ਪੰਜਾਬੀ ਲਾਲ
ਡਾ. ਬਿਹਾਰੀ ਮੰਡੇਰ
ਸਾਡਾ ਪਿੰਡ ਮੰਡੇਰ ਛੋਟਾ ਜਿਹਾ ਹੀ ਹੈ। ਇਹ ਬਰੇਟਾ ਮੰਡੀ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਬੋਹਾ ਨੂੰ ਬਰਾਸਤਾ ਕੁਲਰੀਆਂ ਜਾਣ ਵਾਲੀ ਸੜਕ ’ਤੇ ਪੈਂਦਾ ਹੈ। ਜ਼ਿਲ੍ਹਾ ਮਾਨਸਾ ਹੈ। ਬਜ਼ੁਰਗਾਂ ਤੋਂ ਸੁਣਿਆ ਹੈ ਕਿ ਪਿੰਡ ਦਾ ਪਿੱਛਾ ਜਰਗ (ਲੁਧਿਆਣਾ) ਦਾ ਹੈ। ਬਜ਼ੁਰਗਾਂ ਦੇ ਦੱਸਣ ਮੁਤਾਬਿਕ, ਇੱਕ ਸੌ ਪੈਂਤੀ ਰੁਪਏ ਵਿੱਚ ਜ਼ਮੀਨ ਖਰੀਦ ਕੇ ਇਹ ਪਿੰਡ ਵਸਾਇਆ ਗਿਆ ਸੀ। ਪਿੰਡ ਨੂੰ ਸਿੱਖਾਂ ਦਾ ਪਿੰਡ ਵੀ ਕਿਹਾ ਜਾਂਦਾ ਰਿਹਾ ਹੈ। ਪੰਜਾਬ ਦੀ ਧਰਤੀ ’ਤੇ ਚੱਲੀਆਂ ਲਹਿਰਾਂ ਵਿੱਚ ਇਸ ਪਿੰਡ ਦੇ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਪਾਇਆ। ਪਿੰਡ ਦੇ ਜਥੇ ਦੀ ਅਗਵਾਈ ਕਰਨ ਵਾਲੇ ਲਗਭਗ ਸਾਰੇ ਹੀ ਅੰਮ੍ਰਿਤਧਾਰੀ ਸਿੱਖ ਸਨ। ਪਿੰਡ ਵਿੱਚ ਵੀ ਇਨ੍ਹਾਂ ਆਗੂਆਂ ਨੂੰ ‘ਸਿੱਖ’ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਂਦਾ ਸੀ। ਇਨ੍ਹਾਂ ਵਿੱਚ ਸਭ ਤੋਂ ਪੁਰਾਣੇ ਸਨ ਗੁਰਦਿਆਲ ਸਿੱਖ। ਉਸ ਤੋਂ ਅੱਗੇ ਦੀ ਪੀੜ੍ਹੀ ਤੇਜਾ ਸਿੱਖ, ਝੰਡੂ ਸਿੱਖ, ਜੀਤ ਸਿੱਖ, ਦਲੀਪ ਸਿੱਖ, ਰੁਲਦੂ ਸਿੱਖ ਅਤੇ ਹੋਰ।
ਇਸ ਲਿਖਤ ਵਿੱਚ ਤੇਜਾ ਸਿੰਘ ਦਾ ਜ਼ਿਕਰ ਕਰਾਂਗਾ। ਇਸ ਦਾ ਵੀ ਕਾਰਨ ਹੈ- ਅਤੀਤ ਦੇ ਪਰਛਾਵੇਂ ਵਿੱਚ ਗਵਾਚੀ ਬਚਪਨ ਦੀ ਘਟਨਾ ਦਾ ਅਚਾਨਕ ਮਨ ਮਸਤਕ ’ਤੇ ਦਸਤਕ ਦੇਣਾ। ਗੱਲ 1972-73 ਦੀ ਹੋਵੇਗੀ। ਮੈਂ ਤੀਜੀ ਜਾਂ ਚੌਥੀ ਜਮਾਤ ਵਿੱਚ ਹੋਵਾਂਗਾ। ਇੱਕ ਵਾਰ ਛੁੱਟੀ ਵਾਲੇ ਦਿਨ ਅਸੀਂ ਜਵਾਕਾਂ ਨੇ ਖੇਡਦੇ-ਖੇਡਦੇ ਸਕੀਮ ਬਣਾਈ ਕਿ ਤੇਜੇ ਸਿੱਖ ਦੇ ਖੇਤੋਂ ਅੰਬ ਤੋੜ ਕੇ ਲਿਆਉਨੇ ਆਂ। ਤੇਜਾ ਸਿੰਘ ਨੇ ਆਪਣੇ ਖੇਤ ਵਿੱਚ ਹੋਰ ਫਲਦਾਰ ਬੂਟਿਆਂ ਤੋਂ ਇਲਾਵਾ ਅੰਬ ਦੇ ਬੂਟੇ ਵੀ ਕਾਫੀ ਗਿਣਤੀ ਵਿੱਚ ਲਗਾਏ ਹੋਏ ਸਨ। ਉਨ੍ਹਾਂ ਉੱਪਰ ਅੰਬ ਵੀ ਕਾਫੀ ਲੱਗਦੇ ਸਨ। ਸਕੀਮ ਬਣਾ ਕੇ ਅਸੀਂ ਖੇਤ ਨੂੰ ਚੱਲ ਪਏ।
ਤੇਜਾ ਸਿੰਘ ਦਾ ਖੇਤ ਬਰੇਟਾ ਮੰਡੀ ਵਾਲੇ ਰਾਹ ’ਤੇ ਸੀ। ਰਾਸਤਾ ਕੱਚਾ ਸੀ। ਅਸੀਂ ਖੇਡਦੇ ਹੋਏ ਪਹੇ ਦੀ ਧੂੜ ਉਡਾਉਂਦੇ ਹੋਏ ਤੁਰੀ ਗਏ। ਅਸੀਂ ਤੇਜਾ ਸਿੰਘ ਦੇ ਖੇਤ ਕੋਲ ਤਾਂ ਪਹੁੰਚ ਗਏ ਪਰ ਡਰਦਿਆਂ ਦੀ ਖੇਤ ਵਿੱਚ ਜਾ ਕੇ ਅੰਬ ਤੋੜ ਦੀ ਹਿੰਮਤ ਨਾ ਪਈ ਅਤੇ ਵਾਪਸ ਚਾਲੇ ਪਾ ਦਿੱਤੇ। ਮਸਤੀ ਵਿੱਚ ਤੁਰੇ ਆਉਂਦੇ ਪਿੰਡ ਕੋਲ ਪਹੁੰਚੇ ਹੀ ਸਾਂ ਕਿ ਅੱਗਿਓਂ ਤੇਜਾ ਸਿੰਘ ਟੱਕਰ ਪਏ। ਅਸੀਂ ਸਾਰੇ ਬੱਚੇ ਡਰ ਕੇ ਇੱਧਰ ਉੱਧਰ ਦੌੜਨ ਲੱਗ ਪਏ ਪਰ ਮੈਂ ਤੇਜਾ ਸਿੰਘ ਦੇ ਕਾਬੂ ਆ ਗਿਆ। ਮੈਂ ਡਰ ਨਾਲ ਕੰਬ ਰਿਹਾ ਸੀ ਪਰ ਤੇਜਾ ਸਿੰਘ ਨੇ ਬੜੇ ਪਿਆਰ ਨਾਲ ਮੇਰੇ ਸਿਰ ’ਤੇ ਹੱਥ ਫੇਰਿਆ ਅਤੇ ਪੁੱਛਿਆ ਕਿ ਤੇਰਾ ਨਾਂ ਕੀ ਹੈ? ਮੈਂ ਕਿਹਾ- ਬਿਹਾਰੀ ਲਾਲ। ਉਨ੍ਹਾਂ ਕਿਹਾ- ਨਹੀਂ ਨਹੀਂ, ਤੇਰਾ ਨਾਂ ਹੈ ਪੰਜਾਬੀ ਲਾਲ। ਤੂੰ ਪੰਜਾਬ ਦਾ ਲਾਲ ਹੈਂ। ਮੈਂ ਝੱਟ ਹਾਂ ਵਿੱਚ ਹਾਂ ਮਿਲਾਈ ਅਤੇ ਆਪਣੀ ਖਲਾਸੀ ਕਰਵਾਈ।
ਕੁਝ ਸਮੇਂ ਬਾਅਦ ਇਹ ਘਟਨਾ ਭੁੱਲ-ਭੁਲਾ ਗਈ। ਜਿ਼ੰਦਗੀ ਆਪਣੀ ਤੋਰੇ ਤੁਰਨ ਲੱਗੀ। ਪੜ੍ਹਾਈ ਲਿਖਾਈ ਚੱਲੀ, ਉਸ ਤੋਂ ਬਾਅਦ ਨੌਕਰੀ, ਫਿਰ ਸ਼ਾਦੀ ਵਿਆਹ, ਫਿਰ ਬੱਚੇ ਤੇ ਉਸ ਤੋਂ ਬਾਅਦ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣਾ। ਬੱਚਿਆਂ ਦੀ ਸ਼ਾਦੀ ਅਤੇ ਆਖਿ਼ਰੀ ਗੇੜ ਰਿਟਾਇਰਮੈਂਟ। ਰਿਟਾਇਰ ਹੋਣ ਤੋਂ ਬਾਅਦ ਥੋੜ੍ਹਾ ਬਹੁਤ ਪੜ੍ਹਨ ਲਿਖਣ ’ਚ ਰੁਚੀ ਹੋਈ ਤਾਂ ਤੇਜਾ ਸਿੰਘ ਦਾ ਮੈਨੂੰ ਬਚਪਨ ’ਚ ਪੰਜਾਬੀ ਲਾਲ ਜਾਂ ਪੰਜਾਬ ਦਾ ਲਾਲ ਕਹਿਣਾ ਸਮਝ ਆਉਣ ਲੱਗਾ। ਤੇਜਾ ਸਿੰਘ ਦਾ ਪੰਜਾਬ ਨਾਲ ਗਹਿਰਾ ਲਗਾਉ ਨਜ਼ਰ ਆਉਣ ਲੱਗਾ। ਉਨ੍ਹਾਂ ਬਾਰੇ ਜਾਨਣ ਦੀ ਰੁਚੀ ਪੈਦਾ ਹੋਈ, ਪਿੰਡ ਜਾ ਕੇ ਜਾਣਕਾਰੀ ਲਈ।
ਮੇਰੀ ਸਿਮਰਤੀ ਵਿੱਚ ਤੇਜਾ ਸਿੰਘ ਦਾ ਜੋ ਅਕਸ ਹੈ, ਉਹ ਇਸ ਤਰ੍ਹਾਂ ਦਾ ਹੈ: ਦਰਮਿਆਨਾ ਕੱਦ, ਕਣਕਵੰਨਾ ਰੰਗ, ਕਾਲੀ ਪੱਗ, ਚਿੱਟੇ ਸਾਫ ਸੁਥਰੇ ਕੱਪੜੇ, ਉੱਪਰ ਦੀ ਕਾਲੇ ਪਟੇ ਵਾਲਾ ਗਾਤਰਾ, ਖੁੱਲੀ ਦਾੜ੍ਹੀ ਅਤੇ ਪੈਰ ਧੌੜੀ ਦੀ ਜੁੱਤੀ। ਤੇਜਾ ਸਿੰਘ ਚੇਤਨ ਸ਼ਖ਼ਸ ਸਨ। ਉਹ ਅਗਾਂਹਵਧੂ ਵਿਚਾਰ ਰੱਖਦੇ ਸਨ। ਉਨ੍ਹਾਂ ਦੀਆਂ ਕਹੀਆਂ ਗੱਲਾਂ ਕਈ ਵਾਰ ਪਿੰਡ ਦੇ ਆਮ ਲੋਕਾਂ ਦੇ ਮੇਚ ਨਾ ਆਉਂਦੀਆਂ ਪਰ ਤੇਜਾ ਸਿੰਘ ਆਪਣੀ ਗੱਲ ’ਤੇ ਅਡਿੱਗ ਰਹਿੰਦੇ। ਮੂੰਹ ’ਤੇ ਗੱਲ ਕਹਿਣੀ ਉਨ੍ਹਾਂ ਦਾ ਖਾਸ ਗੁਣ ਸੀ ਜਿਸ ਕਾਰਨ ਕਈ ਵਾਰੀ ਬੰਦੇ ਉਨ੍ਹਾਂ ਕੋਲੋਂ ਪਾਸਾ ਵੀ ਵੱਟ ਜਾਂਦੇ। ਆਪਣੇ ਖੇਤ ਵਿੱਚ ਫਲਦਾਰ ਬੂਟੇ ਲਾਉਣੇ ਉਨ੍ਹਾਂ ਦਾ ਵਾਤਾਵਰਨ ਪੱਖੀ ਹੋਣਾ ਦਰਸਾਉਂਦਾ ਹੈ। ਤੇਜਾ ਸਿੰਘ ਨੇ ਪੰਜਾਬ ਮੋਰਚੇ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਜੇਲ੍ਹ ਕੱਟੀ। ਐਮਰਜੈਂਸੀ ਵਿਰੁੱਧ ਲੱਗੇ ਮੋਰਚੇ ਵਿੱਚ ਸ਼ਾਇਦ ਹੀ ਪੰਜਾਬ ਦਾ ਕੋਈ ਪਿੰਡ ਹੋਵੇ ਜਿੱਥੋਂ ਗ੍ਰਿਫ਼ਤਾਰੀ ਲਈ ਜਥਾ ਨਾ ਗਿਆ ਹੋਵੇ। ਸਾਡੇ ਪਿੰਡੋਂ ਵੀ ਜਥਾ ਗਿਆ। ਇੱਥੇ ਤੇਜਾ ਸਿੰਘ ਦੇ ਸਿਦਕ ਦੀ ਪਰਖ ਸੀ। ਉਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਬੱਚਾ ਛੋਟਾ ਸੀ, ਕੋਈ ਤਿੰਨ ਚਾਰ ਸਾਲਾਂ ਦਾ। ਸਦਕੇ ਜਾਈਏ ਤੇਜਾ ਸਿੰਘ ਦੇ... ਉਹ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦੀ ਚੁੱਕ ਜਥੇ ਵਿੱਚ ਜਾ ਸ਼ਾਮਿਲ ਹੋਏ। ਆਪਣੇ ਇਸ ਭੁਝੰਗੀ ਨੂੰ ਕੁੱਛੜ ਚੁੱਕ ਗ੍ਰਿਫਤਾਰੀ ਦਿੱਤੀ। ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵਿੱਚ ਵੀ ਉਨ੍ਹਾਂ ਆਗੂ ਭੂਮਿਕਾ ਨਿਭਾਈ ਅਤੇ ਗ੍ਰਿਫਤਾਰੀ ਦਿੱਤੀ। ਪੰਜਾਬ ਵਿੱਚ ਚੱਲੇ ਖਾੜਕੂ ਸੰਘਰਸ਼ ਦੌਰਾਨ ਤੇਜਾ ਸਿੰਘ ਦੀ ਭੂਮਿਕਾ ਬਹੁਤ ਸੰਤੁਲਿਤ, ਸਾਰਥਕ ਅਤੇ ਸਦਭਾਵਕ ਰਹੀ। ਸਾਡੇ ਪਿੰਡ ਵਿੱਚ ਛੋਟੀਆਂ ਮੋਟੀਆਂ ਘਟਨਾਵਾਂ ਤੋਂ ਸਿਵਾਏ ਕਿਸੇ ਵੀ ਭਾਈਚਾਰੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਉਹ ਸਿਰੜੀ, ਨਿਰਸਵਾਰਥ, ਨਿਰਛਲ, ਸਿੱਖੀ ਅਤੇ ਪੰਜਾਬ ਲਈ ਸਮਰਪਤ ਸ਼ਖ਼ਸੀਅਤ ਸਨ, ਮੈਨੂੰ ਪੰਜਾਬੀ ਲਾਲ... ਪੰਜਾਬ ਦਾ ਲਾਲ ਕਹਿਣ ਵਾਲੇ।
ਹੁਣ ਤਾਂ ਸਭ ਆਪੋ-ਆਪਣੀ ਡਫਲੀ ਵਜਾ ਰਹੇ ਹਨ। ਤੇਜਾ ਸਿੰਘ ਵਰਗਾ ਕਿਰਦਾਰ ਸਾਡੇ ਆਗੂਆਂ ਵਿੱਚੋਂ ਗਾਇਬ ਹੈ। ਪੰਜਾਬ ਦਾ ਫਿਕਰ ਛੱਡ ਸਭ ਨੂੰ ਆਪਣੀ ਚੌਧਰ ਅਤੇ ਪੁਜ਼ੀਸ਼ਨ ਦਾ ਫਿਕਰ ਹੈ। ਆਪਣੀ ਔਲਾਦ ਨੂੰ ਕੁਰਸੀ ਦਾ ਪਾਵਾ ਫੜਾਉਣ ਦੀ ਫਿਕਰ ਹੈ। ਅੱਜ ਪੰਜਾਬ ਨੂੰ ਤੇਜਾ ਸਿੰਘ ਜਾਂ ਕਹੀਏ ਤੇਜੇ ਸਿੱਖ ਵਰਗੇ ਪੰਜਾਬੀ ਲਾਲ ਦੀ ਲੋੜ ਹੈ।
ਸੰਪਰਕ: 98144-65017