DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੁਮਾਇੰਦਗੀ

ਅਮਰੀਕ ਸਿੰਘ ਦਿਆਲ ਜਰਾਤ ਟੂਰ ਦੌਰਾਨ ਦਵਾਰਕਾ ਵਿੱਚ ਚਾਰ ਦਿਨ ਰਹਿਣ ਤੋਂ ਬਾਅਦ ਵਾਪਸੀ ਮੌਕੇ ਆਖਿ਼ਰੀ ਰੇਲਵੇ ਸਟੇਸ਼ਨ ਓਖਾ ਤੋਂ ਰਾਤ ਸਾਢੇ ਨੌਂ ਵਜੇ ਗੱਡੀ ਤੁਰਨੀ ਸੀ। ਅਸੀਂ ਘੰਟਾ ਕੁ ਪਹਿਲਾਂ ਸਟੇਸ਼ਨ ਪਹੁੰਚ ਗਏ ਸਾਂ। ਜੂਨ ਮਹੀਨਾ ਹੋਣ ਕਰ ਕੇ...
  • fb
  • twitter
  • whatsapp
  • whatsapp
featured-img featured-img
ਸਕੈੱਚ : ਮਨਧੀਰ ਦਿਓਲ
Advertisement

ਅਮਰੀਕ ਸਿੰਘ ਦਿਆਲ

ਜਰਾਤ ਟੂਰ ਦੌਰਾਨ ਦਵਾਰਕਾ ਵਿੱਚ ਚਾਰ ਦਿਨ ਰਹਿਣ ਤੋਂ ਬਾਅਦ ਵਾਪਸੀ ਮੌਕੇ ਆਖਿ਼ਰੀ ਰੇਲਵੇ ਸਟੇਸ਼ਨ ਓਖਾ ਤੋਂ ਰਾਤ ਸਾਢੇ ਨੌਂ ਵਜੇ ਗੱਡੀ ਤੁਰਨੀ ਸੀ। ਅਸੀਂ ਘੰਟਾ ਕੁ ਪਹਿਲਾਂ ਸਟੇਸ਼ਨ ਪਹੁੰਚ ਗਏ ਸਾਂ। ਜੂਨ ਮਹੀਨਾ ਹੋਣ ਕਰ ਕੇ ਗਰਮੀ ਵੀ ਪੂਰੇ ਜੋਬਨ ’ਤੇ ਸੀ। ਸਟੇਸ਼ਨ ’ਤੇ ਪੂਰੀ ਚਹਿਲ-ਪਹਿਲ ਸੀ। ਪੱਖਿਆਂ ਹੇਠਲੇ ਬੈਂਚ ਸਵਾਰੀਆਂ ਨੇ ਪਹਿਲਾਂ ਹੀ ਮੱਲੇ ਹੋਏ ਸਨ। ਸੋ, ਇੱਧਰ-ਉੱਧਰ ਟਹਿਲ ਕੇ ਸਮਾਂ ਬਿਤਾਉਣ ਦਾ ਮਨ ਬਣਾਇਆ।

Advertisement

ਥੋੜ੍ਹੀ ਦੇਰ ਬਾਅਦ ਗੱਡੀ ਪਲੈਟਫਾਰਮ ’ਤੇ ਪਹੁੰਚ ਗਈ। ਆਪੋ-ਆਪਣੀਆਂ ਸੀਟਾਂ ’ਤੇ ਬੈਠੇ ਤਾਂ ਗੱਡੀ ਵਿੱਚ ਚਲਦੇ ਏਸੀ ਨੇ ਗਰਮੀ ਦੇ ਝੰਬੇ ਹੋਏ ਸਰੀਰਾਂ ਵਿੱਚ ਜਾਨ ਪਾ ਦਿੱਤੀ। ਸਾਰੇ ਆਪੋ-ਆਪਣਾ ਸਮਾਨ ਟਿਕਾਣੇ ਸਿਰ ਕਰ ਕੇ ਗੱਡੀ ਤੁਰਨ ਦੇ ਇੰਤਜ਼ਾਰ ’ਚ ਸਨ। ਗੱਡੀ ਨੇ ਆਪਣੇ ਮਿੱਥੇ ਸਮੇਂ ’ਤੇ ਹਲਕੇ ਜਿਹੇ ਝਟਕੇ ਨਾਲ ਸਟੇਸ਼ਨ ਨੂੰ ਅਲਵਿਦਾ ਆਖ ਦਿੱਤੀ। ਨਿਆਣੇ ਅਤੇ ਬੀਬੀਆਂ ਸੌਣ ਦਾ ਆਹਰ ਕਰਨ ਲੱਗ ਪਏ। ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਰਾਤ ਲਈ ਪੈਕ ਕਰ ਕੇ ਭੇਜਿਆ ਖਾਣਾ ਸਭ ਨੇ ਖਾ ਲਿਆ ਸੀ।

ਸਾਡੇ ਨਾਲ ਦੇ ਯਾਤਰੀਆਂ ਸਮੇਤ ਡੱਬੇ ਦੀਆਂ ਜ਼ਿਆਦਾਤਰ ਸਵਾਰੀਆਂ ਨੇ ਸੌਣ ਲਈ ਵਿਚਕਾਰਲੀਆਂ ਸੀਟਾਂ ਸਿੱਧੀਆਂ ਕਰ ਕੇ ਲਾਈਟਾਂ ਬੰਦ ਕਰ ਲਈਆਂ। ਇਨ੍ਹਾਂ ਵਿੱਚੋਂ ਬਹੁਤੇ ਲੇਟ ਕੇ ਉਂਗਲੀ ਨਾਲ ਮੋਬਾਈਲ ਦੀ ਫਰੋਲਾ-ਫਰਾਲੀ ਵਿੱਚ ਰੁੱਝ ਗਏ। ਸਮੇਂ ਦੀ ਸੂਈ ਗਿਆਰਾਂ ਦੇ ਨੇੜੇ ਸੀ। ਸਾਡੇ ਕੈਬਿਨ ਵਾਲੀਆਂ ਹੇਠਲੀਆਂ ਅਤੇ ਸਾਈਡ ਵਾਲੀਆਂ ਸੀਟਾਂ ਕਿਸੇ ਹੋਰ ਸੂਬੇ ਦੇ ਦੋ ਪਰਿਵਾਰਾਂ ਕੋਲ ਰਾਖਵੀਆਂ ਸਨ, ਵਿਚਕਾਰ ਵਾਲੀਆਂ ਅਤੇ ਉੱਪਰਲੀਆਂ ਸਾਡੇ ਕੋਲ। ਦੇਖਣ ਨੂੰ ਇਹ ਪੜ੍ਹੇ-ਲਿਖੇ ਪਰਿਵਾਰ ਲਗਦੇ ਸਨ। ਇਹ ਅਜੇ ਸੌਣ ਦਾ ਨਾਂ ਨਹੀਂ ਸਨ ਲੈ ਰਹੇ। ਅਸੀਂ ਵੀ ਗੱਲਾਂ-ਬਾਤਾਂ ਰਾਹੀਂ ਟੂਰ ਦਾ ਲੇਖਾ-ਜੋਖਾ ਕਰਦਿਆਂ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀਆਂ ਗੱਲਾਂ ਵਿੱਚ ਮਸਰੂਫ਼ ਸਾਂ। ਸਾਢੇ ਕੁ ਗਿਆਰਾਂ ਵਜੇ ਉਨ੍ਹਾਂ ਦੇ ਪਰਿਵਾਰ ਦੇ ਵਡੇਰੇ ਜੀਅ ਨੇ ਸਾਡੇ ਨੇੜੇ ਆ ਕੇ ਜਿਵੇਂ ਬੇਨਤੀ ਕੀਤੀ ਹੋਵੇ, “ਹਮਾਰੀ ਗੁੜੀਆ ਕਾ ਜਨਮ ਦਿਨ ਹੈ। ਕੁਛ ਸਮੇਂ ਕੇ ਲੀਏ ਹਮੇਂ ਆਪਕੀ ਸੀਟੇਂ ਚਾਹੀਏ। ਹਮ ਪੂਰੀ ਤੱਯਾਰੀ ਕਰ ਕੇ ਆਏ ਹੈਂ।”

ਅਜਿਹੀਆਂ ਖੁਸ਼ੀਆਂ ਵਿੱਚ ਭਲਾ ਕੌਣ ਰੋੜਾ ਬਣਨਾ ਚਾਹੁੰਦਾ ਸੀ! ਸਾਡੇ ਸਾਥੀਆਂ ਨੇ ਇਸ ਮੁਬਾਰਕ ਮੌਕੇ ਨਿਮਰਤਾ ਸਹਿਤ ਸਹਿਮਤੀ ਪ੍ਰਗਟਾਈ। ਅੱਧੀ ਰਾਤ ਵੇਲੇ ਹੋਣ ਵਾਲੇ ਜਸ਼ਨ ਦੇ ਅਸੀਂ ਅਣਸੱਦੇ ਪ੍ਰਾਹੁਣੇ ਬਣੀ ਬੈਠੇ ਸਾਂ। ਬਾਕੀ ਯਾਤਰੀ ਘੂਕ ਸੁੱਤੇ ਪਏ ਸਨ। ਦੋਵੇਂ ਪਰਿਵਾਰ ਆਹਮੋ-ਸਾਹਮਣੇ ਵਾਲੀਆਂ ਅਤੇ ਅਸੀਂ ਸਾਈਡ ਵਾਲੀਆਂ ਸੀਟਾਂ ’ਤੇ ਬੈਠੇ ਇੰਤਜ਼ਾਰ ਵਿੱਚ ਸਾਂ। ਸਮਾਂ ਨੇੜੇ ਆਉਣ ਕਰ ਕੇ ਖੁਸ਼ੀ ਵਾਲਾ ਮਹੌਲ ਬਣਨਾ ਸ਼ੁਰੂ ਹੋ ਗਿਆ। ਸੀਟ ਉੱਤੇ ਕੇਕ ਅਤੇ ਖਾਣ ਵਾਲਾ ਹੋਰ ਸਮਾਨ ਆ ਗਿਆ। ਮੁੱਖ ਮਹਿਮਾਨ ਜਨਮ ਦਿਨ ਵਾਲੀ ਬੱਚੀ ਵਿਚਕਾਰ ਬੈਠੀ ਗਈ। ਘੜੀ ਦੀਆਂ ਤਿੰਨ ਸੂਈਆਂ ਦਾ ਮਿਲਾਪ ਹੋਣ ਦੀ ਦੇਰ ਸੀ ਕਿ ਡੱਬੇ ਦੇ ਇਸ ਹਿੱਸੇ ਵਿਚਲਾ ਮਾਹੌਲ ‘ਹੈਪੀ ਬਰਥ ਡੇ ਟੂ ਯੂ’ ਨਾਲ ਵੱਖਰੇ ਰੰਗ ਵਿੱਚ ਰੰਗਿਆ ਗਿਆ ਸੀ। ਪਰਿਵਾਰ ਦੇ ਸਭ ਜੀਆਂ ਦੇ ਚਿਹਰਿਆਂ ਦੀ ਖੁਸ਼ੀ ਦੇਖਣ ਵਾਲੀ ਸੀ। ਤਾੜੀਆਂ ਵਜਾ ਕੇ ਅਸੀਂ ਵੀ ਆਪਣੀ ਹਾਜ਼ਰੀ ਦਾ ਅਹਿਸਾਸ ਕਰਵਾਇਆ।

ਗੱਡੀ ਆਪਣੀ ਰਫ਼ਤਾਰ ਨਾਲ ਦੌੜ ਰਹੀ ਸੀ। ਕਿਤੇ-ਕਿਤੇ ਹਨੇਰਾ ਆ ਜਾਂਦਾ ਅਤੇ ਤੇਜ਼ ਰੋਸ਼ਨੀਆਂ ਫਿਰ ਹਨੇਰੇ ਨੂੰ ਚੀਰ ਕੇ ਚਾਨਣ ਬਖੇਰ ਦਿੰਦੀਆਂ। ਸਾਡੇ ਸਿਆਣੇ ਸਾਥੀਆਂ ਪ੍ਰੇਮ ਧੀਮਾਨ, ਸ਼ਿੰਗਾਰਾ ਮੋਰਿੰਡਾ, ਸੁਧੀਰ ਰਾਣਾ, ਨਰਿੰਦਰ ਚਾਵਲਾ, ਜਸਪਾਲ ਧੰਜਲ ਤੇ ਕਮਲਜੀਤ ਨੇ ਸਰਬਸੰਮਤੀ ਕੀਤੀ ਕਿ ਬੱਚੀ ਲਈ ਸ਼ਗਨ ਦੇਣਾ ਤਾਂ ਬਣਦਾ ਹੈ। ਅਸੀਂ ਬੱਚੀ ਨੂੰ ਸ਼ਗਨ ਫੜਾਉਂਦਿਆਂ ਸ਼ੁੱਭ ਇਛਾਵਾਂ ਦਿੱਤੀਆਂ ਸਨ, ਉਸ ਦੇ ਭਵਿੱਖ ਲਈ ਅਰਦਾਸ ਤੇ ਕਾਮਨਾ ਕੀਤੀ ਸੀ।

ਹੁਣ ਡੱਬੇ ਦਾ ਮਾਹੌਲ ਭਾਵੁਕ ਹੋ ਗਿਆ ਸੀ। ਦੂਜੀ ਧਿਰ ਸ਼ਗਨ ਲੈਣ ਤੋਂ ਮਨ੍ਹਾ ਕਰ ਰਹੀ ਸੀ। ਸ਼ਾਇਦ ਉਨ੍ਹਾਂ ਨੂੰ ਜਾਪਦਾ ਹੋਵੇ ਕਿ ਇਹ ਅਜਨਬੀ ਰਾਹੀ ਸਾਡੇ ਕੀ ਲਗਦੇ ਹਨ! ਸਾਡੇ ਵਲੋਂ ਨਰਿੰਦਰ ਚਾਵਲਾ ਨੇ ਹੱਥ ਜੋੜ ਕੇ ਤਾਕੀਦ ਕੀਤੀ, “ਸ਼ਿਸ਼ਟਾਚਾਰ ਦੀ ਗੱਲ ਐ ਜੀ, ਐਸ ਵੇਲੇ ਅਸੀਂ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਆਂ। ਸਾਡੇ ਗੁਰੂ ਸਾਹਿਬਾਨ ਨੇ ਇਸਤਰੀ ਨੂੰ ਰਾਜਿਆਂ ਦੀ ਜਨਮ ਦਾਤੀ ਕਹਿ ਕੇ ਵਡਿਆਇਐ।” ਨਰਿੰਦਰ ਦੇ ਬੋਲਾਂ ਵਿੱਚ ਲੋਹੜੇ ਦੀ ਅਪਣੱਤ ਸੀ। ਮਾਹੌਲ ਅੰਦਰ ਸਦਭਾਵਨਾ ਠਾਠਾਂ ਮਾਰ ਰਹੀ ਸੀ। ਕੇਕ ਅਤੇ ਹੋਰ ਨਿੱਕ-ਸੁੱਕ ਵੰਡਿਆ ਗਿਆ। ਗੱਲਾਂ ਕਰਦਿਆਂ-ਕਰਦਿਆਂ ਪਿੰਡਾਂ ਵਿੱਚ ਸਪੀਕਰ ਲੱਗਣ ਦੇ ਸਮੇਂ ਵਾਲਾ ਤੜਕਾ ਹੋ ਗਿਆ ਸੀ। ਗੱਡੀ ਦੀ ਰਫ਼ਤਾਰ ਤੋਂ ਇੰਝ ਲਗ ਰਿਹਾ ਸੀ ਜਿਵੇਂ ਇਸ ਨੇ ਰਾਤੋ-ਰਾਤ ਸਾਰੀ ਵਾਟ ਖ਼ਤਮ ਲੈਣੀ ਹੋਵੇ। ਹੁਣ ਮੱਲੋ-ਮੱਲੀ ਅੱਖਾਂ ਮੀਚ ਹੋ ਰਹੀਆਂ ਸਨ। ਸਵੇਰੇ ਉੱਠੇ ਤਾਂ ਦੋਵੇਂ ਪਰਿਵਾਰ ਆਪਣੀ ਯਾਤਰਾ ਦੇ ਅਗਲੇ ਪੜਾਅ ਵੱਲ ਜਾ ਚੁੱਕੇ ਸਨ। ਉਨ੍ਹਾਂ ਦੀ ਥਾਂ ’ਤੇ ਆਏ ਨਵੇਂ ਯਾਤਰੀ ਅਜੇ ਸੀਟਾਂ ’ਤੇ ਗੂੜ੍ਹੀ ਨੀਂਦ ਸੁੱਤੇ ਪਏ ਸਨ।

ਸੰਪਰਕ: 94638-51568

Advertisement
×