ। ਇਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦੇ ਅੰਕੜੇ ਵੀ ਸ਼ਾਮਿਲ ਹਨ। 2023-24 ਦੌਰਾਨ ਕੌਮੀ ਪੱਧਰ ’ਤੇ ਪ੍ਰਾਇਮਰੀ ਪੱਧਰ ਉਤੇ (ਪਹਿਲੀ ਤੋਂ ਪੰਜਵੀਂ ਜਮਾਤ ਤੱਕ) ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ 5.4% ਰਹੀ। ਮਿਡਲ ਪੱਧਰ ਉਤੇ (ਛੇਵੀਂ ਤੋਂ ਅੱਠਵੀਂ ਜਮਾਤ ਤੱਕ) ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ 3.9% ਦਰਜ ਹੋਈ। ਸੈਕੰਡਰੀ ਪੱਧਰ ਉੱਤੇ (ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ) ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ 5.9% ਰਿਕਾਰਡ ਹੋਈ ਹੈ।

ਇਨ੍ਹਾਂ ਅੰਕੜਿਆਂ ਮੁਤਾਬਿਕ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਵਿੱਚ ਭਾਵੇਂ ਪਹਿਲਾਂ ਨਾਲੋਂ ਸੁਧਾਰ ਦਿਖਾਈ ਦਿੰਦਾ ਹੈ ਪਰ ਇਹ ਅੰਕੜੇ ਦੇਸ਼ ਦੇ ਸਾਰੇ ਰਾਜਾਂ ਦੇ ਹਨ ਅਤੇ ਅਜੇ ਵੀ ਸਮੱਸਿਆ ਖ਼ਤਮ ਨਹੀਂ ਹੋਈ। ਹੁਣ ਰਾਜਾਂ ਅਨੁਸਾਰ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਵੀ ਦੇਖ ਲੈਂਦੇ ਹਾਂ। ਸੈਕੰਡਰੀ ਪੱਧਰ ਉੱਤੇ (ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ) ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਬਿਹਾਰ ਵਿੱਚ 20.9%, ਲਦਾਖ ਵਿੱਚ 20.1%, ਅਸਾਮ ਵਿਚ 19.5%, ਕਰਨਾਟਕ ਵਿਚ 18%, ਰਾਜਸਥਾਨ ਵਿੱਚ 27.3% ਹੈ। ਗੁਜਰਾਤ ਅਤੇ ਹਰਿਆਣਾ ਵਿੱਚ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਵਿਚ ਕੋਈ ਸੁਧਾਰ ਨਹੀਂ ਹੋਇਆ। ਕੁਝ ਸੂਬੇ ਅਜਿਹੇ ਵੀ ਹਨ ਜਿਨ੍ਹਾਂ ਦੀ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਕਾਰਗੁਜ਼ਾਰੀ ਬਿਹਤਰ ਹੈ। ਕੇਰਲ ਵਿਚ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਲੜਕਿਆਂ ਦੀ ਦਰ 4.3% ਅਤੇ ਲੜਕੀਆਂ ਦੀ ਦਰ 2.5% ਹੈ। ਤਾਮਿਲਨਾਡੂ ਵਿਚ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਲੜਕਿਆਂ ਦੀ ਦਰ 10.8% ਅਤੇ ਲੜਕੀਆਂ ਦੀ ਦਰ 4.6% ਹੈ। ਇਸੇ ਤਰ੍ਹਾਂ ਉੱਤਰਾਖੰਡ`ਚ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਲੜਕਿਆਂ ਦੀ ਦਰ 10.6% ਅਤੇ ਲੜਕੀਆਂ ਦੀ ਦਰ 7.2 % ਹੈ। ਉੱਤਰ ਪ੍ਰਦੇਸ਼ ਵਿੱਚ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਮਿਡਲ ਪੱਧਰ ’ਤੇ 3.9% ਅਤੇ ਸੈਕੰਡਰੀ ਪੱਧਰ ’ਤੇ 5.9% ਹੈ। ਪੰਜਾਬ ਵਿੱਚ 2021-22 ਵਿੱਚ ਸੈਕੰਡਰੀ ਪੱਧਰ ’ਤੇ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ 17.2% ਸੀ, ਜੋ ਔਸਤ ਤੋਂ 12.6% ਕਾਫੀ ਵੱਧ ਸੀ।

ਇੱਕ ਅਖ਼ਬਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 2019-20 ਵਿੱਚ ਇਹ ਦਰ ਕੇਵਲ 1.6% ਸੀ ਪਰ 2021-22 ਵਿੱਚ ਇਹ ਦਰ 17.2% ਤੱਕ ਪਹੁੰਚ ਗਈ, ਜੋ ਲਗਭਗ 15 ਗੁਣਾ ਵਧ ਗਈ। ਸਕੂਲਾਂ ਤੱਕ ਨਾ ਪਹੁੰਚਣ ਅਤੇ ਅੱਧ ਵਿਚਾਲੇ ਪੜ੍ਹਾਈ ਛੱਡ ਜਾਣ ਵਾਲੇ ਬੱਚਿਆਂ ਦੀ ਅਸਲੀ ਤਸਵੀਰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਬਜ਼ੀ ਮੰਡੀਆਂ, ਜਨਤਕ ਥਾਵਾਂ ਉੱਤੇ ਭੀਖ ਮੰਗਦੇ, ਘਰਾਂ, ਢਾਬਿਆਂ, ਦੁਕਾਨਾਂ, ਖੇਤਾਂ, ਹੋਟਲਾਂ, ਕਾਰਖਾਨਿਆਂ ’ਚ ਕੰਮ ਕਰਦੇ ਮਿਸਤਰੀਆਂ ਨਾਲ ਅਤੇ ਇੱਟਾਂ ਦੇ ਭੱਠਿਆਂ ਉੱਤੇ ਮਜ਼ਦੂਰੀ ਕਰਦੇ ਬੱਚਿਆਂ ਤੋਂ ਦੇਖੀ ਜਾ ਸਕਦੀ ਹੈ।

ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਇਹ ਤਸਵੀਰ ਦੇਖ ਕੇ ਕੌਮੀ ਸਰਵੇਖਣਾਂ ਵਿੱਚ ਦਰਸਾਏ ਸੁਧਾਰ ਉੱਤੇ ਯਕੀਨ ਨਹੀਂ ਹੁੰਦਾ ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ ਸਿੱਖਿਆ ਦੇ ਖੇਤਰ ਵਿਚ ਆਪਣਾ ਅਕਸ ਖਰਾਬ ਹੋਣ ਤੋਂ ਬਚਾਉਣ ਲਈ ਇਹੋ ਜਿਹੇ ਅੰਕੜੇ ਦਰਸਾਉਂਦੀਆਂ ਰਹਿੰਦੀਆਂ ਹਨ। ਸਰਕਾਰਾਂ ਨੇ ਹਰ ਬੱਚੇ ਨੂੰ ਸਕੂਲ ਤੱਕ ਪਹੁੰਚਾਉਣ, ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਸਮੱਸਿਆ ਹੱਲ ਕਰਨ ਲਈ ਸਾਖਰਤਾ ਮੁਹਿੰਮ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਦਾ ਕਾਨੂੰਨ ਬਣਾਉਣ ਵਰਗੀਆਂ ਨੀਤੀਆਂ ਬਣਾਈਆਂ ਪਰ ਇਸ ਨਾਲ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਸਰਕਾਰਾਂ ਨੇ ਅੱਧ ਵਿਚਾਲੇ ਸਕੂਲ ਛੱਡਣ ਵਾਲੇ ਬੱਚਿਆਂ ਦੀ ਦਰ ਵਿਚ ਸੁਧਾਰ ਲਿਆਉਣ ਲਈ ਇੰਟਰਨੈਸ਼ਨਲ ਮਿਸ਼ਨ ਫਾਰ ਸੋਸ਼ਲ ਵੈਲਫੇਅਰ ਐਂਡ ਚੈਰਟੀ ਜਿਹੀਆਂ ਸੰਸਥਾਵਾਂ ਨੂੰ ਵੀ ਲਗਾਇਆ ਹੋਇਆ ਹੈ, ਫਿਰ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ।

ਜੇਕਰ ਇਨ੍ਹਾਂ ਅੰਕੜਿਆਂ ਨੂੰ ਠੀਕ ਵੀ ਮੰਨ ਲਿਆ ਜਾਵੇ ਤਾਂ ਵੀ ਇਹ ਸਵਾਲ ਬਣਦਾ ਹੈ ਕਿ ਇੰਨੇ ਫ਼ੀਸਦ ਬੱਚੇ ਵੀ ਅੱਧ ਵਿਚਾਲੇ ਸਕੂਲ ਕਿਉਂ ਛੱਡ ਜਾਂਦੇ ਹਨ? ਇਹ ਬੱਚੇ ਆਪਣੀ ਪੜ੍ਹਾਈ ਪੂਰੀ ਕਿਉਂ ਨਹੀਂ ਕਰ ਸਕਦੇ? ਇਸ ਸਮੱਸਿਆ ਦੇ ਅਸਲ ਕਾਰਨ ਗਰੀਬੀ, ਸਕੂਲਾਂ ਵਿਚ ਅਧਿਆਪਕਾਂ ਦੀ ਘਾਟ, ਦੋਸ਼ ਪੂਰਨ ਸਿੱਖਿਆ ਨੀਤੀਆਂ, ਵੱਧ ਫੀਸਾਂ, ਮਹਿੰਗੀਆਂ ਕਿਤਾਬਾਂ, ਚੰਗੇ ਨਤੀਜੇ ਦਿਖਾਉਣ ਲਈ ਫਾਰਮੂਲੇ ਲਗਾਉਣੇ, ਪ੍ਰਾਇਮਰੀ ਤੇ ਮਿਡਲ ਪੱਧਰ ਦੀ ਸਿੱਖਿਆ `ਚ ਖਾਮੀਆਂ, ਮਿਆਰੀ ਸਿੱਖਿਆ ਦੀ ਘਾਟ ਅਤੇ ਬੇਰੁਜ਼ਗਾਰੀ ਹਨ। ਜਦੋਂ ਤੱਕ ਸਰਕਾਰਾਂ ਇਮਾਨਦਾਰੀ ਅਤੇ ਸੰਜੀਦਗੀ ਨਾਲ ਇਨ੍ਹਾਂ ਕਾਰਨਾਂ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਕੇ ਇਨ੍ਹਾਂ ਨੂੰ ਦੂਰ ਨਹੀਂ ਕਰਦੀਆਂ, ਉਦੋਂ ਤੱਕ ਅੱਧ ਵਿਚਕਾਰ ਸਕੂਲ ਛੱਡਣ ਵਾਲੇ ਬੱਚਿਆਂ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗੀ।

ਸੰਪਰਕ: 98726-27136

Advertisement
×