ਸਿਜਦਾ
ਕੁਲਮਿੰਦਰ ਕੌਰ
ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ’ਚ ਸਾਨੂੰ ਸਾਡਾ ਬਾਪ ਬਹੁਤ ਕੁਰੱਖਤ, ਗੁਸੈਲ ਤੇ ਸਖ਼ਤ ਸੁਭਾਅ ਵਾਲਾ ਲੱਗਦਾ ਸੀ। ਦੋ ਭਰਾ, ਦੋ ਭੈਣਾਂ ਦੇ ਪਰਿਵਾਰ ਅਤੇ ਸਾਰੇ ਪਿੰਡ ’ਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸ਼ਖ਼ਸ ਹੋਏ। ਡਾਕਟਰੀ (ਵੈਦ) ਦੀ ਯੋਗਤਾ ਪ੍ਰਾਪਤ ਕਰ ਕੇ ਪਿੰਡ ਤੋਂ 4 ਕਿਲੋਮੀਟਰ ਦੂਰ ਸ਼ਹਿਰ ’ਚ ਆਪਣੇ ਪਿਉ (ਸਾਡੇ ਦਾਦੇ) ਦੀ ਵਿਰਾਸਤ ਵਾਲੀ ਦੁਕਾਨ ਸੰਭਾਲ ਲਈ। ਸ਼ਹਿਰ ਉਹ ਸਾਈਕਲ ’ਤੇ ਜਾਂਦੇ। ਜਦੋਂ ਜ਼ਮਾਨਾ ਸਕੂਟਰਾਂ ਤੱਕ ਪਹੁੰਚ ਗਿਆ, ਤਾਂ ਵੀ ਹਠੀ ਤੇ ਸਿਰੜੀ ਸੁਭਾਅ ਕਾਰਨ ਉਮਰ ਦੇ ਆਖਿ਼ਰੀ ਪੜਾਅ ਤੱਕ ਸਾਈਕਲ ਦਾ ਖਹਿੜਾ ਨਾ ਛੱਡਿਆ। ਪਿਤਾ ਜੀ ਦੀ ਸ਼ਕਲ ਆਪਣੇ ਵੱਡੇ ਭਰਾ ਨਾਲ ਬਹੁਤ ਮਿਲਦੀ ਸੀ। ਲੰਮਾ ਕੱਦ, ਚਿਹਰੇ ’ਤੇ ਲਾਲਗੀ, ਗੋਰਾ ਨਿਛੋਹ ਰੰਗ ਤੇ ਸੁੰਦਰ ਦਿੱਖ ਵਾਲੇ ਪਰ ਆਦਤਾਂ ਤੇ ਸੁਭਾਅ ਵੱਖਰੇ। ਪਿਤਾ ਜੀ ਪੜ੍ਹੇ-ਲਿਖੇ ਹੋਣ ਨਾਤੇ ਜਾਗਰੂਕ ਸਨ, ਸਦਾ ਉਸ ਦੀ ਜ਼ਲਾਲਤ ’ਤੇ ਖਿਝਦੇ-ਕੁੜ੍ਹਦੇ ਰਹਿੰਦੇ, ਅਕਸਰ ਇਸ ਦਾ ਇਜ਼ਹਾਰ ਵੀ ਕਰਦੇ। ਦੋਹਾਂ ਪਰਿਵਾਰਾਂ ਦਰਮਿਆਨ ਇਹ ਸਮਾਜਿਕ, ਸਦਾਚਾਰਕ ਤੇ ਸਭਿਅਕ ਪਾੜਾ ਹਮੇਸ਼ਾ ਬਣਿਆ ਰਿਹਾ।
ਅਸੀਂ ਆਪਣੀ ਮਾਂ ਵੱਲ ਵੀ ਉਨ੍ਹਾਂ ਦਾ ਸਖ਼ਤ ਰਵੱਈਆ ਤੇ ਗੁੱਸਾ ਦੇਖਦੇ ਪਰ ਕਦੇ ਘਰੇਲੂ ਹਿੰਸਾ ਵੱਲ ਕਦਮ ਨਹੀਂ ਗਿਆ; ਇਹ ਵਰਤਾਰਾ ਉਦੋਂ ਘਰਾਂ ’ਚ ਆਮ ਸੀ। ਉਨ੍ਹਾਂ ਨੂੰ ਤਾਂ ਜਾਨਵਰਾਂ ਦੀ ਕੁੱਟਮਾਰ ਕਰਨਾ ਵੀ ਗਵਾਰਾ ਨਹੀਂ ਸੀ। ਉਸ ਸਮੇਂ ਵਧੀਆ ਰਾਹ-ਖਹਿੜੇ ਨਹੀਂ ਸਨ। ਤਾਂਗੇ ਵਾਲੇ ਜਾਂ ਗੱਡਿਆਂ ਦੇ ਪਾਂਧੀ ਅਕਸਰ ਸੜਕ ਦੇ ਗ਼ਲਤ ਪਾਸੇ ਚੱਲਦੇ ਹੋਏ, ਬਲਦਾਂ ’ਤੇ ਪ੍ਰਾਣੀ ਵਰ੍ਹਾਉਂਦੇ ਹੋਏ ਤੇਜ਼ੀ ਫੜਨ ਦਾ ਇਸ਼ਾਰਾ ਦਿੰਦੇ ਲੰਘਦੇ। ਸ਼ਹਿਰ ਜਾਂਦੇ ਹੋਏ ਕਦੇ ਪਿਤਾ ਜੀ ਦੀ ਨਜ਼ਰ ਚੜ੍ਹ ਜਾਂਦੇ ਤਾਂ ਸਾਈਕਲ ਅੱਗੇ ਕਰ ਕੇ ਖੜ੍ਹੇ ਹੋ ਜਾਂਦੇ। ਅੱਜ ਕੱਲ੍ਹ ਦੇ ਜ਼ਮਾਨੇ ਦੀ ਹਵਾ ’ਚ ਤਾਂ ‘ਅਸਾਂ ਕੀ ਕਰਨਾ, ਸਾਨੂੰ ਕੀ’ ਵਾਲਾ ਫਾਰਮੂਲਾ ਵਰਤਿਆ ਜਾਂਦਾ ਹੈ ਪਰ ਉਦੋਂ ਸਾਡਾ ਬਾਪ ਉਨ੍ਹਾਂ ਨੂੰ ਠੀਕ ਦਿਸ਼ਾ ਦਾ ਗਿਆਨ ਦੇ ਕੇ ਪੁੱਛਦਾ, “ਇਸ ਬੇਜ਼ੁਬਾਨ ਨੇ ਤੇਰਾ ਕੀ ਵਿਗੜਿਐ?” ਬੜੀ ਦੂਰ ਤੱਕ ਸੜਕ ’ਤੇ ਚਲਦੇ ਹੋਏ ਆਪਣਾ ਗਿਆਨ ਵੰਡਦੇ ਜਾਂਦੇ; ਗੁੱਸੇ ਤੇ ਖਿਝ ਨਾਲ ਪੂਰੇ ਭਖੇ ਹੁੰਦੇ। ਸਾਨੂੰ ਇਹ ਸਭ ਕੁਝ ਅਟਪਟਾ ਲੱਗਦਾ ਸੀ ਪਰ ਹੁਣ ਸਮਝ ਸਕਦੇ ਹਾਂ।
ਉਂਝ, ਬਾਪ ਦੀ ਬਦੌਲਤ ਉਸ ਇਲਾਕੇ ’ਚ ਥੋੜ੍ਹਾ ਅਨੁਸ਼ਾਸਨ ਤੇ ਸੁਧਾਰ ਤਾਂ ਜ਼ਰੂਰ ਸੀ। ਘੱਟੋ-ਘੱਟ ਜਦੋਂ ਸਾਹਮਣੇ ਦਿਸ ਪੈਂਦੇ ਤਾਂ ਕੋਈ ਕੁਤਾਹੀ ਤੇ ਅਣਗਹਿਲੀ ਨਾ ਕਰਦਾ। ਜਾਤ-ਪਾਤ, ਪਾਖੰਡਵਾਦ ਤੇ ਵਹਿਮਾਂ ਭਰਮਾਂ ਦਾ ਵਿਰੋਧ ਕਰਦੇ। ਗਲੀ ’ਚ ਕੋਈ ਪੰਡਿਤ-ਪਾਂਧੇ ਆਉਂਦੇ ਤਾਂ ਪਿਤਾ ਜੀ ਨੂੰ ਦੇਖਦੇ ਸਾਰ ਰਸਤਾ ਬਦਲ ਲੈਂਦੇ। ਗੁਰਦੁਆਰੇ ਦਾ ਭਾਈ ਵੀ ਸਾਡੇ ਘਰ ਗਜ਼ਾ ਲੈਣ ਨਾ ਆਉਂਦਾ। ਸਿੰਘ ਸਭਾ ਦੇ ਮੈਂਬਰ ਹੁੰਦਿਆਂ ਵੀ ਧਾਰਮਿਕ ਕੱਟੜਤਾ ਤੋਂ ਦੂਰ ਰਹੇ। ਹੱਕ ਹਲਾਲ ਦੀ ਕਮਾਈ ਖਾਣਾ, ਹੱਥੀਂ ਕਿਰਤ ਕਰਨੀ, ਸਾਦਾ ਜੀਵਨ, ਸਚਾਈ ਤੇ ਇਮਾਨਦਾਰੀ ਨੂੰ ਹੀ ਧਰਮ ਸਮਝਦੇ ਸਨ। ਘਰ ’ਚ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਿੱਤ ਨੇਮ ਨਾਲ ਕਰਦੇ। ਸਪੀਕਰ ਲਗਾ ਕੇ ਪਾਠ ਕਰਨ ਦਾ ਵਿਰੋਧ ਕਰਦੇ।
ਸਾਡਾ ਬਚਪਨ ਵੀ ਉਨ੍ਹਾਂ ਨਿਯਮਬੱਧ ਕੀਤਾ ਹੋਇਆ ਸੀ। ਲੋਕਾਂ ਦੇ ਘਰਾਂ ’ਚ ਲੜਾਈ ਝਗੜਾ ਜਾਂ ਕਦੇ ਉੱਚੀ ਹਾਸਿਆਂ ਦੀ ਆਵਾਜ਼ ਵੀ ਗੂੰਜਦੀ; ਸਾਡੇ ਘਰ ਹਮੇਸ਼ਾ ਰੋਜ਼ਮੱਰਾ ਜੀਵਨ ’ਚ ਨਿਯਮਬੱਧਤਾ ਦਾ ਪਰਵਾਹ ਹੀ ਚੱਲਦਾ। ਘਰ ਦਾ ਮਾਹੌਲ ਸਾਰੇ ਪਿੰਡ ਤੋਂ ਨਿਰਾਲਾ ਤੇ ਅਲੱਗ-ਥਲਗ ਸੀ। ਆਮ ਘਰਾਂ ਵਾਂਗ ਅਸੀਂ ਵੀ ਖੁੱਲ੍ਹ ਕੇ ਵਿਚਰਨਾ ਚਾਹੁੰਦੇ ਸਾਂ। ਫਿਰ ਪਤਾ ਹੀ ਨਹੀਂ ਲੱਗਾ ਕਦੋਂ ਸਾਡੇ ਸਾਰੇ ਭੈਣ-ਭਰਾਵਾਂ ’ਚ ਪਿਤਾ ਜੀ ਦਾ ਸੁਭਾਅ ਤੇ ਜਿ਼ੰਦਗੀ ਦੀਆਂ ਤਲਖ ਸਚਾਈਆਂ ਦਾ ਗਿਆਨ ਆਤਮਸਾਤ ਕਰ ਗਿਆ ਜਿਸ ਦਾ ਕੁਝ ਅੰਸ਼ ਸਭ ਅੰਦਰ ਮੌਜੂਦ ਹੈ। ਪਿਤਾ ਜੀ ਨੂੰ ਦੋ ਧੀਆਂ ਦੇ ਆਪਣੇ ਤਿੰਨ ਪੁੱਤਰਾਂ ਤੋਂ ਵੱਧ ਲਾਇਕ ਤੇ ਸਮਝਦਾਰ ਹੋਣ ’ਤੇ ਫਖਰ ਸੀ। ਧੀ ਵਰਗੀ ਛੋਟੀ ਭੈਣ ਨੂੰ ਵੀ ਮੇਰੀ ਵੱਡੀ ਭੈਣ ਨਾਲ ਦਸਵੀਂ ਕਰਵਾਈ ਤੇ ਫਿਰ ਉਹ ਦੋਵੇਂ ਜੇਬੀਟੀ ਕਰ ਕੇ ਅਧਿਆਪਕ ਬਣ ਗਈਆਂ। ਮੈਨੂੰ ਹਾਇਰ ਸੈਕੰਡਰੀ ਤੋਂ ਬਾਅਦ ਜਲੰਧਰ ਦੇ ਚੰਗੇ ਕਾਲਜ ਵਿੱਚ ਦਾਖਲ ਕਰਾ ਦਿੱਤਾ। ਮੇਰਾ ਟੀਚਾ ਤਾਂ ਨਰਸ ਬਣਨਾ ਹੀ ਸੀ, ਪਰ ਪਿਤਾ ਜੀ ਦੀ ਕੋਸ਼ਿਸ਼ ਤੇ ਖਵਾਹਿਸ਼ ਨੇ ਮੈਨੂੰ ਲੈਕਚਰਾਰ ਦੇ ਅਹੁਦੇ ’ਤੇ ਪਹੁੰਚਾ ਦਿੱਤਾ।
ਆਪ ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਬੱਚਿਆਂ ਦੇ ਰਿਸ਼ਤੇ ਪੜ੍ਹੇ-ਲਿਖੇ ਸਾਧਾਰਨ ਪਰਿਵਾਰਾਂ ’ਚ ਕੀਤੇ। ਦਾਜ-ਦਹੇਜ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਮਾਜ ਦਾ ਵੱਡਾ ਕਲੰਕ ਤੇ ਲਾਹਨਤ ਹੈ। ਇਹ ਗੱਲਾਂ ਉਸ ਜ਼ਮਾਨੇ ’ਚ ਕਿਸੇ ਅਜੂਬੇ ਤੋਂ ਘੱਟ ਨਹੀਂ ਸਨ। ਅਜਿਹੇ ਵਿਚਾਰਾਂ ਦੇ ਧਾਰਨੀ ਮੇਰੇ ਬਾਪ ਬਾਰੇ ਪਿੰਡ ਦੀ ਸੱਥ ’ਚ ਖੂਬ ਚਰਚਾ ਹੁੰਦੀ, ਪਰ ਉਸ ਦੇ ਸਾਹਮਣੇ ਕੋਈ ਨੁਕਤਾਚੀਨੀ ਨਹੀਂ ਸੀ ਕਰ ਸਕਦਾ। ਬਾਪ ਨੇ ਜੋ ਧੀਆਂ ਦੇ ਪੱਲੇ ਬੰਨ੍ਹ ਕੇ ਤੋਰਿਆ, ਉਹ ਵਿਦਿਆ ਦਾ ਚਾਨਣ ਤੇ ਆਪਣੀ ਸੋਚ ਸੀ ਜੋ ਕਦੇ ਖ਼ਤਮ ਨਹੀਂ ਹੋ ਸਕਦੇ ਤੇ ਨਾ ਹੀ ਕੋਈ ਖੋਹ ਸਕਦਾ ਹੈ। ਇਮਾਨਦਾਰੀ, ਸਚਾਈ, ਫਰਜ਼ਾਂ ਦੀ ਪੂਰਤੀ, ਖੁਦਦਾਰੀ, ਨੇਕ ਕਮਾਈ ਤੇ ਰਹਿੰਦੀ ਜਿ਼ੰਦਗੀ ਤੱਕ ਕਿਰਤ ਕਰਦੇ ਹੋਏ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣ ਦਾ ਬਲ-ਬੁੱਧ ਵੀ ਬਖ਼ਸ਼ਿਆ। ਆਪਣੀ ਉਮਰ ਹੰਢਾ ਗਏ ਬਾਪ ਨੂੰ ਅੱਜ ਵੀ ਸਿਜਦਾ ਕਰਦੀ ਹਾਂ ਤੇ ਰਹਿੰਦੀ ਉਮਰ ਤੱਕ ਉਹਦੀ ਅਹਿਸਾਨਮੰਦ ਤੇ ਰਿਣੀ ਹਾਂ।
ਸੰਪਰਕ: 98156-52272