DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਣਮੱਤੀ

ਸਵਰਨ ਸਿੰਘ ਭੰਗੂ ਉਹ ਤੰਦਰੁਸਤ ਰਹੇ ਅਤੇ ਵਧੀਆ ਜੀਵਨ ਜੀਵੇ... ਉਹਦੇ ਲਈ ਮੇਰੀ ਇਹ ਕਾਮਨਾ ਹਮੇਸ਼ਾ ਰਹਿੰਦੀ ਹੈ। ਹੁਣ ਤੱਕ ਉਹਨੇ 90 ਫੀਸਦੀ ਅੰਕਾਂ ਨਾਲ ਗਣਿਤ ਦੀ ਮਾਸਟਰ ਡਿਗਰੀ ਲੈਣ ਪਿੱਛੋਂ ਬੀਐੱਡ ਅਤੇ ਸੀ ਟੈੱਟ ਕਰ ਕੇ ਅਧਿਆਪਨ ਯੋਗਤਾ ਵੀ...
  • fb
  • twitter
  • whatsapp
  • whatsapp
Advertisement

ਸਵਰਨ ਸਿੰਘ ਭੰਗੂ

ਹ ਤੰਦਰੁਸਤ ਰਹੇ ਅਤੇ ਵਧੀਆ ਜੀਵਨ ਜੀਵੇ... ਉਹਦੇ ਲਈ ਮੇਰੀ ਇਹ ਕਾਮਨਾ ਹਮੇਸ਼ਾ ਰਹਿੰਦੀ ਹੈ। ਹੁਣ ਤੱਕ ਉਹਨੇ 90 ਫੀਸਦੀ ਅੰਕਾਂ ਨਾਲ ਗਣਿਤ ਦੀ ਮਾਸਟਰ ਡਿਗਰੀ ਲੈਣ ਪਿੱਛੋਂ ਬੀਐੱਡ ਅਤੇ ਸੀ ਟੈੱਟ ਕਰ ਕੇ ਅਧਿਆਪਨ ਯੋਗਤਾ ਵੀ ਹਾਸਲ ਕਰ ਲਈ ਹੈ। ਉਹਨੇ ਸਾਡੀ ਸਿੱਖਿਆ ਸੰਸਥਾ ਤੋਂ +2 (ਨਾਨ ਮੈਡੀਕਲ) ਵਿੱਚੋਂ 84 ਫੀਸਦੀ ਲਏ ਸਨ। ਫਿਰ ਮੈਂ ਉਹਨੂੰ ਇਲਾਕੇ ਦੇ ਇੱਕ ਵੱਕਾਰੀ ਕਾਲਜ ਵਿੱਚ ਦਾਖ਼ਲ ਕਰਾ ਦਿੱਤਾ ਸੀ। ਇੱਕ ਹੱਦ ਤੋਂ ਬਾਅਦ ਉਹ ਮੇਰੇ ’ਤੇ ਨਿਰਭਰ ਨਹੀਂ ਸੀ ਰਹੀ। ਉਹਨੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ ਕੁਝ ਸੰਗਠਨਾਂ ਨਾਲ ਸੰਪਰਕ ਬਣਾ ਕੇ ਆਪਣੇ ਖਰਚ/ਵਸੀਲੇ ਪੈਦਾ ਕਰ ਲਏ ਸਨ। ਉਹਨੇ 2020 ਵਿੱਚ 76 ਫੀਸਦੀ ਅੰਕ ਲੈ ਕੇ ਬੀਐੱਸਸੀ (ਨਾਨ ਮੈਡੀਕਲ) ਕਰ ਲਈ ਸੀ। ਇੱਕ ਹੱਦ ’ਤੇ ਜਾ ਕੇ ਉਹਨੇ ਫੋਨ ਕੀਤਾ ਸੀ, “ਮੈਂ ਮਨਪ੍ਰੀਤ ਬੋਲਦੀ ਆਂ ਸਰ, ਇੱਕ ਖੁਸ਼ਖਬਰੀ ਦੇਣੀ ਸੀ... ਮੈਂ ਐੱਮਐੱਸਸੀ (ਮੈਥਸ) ਕਰ ਲਈ ਐ।”

Advertisement

“ਤੂੰ ਸਾਡਾ ਮਾਣ ਹੈਂ ਧੀਏ, ਕਦੇ ਵੀ ਅਸੀਂ ਤੇਰੇ ਕੰਮ ਆ ਸਕੀਏ ਤਾਂ ਬੇਝਿਜਕ ਦੱਸੀਂ।”

ਉਹਨੂੰ ਮੁਫਤ ਪੜ੍ਹਾਉਣ ਦੀ ਸਿਫ਼ਾਰਸ਼ ਉਹਦੇ ਪਿੰਡ ਪੜ੍ਹਾਉਂਦੀ ਰਹੀ ਮੇਰੀ ਭੈਣ ਜੀ ਨੇ ਕੀਤੀ ਸੀ- “ਵੀਰ ਜੀ, ਇੱਕ ਕੁੜੀ ਹੈ ਲੋੜਵੰਦ ਪਰਿਵਾਰ ਦੀ, ਬਹੁਤ ਹੁਸ਼ਿਆਰ। ਇਹਦੀ ਵੱਡੀ ਭੈਣ ਵੀ ਹੁਸ਼ਿਆਰ ਸੀ, ਉਹ ਕਿਸੇ ਰੋਗ ਕਾਰਨ ਪੜ੍ਹਦਿਆਂ ਹੀ ਮਰ ਗਈ ਸੀ...ਇਹਦੇ ਸਿਰ ’ਤੇ ਪਿਓ ਦਾ ਸਾਇਆ ਵੀ ਨਹੀਂ। ਮਿਹਨਤੀ ਮਾਂ ਇੱਕ ਮੱਝ ਦਾ ਥੋੜ੍ਹਾ ਜਿਹਾ ਦੁੱਧ ਵੇਚ ਕੇ ਘਰ ਦਾ ਖਰਚ ਚਲਾਉਂਦੀ ਹੈ... ਇਹ ਪੁੰਨ ਦਾ ਕੰਮ ਹੋਊਗਾ ਵੀਰ ਜੀ... ਇਸ ਸੇਵਾ ਵਿੱਚ ਮੈਂ ਵੀ ਤੁਹਾਡਾ ਹਿੱਸਾ ਬਣਾਂਗੀ।” ਸੁਣਦਿਆਂ ਅੱਖ ਭਰ ਆਈ ਸੀ, ਜਿ਼ਹਨ ਦੇ ਪਰਦੇ ’ਤੇ ਮਾਂ ਅਤੇ ਧੀ ਦੇ ਬਿੰਬ ਉੱਭਰ ਆਏ ਸਨ। “ਬਿਲਕੁੱਲ ਭੈਣ ਜੀ, ਭੇਜ ਦਿਓ।”

ਅਗਲੇ ਹੀ ਦਿਨ ਦਿੱਖ ਤੋਂ ਹੀ ਮਿਹਨਤ ਅਤੇ ਸਬਰ ਦਾ ਮੁਜੱਸਮਾ ਲੱਗਦੀ ਮਾਂ, ਆਪਣੀ ਧੀ ਨੂੰ ਲੈ ਕੇ ਹਾਜ਼ਰ ਸੀ।

ਅਪਰੈਲ 2010 ਵਿੱਚ 6ਵੀਂ ਵਿੱਚ ਦਾਖ਼ਲਾ ਲੈ ਕੇ ਕੁੜੀ ਨੇ ਸਾਰੇ ਅਧਿਆਪਕਾਂ ਵਿੱਚ ਅਤੇ ਸਕੂਲ ਦੀਆਂ ਅਸੈਂਬਲੀਆਂ ਵਿੱਚ ਖ਼ੁਦ ਲਿਖੀਆਂ ਲੰਮੀਆਂ ਕਵਿਤਾਵਾਂ ਜ਼ੁਬਾਨੀ ਸੁਣਾ ਕੇ ਆਪਣੀ ਥਾਂ ਬਣਾ ਲਈ ਸੀ। ਉਹ ਲਾਇਬ੍ਰੇਰੀ ਨਾਲ ਵੀ ਜੁੜੀ ਰਹੀ, ਖੇਡਾਂ ਦਾ ਵੀ ਹਿੱਸਾ ਬਣਦੀ ਰਹੀ ਤੇ ਹਰ ਕਲਾਸ ਵਿੱਚ 80 ਫੀਸਦੀ ਤੋਂ ਵੱਧ ਨੰਬਰ ਲੈਂਦੀ ਰਹੀ।

25 ਨਵੰਬਰ 2012 ਨੂੰ ਜਦੋਂ ਉਹ 8ਵੀਂ ਵਿੱਚ ਪੜ੍ਹਦੀ ਸੀ, ਮੈਂ ਸਹਿਜ-ਭਾਅ ਹੀ ਪ੍ਰਿੰਸੀਪਲ ਨੂੰ ਮਨਪ੍ਰੀਤ ਬਾਰੇ ਪੁੱਛ ਲਿਆ। ਮੈਨੂੰ ਦੱਸਿਆ ਗਿਆ ਕਿ ਸ਼ੂਗਰ ਰੋਗ ਕਾਰਨ ਉਹ ਪੀਜੀਆਈ ਦਾਖ਼ਲ ਹੈ। ਜਦੋਂ ਘਰ ਵਾਪਸ ਪਰਤੀ ਤਾਂ ਅਗਲੇ ਦਿਨ ਸਵੇਰੇ ਹੀ ਉਹਨੂੰ ਉਹਦੇ ਪਿੰਡ ਜਾ ਮਿਲਿਆ ਸਾਂ। ਪਤਾ ਲੱਗਾ ਤਾਂ ਮਨ ਬੇਹੱਦ ਮਾਯੂਸ ਹੋਇਆ ਸੀ, ਉਹਦੀ ਸ਼ੂਗਰ ਗ੍ਰੰਥੀ (ਪੈਂਕਰਿਅਸ) ਨੇ ਕੰਮ ਛੱਡ ਦਿੱਤਾ ਸੀ। ਹੁਣ ਤੋਂ ਬਾਅਦ ਉਹਨੂੰ ਭਰ ਜ਼ਿੰਦਗੀ ਹਰ ਰੋਜ਼ ਤਿੰਨ ਵੇਲੇ ਢਿੱਡ ਵਿੱਚ ਟੀਕੇ ਦੁਆਰਾ ਪਹੁੰਚਾਈ ਜਾਣ ਵਾਲੀ ਇੰਸੂਲੀਨ ਦੇ ਸਹਾਰੇ ਜਿਊਣਾ ਪੈਣਾ ਸੀ। ਘਰ ਦੀ ਹਾਲਤ ਦੇਖ ਕੇ ਮਨ ਵਿੱਚ ‘ਓ...ਹੋ, ਇਹ ਸਰੀਰਕ ਪੀੜਾਂ ਵੀ ਗ਼ਰੀਬਾਂ ਦੇ ਹੀ ਹਿੱਸੇ ਆਉਂਦੀਆਂ’ ਉੱਭਰਿਆ ਸੀ। ਸਿੱਲ੍ਹਾ ਬਾਲਣ, ਧੂੰਆਂ ਹੀ ਧੂੰਆਂ, ਚੁੱਲ੍ਹੇ ’ਤੇ ਬਣਦੀ ਚਾਹ, ਮੈਂ ਇਹ ਸਭ ਦੇਖ ਕੇ ਅਤੇ ਘਰ ਦੀਆਂ ਜਰਜਰ ਕੰਧਾਂ ਦੇਖ ਕੇ ਪ੍ਰੇਸ਼ਾਨ ਹੋਇਆ ਕਿ 21ਵੀਂ ਸਦੀ ਨੂੰ ਪਿੰਡਾਂ, ਬਸਤੀਆਂ ਵਿਚਲੇ ਅਜਿਹੇ ਪਰਿਵਾਰਾਂ ਦੇ ਸ਼ੀਸ਼ੇ ਵਿੱਚੋਂ ਦੇਖਣਾ ਚਾਹੀਦਾ ਹੈ। ਅੱਖ ਭਰੀ, ਜੇਬ ਫਰੋਲੀ, 2 ਹਜ਼ਾਰ ਨਿੱਕਲਿਆ, ਇਲਾਜ ਲਈ ਭੈਣ ਜੀ ਦੇ ਹੱਥ ਧਰ ਆਇਆ ਸਾਂ। ਸਕੂਲ ਪਹੁੰਚਾ, ਸਵੇਰ ਦੀ ਅਸੈਂਬਲੀ ਹੋ ਰਹੀ ਸੀ, ਭਰੇ ਮਨ ਨਾਲ ‘ਵਾਹ ਲੱਗਦੀ ਬਚਾਉਣੈ ਆਪਾਂ ਕੁੜੀ ਨੂੰ’ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਅੱਗੇ ਇਸ ਬਿਮਾਰ ਧੀ ਦਾ ਕੇਸ ਰੱਖਿਆ ਸੀ। ਪਸੀਜੇ ਵਿਦਿਆਰਥੀਆਂ ਨੇ ਉਸ ਦਿਨ ਦਾ ਜੇਬ ਖਰਚ ਢੇਰੀ ਕਰ ਦਿੱਤਾ ਸੀ। ਸਟਾਫ ਨੇ ਭਰਵਾਂ ਯੋਗਦਾਨ ਦਿੱਤਾ। ਮਿਹਰਬਾਨਾਂ ਅੱਗੇ ਪੱਲਾ ਅੱਡ ਕੇ ਅਸੀਂ ਇਸ ਧੀ ਲਈ ‘ਰੱਖਿਅਕ ਫੰਡ’ ਬਣਾਇਆ ਸੀ। ਅਸੀਂ ਸੰਸਥਾ ਵੱਲੋਂ ਉਸ ਦੇ ਇਲਾਜ ਖਰਚਿਆਂ ਦਾ ਫੈਸਲਾ ਕੀਤਾ ਸੀ।

ਪਹਿਲੀ ਦਸੰਬਰ 2012 ਨੂੰ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਅਤੇ ਲਗਾਤਾਰ ਰਾਬਤੇ ਲਈ ਮੋਬਾਈਲ ਲੈ ਕੇ ਦਿੱਤਾ। ਮੁੜ ਪੜ੍ਹਨ ਲੱਗੀ ਤਾਂ ਉਹਦੀ ਜ਼ਿੰਮੇਵਾਰੀ ਹੁਣ ਪੜ੍ਹਾਈ ਦੇ ਨਾਲ-ਨਾਲ ਸਿਹਤ ਸੰਭਾਲ ਦੀ ਵੀ ਸੀ। ਹਰ ਹਫਤੇ ਪੀਜੀਆਈ ਜਾਂਦੀ; ਡਾਕਟਰਾਂ ਅਨੁਸਾਰ ਆਪਣੀ ਸਿਹਤ ਦੀ ਪਹਿਰੇਦਾਰੀ ਕਰਦੀ। ਇਸ ਦੇ ਬਾਵਜੂਦ ਜਦੋਂ 10ਵੀਂ ਦਾ ਨਤੀਜਾ ਆਇਆ ਤਾਂ ਉਹਦੀ ਪ੍ਰਾਪਤੀ 92 ਫੀਸਦੀ ਸੀ। ਪ੍ਰੇਰਨਾ ਹਿਤ ਵਿਸ਼ੇਸ਼ ਅਸੈਂਬਲੀ ਕਰ ਕੇ ਅਸੀਂ ਉਹਨੂੰ ਭਰਵੀਂ ਦਾਦ ਦਿੱਤੀ। ਸਾਰੀ ਸੰਸਥਾ ਨੇ ਉਸ ’ਤੇ ਮਾਣ ਕੀਤਾ। ਹੁਣ ਵੀ ਜਦੋਂ ਪੀਜੀਆਈ ਵਿੱਚ ਸ਼ੂਗਰ ਰੋਗੀਆਂ ਦੇ ਸੈਮੀਨਾਰ ਲੱਗਦੇ ਹਨ ਤਾਂ ਆਪਣੇ ਆਪ ਦੀ ਪਹਿਰੇਦਾਰੀ ਪੱਖੋਂ ਉਹ ਜਿਊਂਦੀ ਮਿਸਾਲ ਬਣ ਕੇ ਸ਼ਾਮਲ ਹੁੰਦੀ ਹੈ ਅਤੇ ਹੋਰਨਾਂ ਨੂੰ ਸਮਝਾਉਂਦੀ ਹੈ।

ਇਸ ਵਾਰਤਾ ਦਾ ਸੁਖਦ ਅੰਤ ਇਹ ਹੈ ਕਿ ਮਨਪ੍ਰੀਤ ਹੁਣ ਇੱਕ ਪ੍ਰਾਈਵੇਟ ਸਿੱਖਿਆ ਅਦਾਰੇ ਵਿੱਚ ਪੜ੍ਹਾਉਂਦੀ ਹੈ, ਘਰ ਵਿੱਚ ਟਿਊਸ਼ਨਾਂ ਵੀ ਪੜ੍ਹਾ ਲੈਂਦੀ ਹੈ ਅਤੇ ਘਰ ਦੇ ਖਰਚਿਆਂ ਵਿੱਚ ਸਹਾਈ ਹੁੰਦੀ ਹੈ। ਜਦੋਂ ਵੀ ਕਦੇ ਸਕੂਲ ਪਹੁੰਚਦੀ ਹੈ ਤਾਂ ਦੀਵਾਰਾਂ ਦੇ ਕਲਾਵੇ ਭਰਦਿਆਂ ਪ੍ਰਤੀਤ ਹੁੰਦੀ ਹੈ ਅਤੇ ਇਹੋ ਕਹਿੰਦੀ ਹੈ- “ਇਹ ਮੇਰੀ ਆਪਣੀ ਸੰਸਥਾ ਹੈ, ਮੇਰਾ ‘ਰਨ-ਵੇ’ ਜਿਸ ਨੇ ਮੈਨੂੰ ਉੱਚੀਆਂ ਉਡਾਰੀਆਂ ਭਰਨਾ ਸਿਖਾਇਆ।”

ਮੈਂ ਉਸ ਮਾਣਮੱਤੀ ਨੂੰ ਹਮੇਸ਼ਾ ਹਸਰਤ ਨਾਲ ਦੇਖਦਾ ਹਾਂ।

ਸੰਪਰਕ: 94174-69290

Advertisement
×