ਫਸਲੀ ਵੰਨ-ਸਵੰਨਤਾ ਲਈ ਅਮਰੂਦ ਲਾਓ
ਅਰਵਿੰਦ ਪ੍ਰੀਤ ਕੌਰ
ਅਮਰੂਦ ਸਾਰਾ ਸਾਲ ਉਪਲਬਧ ਰਹਿੰਦਾ ਹੈ। ਇਹ ਬਹੁਤ ਘੱਟ ਦੇਖਭਾਲ ਦੇ ਬਾਵਜੂਦ ਯਕੀਨੀ ਫ਼ਸਲ ਦਿੰਦਾ ਹੈ। ਇਸ ਦੀ ਉਤਪਾਦਨ ਲਾਗਤ ਵੀ ਘੱਟ ਹੈ; ਖਾਦ, ਸਿੰਜਾਈ ਅਤੇ ਪੌਦਿਆਂ ਦੀ ਸੁਰੱਖਿਆ ਲਈ ਜ਼ਿਆਦਾ ਲੋੜ ਨਹੀਂ ਪੈਂਦੀ। ਅਮਰੂਦ ਪੰਜਾਬ ਵਿੱਚ ਕਾਸ਼ਤ ਅਧੀਨ ਰਕਬੇ ਵਿੱਚ ਦੂਜੇ ਸਥਾਨ ’ਤੇ ਹੈ।
ਖੁਰਾਕੀ ਤੱਤ: ਅਮਰੂਦ ਵਿਟਾਮਿਨ ਸੀ, ਨਿਆਸੀਨ, ਰਿਬੋਫਲੇਵਿਨ, ਵਿਟਾਮਿਨ, ਆਇਰਨ, ਫਾਸਫੋਰਸ, ਕੈਲਸ਼ੀਅਮ ਅਤੇ ਖਣਿਜਾਂ ਨਾਲ ਭਰਪੂਰ ਪੌਸ਼ਟਿਕ ਫਲ ਹੈ। ਇਹ ਵਿਟਾਮਿਨ ਸੀ (200-260 ਮਿਲੀਗ੍ਰਾਮ/100 ਗ੍ਰਾਮ) ਨਾਲ ਭਰਪੂਰ ਹੁੰਦਾ ਹੈ ਜੋ ਨਿੰਬੂ ਜਾਤੀ ਦੇ ਫਲਾਂ ਦੀ ਮਾਤਰਾ ਨਾਲੋਂ 4-5 ਗੁਣਾ ਜ਼ਿਆਦਾ ਹੁੰਦਾ ਹੈ। ਇਸ ਵਿੱਚ ਬਾਰਬਾਡੋਸ ਚੈਰੀ ਤੋਂ ਬਾਅਦ ਸਾਰੇ ਫਲਾਂ ਵਿੱਚੋਂ ਦੂਜੇ ਨੰਬਰ ’ਤੇ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ। ਪੋਸ਼ਣ ਸੁਰੱਖਿਆ ਲਈ ਇਹ ਆਦਰਸ਼ ਫਲ ਹੈ।
ਪੰਜਾਬ ਵਿੱਚ ਖੇਤੀ ਵੰਨ-ਸਵੰਨਤਾ ਵਿੱਚ ਅਮਰੂਦ ਦੀ ਅਹਿਮ ਭੂਮਿਕਾ ਹੈ। ਇਹ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਮੈਦਾਨੀ ਅਤੇ ਨੀਮ-ਪਹਾੜੀ ਖੇਤਰਾਂ ਤੋਂ ਇਲਾਵਾ ਖੁਸ਼ਕ ਤੇ ਬਰਾਨੀ ਖੇਤਰਾਂ ਜਿਵੇਂ ਕੰਢੀ, ਵਿੱਚ ਵੀ ਉਗਾਇਆ ਜਾ ਸਕਦਾ ਹੈ। ਇਸ ਨੂੰ ਵਿਕਾਸ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਲੋੜੀਂਦੀ ਦੇਖਭਾਲ ਦੀ ਲੋੜ ਹੁੰਦੀ ਹੈ। ਇਹ ਹਰ ਕਿਸਮ ਦੀ ਮਿੱਟੀ ਵਿੱਚ ਵਧ ਸਕਦਾ ਹੈ, ਪਰ ਇਸ ਦੀ ਕਾਮਯਾਬ ਕਾਸ਼ਤ ਲਈ ਜ਼ਮੀਨ ਚੰਗੇ ਨਿਕਾਸ ਵਾਲੀ, ਭੁਰਭੁਰੀ, ਹਲਕੀ ਰੇਤਲੀ ਮੈਰਾ ਤੋਂ ਚੀਕਣੀ ਮੈਰਾ ਹੋਣੀ ਚਾਹੀਦੀ ਹੈ। ਇਹ ਸਾਲ ਵਿੱਚ ਦੋ ਵਾਰ ਫ਼ਲ ਦਿੰਦਾ ਹੈ।
ਉੱਨਤ ਕਿਸਮਾਂ
ਪੰਜਾਬ ਐਪਲ ਗੁਆਵਾ: ਇਸ ਦੇ ਬੂਟੇ ਦਰਮਿਆਨੇ, ਗੋਲ ਛਤਰੀ ਵਾਲੇ ਅਤੇ ਝੁਕੀਆਂ ਸ਼ਾਖਾਵਾਂ ਵਾਲੇ ਹੁੰਦੇ ਹਨ। ਫ਼ਲ ਗੋਲ ਅਤੇ ਦਰਮਿਆਨੇ ਹੁੰਦੇ ਹਨ। ਗੁੱਦੇ ਦਾ ਰੰਗ ਕਰੀਮੀ ਹੁੰਦਾ ਹੈ ਅਤੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸ ਵਿੱਚ ਮਿਠਾਸ 11.83 ਪ੍ਰਤੀਸ਼ਤ ਅਤੇ ਖੱਟਾਪਣ 0.45 ਪ੍ਰਤੀਸ਼ਤ ਹੁੰਦੇ ਹਨ। ਵਧੀਆ ਗੁਣਵੱਤਾ ਅਤੇ ਚੰਗੇ ਰੰਗਦਾਰ ਫ਼ਲਾਂ ਦੀ ਪੈਦਾਵਾਰ ਲਈ ਸਿਰਫ਼ ਸਿਆਲੂ ਕਿਸਮ ਹੀ ਲੈਣੀ ਚਾਹੀਦੀ ਹੈ। ਇਸ ਦਾ ਔਸਤਨ ਝਾੜ 100-125 ਕਿਲੋ ਪ੍ਰਤੀ ਬੂਟਾ ਹੋ ਸਕਦਾ ਹੈ।
ਪੰਜਾਬ ਕਿਰਨ: ਇਸ ਕਿਸਮ ਦੇ ਦਰੱਖਤ ਦਰਮਿਆਨੇ, ਗੋਲ ਛਤਰੀਦਾਰ ਅਤੇ ਝੁਕਵੀਆਂ ਟਾਹਣੀਆਂ ਵਾਲੇ ਹੁੰਦੇ ਹਨ। ਫ਼ਲ ਦਰਮਿਆਨੇ, ਗੋਲ ਤੋਂ ਹਲਕੇ ਲੰਬੂਤਰੇ, ਗੁਲਾਬੀ ਗੁੱਦੇ ਵਾਲੇ, ਛੋਟੇ ਤੇ ਨਰਮ ਬੀਜਾਂ ਵਾਲੇ ਹੁੰਦੇ ਹਨ। ਇਸ ਵਿਚ ਮਿਠਾਸ ਦੀ ਮਾਤਰਾ 12.3 ਪ੍ਰਤੀਸ਼ਤ ਅਤੇ ਖੱਟਾਪਣ 0.44 ਪ੍ਰਤੀਸ਼ਤ ਹੁੰਦੇ ਹਨ। ਇਸ ਦਾ ਔਸਤਨ ਝਾੜ 100-125 ਕਿਲੋ ਪ੍ਰਤੀ ਬੂਟਾ ਹੁੰਦਾ ਹੈ।
ਪੰਜਾਬ ਸਫ਼ੈਦਾ: ਇਸ ਕਿਸਮ ਦੇ ਦਰੱਖਤ ਭਰਵੇਂ ਅਤੇ ਟਾਹਣੀਆਂ ਫੈਲਾਓ ਵਾਲੀਆਂ ਹੁੰਦੀਆਂ ਹਨ। ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਗੋਲ, ਮੁਲਾਇਮ, ਕਰੀਮੀ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ। ਇਸ ਵਿਚ ਮਿਠਾਸ ਦੀ ਮਾਤਰਾ 13.4 ਪ੍ਰਤੀਸ਼ਤ ਅਤੇ ਖੱਟਾਪਣ 0.62 ਪ੍ਰਤੀਸ਼ਤ ਹੁੰਦੇ ਹਨ। ਇਸ ਦੇ ਤਿੰਨ ਸਾਲ ਦੇ ਬੂਟਿਆਂ ਦਾ ਔਸਤਨ ਝਾੜ 125-150 ਕਿਲੋ ਪ੍ਰਤੀ ਬੂਟਾ ਹੁੰਦਾ ਹੈ।
ਸ਼ਵੇਤਾ: ਇਸ ਦੇ ਬੂਟੇ ਦਰਮਿਆਨੇ, ਗੋਲ ਛਤਰੀ ਵਾਲੇ ਅਤੇ ਟਾਹਣੀਆਂ ਫੈਲਾਓ ਵਾਲੀਆਂ ਹੁੰਦੀਆਂ ਹਨ। ਇਸ ਦੇ ਫ਼ਲ ਬੈਠਵੇਂ ਗੋਲ, ਮੁਲਾਇਮ, ਕਰੀਮੀ, ਚਿੱਟੇ ਗੁੱਦੇ ਵਾਲੇ ਹੁੰਦੇ ਹਨ। ਇਸ ਵਿੱਚ ਮਿਠਾਸ ਦੀ ਮਾਤਰਾ 10.5-11.0 ਪ੍ਰਤੀਸ਼ਤ ਹੁੰਦੀ ਹੈ। ਬੀਜ ਘੱਟ ਸਖ਼ਤ ਹੁੰਦੇ ਹਨ। ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਬੂਟਾ ਹੁੰਦਾ ਹੈ।
ਅਲਾਹਾਬਾਦ ਸਫ਼ੈਦਾ: ਇਹ ਬੂਟੇ ਕੁਝ ਮਧਰੇ, ਗੋਲ, ਸੰਘਣੇ ਛੱਤਰੀਦਾਰ ਤੇ ਫੈਲਵੀਆਂ ਟਾਹਣੀਆਂ ਵਾਲੇ ਹੁੰਦੇ ਹਨ। ਪੱਤੇ ਵੱਡੇ ਆਕਾਰ ਦੇ ਅਤੇ ਦਰੱਖਤ ਸਰਦਾਰ ਕਿਸਮ ਨਾਲੋਂ ਘੱਟ ਸੰਘਣੇ ਪੱਤਿਆਂ ਵਾਲੇ ਹੁੰਦੇ ਹਨ। ਫ਼ਲ ਗੋਲ, ਮੁਲਾਇਮ ਚਿੱਟਾ ਗੁੱਦਾ, ਦਿਲਖਿੱਚਵੀਂ ਖੁਸ਼ਬੂ ਅਤੇ 10-12 ਪ੍ਰਤੀਸ਼ਤ ਮਿਠਾਸ ਵਾਲੇ ਹੁੰਦੇ ਹਨ। ਭਰ-ਜਵਾਨ ਬੂਟਿਆਂ ਤੋਂ 120 ਤੋਂ 140 ਕਿਲੋ ਫ਼ਲ ਪ੍ਰਤੀ ਬੂਟਾ ਮਿਲ ਜਾਂਦਾ ਹੈ।
ਨਸਲੀ ਵਾਧਾ ਅਤੇ ਬੂਟੇ ਲਾਉਣ ਦਾ ਸਮਾਂ
ਅਮਰੂਦ ਦਾ ਨਸਲੀ ਵਾਧਾ ਸੁਧਰੇ ਪੈਚ (2 ਅੱਖਾਂ ਵਾਲਾ) ਢੰਗ ਜਾਂ ਫਾਨਾ ਪਿਉਂਦ ਨਾਲ ਕੀਤਾ ਜਾਂਦਾ ਹੈ। ਅਮਰੂਦ ਦਾ ਬੀਜ ਅਗਸਤ ਜਾਂ ਮਾਰਚ ਵਿੱਚ 2×1 ਮੀਟਰ ਦੀਆਂ ਉਭਰਵੀਆਂ ਕਿਆਰੀਆਂ ਵਿੱਚ ਬੀਜਿਆ ਜਾਂਦਾ ਹੈ। ਪਨੀਰੀ ਛੇ ਮਹੀਨੇ ਬਾਅਦ ਦੂਜੀ ਥਾਂ ਲਾਉਣ ਲਈ ਤਿਆਰ ਹੋ ਜਾਂਦੀ ਹੈ। ਪਨੀਰੀ 1-1.2 ਸੈਂਟੀਮੀਟਰ ਮੋਟੀ ਅਤੇ 15 ਸੈਂਟੀਮੀਟਰ ਉੱਚੀ ਹੋ ਜਾਵੇ ਤਾਂ ਪਿਉਂਦ ਕੀਤੀ ਜਾਂਦੀ ਹੈ। 6×6 ਮੀਟਰ ਦੀ ਦੂਰੀ ਨਾਲ ਅਮਰੂਦ ਦੇ ਪੌਦੇ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਵਿੱਚ ਲਗਾਏ ਜਾ ਸਕਦੇ ਹਨ। ਏਕੜ ’ਚ 110 ਪੌਦੇ ਲਗਾਏ ਜਾ ਸਕਦੇ ਹਨ।
ਖਾਦਾਂ: ਯੂਰੀਆ (1.0 ਕਿਲੋ ਪ੍ਰਤੀ ਬੂਟਾ), ਸੁਪਰਫਾਸਫੇਟ (2.5 ਕਿਲੋ ਪ੍ਰਤੀ ਬੂਟਾ) ਅਤੇ ਪੋਟਾਸ਼ ਮਿਊਰੇਟ (1.5 ਕਿਲੋ ਪ੍ਰਤੀ ਬੂਟਾ) ਪਾਉ। ਇਹ ਮਾਤਰਾ 10 ਸਾਲ ਜਾਂ ਇਸ ਤੋਂ ਵੱਡੇ ਬੂਟਿਆਂ ਲਈ ਹੈ। ਅਮਰੂਦਾਂ ਦੇ ਫ਼ਲਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ 2.0 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (2.0 ਕਿਲੋ ਪ੍ਰਤੀ 100 ਲਿਟਰ ਪਾਣੀ) ਦੇ ਛਿੜਕਾਅ ਕੀਤੇ ਜਾ ਸਕਦੇ ਹਨ। ਪਹਿਲਾ ਛਿੜਕਾਅ ਅਗਸਤ ਮਹੀਨੇ ਵਿੱਚ ਫ਼ਲ ਪੈਣ ਤੋਂ ਬਾਅਦ ਅਤੇ ਦੂਜਾ ਛਿੜਕਾਅ ਮਹੀਨੇ ਬਾਅਦ ਸਤੰਬਰ ਮਹੀਨੇ ਕਰੋ।
ਸਿਧਾਈ ਅਤੇ ਕਾਂਟ-ਛਾਂਟ: ਅਮਰੂਦਾਂ ਦੀ ਸਿਧਾਈ ਫ਼ਲਾਂ ਦੇ ਝਾੜ ਅਤੇ ਗੁਣਾਂ ’ਚ ਸੁਧਾਰ ਕਰਦੀ ਹੈ। ਸਿਧਾਈ ਦਾ ‘ਸੁਧਰਿਆ ਟੀਸੀ ਢੰਗ’ ਆਮ ਵਰਤਿਆ ਜਾਂਦਾ ਹੈ। ਮਰੀਆਂ, ਬਿਮਾਰ, ਆਪਸ ਵਿੱਚ ਫ਼ਸਦੀਆਂ ਟਾਹਣੀਆਂ ਅਤੇ ਢਾਂਚੇ ਦੇ ਹੇਠੋਂ ਤੇ ਪਾਸੇ ਤੋਂ ਨਿੱਕਲੇ ਫੁਟਾਰੇ ਦੀ ਸਾਲਾਨਾ ਕਾਂਟ-ਛਾਂਟ ਵੀ ਕਰਨੀ ਚਾਹੀਦੀ ਹੈ।
ਸਿੰਜਾਈ: ਅਮਰੂਦ ਦੇ ਛੋਟੇ ਪੌਦਿਆਂ ਨੂੰ ਗਰਮੀਆਂ ਦੇ ਮਹੀਨਿਆਂ ਦੌਰਾਨ ਹਫ਼ਤੇ ਦੇ ਵਕਫ਼ੇ ਨਾਲ ਅਤੇ ਸਰਦੀਆਂ ਦੇ ਮਹੀਨਿਆਂ ਦੌਰਾਨ 2-3 ਸਿੰਜਾਈਆਂ ਦੀ ਲੋੜ ਹੁੰਦੀ ਹੈ। ਫਲ ਦੇਣ ਵਾਲੇ ਰੁੱਖਾਂ ਨੂੰ ਫੁੱਲਾਂ ਲਈ ਸਿੰਜਾਈ ਦੀ ਲੋੜ ਹੁੰਦੀ ਹੈ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ 2-3 ਹਫ਼ਤਿਆਂ ਦੇ ਵਕਫ਼ੇ ਨਾਲ ਅਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਮਹੀਨਾਵਾਰ ਵਕਫ਼ੇ ਨਾਲ ਸਿੰਜਾਈ ਦੀ ਲੋੜ ਹੁੰਦੀ ਹੈ। ਫੁੱਲਾਂ ਦੇ ਸਿਖਰ ’ਤੇ ਭਾਰੀ ਸਿੰਜਾਈ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਸ ਨਾਲ ਜ਼ਿਆਦਾ ਫੁੱਲ ਡਿੱਗ ਸਕਦੇ ਹਨ।
ਲਿਫ਼ਾਫ਼ੇ ਚੜ੍ਹਾਉਣ (ਬੈਗਿੰਗ) ਦੀ ਤਕਨੀਕ: ਬੂਟਿਆਂ ਉੱਪਰ ਲੱਗੇ ਪੂਰੇ ਵੱਡੇ ਪਰ ਸਖ਼ਤ, ਹਰੇ ਬਰਸਾਤੀ ਅਮਰੂਦਾਂ ਉੱਪਰ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ੇ ਚੜ੍ਹਾਏ ਜਾ ਸਕਦੇ ਹਨ। ਅਜਿਹਾ ਕਰਨ ਨਾਲ ਇਨ੍ਹਾਂ ਨੂੰ ਫ਼ਲਾਂ ਦੀ ਮੱਖੀ ਦੇ ਹਮਲੇ ਕਾਰਨ ਕਾਣੇ ਹੋਣ ਅਤੇ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ। ਇਸ ਤਕਨੀਕ ਨਾਲ ਫ਼ਲਾਂ ਦੇ ਆਕਾਰ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ। ਲਿਫ਼ਾਫ਼ਾ ਚੜ੍ਹਾਏ ਫ਼ਲਾਂ ਨੂੰ ਰੰਗ ਬਦਲਣ ਦੀ ਅਵਸਥਾ ’ਤੇ ਤੋੜ ਲਵੋ।
ਪੌਦ ਸੁਰੱਖਿਆ: ਫ਼ਲ ਦੀ ਮੱਖੀ: ਮੌਨਸੂਨ ਦੌਰਾਨ ਅਮਰੂਦ ਦੇ ਫਲਾਂ ਦਾ ਗੰਭੀਰ ਕੀਟ, ਫ਼ਲ ਦੀ ਮੱਖੀ ਹੈ। ਇਹ ਮੱਖੀ ਫ਼ਲਾਂ ਦੇ ਰੰਗ ਬਦਲਣ ਸਮੇਂ ਨਰਮ ਛਿਲਕੇ ’ਤੇ ਆਂਡੇ ਦਿੰਦੀ ਹੈ। ਆਂਡਿਆਂ ’ਚੋਂ ਸੁੰਡੀਆਂ ਨਿਕਲਣ ਤੋਂ ਬਾਅਦ ਇਹ ਫ਼ਲਾਂ ’ਚ ਛੇਕ ਕਰਦੀਆਂ ਹਨ ਅਤੇ ਨਰਮ ਗੁੱਦਾ ਖਾਂਦੀਆਂ ਹਨ।
ਰੋਕਥਾਮ
-ਬਰਸਾਤੀ ਮੌਸਮ ਵਿੱਚ ਪੱਕੇ ਹਰੇ ਅਮਰੂਦ ਦੇ ਫਲ ਲਿਫ਼ਾਫ਼ਿਆਂ ਨਾਲ ਢਕਣੇ ਚਾਹੀਦੇ ਹਨ। ਫਲਾਂ ਦੀਆਂ ਮੱਖੀਆਂ ਦੇ ਗੰਭੀਰ ਹਮਲੇ ਵਾਲੇ ਬਾਗਾਂ ਵਿੱਚ ਬਰਸਾਤੀ ਮੌਸਮ ਦੀ ਫਸਲ ਨਾ ਲਓ।
-ਪੱਕੇ ਫਲ ਰੁੱਖ ’ਤੇ ਨਾ ਰਹਿਣ ਦਿਓ। ਡਿੱਗੇ ਫਲ ਲਗਾਤਾਰ ਜ਼ਮੀਨ ਤੋਂ ਹਟਾਓ। ਪ੍ਰਭਾਵਿਤ ਫਲ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦਿਓ।
-ਵਾਢੀ ਤੋਂ ਤੁਰੰਤ ਬਾਅਦ ਕਲਟੀਵੇਟਰ ਨਾਲ ਘੱਟ ਹਲ ਵਾਹੁਣ ਨਾਲ ਪਿਊਪੇਟਿੰਗ ਲਾਰਵੇ/ਪਿਊਪੇ ਜੋ ਜ਼ਿਆਦਾਤਰ 4-6 ਸੈਂਟੀਮੀਟਰ ਡੂੰਘਾਈ ’ਤੇ ਮੌਜੂਦ ਹੁੰਦੇ ਹਨ, ਨੂੰ ਨਸ਼ਟ ਕਰਨ ਤੇ ਮਾਰਨ ਵਿੱਚ ਅਸਰਦਾਰ ਹੁੰਦਾ ਹੈ।
-ਪੀਏਯੂ ਫਲ ਫਲਾਈ ਟ੍ਰੈਪ ਲਗਾਓ।
ਫ਼ਲ ਦਾ ਗੜੂੰਆਂ: ਜਿੱਥੋਂ ਸੁੰਡੀ ਫ਼ਲ ਵਿਚ ਵੜਦੀ ਹੈ, ਉੱਥੋਂ ਫ਼ਲ ਬੇਢੱਬਾ ਜਿਹਾ ਹੋ ਜਾਂਦਾ ਹੈ। ਇਹ ਸੁੰਡੀ ਫ਼ਲ ਦਾ ਬੀਜ ਅਤੇ ਗੁੱਦਾ ਖਾਂਦੀ ਹੈ ਜਿਸ ਨਾਲ ਹਮਲੇ ਹੇਠ ਆਇਆ ਫ਼ਲ ਕਮਜ਼ੋਰ ਹੋ ਜਾਂਦਾ ਹੈ। ਹਮਲੇ ਹੇਠ ਆਏ ਫ਼ਲ ਸੁੱਕ ਜਾਂਦੇ ਹਨ ਅਤੇ ਪੱਕਣ ਤੋਂ ਪਹਿਲਾਂ ਹੀ ਹੇਠਾਂ ਡਿੱਗ ਪੈਂਦੇ ਹਨ। ਇਸ ਕੀੜੇ ਦੇ ਹਮਲੇ ਦਾ ਮੁੱਖ ਲੱਛਣ ਹਮਲੇ ਹੇਠ ਆਏ ਫ਼ਲਾਂ ’ਚ ਮਲ-ਮੂਤਰ ਅਤੇ ਰੇਸ਼ਮੀ ਜਾਲਿਆਂ ਦਾ ਲਟਕਣਾ ਹੈ।
ਰੋਕਥਾਮ
-ਪੀਏਯੂ ਨਿੰਮ ਦਾ ਘੋਲ ਦੇ 18 ਮਿਲੀਲਿਟਰ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੋ ਛਿੜਕਾਅ ਕਰੋ।
-ਟ੍ਰਾਈਕੋਗ੍ਰਾਮਾ ਕਿਲੋਨਿਸ ਮਿੱਤਰ ਕੀੜੇ ਵਾਲੀਆਂ ਟ੍ਰਾਈਕੋ ਸਟਰਿਪਸ 2000 ਪਰਜੀਵੀ ਆਂਡੇ ਪ੍ਰਤੀ ਰੁੱਖ ਦੇ ਹਿਸਾਬ ਨਾਲ (13 ਕਾਰਡ ਪ੍ਰਤੀ ਏਕੜ) ਜੁਲਾਈ ਦੇ ਤੀਜੇ, ਚੌਥੇ ਅਤੇ ਪੰਜਵੇਂ ਹਫ਼ਤੇ (ਬਰਸਾਤ ਰੁੱਤ ਦੀ ਫ਼ਸਲ) ਅਤੇ ਅਕਤੂਬਰ ਦੇ ਤੀਜੇ, ਚੌਥੇ ਅਤੇ ਪੰਜਵੇਂ ਹਫ਼ਤੇ (ਸਰਦੀ ਰੁੱਤ ਦੀ ਫ਼ਸਲ) ਪੱਤਿਆਂ ਦੇ ਹੇਠਲੇ ਪਾਸੇ ਨੱਥੀ ਕਰੋ।
ਫਲ ਸੜਨਾ: ਪੂਰੀ ਤਰ੍ਹਾਂ ਪੱਕੇ ਫਲਾਂ ’ਤੇ ਉੱਲੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਗੋਲਾਕਾਰ, ਥੋੜ੍ਹੇ ਜਿਹੇ ਧੱਬੇ ਹੋਏ, ਭੂਰੇ ਧੱਬੇ ਫਲਾਂ ’ਤੇ ਨਿਸ਼ਚਿਤ ਕਿਨਾਰਿਆਂ ਵਾਲੇ ਦਿਖਾਈ ਦਿੰਦੇ ਹਨ। ਫਲ 2 ਤੋਂ 3 ਦਿਨਾਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਸੜ ਜਾਂਦੇ ਹਨ। ਇਹ ਉੱਲੀ ਬਰਸਾਤ ਦੇ ਮੌਸਮ ਦੌਰਾਨ ਛੋਟੇ ਰੁੱਖਾਂ, ਟਾਹਣੀਆਂ ਅਤੇ ਟਾਹਣੀਆਂ ’ਤੇ ਵੀ ਹਮਲਾ ਕਰਦੀ ਹੈ ਜਿਸ ਦੇ ਨਤੀਜੇ ਵਜੋਂ ਟਾਹਣੀਆਂ ਦੂਰ ਦੇ ਸਿਰੇ ਤੋਂ ਸੁੱਕ ਜਾਂਦੀਆਂ ਹਨ।
ਰੋਕਥਾਮ
-ਮੀਂਹ ਜਾਂ ਸਿੰਜਾਈ ਦਾ ਪਾਣੀ ਦਰੱਖਤ ਦੇ ਆਲੇ-ਦੁਆਲੇ ਦੌਰਾਂ ਵਿੱਚ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ। ਛਾਂਟੀ ਤੋਂ ਬਾਅਦ ਦਰੱਖਤਾਂ ’ਤੇ ਬੋਰਡੋ ਮਿਸ਼ਰਨ (2:2::250) ਜਾਂ 300 ਗ੍ਰਾਮ ਬਲਾਈਟੌਕਸ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।
-ਗਲੇ ਸੜੇ ਫਲ ਜੋ ਜ਼ਮੀਨ ’ਤੇ ਡਿੱਗਦੇ ਹਨ, ਉਨ੍ਹਾਂ ਨੂੰ ਮਿੱਟੀ ਵਿੱਚ ਡੂੰਘਾ ਦੱਬਣਾ ਚਾਹੀਦਾ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ।
ਸੰਪਰਕ: 94637-28095