ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ਤੜਕਾ

ਮੇਰੀ ਬਦਲੀ ਅਚਾਨਕ ਸ਼ਹਿਰ ਦੀ ਮੁੱਖ ਬਰਾਂਚ ਵਿੱਚ ਹੋਣ ਦਾ ਫ਼ਰਮਾਨ ਆ ਪਹੁੰਚਿਆ। ਸਮਝ ਤੋਂ ਬਾਹਰ ਸੀ। ਅਜੇ ਕੁਝ ਦਿਨ ਪਹਿਲਾਂ ਤਾਂ ਲੁਧਿਆਣੇ ਤੋਂ ਤਬਾਦਲਾ ਹੋਣ ’ਤੇ ਮੈਂ ਵਡੋਦਰਾ ਦੀ ਇਸ ‘ਮਹਾਤਮਾ ਗਾਂਧੀ ਰੋਡ’ ਬਰਾਂਚ ਵਿੱਚ ਹਾਜ਼ਰ ਹੋਇਆ ਸਾਂ। ਖ਼ੈਰ,...
Advertisement

ਮੇਰੀ ਬਦਲੀ ਅਚਾਨਕ ਸ਼ਹਿਰ ਦੀ ਮੁੱਖ ਬਰਾਂਚ ਵਿੱਚ ਹੋਣ ਦਾ ਫ਼ਰਮਾਨ ਆ ਪਹੁੰਚਿਆ। ਸਮਝ ਤੋਂ ਬਾਹਰ ਸੀ। ਅਜੇ ਕੁਝ ਦਿਨ ਪਹਿਲਾਂ ਤਾਂ ਲੁਧਿਆਣੇ ਤੋਂ ਤਬਾਦਲਾ ਹੋਣ ’ਤੇ ਮੈਂ ਵਡੋਦਰਾ ਦੀ ਇਸ ‘ਮਹਾਤਮਾ ਗਾਂਧੀ ਰੋਡ’ ਬਰਾਂਚ ਵਿੱਚ ਹਾਜ਼ਰ ਹੋਇਆ ਸਾਂ। ਖ਼ੈਰ, ਨੌਕਰੀ ਕੀ ਤੇ ਨਖ਼ਰਾ ਕੀ। ਤਸੱਲੀ ਇਹ ਸੀ ਕਿ ਨਵੀਂ ਬਰਾਂਚ ਰਾਓਪੁਰਾ ਵਿੱਚ ਨੰਬਰ ਦੋ ਅਹੁਦੇ ਉੱਤੇ ‘ਆਪਣਾ’ ਅਵਤਾਰ ਪਾਲ ਜਲੰਧਰੀਆ ਪਹਿਲਾਂ ਤੋਂ ਤਾਇਨਾਤ ਸੀ। ਮੌਜੂਦਾ ਬਰਾਂਚ ਮੁਖੀ, ਜੋ ਰਾਜਸਥਾਨ ਤੋਂ ਸੀ, ਦੀ ਜਗ੍ਹਾ ਮੈਨੂੰ ਲਗਾਇਆ ਗਿਆ ਸੀ ਅਤੇ ਉਹ ਨੂੰ ਮੇਰੀ ਥਾਂ ’ਤੇ...। ਇਹੀ ਸਭ ਤੋਂ ਵੱਡਾ ਅਚੰਭਾ ਸੀ।

ਅਵਤਾਰ ਪਾਲ ਨੇ ਗੁੱਝਾ ਭੇਤ ਖੋਲ੍ਹਿਆ ਕਿ ਇਸ ਬਰਾਂਚ ਨੂੰ ‘ਨਹਿਸ਼’ ਸਮਝਿਆ ਜਾਂਦਾ ਹੈ। ਕਿਸੇ ਸਮੇਂ ਇਸ ਦੀ ਬਿਲਡਿੰਗ ਵਾਲੀ ਥਾਂ ’ਤੇ ਮੜ੍ਹੀਆਂ ਹੁੰਦੀਆਂ ਸਨ। ਇਸੇ ਕਰ ਕੇ ਇੱਥੇ ਲੱਗਣ ਵਾਲਾ ਮੈਨੇਜਰ ਅਕਸਰ ਬੇਚੈਨ ਰਹਿੰਦਾ ਹੈ ਅਤੇ ਉਸ ਦੀ ਟਰਮ ਪੂਰੀ ਨਹੀਂ ਹੁੰਦੀ। ਪਹਿਲਾਂ ਇੱਥੇ ਬਰਾਂਚ ਮੁਖੀ ਮਹਾਰਾਸ਼ਟਰ ਤੋਂ ਸੀ, ਜੋ ਅੱਧ ਵਿਚਾਲਿਉਂ ਹੀ ਸਿਫ਼ਾਰਿਸ਼ ਲਗਾ ਕੇ ਬਦਲੀ ਕਰਵਾ ਗਿਆ। ਬਾਅਦ ਵਾਲੀ ਗੁਜਰਾਤੀ ਮੈਡਮ ਰਿਟਾਇਰ ਹੋ ਗਈ। ਅਖ਼ੀਰੀ ਗੁਣਾ ਰਾਜਸਥਾਨੀ ਮੈਨੇਜਰ ’ਤੇ ਆ ਪਿਆ। ਉਸ ਨੂੰ ਲੱਗਿਆ ਕਿ ਇੱਥੇ ਰਹਿਣ ਨਾਲ ਉਸ ਨੂੰ ਦਿਲ ਦਾ ਦੌਰਾ ਪੈ ਜਾਵੇਗਾ ਤਾਂ ਉਸ ਨੇ ਵੀ ਆਪਣੀ ਬਦਲੀ ਲਈ ਬੇਨਤੀ ਕਰ ਦਿੱਤੀ।

Advertisement

ਮੈਂ ਜੁਆਇਨ ਕਰਨ ਪਹੁੰਚਿਆ ਤਾਂ ਬਾਹਰ ਬੈਂਕ ਦੀਆਂ ਪੌੜੀਆਂ ਵਿੱਚ ਮੈਲ਼ੇ-ਕੁਚੈਲ਼ੇ ਕੱਪੜੇ ਪਹਿਨੀ ਇੱਕ ਬਿਰਧ ਔਰਤ ਬੈਠੀ ਹੋਈ ਸੀ। ਤੇਰਾਂ ਨਵੰਬਰ, ਦੋ ਹਜ਼ਾਰ ਅੱਠ; ਗੁਰੂ ਨਾਨਕ ਪ੍ਰਕਾਸ਼ ਪੁਰਬ ਸੀ ਉਸ ਦਿਨ। ‘ਗਰੀਬ ਦਾ ਮੂੰਹ, ਗੁਰੂ ਦੀ ਗੋਲਕ।’ ਉਸ ਨੇ ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਦਿੱਤੀਆਂ। ਇਹ ਸਿਲਸਿਲਾ ਹਰ ਰੋਜ਼ ਦਾ ਹੋ ਗਿਆ। ਜਿਸ ਦਿਨ ਉਹ ਨਾ ਬੈਠੀ ਹੁੰਦੀ, ਕੁਝ ਗੁਆਚਿਆ ਲੱਗਦਾ।

ਬਰਾਂਚ ਅੰਦਰ ਪੈਰ ਧਰਿਆ। ਕੁਰਸੀਆਂ ਖ਼ਾਲੀ... ਛੁੱਟੀ ਵਾਲਾ ਮਾਹੌਲ। ‘ਭੂਤਵਾੜਾ’ ਹੋਣ ਦੀ ਕੁਝ-ਕੁਝ ਸਮਝ ਲੱਗਣ ਲੱਗੀ। ਕੋਈ ਅੱਧਾ ਘੰਟਾ ਲੇਟ, ਕੋਈ ਪੂਰਾ ਘੰਟਾ! ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਦੀ ਬਹੁਤਾਤ... ਨੇਤਾਗਿਰੀ ਸਿਖਰਾਂ ’ਤੇ... ਸਮੇਂ ਦੀ ਕੋਈ ਪਾਬੰਦੀ ਨਹੀਂ। ਹਾਲ ਵਿੱਚ ਅਕਸਰ ਚੁੰਝ-ਚਰਚਾ ਹੀ ਚੱਲਦੀ ਰਹਿੰਦੀ। ਗਾਹਕ ਤਾਂ ਕੋਈ ਵੜਦਾ ਹੀ ਨਹੀਂ ਸੀ।

ਸਟਾਫ਼ ਮੀਟਿੰਗ ਬੁਲਾਈ। ਸਭ ਨੂੰ ਸਮੇਂ ਸਿਰ ਪਹੁੰਚ ਆਪਣੀਆਂ ਸੀਟਾਂ ’ਤੇ ਹਾਜ਼ਰ ਰਹਿਣ ਦੀ ਤਾਕੀਦ ਕੀਤੀ: “ਗਾਹਕ ਰੱਬ ਦਾ ਰੂਪ ਹੁੰਦੈ... ਉਸ ਦੇ ਨਿਰਾਸ਼ ਮੁੜਨ ’ਤੇ ਆਪਣੀ ਝੋਲੀ ਵੀ ਖਾਲੀ ਰਹਿ ਜਾਂਦੀ ਐ...।” ਦੋ ਤਿੰਨ ਮੁਲਾਜ਼ਮਾਂ ਨੂੰ ਸ਼ਾਇਦ ਇਹ ਗਵਾਰਾ ਨਹੀਂ ਸੀ। ਮੁਲਾਜ਼ਮ ਨੇਤਾ ਅਗਲੇ ਦਿਨ ਫਿਰ ਲੇਟ; ਡਰਾਈਵਰ ਦਾ ਕੋਈ ਅਤਾ-ਪਤਾ ਹੀ ਨਹੀਂ; ਸੁਰੱਖਿਆ ਕਰਮਚਾਰੀ ਬਿਨਾਂ ਵਰਦੀ ਤੋਂ; ਕੈਸ਼ੀਅਰ ਦਾ ਕੋਰਾ ਜਵਾਬ: “ਯੇ ਹਮਾਰਾ ਕਾਮ ਨਹੀਂ...।” ਕੋਈ ਵੀ ਮੈਨੇਜਰ ‘ਖੜੋਤ’ ਤੋੜਨ ਦਾ ਜੋਖ਼ਮ ਉਠਾਉਣਾ ਨਹੀਂ ਸੀ ਚਾਹੁੰਦਾ। ਅਖੀਰ ਕਾਰੋਬਾਰ ਦੇ ਮਿੱਥੇ ਟੀਚੇ ਪੂਰੇ ਨਾ ਹੁੰਦੇ ਅਤੇ ਮੈਨੇਜਰ ਨੂੰ ਕੰਮਚੋਰ ਦੱਸ ਕੇ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਦੂਰ-ਦੁਰਾਡੇ ਬਦਲ ਦਿੱਤਾ ਜਾਂਦਾ।

ਪੰਜਾਬੀ ਸੁਭਾਅ ਨੇ ਤੁਣਕਾ ਮਾਰਿਆ। ਮੁਲਾਜ਼ਮ ਨੇਤਾ ਨੂੰ ਅਗਲੇ ਦਿਨ ਲਿਖਤੀ ਮੀਮੋ ਫੜਾ ਦਿੱਤਾ। “ਹਮ ਕਾਮ ਬੰਦ ਕਰ ਦੇਂਗੇ... ਬਰਾਂਚ ਕੋ ਤਾਲ਼ਾ ਲੱਗ ਜਾਏਗਾ... ਤੁਮ ਜੈਸੇ ਬੜੇ ਆਏ ਔਰ ਚਲੇ ਗਏ...।” ਕੁਝ ਦਿਨ ਮਾਹੌਲ ਖ਼ਰਾਬ ਰਿਹਾ। ਇੱਧਰੋਂ-ਉੱਧਰੋਂ ਫੋਨ ਆਉਂਦੇ ਰਹੇ, “... ਤੁਸੀਂ ਆਪਣੀ ਟਰਮ ਆਰਾਮ ਨਾਲ ਪੂਰੀ ਕਰੋ... ਕਾਹਦੇ ਲਈ ਟਕਰਾਅ ’ਚ ਪੈਣਾ...।” ਅਖ਼ੀਰ ਦੋ ਢਾਈ ਮਹੀਨੇ ਵਿੱਚ ਕੰਮਕਾਜ ਸੁਚਾਰੂ ਹੋ ਗਿਆ। ਕੋਈ ਪਿਆਰ ਨਾਲ, ਕੋਈ ਤਕਰਾਰ ਨਾਲ ਮੰਨ ਗਿਆ। ਠੀਕ ਦਸ ਵਜੇ ਬਾਬੂ ਲੋਕ ਕੁਰਸੀਆਂ ਮੱਲ ਲੈਂਦੇ। ਗਾਹਕਾਂ ਦੀ ਲੰਮੀ ਲਾਈਨ ਲੱਗਣ ਲੱਗ ਪਈ। ਜੀਪ ਦਾ ਡਰਾਈਵਰ ਦੁੱਧ ਚਿੱਟੀ ਵਰਦੀ ਪਾ, ਕੈਬਿਨ ਅੱਗੇ ਆ ਬੈਠਦਾ। ਸੁਰੱਖਿਆ ਕਰਮੀ ਵੀ ਚੁਸਤ-ਦਰੁਸਤ; ਆਏ ਗਏ ਨੂੰ ਸਲੂਟ ਮਾਰਦਾ। ਰੌਣਕ ਪਰਤ ਆਈ ਸੀ। ਇੱਕ ਨਵੀਂ ਪਿਰਤ ਸ਼ੁਰੂ ਕੀਤੀ। ਸਫ਼ਾਈ ਕਰਮਚਾਰੀ ਤੋਂ ਲੈ ਕੇ ਸੀਨੀਅਰ ਮੈਨੇਜਰ ਤੱਕ ਸਾਰੇ ਸਟਾਫ਼ ਮੈਂਬਰ ਇਕੱਠੇ ਇੱਕੋ ਟੇਬਲ ’ਤੇ ਦੁਪਹਿਰ ਦਾ ਖਾਣਾ ਖਾਣ ਲੱਗੇ। ਖ਼ੁਸ਼ੀਆਂ ਗ਼ਮੀਆਂ ਸਾਂਝੀਆਂ ਕਰਨੀਆਂ। ਹਰ ਮਹੀਨੇ ਸਟਾਫ਼ ਨੂੰ ਕਿਸੇ ਪਿਕਨਿਕ ਟੂਰ ’ਤੇ ਲਿਜਾਣ ਦਾ ਜ਼ਿੰਮਾ ਡਰਾਈਵਰ ਨੂੰ ਸੌਂਪ ਦਿੱਤਾ। ਵਧੀਆ ਗਾਹਕ ਸੇਵਾ ਦੇਣ ਵਾਲੇ ਕਰਮਚਾਰੀ ਨੂੰ ਸਨਮਾਨਿਤ ਕਰਨ ਦੀ ਰੀਤ ਨੇ ਮੁਕਾਬਲੇ ਦੀ ਭਾਵਨਾ ਪੈਦਾ ਕਰ ਦਿੱਤੀ। ਥੋੜ੍ਹੇ ਸਮੇਂ ਵਿੱਚ ਹੀ ਬੈਂਕ ਦਾ ਕਾਰੋਬਾਰ ਢਾਈ ਗੁਣਾ ਵਧ ਗਿਆ। ਮੇਰੀ ਤਿੰਨ ਸਾਲ ਦੀ ਟਰਮ ਪੂਰੀ ਹੋ ਗਈ ਸੀ। ਵਾਪਸ ਲੁਧਿਆਣੇ ਦੀ ਬਦਲੀ ਦਾ ਆਰਡਰ ਆ ਗਿਆ। ਵਿਦਾਇਗੀ ਵਾਲੇ ਦਿਨ ਬਰਾਂਚ ਪਹੁੰਚਿਆ। ਅੰਦਰ ਗਿਆ ਤਾਂ ਬਿਲਡਿੰਗ ਦੁਲਹਨ ਵਾਂਗ ਸਜਾਈ ਹੋਈ ਸੀ। ਸਟਾਫ਼ ਅਤੇ ਗਾਹਕਾਂ ਦੀ ਭਰਵੀਂ ਹਾਜ਼ਰੀ। ‘ਭੂਤਵਾੜਾ’ ਤਾਂ ਲੋਪ ਹੀ ਹੋ ਗਿਆ ਸੀ। ਇਲਾਕੇ ਦੇ ਮੋਹਤਬਰ ਦੁਲੀ ਰਾਮ ਦੇਸਾਈ ਨੇ ਬਦਲੇ ਹੋਏ ਖ਼ੁਸ਼ਨੁਮਾ ਮਾਹੌਲ ਨੂੰ ਦੇਖ ਇਸ ਵਰਤਾਰੇ ਦਾ ਭੇਤ ਜਾਣਨਾ ਚਾਹਿਆ। ਮੈਂ ਇਸ ਦਾ ਸਿਹਰਾ ਸਟਾਫ਼ ਦੀ ਲਗਨ ਅਤੇ ਆਪਸੀ ਭਾਈਚਾਰੇ ਸਿਰ ਬੰਨ੍ਹਿਆ। ਅਵਤਾਰ ਪਾਲ ਦਾ ਕਹਿਣਾ ਸੀ, “ਮੇਰਾ ਪੱਕਾ ਵਿਸ਼ਵਾਸ ਹੈ... ਇਹ ਚਮਤਕਾਰ ਬਾਹਰ ਬੈਠਦੀ ਮਾਤਾ ਦੀਆਂ ਨਿੱਤ ਮਿਲਦੀਆਂ ਅਸੀਸਾਂ ਕਰ ਕੇ ਹੋਇਆ ਹੈ।” ਅੰਤ ਵਿੱਚ ਧੰਨਵਾਦੀ ਸ਼ਬਦ ਕਹਿਣ ਦੀ ਜ਼ਿੰਮੇਵਾਰੀ ਮੁਲਾਜ਼ਮ ਨੇਤਾ ਦੀ ਸੀ: “ਮੈਂ ਇੱਕ ਹੋਰ ਰਾਜ਼ ਵੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ...।” ਸਭ ਦੀਆਂ ਸਵਾਲੀਆ ਨਜ਼ਰਾਂ ਉਸ ਵੱਲ ਉੱਠ ਗਈਆਂ। ਮੇਰੇ ਵੱਲ ਸ਼ਰਾਰਤੀ ਤੱਕਣੀ ਨਾਲ ਮੁਖਾਤਿਬ ਹੁੰਦਾ ਬੋਲਿਆ, “...ਅਸਲ ਵਿੱਚ ਉਹ ਰਾਜ਼ ਹੈ... ਤੁਹਾਡਾ ਲਾਇਆ ਪੰਜਾਬੀ ਤੜਕਾ...!” ਹਾਲ ਤਾੜੀਆਂ ਨਾਲ ਗੂੰਜ ਉੱਠਿਆ।

ਸਭਨਾਂ ਦੇ ਬੁੱਲ੍ਹਾਂ ਤੇ ਹਾਸੇ ਸਨ... ਪਰ ਅੱਖਾਂ ਨਮ!

ਸੰਪਰਕ: 89684-33500

Advertisement
Show comments