ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁੱਚਾ ਸੁਫਨਾ

ਕੋਰਸ ਪੂਰਾ ਕਰਦਿਆਂ ਹੀ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਂ ਬਾਪ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਲੇਖੇ ਲੱਗਣ ਦਾ ਸਕੂਨ ਹਾਸਲ ਹੋਇਆ। ਸਵੇਰ ਸਾਰ ਸਕੂਲ ਲਈ ਬੱਸ ਫੜਨਾ ਤੇ ਛੁੱਟੀ ਹੋਣ ’ਤੇ ਸ਼ਾਮ ਤੱਕ ਵਾਪਸ ਘਰ ਪਰਤਣਾ।...
Advertisement

ਕੋਰਸ ਪੂਰਾ ਕਰਦਿਆਂ ਹੀ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਂ ਬਾਪ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਲੇਖੇ ਲੱਗਣ ਦਾ ਸਕੂਨ ਹਾਸਲ ਹੋਇਆ। ਸਵੇਰ ਸਾਰ ਸਕੂਲ ਲਈ ਬੱਸ ਫੜਨਾ ਤੇ ਛੁੱਟੀ ਹੋਣ ’ਤੇ ਸ਼ਾਮ ਤੱਕ ਵਾਪਸ ਘਰ ਪਰਤਣਾ। ਨੌਕਰੀ ਤੇ ਅਧਿਆਪਨ ਦੇ ਕੰਮ ਦੀ ਖੁਸ਼ੀ ਇਹ ਦੂਰੀ ਮਹਿਸੂਸ ਹੀ ਨਾ ਹੋਣ ਦਿੰਦੀ। ਪਿੰਡ ਦਾ ਰੁੱਖਾਂ ਵਿਚਕਾਰ ਘਿਰਿਆ ਸਕੂਲ। ਘਰੋਂ ਪੜ੍ਹਨ ਲਈ ਤਿਆਰ ਹੋ ਕੇ ਆਉਂਦੇ ਨੰਨ੍ਹੇ ਬਾਲ। ਉੱਚ ਯੋਗਤਾ ਪ੍ਰਾਪਤ ਸੁਹਜ ਸਲੀਕੇ ਵਾਲੇ ਅਧਿਆਪਕਾਂ ਦੀ ਸੰਗਤ। ਅਜਿਹੇ ਸਾਜ਼ਗਾਰ ਮਾਹੌਲ ਵਿੱਚ ਪੜ੍ਹਾਉਂਦਿਆਂ ਲਗਨ ਤੇ ਉਤਸ਼ਾਹ ਸੱਤਵੇਂ ਅਸਮਾਨ ’ਤੇ ਰਹਿੰਦਾ।

ਸਕੂਲ ਦਾ ਮੁੱਖ ਅਧਿਆਪਕ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਅਗਵਾਈ ਵਿੱਚ ਜੁਟਿਆ ਰਹਿੰਦਾ। ਅਧਿਆਪਕਾਂ ਦੀ ਮੀਟਿੰਗ ਵਿੱਚ ਅਕਸਰ ਆਖਦਾ, “ਅਧਿਆਪਨ ਭਾਵੇਂ ਆਪਣਾ ਰੁਜ਼ਗਾਰ ਹੈ ਪਰ ਉਸ ਤੋਂ ਪਹਿਲਾਂ ਆਪਣਾ ਫਰਜ਼ ਹੈ, ਜਿਸ ਨੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨਾ ਹੈ।” ਸਾਰੇ ਅਧਿਆਪਕ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਪੜ੍ਹਾਉਣ ’ਚ ਜੁਟੇ ਰਹਿੰਦੇ। ਵਿਦਿਆਰਥੀ ਅਨੁਸ਼ਾਸਨ ਅਤੇ ਆਗਿਆ ਵਿੱਚ ਰਹਿੰਦੇ। ਅੱਧੀ ਛੁੱਟੀ ਵੇਲੇ ਉਹ ਮਿਲ ਬੈਠ ਕੇ ਖਾਂਦੇ ਤੇ ਰੁੱਖਾਂ ਛਾਵੇਂ ਹੱਸਦੇ ਖੇਡਦੇ।

Advertisement

ਸਵੇਰ ਸਾਰ ਸਾਡੇ ਸਕੂਲ ਪਹੁੰਚਦਿਆਂ ਮੁੱਖ ਅਧਿਆਪਕ ਦਫ਼ਤਰ ’ਚ ਮੌਜੂਦ ਹੁੰਦੇ। ਉਨ੍ਹਾਂ ਦੇ ਮੇਜ਼ ’ਤੇ ਉਸ ਦਿਨ ਦਾ ਅਖ਼ਬਾਰ ਤੇ ਕੋਈ ਨਾ ਕੋਈ ਪੁਸਤਕ ਹੁੰਦੀ। ਸਵੇਰ ਦੀ ਸਭਾ ’ਚ ਉਹ ਵਿਦਿਆਰਥੀਆਂ ਨਾਲ ਗੱਲਾਂ ਕਰਦੇ; ਗੱਲਾਂ ’ਚ ਗਿਆਨ ਤੇ ਤਰਕ ਦਾ ਸੁਮੇਲ ਹੁੰਦਾ। ਉਹ ਆਖਦੇ, “ਪੜ੍ਹਾਈ ਜੀਵਨ ਦੀ ਸਫਲਤਾ ਦਾ ਰਾਹ ਹੈ, ਜਿਸ ਵਿੱਚ ਅਨੇਕਾਂ ਮੁਸ਼ਕਿਲਾਂ ਵੀ ਹਨ। ਮੁਸ਼ਕਿਲਾਂ ਤੋਂ ਹਾਰ ਮੰਨਣ ਦਾ ਭਾਵ ਅਸਫਲਤਾ ਨੂੰ ਸੱਦਾ ਦੇਣਾ ਮੰਨਿਆ ਜਾਂਦਾ ਹੈ। ਸਖ਼ਤ ਮਿਹਨਤ ਤੇ ਲਗਨ ਨਾਲ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ। ਸਫਲਤਾ ਦੀ ਮੰਜ਼ਿਲ ’ਤੇ ਪਹੁੰਚਣ ਲਈ ਰਸਤਾ ਸਾਫ਼ ਹੋ ਜਾਂਦਾ ਹੈ। ਜ਼ਿੰਦਗੀ ਵਿੱਚ ਸਫਲ ਹੋਣ ਲਈ ਇਹੋ ਰਸਤਾ ਹੈ। ਆਪਣਾ ਕੰਮ ਨੇਪਰੇ ਚੜ੍ਹਾਉਣ ਲਈ ਜੀਅ ਜਾਨ ਲਗਾ ਕੇ ਜੁਟੇ ਰਹਿਣਾ ਇੱਕ ਦਿਨ ਸਫਲਤਾ ਦੇ ਬੂਹੇ ਦੀ ਦਸਤਕ ਬਣਦਾ ਹੈ।”

ਇੱਕ ਦਿਨ ਉਹ ਮੇਰੀ ਪੰਜਵੀਂ ਜਮਾਤ ਵਿੱਚ ਆਏ। ਸਾਰੀ ਜਮਾਤ ਨੇ ਉਤਸ਼ਾਹ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪੜ੍ਹਾਈ ਬਾਰੇ ਪੁੱਛਣ ਮਗਰੋਂ ਕਹਿਣ ਲੱਗੇ, “ਪ੍ਰੀਖਿਆ ਸਾਰੇ ਸਾਲ ਦੀ ਮਿਹਨਤ ਹੁੰਦੀ। ਮਿਹਨਤ ਦਾ ਫ਼ਲ ਮਿੱਠਾ ਹੁੰਦਾ। ਮਿਹਨਤ ਦਾ ਆਪਣਾ ਰੰਗ ਹੁੰਦਾ ਜਿਹੜਾ ਸਫਲਤਾ ਹਾਸਲ ਕਰਨ ਮਗਰੋਂ ਚਿਹਰਿਆਂ ’ਤੇ ਖੁਸ਼ੀ ਬਣ ਝਲਕਦਾ। ਮੈਂ ਅਕਸਰ ਦੇਖਦਾ ਹਾਂ, ਤੁਹਾਡੇ ਵਿੱਚੋਂ ਬਹੁਤੇ ਜਣੇ ਆਪਣੇ ਗਲਾਂ ਵਿੱਚ ਧਾਗੇ ਤਵੀਤ ਪਾ ਕੇ ਰੱਖਦੇ... ਇਹ ਸਾਡੇ ਮਾਪਿਆਂ ਤੇ ਸਮਾਜ ਦੀ ਅਨਪੜ੍ਹਤਾ ਤੇ ਅਗਿਆਨਤਾ ਦਾ ਨਤੀਜਾ ਹੈ। ਤੁਹਾਡੇ ਵਿੱਚੋਂ ਬਹੁਤੇ ਜਣੇ ਆਪਣੇ ਮਾਂ ਬਾਪ ਦੀ ਇੱਛਾ ਅਨੁਸਾਰ ਪ੍ਰੀਖਿਆ ਤੋਂ ਪਹਿਲਾਂ ਸੁੱਖ ਸੁੱਖਣ, ਡੇਰਿਆਂ, ਰੁੱਖਾਂ ’ਤੇ ਮੱਥੇ ਰਗੜਨ ਜਿਹੇ ਅੰਧਵਿਸ਼ਵਾਸਾਂ ਦਾ ਓਟ ਆਸਰਾ ਵੀ ਤੱਕਦੇ ਹੋਣਗੇ ਪਰ ਇਹ ਧਾਰਨਾਵਾਂ ਮਿਹਨਤ ਦਾ ਬਦਲ ਨਹੀਂ ਹੁੰਦੀਆਂ; ਨਾ ਹੀ ਅਜਿਹਾ ਕਰ ਕੇ ਪ੍ਰੀਖਿਆ ਦੇ ਨਤੀਜੇ ’ਤੇ ਕੋਈ ਅਸਰ ਹੁੰਦਾ ਹੈ। ਯਾਦ ਰੱਖਿਓ! ਸਫਲਤਾ ਦਾ ਤਾਜ ਹਮੇਸ਼ਾ ਮਿਹਨਤ ਵਿੱਚ ਦਿਨ ਰਾਤ ਇੱਕ ਕਰਨ ਵਾਲਿਆਂ ਸਿਰ ਸਜਦਾ ਹੈ।”

ਮੁੱਖ ਅਧਿਆਪਕ ਦੀ ਪ੍ਰੇਰਨਾ ਸਾਡੇ ਮਨਾਂ ਨੂੰ ਵੀ ਟੁੰਬਦੀ ਜਿਸ ਨੇ ਅਧਿਆਪਕਾਂ ਵਿੱਚ ਹੋਰ ਸਿੱਖਣ ਤੇ ਜਾਨਣ ਦਾ ਰਾਹ ਖੋਲ੍ਹਿਆ। ਅਸੀਂ ਉਨ੍ਹਾਂ ਤੋਂ ਚੰਗੀਆਂ ਪੁਸਤਕਾਂ ਬਾਰੇ ਜਾਣ ਕੇ ਉਹ ਪੁਸਤਕਾਂ ਖਰੀਦਦੇ। ਪੜ੍ਹਦੇ, ਚਰਚਾ ਕਰਦੇ ਤੇ ਸਬਕ ਆਪਣੇ ਵਿਦਿਆਰਥੀਆਂ ਨਾਲ ਸਾਂਝੇ ਕਰਦੇ। ਸਿੱਖਣ ਸਿਖਾਉਣ ਦਾ ਇਹ ਤਰੀਕਾ ਅਸਰ ਦਿਖਾਉਣ ਲੱਗਾ। ਵਿਦਿਆਰਥੀਆਂ ਵਿੱਚ ਵੀ ਹੋਰ ਜਾਨਣ ਤੇ ਸਿੱਖਣ ਦੀ ਰੁਚੀ ਵਿਕਸਤ ਹੋਣ ਲੱਗੀ। ਸਾਲਾਨਾ ਪ੍ਰੀਖਿਆ ਵਿੱਚ ਮਿਹਨਤ ਦਾ ਰੰਗ ਸਾਫ਼ ਨਜ਼ਰ ਆਇਆ। ਪੰਜਵੀਂ ਦੀ ਪ੍ਰੀਖਿਆ ਵਿੱਚੋਂ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਇੱਕ ਵਿਦਿਆਰਥੀ ਜ਼ਿਲ੍ਹੇ ਵਿੱਚੋਂ ਅਤੇ ਦੋ ਵਿਦਿਆਰਥੀ ਬਲਾਕ ਵਿੱਚੋਂ ਉੱਤਮ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ ਆਏ।

ਮਾਪਿਆਂ ਦੀ ਹਾਜ਼ਰੀ ਵਿੱਚ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਸਕੂਲ ਵਿੱਚ ਸਮਾਗਮ ਰੱਖਿਆ ਗਿਆ। ਸਕੂਲ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸਾਰੇ ਵਿਦਿਆਰਥੀ ਵੀ ਫੁੱਲਾਂ ਵਾਂਗ ਹਸਦੇ ਚਿਹਰਿਆਂ ਨਾਲ ਸ਼ਾਮਿਲ ਹੋਏ। ਸਕੂਲ ਵਿੱਚ ਚੁਫੇਰੇ ਖੁਸ਼ੀ ਦਾ ਪਾਸਾਰ ਨਜ਼ਰ ਆਇਆ। ਰੁੱਖਾਂ, ਫੁੱਲ, ਬੂਟਿਆਂ ਨਾਲ ਖੇਡਦੀ ਰੁਮਕਦੀ ਠੰਢੀ ਮਿੱਠੀ ਪੌਣ ਵੀ ਖੁਸ਼ੀ ਵਿੱਚ ਸ਼ਾਮਿਲ ਜਾਪੀ। ਗੀਤ, ਕਵਿਤਾਵਾਂ ਨੇ ਸਮਾਰੋਹ ਵਿੱਚ ਚੰਗਾ ਰੰਗ ਬੰਨ੍ਹਿਆ। ਪਿੰਡ ਦੀ ਪੰਚਾਇਤ ਹੱਥੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦਿਵਾਇਆ ਗਿਆ। ਮੁੱਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਫਲਤਾ ਦੀ ਵਧਾਈ ਦਿੱਤੀ ਤੇ ਸਹਿਯੋਗ ਲਈ ਪੰਚਾਇਤ ਦਾ ਧੰਨਵਾਦ ਕੀਤਾ। ਸਮਾਰੋਹ ਦੀ ਸਮਾਪਤੀ ਅਤੇ ਚਾਹ ਪਾਣੀ ਪੀਂਦੇ ਮਾਪਿਆਂ ਤੇ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਦਾ ਨੂਰ ਸਮਾਰੋਹ ਦਾ ਹਾਸਲ ਨਜ਼ਰ ਆਇਆ।

ਸਕੂਲ ਦੇ ਚੰਗੇ ਨਤੀਜਿਆਂ ਨਾਲ ਸਕੂਲ ਤੇ ਪਿੰਡ ਦਾ ਮਾਣ-ਸਨਮਾਨ ਵਧਿਆ। ਅਗਲਾ ਵਿਦਿਅਕ ਸੈਸ਼ਨ ਉਤਸ਼ਾਹ ਨਾਲ ਸ਼ੁਰੂ ਹੋਇਆ। ਸੈਸ਼ਨ ਦੇ ਅੱਧ ਵਿਚਕਾਰ ਮੁੱਖ ਅਧਿਆਪਕ ਦਾ ਤਬਾਦਲਾ ਹੋ ਗਿਆ। ਵਿਦਾਇਗੀ ਸਮੇਂ ਉਨ੍ਹਾਂ ਵਿਦਿਆਰਥੀਆਂ ਨੂੰ ਆਖਿਆ, “ਇਹ ਗੱਲ ਹਮੇਸ਼ਾ ਆਪਣੇ ਜੀਵਨ-ਲੜ ਨਾਲ ਬੰਨ੍ਹ ਕੇ ਰੱਖਣਾ! ਆਪਣੀ ਮੰਜ਼ਿਲ ਪਾਉਣ ਲਈ ਸਖ਼ਤ ਮਿਹਨਤ, ਲਗਨ ਤੇ ਪੱਕਾ ਇਰਾਦਾ ਉਹ ਸੁੱਚਾ ਸੁਫਨਾ ਹੁੰਦਾ ਹੈ, ਜਿਹੜਾ ਕਦੇ ਨਹੀਂ ਬਿਖਰਦਾ। ਮੰਜ਼ਿਲ ਦੇ ਦਰਾਂ ’ਤੇ ਪਹੁੰਚ ਕੇ ਇਹ ਜ਼ਿੰਦਗੀ ਦੀ ਝੋਲੀ ਖੁਸ਼ੀ, ਮਾਣ-ਸਨਮਾਨ ਤੇ ਸਫਲਤਾ ਦੀ ਸੌਗਾਤ ਨਾਲ ਭਰ ਦਿੰਦਾ ਹੈ।

ਸੰਪਰਕ: 78140-77120

Advertisement
Show comments