DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਲਾਸ਼ ਕੌਰ ਨੂੰ ਯਾਦ ਕਰਦਿਆਂ...

ਲੋਕ ਪੱਖੀ ਰੰਗਕਰਮੀ ਗੁਰਸ਼ਰਨ ਸਿੰਘ ਭਾਅ ਜੀ ਦੀ ਜੀਵਨ ਸਾਥਣ ਅਤੇ ਰੰਗਮੰਚ ਅਦਾਕਾਰਾ ਕੈਲਾਸ਼ ਕੌਰ ਦੇ ਪਿਛਲੇ ਸਾਲ 4 ਅਕਤੂਬਰ 2024 ਨੂੰ ਸਦੀਵੀ ਵਿਛੋੜੇ ਤੋਂ ਬਾਅਦ ਇਨਕਲਾਬੀ ਰੰਗਮੰਚ ਅਤੇ ਜਮਹੂਰੀ ਲਹਿਰ ਨੂੰ ਵੱਡਾ ਘਾਟਾ ਪਿਆ। 25 ਦਸੰਬਰ 1932 ਵਿੱਚ ਪਾਕਿਸਤਾਨ...

  • fb
  • twitter
  • whatsapp
  • whatsapp
Advertisement

ਲੋਕ ਪੱਖੀ ਰੰਗਕਰਮੀ ਗੁਰਸ਼ਰਨ ਸਿੰਘ ਭਾਅ ਜੀ ਦੀ ਜੀਵਨ ਸਾਥਣ ਅਤੇ ਰੰਗਮੰਚ ਅਦਾਕਾਰਾ ਕੈਲਾਸ਼ ਕੌਰ ਦੇ ਪਿਛਲੇ ਸਾਲ 4 ਅਕਤੂਬਰ 2024 ਨੂੰ ਸਦੀਵੀ ਵਿਛੋੜੇ ਤੋਂ ਬਾਅਦ ਇਨਕਲਾਬੀ ਰੰਗਮੰਚ ਅਤੇ ਜਮਹੂਰੀ ਲਹਿਰ ਨੂੰ ਵੱਡਾ ਘਾਟਾ ਪਿਆ। 25 ਦਸੰਬਰ 1932 ਵਿੱਚ ਪਾਕਿਸਤਾਨ ਦੇ ਗੁਜਰਾਂਵਾਲਾ ਸ਼ਹਿਰ ਵਿੱਚ ਜਨਮੇ ਕੈਲਾਸ਼ ਕੌਰ ਨੇ 1955 ਵਿੱਚ ਬੀ ਏ, ਐੱਲ ਐੱਲ ਬੀ ਦੀ ਸਿੱਖਿਆ ਹਾਸਿਲ ਕੀਤੀ ਅਤੇ ਬਾਅਦ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐੱਮ ਏ ਪੰਜਾਬੀ ਕਰਨ ਦੇ ਇਲਾਵਾ ਕਲਾਸੀਕਲ ਸੰਗੀਤ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਪੜ੍ਹਾਈ ਦੌਰਾਨ ਨਾਟਕਾਂ ਵਿੱਚ ਅਦਾਕਾਰੀ ਦੇ ਇਲਾਵਾ ਕਲਾਸੀਕਲ ਸੰਗੀਤ ਅਤੇ ਲੋਕ ਗੀਤ ਗਾਉਣ ਦਾ ਸ਼ੌਂਕ ਹੋਣ ਕਾਰਨ ਉਨ੍ਹਾਂ ਨੇ ਕਈ ਸੰਗੀਤ ਸਮਾਗਮਾਂ ’ਚ ਹਿੱਸਾ ਲਿਆ ਅਤੇ ਆਪਣੀ ਬਿਹਤਰ ਪੇਸ਼ਕਾਰੀ ਦੀ ਕਾਬਲੀਅਤ ਸਦਕਾ ਕਈ ਐਵਾਰਡ ਹਾਸਿਲ ਕੀਤੇ।

1959 ਵਿੱਚ ਭਾਵੇਂ ਗੁਰਸ਼ਰਨ ਸਿੰਘ ਭਾਅ ਜੀ ਨਾਲ ਵਿਆਹ ਤੋਂ ਪਹਿਲਾਂ ਹੀ ਕੈਲਾਸ਼ ਕੌਰ ਨੂੰ ਨਾਟਕਾਂ ਵਿੱਚ ਅਦਾਕਾਰੀ ਕਰਨ ਦੀ ਚੇਟਕ ਲੱਗ ਚੁੱਕੀ ਸੀ ਪਰ ਗੁਰਸ਼ਰਨ ਭਾਅ ਜੀ ਨਾਲ ਰੰਗਮੰਚ ਕਰਦਿਆਂ ਉਨ੍ਹਾਂ ਨਾਟਕ ਕਲਾ ਦੀਆਂ ਬਾਰੀਕੀਆਂ ਸਮਝਣ ਦੇ ਨਾਲ-ਨਾਲ ਵਿਗਿਆਨਕ ਚੇਤਨਾ ਅਤੇ ਜਥੇਬੰਦਕ ਸੰਘਰਸ਼ਾਂ ਰਾਹੀਂ ਰੰਗਮੰਚ ਦੇ ਲੋਕ ਪੱਖੀ ਸਮਾਜਿਕ ਤਬਦੀਲੀ ਦੇ ਅਹਿਮ ਮਕਸਦ ਨੂੰ ਆਮ ਲੋਕਾਂ ਵਿੱਚ ਹੋਰ ਅੱਗੇ ਲਿਜਾਣ ਲਈ ਲਗਾਤਾਰ ਆਪਣੀ ਅਹਿਮ ਭੂਮਿਕਾ ਨਿਭਾਈ।

Advertisement

ਕੈਲਾਸ਼ ਕੌਰ ਜਿਨ੍ਹਾਂ ਨੂੰ ਸਾਰੇ ਕਲਾਕਾਰ ਸਤਿਕਾਰ ਨਾਲ ਭਾਬੀ ਜੀ ਕਹਿੰਦੇ ਸਨ, ਨੇ ਉਨ੍ਹਾਂ ਸਮਿਆਂ ਵਿੱਚ ਨਾਟਕਾਂ ਵਿੱਚ ਕੰਮ ਕੀਤਾ, ਜਦੋਂ ਔਰਤਾਂ ਦਾ ਨਾਟਕਾਂ ਵਿੱਚ ਕੰਮ ਕਰਨਾ ਵਰਜਿਤ ਸਮਝਿਆ ਜਾਂਦਾ ਸੀ। ਉਨ੍ਹਾਂ ਗੁਰਸ਼ਰਨ ਸਿੰਘ ਭਾਅ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰੇ ਪੰਜ ਦਹਾਕੇ ਇਨਕਲਾਬੀ ਰੰਗਮੰਚ ਅਤੇ ਵਿਗਿਆਨਕ ਚੇਤਨਾ ਰਾਹੀਂ ਪੰਜਾਬ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਲੋਕ ਪੱਖੀ, ਸਮਾਜਿਕ ਤਬਦੀਲੀ ਅਤੇ ਆਮ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਦੀ ਰਾਖੀ ਲਈ ਅੰਧ-ਵਿਸ਼ਵਾਸਾਂ, ਨਾ-ਬਰਾਬਰੀ, ਫਿਰਕਾਪ੍ਰਸਤੀ, ਜਾਤ-ਪਾਤ ਅਤੇ ਸਾਮਰਾਜ ਪੱਖੀ ਨੀਤੀਆਂ ਦੇ ਖਿਲਾਫ ਜਾਗਰੂਕ ਅਤੇ ਜਥੇਬੰਦ ਕੀਤਾ। ਉਨ੍ਹਾਂ ਨੇ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣਾ ਹੁਨਰ ਦਿਖਾਉਣ ਅਤੇ ਔਰਤ ਮਰਦ ਬਰਾਬਰੀ ਦੇ ਜਮਹੂਰੀ ਹੱਕਾਂ ਲਈ ਹਰ ਪੱਧਰ ’ਤੇ ਲੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ‘ਨਵਾਂ ਚਾਨਣ’, ‘ਜਿਨ ਸੱਚ ਪੱਲੇ ਹੋਇ’, ‘ਘੁੰਮਣਘੇਰੀ’, ‘ਪਰਬਤੋਂ ਭਾਰੀ ਮੌਤ’, ‘ਇਹ ਲਹੂ ਕਿਸ ਦਾ ਹੈ’, ‘ਤੂਤਾਂ ਵਾਲਾ ਖੂਹ’, ‘ਧੂਣੀ ਦੀ ਅੱਗ’, ‘ਤਾਮਰ ਪੱਤਰ’, ‘ਕਣਕ ਦੀ ਬੱਲੀ’, ‘ਇੱਕ ਮਾਂ ਦੋ ਮੁਲਕ’, ‘ਮਿੱਟੀ ਦਾ ਮੁੱਲ’, ‘ਫਾਂਸੀ ਦੇ ਤਖਤੇ ਤੋਂ’ ਆਦਿ ਸਮੇਤ ਅਨੇਕ ਹੋਰ ਮਕਬੂਲ ਨਾਟਕਾਂ ਵਿੱਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਵੱਖ-ਵੱਖ ਉੱਚ ਵਿਦਿਅਕ ਅਤੇ ਰੰਗਮੰਚ ਸੰਸਥਾਵਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਤੋਂ ਬਿਹਤਰੀਨ ਅਦਾਕਾਰਾ ਹੋਣ ਦੇ ਕਈ ਸਨਮਾਨ ਹਾਸਿਲ ਕੀਤੇ।

Advertisement

ਉਨ੍ਹਾਂ ਆਪਣੀਆਂ ਦੋਵਾਂ ਧੀਆਂ ਡਾ. ਨਵਸ਼ਰਨ ਅਤੇ ਡਾ. ਅਰੀਤ ਨੂੰ ਵੀ ਆਪਣੇ ਪਿਤਾ ਜੀ ਦੇ ਇਨਕਲਾਬੀ ਰੰਗਮੰਚ ਅਤੇ ਲੋਕ ਪੱਖੀ ਜਨਤਕ ਸੰਘਰਸ਼ਾਂ ਨਾਲ ਜੋੜਿਆ ਤੇ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਆਦਿਵਾਸੀਆਂ, ਪਿਛੜੇ ਵਰਗਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਜਮਹੂਰੀ ਹੱਕਾਂ ਦੀ ਰਾਖੀ ਲਈ ਤੇ ਅੰਧ-ਵਿਸ਼ਵਾਸਾਂ, ਰੂੜੀਵਾਦੀ ਰਵਾਇਤਾਂ, ਜਾਤ-ਪਾਤ, ਨਸ਼ਿਆਂ, ਦਾਜ-ਦਹੇਜ ਦੀਆਂ ਸਮਾਜਿਕ ਬੁਰਾਈਆਂ, ਹਕੂਮਤੀ ਜਬਰ, ਕਾਰਪੋਰੇਟ ਲੁੱਟ, ਡੇਰਿਆਂ ਤੇ ਫ਼ਿਰਕੂ ਤਾਕਤਾਂ ਦੇ ਵਿਰੁੱਧ ਸੰਘਰਸ਼ ਕਰਨ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਗੁਰਸ਼ਰਨ ਭਾਅ ਜੀ ਦੇ ਰੰਗਮੰਚ ਸਫ਼ਰ ਦੌਰਾਨ ਉਨ੍ਹਾਂ ਦੀ ਐਮਰਜੈਂਸੀ ਵੇਲੇ ਹਕੂਮਤੀ ਜਬਰ ਕਾਰਨ ਨੌਕਰੀ ਤੋਂ ਮੁਅੱਤਲੀ, ਜੇਲ੍ਹ ਨਜ਼ਰਬੰਦੀ ਅਤੇ ਫਿਰਕੂ ਅਤਿਵਾਦ ਦੇ ਬੇਹੱਦ ਬਿਖੜੇ ਤੇ ਔਖੇ ਸਮਿਆਂ ਵੇਲੇ ਜਿੱਥੇ ਪੂਰੀ ਨਿਡਰਤਾ ਅਤੇ ਹੌਸਲੇ ਨਾਲ ਉਨ੍ਹਾਂ ਦਾ ਸਾਥ ਦਿੱਤਾ, ਉਥੇ ਪਿੰਡ-ਪਿੰਡ ਨਾਟਕਾਂ ਵਿੱਚ ਕੰਮ ਕਰਨ ਦੇ ਇਲਾਵਾ ਪਰਿਵਾਰ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ। ਇਹ ਉਨ੍ਹਾਂ ਦੇ ਸੁਭਾਅ ਅਤੇ ਸ਼ਖ਼ਸੀਅਤ ਵਿਚਲੇ ਗੁਣਾਂ ਦੀ ਖਾਸੀਅਤ ਸੀ ਕਿ ਉਨ੍ਹਾਂ ਅੰਮ੍ਰਿਤਸਰ ’ਚ ਰਣਜੀਤਪੁਰਾ ਸਥਿਤ ਜੱਦੀ ਘਰ ‘ਗੁਰੂ ਖਾਲਸਾ ਨਿਵਾਸ’ ਅਤੇ ਬਾਅਦ ਵਿੱਚ ਚੰਡੀਗੜ੍ਹ/ਮੁਹਾਲੀ ਵਿਖੇ ਨਾਟਕਾਂ ਦੀਆਂ ਰਿਹਰਸਲਾਂ ਮੌਕੇ ਅਦਾਕਾਰਾਂ, ਲੇਖਕਾਂ ਦੀ ਮਹਿਮਾਨ ਨਿਵਾਜੀ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ।

ਕੈਲਾਸ਼ ਕੌਰ ਜੀ ਦੇ ਪਰਿਵਾਰ, ਸਕੇ-ਸਬੰਧੀਆਂ ਅਤੇ ਰੰਗਮੰਚ ਦੇ ਸੰਗੀ-ਸਾਥੀਆਂ ਤੋਂ ਇਲਾਵਾ ਲੋਕ ਪੱਖੀ ਜਨਤਕ ਜੱਥੇਬੰਦੀਆਂ ਵੱਲੋਂ ਗੁਰਸ਼ਰਨ ਭਾਅ ਜੀ ਵਾਂਗ ਉਨ੍ਹਾਂ ਦੀਆਂ ਅਸਥੀਆਂ ਵੀ ਬਿਨਾਂ ਕਿਸੇ ਧਾਰਮਿਕ ਅਤੇ ਰੂੜੀਵਾਦੀ ਰਸਮਾਂ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ ਕੌਮੀ ਇਤਿਹਾਸਕ ਯਾਦਗਾਰ ਦੇ ਨਜ਼ਦੀਕ ਸਤਲੁਜ ਨਦੀ ’ਚ ਪ੍ਰਵਾਹ ਕੀਤੀਆਂ ਗਈਆਂ।

ਕੈਲਾਸ਼ ਕੌਰ ਜੀ ਦੀ ਪਛਾਣ ਸਿਰਫ ਗੁਰਸ਼ਰਨ ਭਾਅ ਜੀ ਦੀ ਪਤਨੀ ਦੇ ਰੂਪ ਵਿੱਚ ਹੀ ਨਹੀਂ ਕੀਤੀ ਜਾਣੀ ਚਾਹੀਦੀ ਬਲਕਿ ਇਨਕਲਾਬੀ ਰੰਗਮੰਚ, ਔਰਤਾਂ ਦੇ ਹੱਕਾਂ ਅਤੇ ਜਮਹੂਰੀ ਅਧਿਕਾਰਾਂ ਦੇ ਖੇਤਰ ਵਿੱਚ ਕੀਤੇ ਵਿਲੱਖਣ ਕਾਰਜਾਂ ਨੇ ਉਨ੍ਹਾਂ ਦੀ ਖੁਦ ਦੀ ਪਛਾਣ ਸਥਾਪਿਤ ਕੀਤੀ। ਪੰਜਾਬੀ ਰੰਗਮੰਚ ਦੀਆਂ ਦੋਵਾਂ ਨਾਮਵਰ ਸ਼ਖ਼ਸੀਅਤਾਂ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸੰਪਰਕ: 76960-30173

Advertisement
×