DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਤੀਸ਼ ਨੰਦੀ: ਕਵਿਤਾ, ਫਿਲਮਾਂ ਤੇ ਪੱਤਰਕਾਰੀ ਦਾ ਰੰਗਦਾਰ ਪੰਨਾ

ਡਾ. ਕ੍ਰਿਸ਼ਨ ਕੁਮਾਰ ਰੱਤੂ ਪ੍ਰਤੀਸ਼ ਨੰਦੀ ਭਾਰਤੀ ਮੀਡੀਆ ਦਾ ਅਜਿਹਾ ਰੰਗੀਨ ਸਿਤਾਰਾ ਰਿਹਾ ਜਿਸ ਨੇ ਸਾਡੇ ਸਮਿਆਂ ਵਿੱਚ ਆਪਣੀ ਪ੍ਰਤਿਭਾਸ਼ਾਲੀ ਲੇਖਣੀ ਤੇ ਠੁੱਕਦਾਰ ਅੰਦਾਜ਼ ਨਾਲ ਭਾਰਤੀ ਅੰਗਰੇਜ਼ੀ ਪੱਤਰਕਾਰੀ, ਫਿਲਮ ਤੇ ਸਾਹਿਤ ਨੂੰ ਟੈਲੀਵਿਜ਼ਨ ਦੇ ਪਰਦੇ ’ਤੇ ਇਸ ਤਰ੍ਹਾਂ ਪੇਸ਼ ਕੀਤਾ...
  • fb
  • twitter
  • whatsapp
  • whatsapp
Advertisement

ਡਾ. ਕ੍ਰਿਸ਼ਨ ਕੁਮਾਰ ਰੱਤੂ

ਪ੍ਰਤੀਸ਼ ਨੰਦੀ ਭਾਰਤੀ ਮੀਡੀਆ ਦਾ ਅਜਿਹਾ ਰੰਗੀਨ ਸਿਤਾਰਾ ਰਿਹਾ ਜਿਸ ਨੇ ਸਾਡੇ ਸਮਿਆਂ ਵਿੱਚ ਆਪਣੀ ਪ੍ਰਤਿਭਾਸ਼ਾਲੀ ਲੇਖਣੀ ਤੇ ਠੁੱਕਦਾਰ ਅੰਦਾਜ਼ ਨਾਲ ਭਾਰਤੀ ਅੰਗਰੇਜ਼ੀ ਪੱਤਰਕਾਰੀ, ਫਿਲਮ ਤੇ ਸਾਹਿਤ ਨੂੰ ਟੈਲੀਵਿਜ਼ਨ ਦੇ ਪਰਦੇ ’ਤੇ ਇਸ ਤਰ੍ਹਾਂ ਪੇਸ਼ ਕੀਤਾ ਕਿ ਉਹ ਖ਼ੁਦ ਇਸ ਦੀ ਮਿਸਾਲ ਬਣ ਗਿਆ। ਉਸ ਨੇ ਅੰਗਰੇਜ਼ੀ, ਬੰਗਲਾ ਤੇ ਹਿੰਦੀ ਦੇ ਨਾਲ-ਨਾਲ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਨੂੰ ਨਵੇਂ ਦਿਸਹੱਦਿਆਂ ਤੱਕ ਪਹੁੰਚਾਇਆ। ਉਹਦੇ ਜਾਣ ਨਾਲ ਮੀਡੀਆ ਦੀ ਦੁਨੀਆ ਵਿੱਚ ਜੋ ਖਾਲੀਪਣ ਤੇ ਉਦਾਸੀਨਤਾ ਆਈ ਹੈ, ਉਹ ਪਹਿਲਾਂ ਕਦੇ ਨਹੀਂ ਮਹਿਸੂਸ ਕੀਤੀ ਗਈ। ਉਹ ਬੇਹੱਦ ਅਸਰਦਾਰ ਅੰਗਰੇਜ਼ੀ ਹਫਤਾਵਾਰੀ ‘ਇਲਸਟ੍ਰੇਟਿਡ ਵੀਕਲੀ ਆਫ ਇੰਡੀਆ’ ਅਤੇ ਫਿਲਮੀ ਪਰਚੇ ‘ਫਿਲਮਫੇਅਰ’ ਦਾ ਸੰਪਾਦਕ ਰਿਹਾ।

Advertisement

ਪ੍ਰਤੀਸ਼ ਨੰਦੀ ਨੇ ਆਪਣੇ ਜੀਵਨ ਕਾਲ ਵਿੱਚ ਕਵਿਤਾ ਤੋਂ ਲੈ ਕੇ ਦੂਸਰੀਆਂ ਵਿਧਾਵਾਂ ’ਤੇ ਵੀ ਆਪਣੇ ਅੰਦਾਜ਼ ਵਿੱਚ ਲਿਖਿਆ। 40 ਤੋਂ ਵੱਧ ਕਵਿਤਾ ਸੰਗ੍ਰਹਿ ਬੰਗਲਾ ਤੇ ਅੰਗਰੇਜ਼ੀ ਵਿੱਚ ਅਤੇ ਬਾਅਦ ਵਿੱਚ ਉਸ ਨੇ 40 ਤੋਂ ਵੱਧ ਅੰਗਰੇਜ਼ੀ ਕਿਤਾਬਾਂ ਦਾ ਅਨੁਵਾਦ ਕੀਤਾ। ਆਪਣੀ ਫਿਲਮ ਕੰਪਨੀ ਬਣਾ ਕੇ ‘ਪ੍ਰਤੀਸ਼ ਨੰਦੀ ਕਮਿਊਨੀਕੇਸ਼ਨ’ ਰਾਹੀਂ ਹਿੰਦੀ ਦੀਆਂ ਉਹ ਫਿਲਮਾਂ ਬਣਾਈਆਂ ਜਿਨ੍ਹਾਂ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ।

ਟੈਲੀਵਿਜ਼ਨ ਦੀ ਦੁਨੀਆ ਦਾ ਉਹ ਅਜਿਹਾ ਸਿਤਾਰਾ ਸੀ ਜਿਸ ਨੇ ਭਾਰਤੀ ਬ੍ਰੇਕਿੰਗ ਨਿਊਜ਼ ਦਾ ਸੰਕਲਪ ਤੋੜ ਦਿੱਤਾ। ਉਸ ਨੇ ਦੂਰਦਰਸ਼ਨ ਲਈ 500 ਤੋਂ ਜਿਆਦਾ ‘ਦਿ ਪ੍ਰਤੀਸ਼ ਨੰਦੀ ਸ਼ੋਅ’ ਬਣਾਏ। ਅਸਲ ਵਿੱਚ, ਉਹ ਮੀਡੀਆ ਦੀ ਅਜਿਹੀ ਚਲਦੀ ਫਿਰਦੀ ਲਾਇਬਰੇਰੀ ਅਤੇ ਹਰਫਨਮੌਲਾ ਸ਼ਖ਼ਸੀਅਤ ਸੀ ਜਿਸ ਦਾ ਕੋਈ ਹੋਰ ਬਦਲ ਨਹੀਂ ਸੀ ਤੇ ਇਹ ਸਭ ਕੁਝ ਪ੍ਰਤੀਸ਼ ਨੰਦੀ ਨੂੰ ਆਪਣੇ ਘਰ ਦੇ ਡੀਐੱਨਏ ’ਚੋਂ ਮਿਲਿਆ ਸੀ।

ਪ੍ਰਤੀਸ਼ ਨੰਦੀ ਦਾ ਜਨਮ 15 ਜਨਵਰੀ 1951 ਨੂੰ ਭਾਗਲਪੁਰ (ਬਿਹਾਰ) ਵਿੱਚ ਹੋਇਆ ਅਤੇ ਫਿਰ ਜਲਦੀ ਹੀ ਉਹ ਕਲਕੱਤਾ ਚਲਾ ਗਿਆ। ਉਹ ਮਸ਼ਹੂਰ ਬੰਗਲਾ ਸਿੱਖਿਅਕ ਸ਼ਰਤ ਚੰਦ ਨੰਦੀ ਅਤੇ ਪ੍ਰਫੂਲਾ ਨੰਦਿਨੀ ਨੰਦੀ ਦਾ ਪੁੱਤਰ ਸੀ। ਉਸ ਦੀ ਮਾਂ ਲਾ ਮੈਰੀਟਨ ਕਲਕੱਤਾ ਦੀ ਪਹਿਲੀ ਭਾਰਤੀ ਪ੍ਰਿੰਸੀਪਲ ਰਹੀ ਅਤੇ ਪ੍ਰਤੀਸ਼ ਨੰਦੀ ਦੀ ਪਰਵਰਿਸ਼ ਤੇ ਪੜ੍ਹਾਈ ਲਿਖਾਈ ਮਹਿੰਗੇ ਕਾਲਜਾਂ- ਪ੍ਰੈਜੀਡੈਂਸੀ ਕਾਲਜ ਕਲਕੱਤਾ ਤੇ ਹੋਰਨਾਂ ਥਾਵਾਂ ’ਤੇ ਹੋਈ। ਪ੍ਰਸਿੱਧ ਭਾਰਤੀ ਸਮਾਜ ਵਿਗਿਆਨੀ ਆਸ਼ੀਸ਼ ਨੰਦੀ ਉਸ ਦੇ ਭਰਾ ਸਨ। ਬੁੱਧਵਾਰ ਨੂੰ 73 ਵਰ੍ਹਿਆਂ ਦੀ ਉਮਰ ਵਿੱਚ ਉਹ ਅਚਾਨਕ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਉਹ ਅਜਿਹਾ ਜਨੂੰਨੀ ਸ਼ਖ਼ਸ ਸੀ ਜਿਸ ਨੂੰ ਭਾਰਤੀ ਮੀਡੀਆ ਕਦੀ ਵੀ ਨਹੀਂ ਭੁੱਲ ਸਕਦਾ। ਉਹ ਯਾਰਾਂ ਦਾ ਯਾਰ ਸੀ।

ਇੱਕ ਸਮਾਂ ਸੀ ਜਦੋਂ 1990 ਤੇ 2000 ਵਾਲੇ ਦਹਾਕੇ ਵਿੱਚ ਪ੍ਰਤੀਸ਼ ਨੰਦੀ ਦੀ ਤੂਤੀ ਬੋਲਦੀ ਸੀ। ਉਹ ਰਾਜਨੀਤੀ ਤੋਂ ਲੈ ਕੇ ਫਿਲਮਾਂ ਅਤੇ ਪੱਤਰਕਾਰੀ ਵਿੱਚ ਗਲੈਮਰ ਦਾ ਤੜਕਾ ਲਗਾਉਂਦਾ। ਉਸ ਦੀ ਅਦਭੁੱਤ ਸ਼ਖ਼ਸੀਅਤ ਦੇ ਸਭ ਕਾਇਲ ਸਨ। ਇਹ ਵਾਕਿਆ ਬੜਾ ਦਿਲਚਸਪ ਹੈ ਕਿ ਉਹਨੇ ਸ਼ਿਵ ਸੈਨਾ ਦੇ ਆਗੂ ਬਾਲ ਠਾਕਰੇ ਖ਼ੁਦ ਕਾਰਟੂਨਿਸਟ ਸਨ, ਦੀ ‘ਕਵਰ ਸਟੋਰੀ’ ਛਾਪੀ ਅਤੇ ਫਿਰ ਇਕ ਮੁਲਾਕਾਤ ਤੋਂ ਬਾਅਦ ਹੀ ਸ਼ਿਵ ਸੈਨਾ ਵੱਲੋਂ ਰਾਜ ਸਭਾ ਦੇ ਮੈਂਬਰ ਬਣੇ; ਇਹ ਪ੍ਰਤੀਸ਼ ਨੰਦੀ ਦੀ ਸ਼ਖ਼ਸੀਅਤ ਦਾ ਹੀ ਜਲਵਾ ਸੀ।

ਪ੍ਰਤੀਸ਼ ਨੰਦੀ ਕਿਸੇ ਵੇਲੇ ਹਿੰਦੀ ਨਾ ਜਾਣਣ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੇਵੇਗੌੜਾ ਦਾ ਮੀਡੀਆ ਸਲਾਹਕਾਰ ਵੀ ਰਿਹਾ। ਉਸ ਵਕਤ ਉਸ ਨਾਲ ਹੋਈਆਂ ਮੁਲਾਕਾਤਾਂ ਦੌਰਾਨ ਉਸ ਨੂੰ ਵਧੇਰੇ ਜਾਨਣ ਦਾ ਮੌਕਾ ਮਿਲਿਆ। ਆਖ਼ਿਰੀ ਮੁਲਾਕਾਤ ਉਸ ਦੇ ਪੈਡਰ ਰੋਡ ’ਤੇ ਸਤਾਰਵੀਂ ਮੰਜ਼ਿਲ ’ਤੇ ਉਸ ਫਲੈਟ ਵਿੱਚ ਹੋਈ। ਉਸ ਦਾ ਕਹਿਣਾ ਸੀ ਕਿ ਭਾਰਤੀ ਰਾਜਨੀਤੀ ਅਤੇ ਨੇਤਾਵਾਂ ਦੇ ਨਾਲ-ਨਾਲ ਭਾਰਤੀ ਫਿਲਮੀ ਸਿਤਾਰਿਆਂ ਦੀ ਜ਼ਿੰਦਗੀ ਜਿੰਨੀ ਰੰਗ ਭਰੀ ਅਤੇ ਉਦਾਸੀਨਤਾ ਨਾਲ ਭਰੀ ਹੋਈ ਹੈ, ਓਨੀ ਕੋਈ ਹੋਰ ਚੀਜ਼ ਹੋ ਨਹੀਂ ਸਕਦੀ। ਇਸ ਸਾਰੇ ਜਾਦੂ ਨੂੰ ਉਸ ਨੇ ਰੰਗਦਾਰ ਚਮਕਦੇ ਪੰਨਿਆਂ ’ਤੇ ਵੀ ਉਤਾਰਿਆ ਅਤੇ ਦੂਰਦਰਸ਼ਨ ਲਈ ‘ਦਿ ਪ੍ਰਤੀਸ਼ ਨੰਦੀ ਸ਼ੋਅ’ ਵਿੱਚ ਵੀ ਅਦਭੁੱਤ ਤਰੀਕੇ ਨਾਲ ਪੇਸ਼ ਕੀਤਾ।

ਆਪਣੀਆਂ ਮੁਲਾਕਾਤਾਂ ਵਿੱਚ ਪ੍ਰਤੀਸ਼ ਨੰਦੀ ਨੇ ਦੱਸਿਆ ਕਿ ਉਹ ਸ਼ਾਨਦਾਰ ਕਵਿਤਾਵਾਂ ਲਿਖ ਸਕਦਾ ਸੀ ਪਰ ਪੱਤਰਕਾਰੀ ਦਾ ਇਸ਼ਕ ਉਸ ਨੂੰ ਟਾਈਮਜ਼ ਆਫ ਇੰਡੀਆ ਭਵਨ ਵਿੱਚ ਲੈ ਗਿਆ ਤੇ ਫਿਰ ਉਸ ਨੇ ਜੋ ਕੀਤਾ, ਉਹ ਅੰਗਰੇਜ਼ੀ ਤੇ ਭਾਰਤੀ ਪੱਤਰਕਾਰੀ ਦਾ ਇਤਿਹਾਸ ਬਣ ਗਿਆ। ਉਹ ਪਹਿਲਾ ਪੱਤਰਕਾਰ ਸੀ ਜਿਸ ਨੇ ਅਭਿਨੇਤਰੀ ਨੀਨਾ ਗੁਪਤਾ ਅਤੇ ਕ੍ਰਿਕਟਰ ਜੀਵਨ ਦੀ ਸਟੋਰੀ ਪਹਿਲੇ ਪੰਨੇ ’ਤੇ ਛਾਪ ਕੇ ਸਨਸਨੀ ਮਚਾ ਦਿੱਤੀ ਸੀ। ਇਸੇ ਤਰ੍ਹਾਂ ਉਸ ਨੇ ਉੱਘੇ ਸਿਆਸਤਦਾਨਾਂ ਦੀਆਂ ਅੰਦਰਲੀਆਂ ਗੱਲਾਂ ਪਹਿਲੇ ਪੰਨੇ ’ਤੇ ਲਿਆਂਦੀਆਂ।

1993 ਵਿੱਚ ਉਸ ਨੇ ਪ੍ਰਤੀਸ਼ ਨੰਦੀ ਕਮਿਊਨੀਕੇਸ਼ਨ ਦੀ ਸਥਾਪਨਾ ਕੀਤੀ ਜਿਸ ਦਾ ਪਹਿਲਾ ਪ੍ਰੋਗਰਾਮ ਚੈਟ ਸ਼ੋਅ ਸੀ। ਟੈਲੀਵਿਜ਼ਨ ਦੇ ਜ਼ਮਾਨੇ ’ਚ ਇਹ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਇਆ; ਇਥੇ ਹੀ ਮੇਰੀਆਂ ਉਹਦੇ ਨਾਲ ਮੁਲਾਕਾਤ ਹੋਈਆਂ। ਇਸ ਵਿੱਚ ਅਜਿਹੇ ਲੋਕਾਂ ਦਾ ਇੰਟਰਵਿਊ ਲਿਆ ਗਿਆ ਜੋ ਪਹਿਲਾਂ ਕਦੇ ਪਰਦੇ ’ਤੇ ਨਹੀਂ ਆਏ ਸਨ।

ਉਸ ਨੇ 24 ਤੋਂ ਜਿ਼ਆਦਾ ਫਿਲਮਾਂ ਦਾ ਨਿਰਮਾਣ ਕੀਤਾ। ‘ਝਨਕਾਰ ਬੀਟਸ’, ‘ਕਾਂਟੇ’, ‘ਹਜ਼ਾਰੋਂ ਖ਼ਵਾਹਿਸੇ਼ ਐਸੀ’, ‘ਅਗਲੀ ਔਰ ਪਗਲੀ’, ‘ਚਮੇਲੀ’, ‘ਪਿਆਰ ਕੇ ਸਾਈਡ ਇਫੈਕਟਸ’ ਵਰਗੀਆਂ ਲੀਕ ਤੋਂ ਹਟਵੀਆਂ ਫਿਲਮਾਂ ਦਾ ਨਿਰਮਾਣ ਕੀਤਾ। ਉਸ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਦੁਨੀਆ ਭਰ ਦੀਆਂ ਭਾਸ਼ਾਵਾਂ ’ਚ ਅਨੁਵਾਦ ਹੋਇਆ। ਉਸ ਨੇ ਮੂਲ ਰੂਪ ਵਿੱਚ ਅੰਗਰੇਜ਼ੀ ਅਤੇ ਬੰਗਲਾ ਵਿੱਚ 40 ਕਿਤਾਬਾਂ ਕਵਿਤਾ ਦੀਆਂ ਲਿਖੀਆਂ। ਉਸ ਦੀ ਪਹਿਲੀ ਪੁਸਤਕ ‘ਆਫ ਗਾਰਡ ਐਂਡ ਓਲਿਵਸ’ 1967 ਵਿੱਚ ਪ੍ਰਕਾਸ਼ਿਤ ਹੋਈ। 1981 ਵਿੱਚ ਸਾਨ ਫਰਾਂਸਿਸਕੋ ਵਿੱਚ ਕਵੀਆਂ ਦੀ ਪੰਜਵੀਂ ਵਿਸ਼ਵ ਕਾਨਫਰੰਸ ਵਿੱਚ ਉਸ ਨੂੰ ਸਨਮਾਨਿਤ ਕੀਤਾ ਗਿਆ। ਪ੍ਰਤੀਸ਼ ਨੰਦੀ ਨੂੰ ਆਪਣੇ ਇਨ੍ਹਾਂ ਕੰਮਾਂ ਕਰ ਕੇ ਸਭ ਤੋਂ ਛੋਟੀ ਉਮਰ ਵਿੱਚ ਭਾਰਤ ਸਰਕਾਰ ਨੇ ਪਦਮਸ਼੍ਰੀ ਦਾ ਐਵਾਰਡ 1977 ਵਿੱਚ ਦਿੱਤਾ। ਉਸ ਨੂੰ 2008 ਵਿੱਚ ਕਰਮਵੀਰ ਪੁਰਸਕਾਰ ਮਿਲਿਆ ਅਤੇ 2012 ਵਿੱਚ ਹਾਲੀਵੁੱਡ ਦਾ ਜੈਨਸਿਸ ਪੁਰਸਕਾਰ ਵੀ ਉਸ ਨੂੰ ਦਿੱਤਾ ਗਿਆ। ਉਸ ਨੂੰ ਬੰਗਲਾਦੇਸ਼ ਦੀ ਸਰਕਾਰ ਨੇ ਵੀ 1971 ਵਿੱਚ ਪੁਰਸਕਾਰ ਦਿੱਤਾ ਸੀ ਅਤੇ ਸੰਯੁਕਤ ਰਾਸ਼ਟਰ ਨੇ ਵੀ ਉਸ ਨੂੰ ਸਨਮਾਨਿਤ ਕੀਤਾ।

ਕੰਪਿਊਟਰ ਦੀ ਦੁਨੀਆ ਵਿੱਚ ਭਾਰਤ ਦਾ ਪਹਿਲਾ ਸਾਈਬਰ ਕੈਫੇ ਖੋਲ੍ਹਣ ਦਾ ਸਿਹਰਾ ਵੀ ਪ੍ਰਤੀਸ਼ ਨੰਦੀ ਨੂੰ ਜਾਂਦਾ ਹੈ। ਭਾਰਤ ਦੀ ਰਾਜਨੀਤੀ ਵਿੱਚ ਉਹ ਸ਼ਿਵ ਸੈਨਾ ਦਾ ਅਜਿਹਾ ਐੱਮਪੀ ਸੀ ਜਿਹੜਾ ਪਾਰਟੀ ਲਾਈਨ ਤੋਂ ਹਟ ਕੇ ਮੁੱਦਿਆਂ ’ਤੇ ਗੱਲ ਕਰਦਾ ਸੀ। ‘ਪੀਪਲਸ ਫਾਰ ਐਨੀਮਲ’ ਵਰਗੀ ਐੱਨਜੀਓ ਜਿਸ ਨੂੰ ਅੱਜ ਕੱਲ੍ਹ ਮੇਨਕਾ ਗਾਂਧੀ ਚਲਾਉਂਦੀ ਹੈ, ਇਹ ਪ੍ਰਤੀਸ਼ ਨੰਦੀ ਦੇ ਦਿਮਾਗ ਦੀ ਹੀ ਉਪਜ ਸੀ ਅਤੇ ਉਹੀ ਇਸ ਦਾ ਪਹਿਲਾ ਮੁਖੀ ਰਿਹਾ। ਉਸ ਦਾ ਪੁੱਤਰ ਕ੍ਰਿਸ਼ਨ ਨੰਦੀ ਅੱਜ ਕੱਲ੍ਹ ਫਿਲਮਾਂ ਦਾ ਵੱਡਾ ਨਿਰਮਾਤਾ ਨਿਰਦੇਸ਼ਕ ਹੈ।

ਭਾਰਤੀ ਪੱਤਰਕਾਰੀ ਦੇ ਨਵੇਂ ਪੈਂਡਿਆਂ ਦੇ ਇਸ ਪਾਂਧੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

*ਲੇਖਕ ਦੂਰਦਰਸ਼ਨ ਦੇ ਸਾਬਕਾ ਉਪ ਮਹਾਨਿਰਦੇਸ਼ਕ ਹਨ।

ਸੰਪਰਕ: 94787-30156

Advertisement
×