ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਰਦਾਰੀ ਕਾਇਮ
ਭਾਰਤ ਸਰਕਾਰ ਦੇ ਸਰਵੇਖਣ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਮੁੜ ਪਹਿਲੇ ਨੰਬਰ ਦੀ ਰਾਜ ਯੂਨੀਵਰਸਿਟੀ ਬਣ ਗਈ ਹੈ। ਮੁਲਕ ਵਿੱਚ ਕੋਈ 78 ਰਾਜ ਖੇਤੀ ਯੂਨੀਵਰਸਿਟੀਆਂ ਹਨ। ਪੀਏਯੂ ਕੇਵਲ ਮੁਲਕ ਦੀ ਹੀ ਸਭ ਤੋਂ ਵਧੀਆ ਯੂਨੀਵਰਸਿਟੀ ਨਹੀਂ ਸਗੋਂ ਇਸ ਦਾ ਸ਼ੁਮਾਰ ਸੰਸਾਰ ਦੀਆਂ ਚੋਟੀ ਦੀਆਂ 100 ਖੇਤੀ ਸੰਸਥਾਵਾਂ ਵਿੱਚ (93ਵਾਂ) ਹੋ ਗਿਆ ਹੈ। ਜਦੋਂ ਤੋਂ ਯੂਨੀਵਰਸਿਟੀ ਹੋਂਦ ਵਿੱਚ ਆਈ ਹੈ, ਇਸ ਨੇ ਸਰਦਾਰੀ ਬਰਕਰਾਰ ਰੱਖੀ ਹੈ। ਇਸ ਦੀ ਸਥਾਪਨਾ 1962 ਵਿੱਚ ਹੋਈ; ਰਸਮੀ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 8 ਜੁਲਾਈ 1963 ਨੂੰ ਕੀਤਾ। ਇਹ ਮੁਲਕ ਵਿੱਚ ਬਣਨ ਵਾਲੀ ਦੂਜੀ ਖੇਤੀ ਯੂਨੀਵਰਸਿਟੀ ਸੀ; ਪਹਿਲੀ ਯੂਨੀਵਰਸਿਟੀ ਯੂਪੀ ਵਿੱਚ ਪੰਤ ਨਗਰ ਵਿੱਚ ਬਣੀ ਸੀ। ਇਸ ਨੂੰ ਬਣਾਉਣ ਵਾਲੇ ਉਦੋਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸਨ। ਉਨ੍ਹਾਂ ਬਿਨਾਂ ਕਿਸੇ ਸਿਆਸੀ ਦਖਲਅੰਦਾਜ਼ੀ ਦੇ ਇਸ ਨੂੰ ਵਧਣ ਫੁੱਲਣ ਵਿੱਚ ਪੂਰੀ ਖੁੱਲ੍ਹ ਦਿੱਤੀ। ਯੂਨੀਵਰਸਿਟੀ ਨੂੰ ਪਹਿਲੇ ਨੰਬਰ ਉਤੇ ਰੱਖਣ ਵਿੱਚ ਭਾਵੇਂ ਵਿਗਿਆਨੀਆਂ ਤੇ ਕਰਮਚਾਰੀਆਂ ਦੀ ਮਿਹਨਤ ਜ਼ਿੰਮੇਵਾਰ ਹੈ ਪਰ ਸੁਚੱਜੀ ਅਗਵਾਈ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ।
ਯੂਨੀਵਰਸਿਟੀ ਨੂੰ ਚੋਟੀ ’ਤੇ ਰੱਖਣ ਵਾਲੇ ਜਿਨ੍ਹਾਂ ਪ੍ਰਬੰਧਕਾਂ ਨੇ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਪੀਐੱਨ ਥਾਪਰ ਸਨ, ਉਹ ਆਈਸੀਐੱਸ ਅਫਸਰ ਸਨ। ਉਦੋਂ ਯੂਨੀਵਰਸਿਟੀ ਦੇ ਤਿੰਨ ਕੇਂਦਰ ਸਨ: ਲੁਧਿਆਣਾ, ਹਿਸਾਰ ਤੇ ਪਾਲਮਪੁਰ ਅਤੇ ਇੱਕੋ-ਇੱਕ ਖੇਤੀ ਕਾਲਜ ਸੀ। ਸਾਂਝੇ ਪੰਜਾਬ ਦਾ ਖੇਤੀ ਕਾਲਜ ਲਾਇਲਪੁਰ ਵਿੱਚ ਬਣਿਆ ਸੀ ਜਿਹੜਾ ਮੁਲਕ ਵਿੱਚ ਬਣਨ ਵਾਲੇ ਪਹਿਲੇ 4 ਕਾਲਜਾਂ ਵਿੱਚੋਂ ਸੀ। ਸ੍ਰੀ ਥਾਪਰ ਨੇ ਦੋ ਨਵੇਂ ਕਾਲਜ ਖੋਲ੍ਹੇ: ਖੇਤੀ ਇੰਜਨੀਅਰਿੰਗ ਕਾਲਜ ਅਤੇ ਹੋਮ ਸਾਇੰਸ ਕਾਲਜ।
ਉਨ੍ਹਾਂ ਪਿੱਛੋਂ ਅਕਤੂਬਰ 1968 ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਨੇ ਯੂਨੀਵਰਸਿਟੀ ਦੀ ਵਾਗਡੋਰ ਸੰਭਾਲੀ। ਉਹ ਵੀ ਆਈਸੀਐੱਸ ਅਫਸਰ ਸਨ। ਸ੍ਰੀ ਥਾਪਰ ਦੀ ਬਣਾਈ ਮਜ਼ਬੂਤ ਨੀਂਹ ਉਤੇ ਉਨ੍ਹਾਂ ਵਿਸ਼ਾਲ ਉਸਾਰੀ ਕਰਵਾਈ। ਉਨ੍ਹਾਂ ਦੋ ਨਵੇਂ ਕਾਲਜ ਬਣਾਏ: ਬੇਸਿਕ ਸਾਇੰਸਿਜ਼ ਅਤੇ ਵੈਟਨਰੀ ਕਾਲਜ। ਕਿਸਾਨਾਂ ਦੀ ਸਿਖਲਾਈ ਅਤੇ ਰਿਹਾਇਸ਼ ਲਈ ਕਿਸਾਨ ਘਰ ਦੀ ਉਸਾਰੀ ਕਰਵਾਈ। ਉਤਰੀ ਭਾਰਤ ਦੇ ਪਾਣੀਆਂ ਨੂੰ ਦਰਸਾਉਂਦਾ ਡਾ. ਉਪਲ ਤੋਂ ਅਜਾਇਬ ਘਰ ਬਣਵਾਇਆ। ਖੂਬਸੂਰਤ ਲਾਇਬ੍ਰੇਰੀ ਬਣਾਈ ਜਿਸ ਨੂੰ ਭਾਰਤ ਵਿੱਚ ਨਹੀਂ, ਸੰਸਾਰ ਵਿੱਚ ਵਧੀਆ ਲਾਇਬ੍ਰੇਰੀ ਮੰਨਿਆ ਗਿਆ ਹੈ। ਪੇਂਡੂ ਵਿਰਸੇ ਨੂੰ ਸੰਭਾਲਣ ਲਈ ਅਜਾਇਬ ਘਰ ਬਣਾਇਆ। ਤਿੰਨ ਨਵੇਂ ਕੋਰਸ- ਖੇਤੀ ਪੱਤਰਕਾਰੀ, ਬਿਜਨਸ ਪ੍ਰਬੰਧ ਅਤੇ ਬੀਐੱਡ ਸ਼ੁਰੂ ਕੀਤੇ। ਡਾ. ਰੰਧਾਵਾ ਦੀ ਸਿਹਤ ਖਰਾਬ ਹੋ ਗਈ ਤੇ ਉਹ 4 ਮਹੀਨੇ ਲਈ ਛੁੱਟੀ ਚਲੇ ਗਏ। ਉਨ੍ਹਾਂ ਦੀ ਥਾਂ ਡਾ. ਕੇ ਕ੍ਰਿਪਾਲ ਸਿੰਘ ਜਿਹੜੇ ਡੀਨ (ਪੀਜੀ) ਅਤੇ ਪਸਾਰ ਸਿੱਖਿਆ ਦੇ ਪਹਿਲੇ ਡਾਇਰੈਕਟਰ ਸਨ, ਨੂੰ ਵਾਈਸ ਚਾਂਸਲਰ ਬਣਾਇਆ ਗਿਆ। ਉਨ੍ਹਾਂ ਯੂਨੀਵਰਸਿਟੀ ਦਾ ਪਸਾਰ ਢਾਂਚਾ ਮਜ਼ਬੂਤ ਕੀਤਾ। ਉਨ੍ਹਾਂ ਵੇਲੇ ਹੀ ਕਿਸਾਨ ਮੇਲੇ ਸ਼ੁਰੂ ਹੋਏ। ਉਨ੍ਹਾਂ ਬਾਗਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਇਸ ਪਿੱਛੋਂ ਦਸੰਬਰ 1976 ਨੂੰ ਯੂਨੀਵਰਸਿਟੀ ਦੀ ਵਾਗਡੋਰ ਡਾ. ਅਮਰੀਕ ਸਿੰਘ ਚੀਮਾ ਨੇ ਸੰਭਾਲੀ। ਉਹ ਪੰਜਾਬ ਦੇ ਡਾਇਰੈਕਟਰ ਖੇਤੀਬਾੜੀ, ਭਾਰਤ ਸਰਕਾਰ ਦੇ ਖੇਤੀ ਕਮਿਸ਼ਨਰ ਤੇ ਏਸ਼ੀਆ ਬੈਂਕ ਦੇ ਮਾਹਿਰ ਵੱਲੋਂ ਸੇਵਾ ਨਿਭਾਅ ਚੁੱਕੇ ਸਨ। ਖੇਤੀ ਵਿਕਾਸ ਵਿੱਚ ਪਾਏ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਸੀ। ਉਨ੍ਹਾਂ ਜਿਥੇ ਯੂਨੀਵਰਸਿਟੀ ਦੀ ਖੋਜ ਨੂੰ ਵਧੇਰੇ ਕਿਸਾਨ ਪੱਖੀ ਬਣਾਇਆ, ਉਥੇ ਕਿਸਾਨਾਂ ਨਾਲ ਸਬੰਧ ਵੀ ਮਜ਼ਬੂਤ ਕੀਤੇ। ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਨੌਜਵਾਨ ਕਿਸਾਨਾਂ ਦੀ ਨੌਜਵਾਨ ਕਿਸਾਨ ਸੰਸਥਾ ਬਣਾਈ। ਪਟਿਆਲੇ ਲਾਗੇ ਰੌਣੀ ਖੋਜ ਕੇਂਦਰ ਬਣਾਇਆ। ਫ਼ਰੀਦਕੋਟ ਵਿੱਚ ਖੇਤਰੀ ਖੋਜ ਕੇਂਦਰ ਅਤੇ ਬੀਜ ਫਾਰਮ ਬਣਾਏ। ਯੂਨੀਵਰਸਿਟੀ ਵਿੱਚ ਰਿਹਾਇਸ਼ ਸਹੂਲਤਾਂ ਦੇ ਵਾਧੇ ਲਈ ਹਾਥੀ ਕੰਪਲੈਕਸ ਦੇ ਨਾਮ ਹੇਠ ਫਲੈਟ ਬਣਾਏ। ਯੂਨੀਵਰਸਿਟੀ ਵਿੱਚ ਨਵੀਆਂ ਆਸਾਮੀਆਂ ਅਤੇ ਹੋਰ ਸਹੂਲਤਾਂ ਵਿੱਚ ਵਾਧਾ ਕੀਤਾ। ਮਾਰਚ 1981 ਵਿੱਚ ਡਾ. ਚੀਮਾ ਦਾ ਕਾਰਜਕਾਲ ਪੂਰਾ ਹੋਣ ਪਿੱਛੋਂ 6 ਮਹੀਨੇ ਮੁਖੀ ਦੀ ਨਿਯੁਕਤੀ ਨਹੀਂ ਹੋਈ, ਇਹ ਜ਼ਿੰਮੇਵਾਰੀ ਆਈਏਐੱਸ ਆਈਸੀ ਪੁਰੀ ਨੂੰ ਸੌਂਪੀ ਗਈ। ਉਦੋਂ ਅਧਿਆਪਕ ਅੰਦੋਲਨ ਚੱਲ ਰਿਹਾ ਸੀ। ਸ੍ਰੀ ਪੁਰੀ ਨੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨਾਲ ਮੀਟਿੰਗਾਂ ਕਰ ਕੇ ਸਾਰੀਆਂ ਮਾਇਕ ਔਕੜਾਂ ਦੂਰ ਕੀਤੀਆਂ। ਅਧਿਆਪਕ ਅੰਦੋਲਨ ਦੀ ਸਮਾਪਤੀ ਹੋਈ ਅਤੇ ਉਨ੍ਹਾਂ ਦੀ ਮੁੱਖ ਮੰਗ ਪ੍ਰਮੋਸ਼ਨ ਪਾਲਿਸੀ ਮੰਨੀ ਗਈ।
ਨਵੰਬਰ 1981 ਨੂੰ ਡਾ. ਸੁਖਦੇਵ ਸਿੰਘ ਨੂੰ ਵਾਈਸ ਚਾਂਸਲਰ ਬਣਾਇਆ ਗਿਆ। ਉਨ੍ਹਾਂ ਦੋ ਪਾਰੀਆਂ ਪੂਰੀਆਂ ਕੀਤੀਆਂ, ਉਮਰ ਕਾਰਨ ਤੀਜੀ ਪਾਰੀ ਤੋਂ ਨਾਂਹ ਕੀਤੀ। ਉਨ੍ਹਾਂ ਦਾ ਸਮਾਂ ਪੰਜਾਬ ਵਿੱਚ ਅਤਿਵਾਦ ਦਾ ਸਮਾਂ ਸੀ। ਹੜਤਾਲਾਂ, ਧਰਨੇ ਆਮ ਸਨ ਪਰ ਉਨ੍ਹਾਂ ਆਪਣੀ ਸੂਝ-ਬੂਝ ਨਾਲ ਯੂਨੀਵਰਸਿਟੀ ਦਾ ਕੰਮ ਸੁਚਾਰੂ ਰੂਪ ਵਿੱਚ ਅੱਗੇ ਤੋਰਿਆ। ਉਹ ਗੰਨਾ ਖੋਜ ਮਾਹਿਰ ਸਨ। ਉਨ੍ਹਾਂ ਦੀ ਵਿਕਸਤ ਕਿਸਮ ਸੀਓਜੇ 64 ਹੁਣ ਤੱਕ ਕਾਸ਼ਤ ਕੀਤੀ ਜਾ ਰਹੀ ਹੈ। ਕੰਢੀ ਇਲਾਕੇ ਦੀ ਖੇਤੀ ਦੇ ਵਿਕਾਸ ਲਈ ਉਨ੍ਹਾਂ ਕੰਢੀ ਖੋਜ ਕੇਂਦਰ ਬਣਾਇਆ। ਡਾ. ਸੁਖਦੇਵ ਸਿੰਘ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਅਮਰੀਕਾ ਗਏ। ਉਨ੍ਹਾਂ ਦੀ ਥਾਂ ਡਾ. ਸਰਦਾਰਾ ਸਿੰਘ ਜੌਹਲ ਨੂੰ ਉਪ ਕੁਲਪਤੀ ਬਣਾਇਆ ਗਿਆ। ਉਨ੍ਹਾਂ ਦੋ ਮਹੀਨਿਆਂ ’ਚ ਪੁਰਾਣੇ ਸਾਰੇ ਕੇਸਾਂ ਦਾ ਨਿਬੇੜਾ ਕੀਤਾ ਤੇ ਯੂਨੀਵਰਸਿਟੀ ਵਿੱਚ ਦਾਖਲੇ ਲਈ ਟੈਸਟ ਲਾਗੂ ਕੀਤਾ।
ਡਾ. ਖੇਮ ਸਿੰਘ ਗਿੱਲ ਯੂਨੀਵਰਸਿਟੀ ਵਿੱਚ ਸਭ ਤੋਂ ਵੱਧ ਅਹੁਦਿਆਂ ’ਤੇ ਕੰਮ ਕਰਨ ਵਾਲੇ ਵਿਗਿਆਨੀ ਬਣੇ। ਜਨਵਰੀ 1990 ਨੂੰ ਉਹ ਵਾਈਸ ਚਾਂਸਲਰ ਬਣੇ। ਉਹ ਪੌਦ ਵਿਗਿਆਨੀ ਸਨ। ਉਨ੍ਹਾਂ ਬਾਜਰਾ, ਤੇਲ ਬੀਜ, ਕਣਕ ਤੇ ਕਈ ਹੋਰ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਵਿਕਸਤ ਕੀਤੀਆਂ ਪਰ ਸਭ ਤੋਂ ਵਧ ਪ੍ਰਸਿੱਧੀ ਕਣਕ ਉਤੇ ਖੋਜ ਕਰ ਕੇ ਹੋਈ। ਉਨ੍ਹਾਂ ਦੀ ਵਿਕਸਤ ਕਿਸਮ ਪੀਬੀਡਬਲਿਊ 711 ਬਹੁਤ ਪ੍ਰਸਿੱਧ ਹੋਈ।
ਜਨਵਰੀ 1994 ਨੂੰ ਪੌਦ ਮਾਹਿਰ ਡਾ. ਅਮਰਜੀਤ ਸਿੰਘ ਖਹਿਰਾ ਵੀਸੀ ਬਣੇ। ਉਹ ਹੇਠਲੇ ਡੰਡੇ ਤੋਂ ਨੌਕਰੀ ਸ਼ੁਰੂ ਕਰ ਕੇ ਟੀਸੀ ਉਤੇ ਪੁੱਜੇ। ਉਨ੍ਹਾਂ ਦਾ ਬਹੁਤਾ ਕਾਰਜਕਾਲ ਮੱਕੀ ਉਤੇ ਖੋਜ ਕਰਨ ਵਿਚ ਬੀਤਿਆ। ਉਨ੍ਹਾਂ ਮੱਕੀ ਦੀਆਂ ਕਈ ਵਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜਿਨ੍ਹਾਂ ਵਿੱਚੋਂ ਅਗੇਤੀ 76, ਪਰਤਾਪ, ਸੰਗਮ, ਨਵਜੋਤ, ਸਰਤਾਜ, ਪ੍ਰਭਾਤ, ਜੇ 1006, ਮੇਘਾ, ਕੇਸਰੀ, ਪ੍ਰਕਾਸ਼, ਪਰਲ ਪੋਪਕਾਰਨ ਮੁੱਖ ਹਨ। ਇਹ ਕਿਸਮਾਂ ਹੋਰ ਸੂਬਿਆਂ ਵਿਚ ਵੀ ਪ੍ਰਚਲਿਤ ਹੋਈਆਂ।
ਯੂਨੀਵਰਸਿਟੀ ਦੇ ਅਗਲੇ ਮੁਖੀ ਡਾ. ਗੁਰਚਰਨ ਸਿੰਘ ਕਾਲਕਟ ਬਣੇ। ਉਨ੍ਹਾਂ ਅਪਰੈਲ 1998 ਨੂੰ ਅਹੁਦਾ ਸੰਭਾਲਿਆ। ਉਨ੍ਹਾਂ ਦੀ ਪੰਜਾਬ ਦੇ ਖੇਤੀ ਵਿਕਾਸ ਵਿੱਚ ਅਹਿਮ ਭੂਮਿਕਾ ਹੈ। ਉਹ ਪੰਜਾਬ ਕਿਸਾਨ ਕਮਿਸ਼ਨ ਦੇ ਮੁਢਲੇ ਚੇਅਰਮੈਨ ਸਨ।
ਡਾ. ਕ੍ਰਿਪਾਲ ਸਿੰਘ ਔਲਖ ਵਾਈਸ ਚਾਂਸਲਰ ਦੀ ਕੁਰਸੀ ’ਤੇ ਅਪਰੈਲ 2001 ਨੂੰ ਬਿਰਾਜਮਾਨ ਹੋਏ। ਉਨ੍ਹਾਂ ਆਰਥਿਕ ਤੇ ਪ੍ਰਬੰਧਕੀ ਸੁਧਾਰਾਂ ਦੀ ਮੁਹਿੰਮ ਸ਼ੁਰੂ ਕੀਤੀ। ਇੱਕੋ ਤਰ੍ਹਾਂ ਦਾ ਕੰਮ ਕਰਨ ਵਾਲੇ ਵਿਭਾਗ ਇਕੱਠੇ ਕੀਤੇ, ਵਾਧੂ ਅਸਾਮੀਆਂ ਖ਼ਤਮ ਕੀਤੀਆਂ। ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿਦੇਸ਼ੀ ਯੂਨੀਵਰਸਿਟੀਆਂ ਤੇ ਸੰਸਥਾਵਾਂ ਨਾਲ ਕੰਮਕਾਜੀ ਸਾਂਝ ਵਧਾਉਣ ਲਈ ਸਮਝੌਤੇ ਹੋਏ, ਕੇਂਦਰ ਸਰਕਾਰ ਨੇ ਯੂਨੀਵਰਸਿਟੀ ਨੂੰ 100 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ, ਰਾਸ਼ਟਰਪਤੀ ਡਾ. ਅਬਦੁਲ ਕਲਾਮ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਦੇਖਣ ਆਏ।
ਡਾ. ਔਲਖ ਪਿੱਛੋਂ ਡਾ. ਮਨਜੀਤ ਸਿੰਘ ਕੰਗ ਨੇ 30 ਅਪਰੈਲ 2007 ਨੂੰ ਯੂਨੀਵਰਸਿਟੀ ਦੀ ਵਾਗਡੋਰ ਸੰਭਾਲੀ। ਅਮਰੀਕਾ ਵਿੱਚ ਉਨ੍ਹਾਂ ਕਈ ਯੂਨੀਵਰਸਿਟੀਆਂ ’ਚ ਖੋਜ ਅਤੇ ਅਧਿਆਪਨ ਕਾਰਜ ਕੀਤਾ। ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਅਮਰੀਕਨ ਸੁਸਾਇਟੀ ਆਫ ਐਗਰੌਨੋਮੀ ਅਤੇ ਕਰਾਪ ਸਾਇੰਸ ਆਫ ਅਮਰੀਕਾ ਨੇ ਉਨ੍ਹਾਂ ਨੂੰ ਫੈਲੋਸ਼ਿਪ ਦਿੱਤੀ।
ਡਾ. ਕੰਗ ਪਿੱਛੋਂ ਡਾ. ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੀ ਵਾਗਡੋਰ ਜੂਨ 2011 ਨੂੰ ਸੰਭਾਲੀ। ਉਹ 10 ਸਾਲ ਵੀਸੀ ਰਹੇ। ਪੰਜਾਬ ਦੀ ਖੇਤੀ ਵਿੱਚ ਆਈ ਖੜੋਤ ਤੋੜਨ ਲਈ ਉਹ ਦਿਨ ਰਾਤ ਯਤਨਸ਼ੀਲ ਰਹੇ। ਉਨ੍ਹਾਂ ਦੀ ਮੱਕੀ ਖੋਜ ਨੂੰ ਵਿਸ਼ਵ ਪੱਧਰ ਉਤੇ ਮਾਨਤਾ ਮਿਲੀ। ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਸਨਅਤੀ ਇਕਾਈਆਂ ਨਾਲ ਸਮਝੌਤੇ ਕੀਤੇ ਗਏ।
ਮੌਜੂਦਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹ ਅਹੁਦਾ 19 ਅਗਸਤ 2022 ਨੂੰ ਸੰਭਾਲਿਆ। ਸੂਬੇ ਵਿੱਚ ਆ ਰਹੀ ਪਾਣੀ ਦੀ ਕਮੀ ਨੂੰ ਦੇਖਦਿਆਂ ਉਹ ਘੱਟ ਸਮੇਂ ਅਤੇ ਘੱਟ ਪਾਣੀ ਨਾਲ ਤਿਆਰ ਹੋਣ ਵਾਲੀਆਂ ਕਿਸਮਾਂ ਵਿਕਸਤ ਕਰਨ ਲਈ ਉਤਸ਼ਾਹਤ ਕਰ ਰਹੇ ਹਨ।
ਸੰਪਰਕ: 94170-87328