ਮਾਲ ਅਫਸਰ
ਸਾਹਿਬ ਕੌਰ
ਗੱਲ 1965 ਦੀ ਹੈ। ਪਿਤਾ ਜੀ ਦੀ ਉਮਰ ਦਸ ਕੁ ਸਾਲ ਦੀ ਸੀ। ਦੇਸ਼ ਦੀ ਵੰਡ ਦਾ ਅਸਰ ਸਾਡੇ ਪੁਰਖਿਆਂ ਨੂੰ ਵੀ ਭੁਗਤਣਾ ਪਿਆ। ਦਾਦਾ ਜੀ ਲਹਿੰਦੇ ਪੰਜਾਬ ਤੋਂ ਹਿਜਰਤ ਕਰ ਕੇ ਚੜ੍ਹਦੇ ਪੰਜਾਬ ਆਏ ਸਨ। ਉੱਧਰ ਉਨ੍ਹਾਂ ਕੋਲ ਚੰਗੀ-ਚੋਖੀ ਜ਼ਮੀਨ ਸੀ ਤੇ ਦਾਦਾ ਜੀ ਦਾ ਵੈਦਗੀ ਦਾ ਕੰਮ ਵੀ ਚੰਗਾ ਚੱਲਦਾ ਸੀ ਪਰ ਇੱਧਰ ਆ ਕੇ ਪਰਿਵਾਰ ਨੂੰ ਕੋਈ ਜ਼ਮੀਨ ਅਲਾਟ ਨਹੀਂ ਹੋਈ। ਨਵੀਂ ਧਰਤੀ ਤੇ ਨਵੇਂ ਲੋਕਾਂ ਵਿੱਚ ਆ ਕੇ ਦਾਦਾ ਜੀ ਦਾ ਵੈਦਗੀ ਦਾ ਕੰਮ ਵੀ ਠੱਪ ਹੋ ਗਿਆ। ਉਹ ਸੰਜਮੀ, ਸੰਤੋਖੀ ਤੇ ਰੱਬ ਦਾ ਭਾਣਾ ਮੰਨਣ ਵਾਲੇ ਸਨ।
ਪਰਿਵਾਰ ਵੱਡਾ ਸੀ। ਪਿਤਾ ਜੀ ਹੁਰੀਂ ਅੱਠ ਭੈਣ-ਭਰਾ ਸਨ; ਛੇ ਭਾਈ, ਦੋ ਭੈਣਾਂ। ਪਿਤਾ ਜੀ ਛੇਵੇਂ ਨੰਬਰ ’ਤੇ ਸਨ। ਉਸ ਸਮੇਂ ਇਹ ਆਮ ਰਵਾਇਤ ਸੀ ਕਿ ਪਰਿਵਾਰ ਵਿੱਚੋਂ ਇੱਕ ਬੱਚੇ ਨੂੰ ਪਸ਼ੂਆਂ ਪਿੱਛੇ ਲਾ ਦਿੱਤਾ ਜਾਂਦਾ ਸੀ। ਉਸ ਦਾ ਕੰਮ ਸਾਰਾ ਦਿਨ ਪਸ਼ੂ ਚਾਰਨਾ ਹੁੰਦਾ ਸੀ। ਚਰਾਂਦਾਂ ਖੁੱਲ੍ਹੀਆਂ ਸਨ। ਪਿਤਾ ਜੀ ਤੋਂ ਵੱਡੇ ਤੇ ਇੱਕ ਛੋਟਾ ਭਾਈ ਵੱਖ-ਵੱਖ ਜਮਾਤਾਂ ’ਚ ਪੜ੍ਹ ਰਹੇ ਸਨ। ਮਾਲ-ਡੰਗਰ ਸਾਂਭਣ ਦਾ ਗੁਣਾ ਪਿਤਾ ਜੀ ਸਿਰ ਪੈ ਗਿਆ।
ਦਾਦਾ ਜੀ ਦੇ ਇੱਕ ਵਕੀਲ ਦੋਸਤ ਸਨ। ਦਾਦਾ ਜੀ ਜ਼ਮੀਨ ਦੀ ਅਲਾਟਮੈਂਟ ਬਾਬਤ ਅਕਸਰ ਕਚਹਿਰੀ ਜਾਂਦੇ ਸਨ ਜਿਸ ਕਰ ਕੇ ਦਾਦਾ ਜੀ ਦੀ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਹੋ ਗਈ ਸੀ। ਉਹ ਸਾਡੇ ਘਰ ਵੀ ਆਉਂਦੇ-ਜਾਂਦੇ ਸਨ। ਬਾਹਰਲੀ ਬੈਠਕ ਜਿੱਥੇ ਬੈਠ ਕੇ ਦਾਦਾ ਜੀ ਵੈਦਗੀ ਕਰਦੇ ਸਨ, ਘੰਟਿਆਂ ਬੱਧੀ ਉਹ ਦੋਵੇਂ ਦੋਸਤ ਉੱਥੇ ਬੈਠ ਕੇ ਹੱਲਿਆਂ ਵੇਲਿਆਂ ਦੀਆਂ ਗੱਲਾਂ ਕਰ ਕੇ ਆਪਣੇ ਸੁਖ-ਦੁਖ ਸਾਂਝੇ ਕਰਦੇ। ਇਕ ਦਿਨ ਜਦੋਂ ਉਹ ਸਾਡੇ ਘਰ ਆਏ ਤਾਂ ਮੇਰੇ ਪਿਤਾ ਜੀ ਤਬੀਅਤ ਖਰਾਬ ਹੋਣ ਕਾਰਨ ਘਰ ਹੀ ਸਨ। ਉਨ੍ਹਾਂ ਦੀ ਨਜ਼ਰ ਜਦੋਂ ਮੰਜੇ ’ਤੇ ਪਏ ਮੇਰੇ ਪਿਤਾ ਜੀ ’ਤੇ ਪਈ ਤਾਂ ਉਨ੍ਹਾਂ ਪੁੱਛਿਆ, “ਇਹ ਕੌਣ ਐ?” ਦਾਦਾ ਜੀ ਕਹਿੰਦੇ, “ਇਹ ਵੀ ਸਾਡਾ ਈ ਪੁੱਤਰ ਐ। ਇਹ ਸਾਡਾ ਮਾਲ ਅਫਸਰ ਹੈ ਜਿਹੜਾ ਤਬੀਅਤ ਹੋਣ ਕਰ ਕੇ ਅੱਜ ਘਰ ਈ ਐ।” ਦਾਦਾ ਜੀ ਦਾ ਉੱਤਰ ਸੁਣ ਕੇ ਉਨ੍ਹਾਂ ਬੜੀ ਹੈਰਾਨੀ ਨਾਲ ਦਾਦਾ ਜੀ ਵੱਲ ਦੇਖਿਆ ਅਤੇ ਜ਼ਰਾ ਗੰਭੀਰ ਸੁਰ ਵਿੱਚ ਕਿਹਾ, “ਨਹੀਂ, ਇਹ ਤੁਹਾਡਾ ਪੁੱਤਰ ਨਹੀਂ, ਇਹਦੇ ਮਾਤਾ-ਪਿਤਾ ਮਰੇ ਹੋਏ ਨੇ।” ਮੇਰੇ ਦਾਦਾ ਜੀ ਨੇ ਉਸ ਤੋਂ ਵੀ ਵੱਧ ਗੰਭੀਰ ਹੁੰਦੇ ਹੋਏ ਕਿਹਾ, “ਨਹੀਂ ਇਹ ਸਾਡਾ ਈ ਪੁੱਤਰ ਐ। ਅਸੀਂ ਇਹਦੇ ਮਾਤਾ-ਪਿਤਾ ਹਾਂ, ਤੁਹਾਡੇ ਸਾਹਮਣੇ ਜਿਉਂਦੇ ਜਾਗਦੇ।” ਵਕੀਲ ਦੋਸਤ ਨੇ ਫਿਰ ਉਸੇ ਲਹਿਜੇ ਵਿੱਚ ਕਿਹਾ, “ਨਹੀਂ, ਇਹਦੇ ਮਾਪੇ ਮਰੇ ਹੋਏ ਨੇ।” ਦਾਦਾ ਜੀ ਉਨ੍ਹਾਂ ਦੇ ਇਸ ਤਰ੍ਹਾਂ ਵਾਰ-ਵਾਰ ਕਹਿਣ ’ਤੇ ਹੈਰਾਨ ਸਨ।
ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਵਕੀਲ ਦੋਸਤ ਨੇ ਕਿਹਾ, “ਗਿਆਨੀ ਜੀ, ਤੁਹਾਡੇ ਸਾਰੇ ਬੱਚੇ ਪੜ੍ਹ-ਲਿਖ ਕੇ ਆਪੋ-ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣਗੇ। ਹੋ ਸਕਦਾ ਹੈ, ਇਨ੍ਹਾਂ ’ਚੋਂ ਕੋਈ ਸਰਕਾਰੀ ਨੌਕਰ ਵੀ ਹੋ ਜਾਵੇ ਪਰ ਤੁਹਾਡਾ ਇਹ ਮਾਲ ਅਫਸਰ ਜਿਹੜਾ ਡੰਗਰ ਚਾਰਦਾ ਵੱਡਾ ਹੋਏਗਾ, ਇਹ ਸੋਚੇਗਾ ਕਿ ਸ਼ਾਇਦ ਇਹਦੇ ਮਾਂ-ਬਾਪ ਬਚਪਨ ਵਿੱਚ ਹੀ ਮਰ ਗਏ ਹੋਣਗੇ ਜਿਹੜਾ ਉਸ ਬਾਰੇ ਸੋਚਿਆ ਨਹੀਂ ਗਿਆ।” ਇਹ ਸੁਣਦੇ ਸਾਰ ਦਾਦਾ ਜੀ ਸੋਚੀਂ ਪੈ ਗਏ। ਇਸ ਤੋਂ ਬਾਅਦ ਉਨ੍ਹਾਂ ਮਾਲ-ਡੰਗਰ ਵੇਚ ਦਿੱਤਾ ਤੇ ਪਿਤਾ ਜੀ ਨੂੰ ਸਕੂਲ ਦਾਖ਼ਿਲ ਕਰਵਾ ਦਿੱਤਾ।
ਦਾਦਾ ਜੀ ਦਾ ਮਾਲ ਅਫਸਰ ਪੜ੍ਹਨ ਵਿੱਚ ਬੜਾ ਹੁਸ਼ਿਆਰ ਨਿੱਕਲਿਆ। ਉਨ੍ਹਾਂ ਪਹਿਲੇ ਦਰਜੇ ਵਿੱਚ ਇੰਟਰ ਪਾਸ ਕੀਤੀ। ਦਾਦਾ ਜੀ ਵਾਂਗ ਧਾਰਮਿਕ ਖ਼ਿਆਲਾਂ ਵਾਲੇ ਪਿਤਾ ਜੀ ਸਰਕਾਰੀ ਨੌਕਰੀ ਵੱਲ ਨਾ ਗਏ ਸਗੋਂ ਵੈਦਗੀ ਵਾਲਾ ਕਿੱਤਾ ਚੁਣਿਆ। ਅੱਜ ਅਸੀਂ ਸਾਰੇ ਭੈਣ-ਭਰਾ ਆਪਣੇ ਪੈਰਾਂ ’ਤੇ ਖੜ੍ਹੇ ਹਾਂ। ਹੁਣ ਜਦੋਂ ਅਸੀਂ ਉਮਰ ਦੇ ਇਸ ਪੜਾਅ ’ਤੇ ਪਿਤਾ ਜੀ ਨੂੰ ਵੈਦਗੀ ਵਾਲਾ ਕਿੱਤਾ ਛੱਡਣ ਲਈ ਕਹਿੰਦੇ ਹਾਂ ਤਾਂ ਪਿਤਾ ਜੀ ਮੁਸਕਰਾ ਕੇ ਕਹਿੰਦੇ ਹਨ, “ਇਹ ਕੰਮ ਮੇਰੇ ਲਈ ਕੰਮ ਨਹੀਂ, ਸੇਵਾ ਹੈ।”
ਸੋਚਦੀ ਹਾਂ, ਜੇ ਵਕੀਲ ਸਾਹਿਬ ਦਾਦਾ ਜੀ ਨੂੰ ਤਿੱਖਾ ਤੁਣਕਾ ਨਾ ਮਾਰਦੇ ਤੇ ਦਾਦਾ ਜੀ ਉਨ੍ਹਾਂ ਦੀ ਗੱਲ ਸਮਝ ਕੇ ਪਿਤਾ ਜੀ ਨੂੰ ਵਿੱਦਿਆ ਦੇ ਚਾਨਣ ਵੱਲ ਨਾ ਲੈ ਕੇ ਜਾਂਦੇ ਤਾਂ ਪਿਤਾ ਜੀ ਨੇ ਸਾਰੀ ਉਮਰ ਮਾਲ ਅਫਸਰ ਹੀ ਰਹਿਣਾ ਸੀ। ਫਿਰ ਸਾਡਾ ਭਵਿੱਖ ਵੀ ਉਹ ਨਹੀਂ ਹੋਣਾ ਸੀ ਜੋ ਅੱਜ ਹੈ!
ਸੰਪਰਕ: 87088-52118