ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕਾਂ ਦਾ ਜਰਨੈਲ

ਕਿਸੇ ਸਮੇਂ ਬਠਿੰਡੇ ਜਿ਼ਲ੍ਹੇ ਦਾ ਪਿੰਡ ਭਾਈਰੂਪਾ ਕਾਮਰੇਡਾਂ ਦਾ ਲੈਨਿਨਗਰਾਦ ਕਹਾਉਂਦਾ ਸੀ। ਗੁਰਦੇਵ ਸਿੰਘ ਸੰਧੂ, ਗਿਆਨੀ ਭਾਗ ਸਿੰਘ, ਕਰਮ ਸਿੰਘ ਗਰੇਵਾਲ ਨੇ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਵਿਦਿਆਰਥੀਆਂ ਦਾ ਇੱਕ ਪੂਰ ਮਾਰਕਸਵਾਦ ਦੇ ਰਾਹ ਤੋਰਿਆ ਸੀ। ਜਰਨੈਲ ਭਾਈਰੂਪਾ ਉਸ...
Advertisement

ਕਿਸੇ ਸਮੇਂ ਬਠਿੰਡੇ ਜਿ਼ਲ੍ਹੇ ਦਾ ਪਿੰਡ ਭਾਈਰੂਪਾ ਕਾਮਰੇਡਾਂ ਦਾ ਲੈਨਿਨਗਰਾਦ ਕਹਾਉਂਦਾ ਸੀ। ਗੁਰਦੇਵ ਸਿੰਘ ਸੰਧੂ, ਗਿਆਨੀ ਭਾਗ ਸਿੰਘ, ਕਰਮ ਸਿੰਘ ਗਰੇਵਾਲ ਨੇ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਵਿਦਿਆਰਥੀਆਂ ਦਾ ਇੱਕ ਪੂਰ ਮਾਰਕਸਵਾਦ ਦੇ ਰਾਹ ਤੋਰਿਆ ਸੀ। ਜਰਨੈਲ ਭਾਈਰੂਪਾ ਉਸ ਪੂਰ ’ਚੋਂ ਅਹਿਮ ਸੀ... ਤੇ ਬਠਿੰਡੇ ਦੇ ਪੰਜਾਬ ਬੁੱਕ ਸੈਂਟਰ ਦਾ ਸਾਬਕਾ ਜਰਨੈਲ... ਜਰਨੈਲ ਸਿੰਘ ਭਾਈਰੂਪਾ ਹੁਣ ਤੁਰ ਗਿਆ ਹੈ।

ਜਰਨੈਲ ਦੇ ਬਾਪ ਸਾਧੂ ਸਿੰਘ ਦਾ ਪਿੰਡ ਪੱਟੀ ਕੋਲ ਕੁਹਾੜਕਾ ਸੀ। ਨੌਕਰੀ ਦੇ ਸਿਲਸਿਲੇ ’ਚ ਉਨ੍ਹਾਂ ਦੀ ਰਿਹਾਇਸ਼ ਪਾਕਿਸਤਾਨ ਵਾਲੇ ਪਾਸੇ ਸੀ। ਜਦੋਂ ਭਾਰਤ ਪਾਕਿਸਤਾਨ ਵੰਡ ਹੋ ਗਈ ਤਾਂ ਸਾਧੂ ਸਿੰਘ ਆਪਣੇ ਸਹੁਰੇ ਪਿੰਡ ਭਾਈਰੂਪੇ ਆ ਗਿਆ। ਇੱਥੇ ਹੀ ਜਰਨੈਲ ਦਾ ਜਨਮ 31 ਜਨਵਰੀ 1951 ਨੂੰ ਹੋਇਆ। ਕਾਮਰੇਡੀ ਦੀ ਪਾਹੁਲ ਉਹਨੂੰ ਸਾਥੀਆਂ ਸਮੇਤ ਸਕੂਲ ਸਮੇਂ ਹੀ ਲੱਗ ਗਈ ਸੀ। ਗਿਆਨੀ ਭਾਗ ਸਿੰਘ ਨੇ ਉਨ੍ਹਾਂ ਨੂੰ ਅਗਾਂਹਵਧੂ ਸਾਹਿਤ ਦੇ ਨਾਲ ਮਾਰਕਸੀ ਫ਼ਲਸਫ਼ਾ ਵੀ ਪੜ੍ਹਨ ਲਾ ਦਿੱਤਾ। ਸਕੂਲ ਪੜ੍ਹਦਿਆਂ ਉਨ੍ਹਾਂ ਸਾਹਿਤ ਸਭਾ ਬਣਾ ਲਈ। ਟੀਪੀਡੀ ਮਾਲਵਾ ਕਾਲਜ ਰਾਮਪੁਰਾਫੂਲ ਵਿੱਚ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਅਤੇ ਆਗੂ ਬਣ ਗਿਆ। ਉਦੋਂ ਹੀ ਜਰਨੈਲ ਨੇ ਆਪਣੇ ਸਾਥੀਆਂ ਲਾਭ ਸਿੰਘ ਖੀਵਾ, ਗੁਰਦੇਵ ਖੋਖਰ, ਹਰਪਾਲ ਖੋਖਰ ਨਾਲ ਮਿਲ ਕੇ ਨਾਟਕ ਮੰਡਲੀ ਬਣਾਈ ਸੀ ਤੇ ਉਹ ਪਿੰਡਾਂ ਸ਼ਹਿਰਾਂ ’ਚ ਨਾਟਕ ਖੇਡਦੇ।

Advertisement

1972 ਵਿੱਚ ਬੀਏ ਤੋਂ ਬਾਅਦ ਜਰਨੈਲ ਨੌਕਰੀ ਪਿੱਛੇ ਨਹੀਂ ਭੱਜਿਆ। ਉਹਨੇ ਭਾਰਤੀ ਕਮਿਊਨਿਸਟ ਪਾਰਟੀ ਦਾ ਕੁਲਵਕਤੀ ਬਣਨ ਨੂੰ ਤਰਜੀਹ ਦਿੱਤੀ। 1973 ਵਿੱਚ ਉਹ ਹੋਲਟਾਈਮਰ ਬਣ ਕੇ ਬਠਿੰਡੇ ਆ ਗਿਆ। ਉਸ ਦੀ ਡਿਊਟੀ ਘਰ-ਘਰ ‘ਨਵਾਂ ਜ਼ਮਾਨਾ’ ਅਖ਼ਬਾਰ ਪਹੁੰਚਾਉਣ ਦੀ ਲੱਗੀ। ਉਹਨੇ ਇਹ ਡਿਊਟੀ ਸਿਰੜ ਨਾਲ ਨਿਭਾਈ। ਜਦੋਂ ਪੰਜਾਬ ਬੁੱਕ ਸੈਂਟਰ ਦੀ ਬਰਾਂਚ ਬਠਿੰਡੇ ਖੋਲ੍ਹੀ ਗਈ ਤਾਂ ਜਰਨੈਲ ਮੈਨੇਜਰ ਬਣਿਆ। ਬਤੌਰ ਮੈਨੇਜਰ ਉਹਨੇ ਪੰਜਾਬ ਬੁੱਕ ਸੈਂਟਰ ਲਈ ਬਹੁਤ ਕੰਮ ਕੀਤਾ। ਸੋਵੀਅਤ ਸਾਹਿਤ ਦੇ ਨਾਲ ਪੰਜਾਬੀ ਸਾਹਿਤ ਵੱਡੀ ਗਿਣਤੀ ਵਿੱਚ ਪਾਠਕਾਂ ਤੱਕ ਪੁੱਜਦਾ ਕੀਤਾ।

ਪਾਰਟੀ ਹੋਲਟਾਈਮਰ ਬਣ ਜਰਨੈਲ ਨੇ ਨਿਹਚਾ ਅਤੇ ਸਿਦਕ ਨਾਲ ਕੰਮ ਕੀਤਾ। 1978 ਦੀ 11ਵੀਂ ਪਾਰਟੀ&ਨਬਸਪ; ਕੁੱਲ ਹਿੰਦ ਕਾਂਗਰਸ, ਕੁੱਲ ਹਿੰਦ ਕਿਸਾਨ ਕਾਨਫਰੰਸ, ਔਰਤਾਂ ਤੇ ਖੇਤ ਮਜ਼ਦੂਰਾਂ ਦੀਆਂ ਕੌਮੀ ਪੱਧਰ ਦੀਆਂ ਕਾਨਫਰੰਸਾਂ ਵਿੱਚ ਜਰਨੈਲ ਦਿਨ ਰਾਤ ਇੱਕ ਕਰ ਕੇ ਕੰਮ ਕਰਦਾ। ਅਜਿਹੀ ਹੀ ਇੱਕ ਕਾਨਫਰੰਸ ਸਮੇਂ ਜਰਨੈਲ ਦੀ ਡਿਊਟੀ ਲੰਗਰ ਲਈ ਲੱਗੀ। ਉਹ ਗੇਟ ’ਤੇ ਖੜ੍ਹਾ ਜ਼ਿਲ੍ਹੇਵਾਰ ਡੈਲੀਗੇਟਾਂ ਨੂੰ ਖਾਣਾ ਖਾਣ ਲਈ ਲੰਘਾ ਰਿਹਾ ਸੀ। ਸੱਤਪਾਲ ਡਾਂਗ ਉਸ ਸਮੇਂ ਪੰਜਾਬ ਪੱਧਰ ਦੇ ਹੀ ਨਹੀਂ, ਕੌਮੀ ਪੱਧਰ ਦੇ ਆਗੂ ਸਨ। ਕੰਮ ਵਿੱਚ ਮਸਰੂਫ ਕਾਮਰੇਡ ਡਾਂਗ ਜਦੋਂ ਬਿਨਾਂ ਵਾਰੀ ਲੰਗਰ ਹਾਲ ’ਚ ਲੰਘਣ ਲੱਗੇ ਤਾਂ ਜਰਨੈਲ ਨੇ ਉਸ ਅੱਗੇ ਡਾਂਗ ਦਾ ਬੈਰੀਅਰ ਲਾ ਦਿੱਤਾ।

“ਤੂੰ ਕੌਣ ਐਂ ਬਈ ਡਾਂਗ ਅੱਗੇ ਡਾਂਗ ਕਰਨ ਵਾਲਾ... ਜਾਣਦਾ ਨਹੀਂ ਮੈਨੂੰ?” ਸੱਤਪਾਲ ਡਾਂਗ ਨੇ ਘੂਰ ਕੇ ਪੁੱਛਿਆ।

“ਜਾਣਦਾਂ ਕਾਮਰੇਡ ਡਾਂਗ ਜੀ ਪਰ ਬਿਨਾਂ ਵਾਰੀ ਤੋਂ ਨਹੀਂ ਜਾਣ ਦੇਣਾ।” ਸੱਤਪਾਲ ਡਾਂਗ ਨੇ ਇਸ ਗੱਲ ਦੀ ਭਰਵੀਂ ਪ੍ਰਸ਼ੰਸਾ ਆਪਣੇ ਭਾਸ਼ਣ ’ਚ ਕੀਤੀ। ਅਸੂਲ ’ਤੇ ਅੜ ਜਾਣ ਦੀਆਂ ਇੱਕ ਨਹੀਂ, ਅਨੇਕ ਮਿਸਾਲਾਂ ਜਰਨੈਲ ਨੇ ਆਪਣੇ ਜੀਵਨ ਵਿੱਚ ਦਿੱਤੀਆਂ।

ਜਰਨੈਲ ਦਾ ਪਰਿਵਾਰ 1973-74 ’ਚ ਬਠਿੰਡੇ ਆ ਗਿਆ, ਤਿੰਨ ਕੋਨੀ ਵਾਲੇ ਘਰ ’ਚ ਰਹਿਣ ਲੱਗਾ। ‘ਭਾਈਰੂਪਾ ਟਾਇਰ ਵਰਕਸ’ ਇਨ੍ਹਾਂ ਦੀ ਮਸ਼ਹੂਰ ਦੁਕਾਨ ਸੀ ਜਿਥੇ ਸਿਆਸੀ, ਸਮਾਜਿਕ, ਸਾਹਿਤਕ ਸ਼ਖ਼ਸੀਅਤਾਂ ਦਾ ਆਉਣ ਜਾਣ ਰਹਿੰਦਾ। ਇੱਥੇ ਹੀ ਜਰਨੈਲ ਦੇ ਭਰਾ ਕਰਨੈਲ ਤੇ ਰਾਣਾ ਰਹਿੰਦੇ। ਜਰਨੈਲ ਦਾ ਮਨਪਸੰਦ ਵਿਆਹ ਦਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਹੋਏ।

ਜਰਨੈਲ ਨੇ ਲੰਮਾ ਸਮਾਂ ਸੀਪੀਆਈ ਵਿੱਚ ਵਫ਼ਾਦਾਰ ਸਿਪਾਹੀ ਬਣ ਕੇ ਕੰਮ ਕੀਤਾ। ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਭਾਨ ਸਿੰਘ ਭੌਰਾ, ਜਗਿੰਦਰ ਸਿੰਘ ਭਸੀਨ ਵਰਗੇ ਵੱਡੇ ਲੀਡਰਾਂ ਦੀ ਅਗਵਾਈ ਹੇਠ; ਹਰਦੇਵ ਅਰਸ਼ੀ, ਗੁਰਸੇਵਕ, ਜਗਜੀਤ ਜੋਗਾ, ਮੱਖਣ, ਹਰਪਾਲ ਖੋਖਰ, ਜਗਦੀਸ਼ ਸਿੰਘ ਘਈ, ਕਰਮ ਸਿੰਘ ਗੁਲਾਬਗੜ੍ਹ ਆਦਿ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਉਹ ਰੇਲ ਦੇ ਪਹੀਏ ਵਾਂਗ ਘੁੰਮਿਆ ਅਤੇ ਘਸਿਆ ਕਮਿਊਨਿਸਟ ਵਰਕਰ ਸੀ। ਜਦੋਂ ਆਰੀਆ ਸਮਾਜ ਚੌਕ ਵਾਲੇ ਪਾਰਟੀ ਦਫ਼ਤਰ ਦੀ ਬਿਲਡਿੰਗ ਬਣ ਰਹੀ ਸੀ ਤਾਂ ਜਰਨੈਲ ਨੇ ਸਿਰ ’ਤੇ ਬੱਠਲ ਚੁੱਕ ਕੇ ਕੰਮ ਕੀਤਾ। ਹਰ ਤਰ੍ਹਾਂ ਦੀਆਂ ਚੋਣਾਂ ਸਮੇਂ ਜਰਨੈਲ ਦੀ ਡਿਊਟੀ ਦਫ਼ਤਰ ਸਕੱਤਰ ਦੀ ਲੱਗਦੀ। ਆਗੂਆਂ ਦੇ ਦੌਰਿਆਂ, ਚੋਣ ਰੈਲੀਆਂ, ਕਾਨਫਰੰਸਾਂ ਦੇ ਬਣੇ ਪ੍ਰੋਗਰਾਮ ਲਾਗੂ ਕਰਨ ਵਿੱਚ ਜਰਨੈਲ ਦਾ ਮੋਹਰੀ ਰੋਲ ਹੁੰਦਾ। ਜਰਨੈਲ ਪਿਛਲੇ 25-30 ਸਾਲ ਤੋਂ ਸਾਰੇ ਬਠਿੰਡੇ ਦਾ ਸਾਂਝਾ ਸੀ। ਹਰ ਸਿਆਸੀ ਪਾਰਟੀ, ਸਮਾਜਿਕ ਸੰਗਠਨਾਂ, ਸਰਕਾਰੀ ਅਦਾਰੇ ਵਿੱਚ ਉਸ ਦਾ ਮਾਣ ਤਾਣ ਤੇ ਸਤਿਕਾਰ ਸੀ। ਉਹਦੀ ਜਾਣ ਪਛਾਣ ਇੰਨੀ ਸੀ ਕਿ ਬੱਚਾ-ਬੱਚਾ ਉਹਨੂੰ ਜਾਣਦਾ ਸੀ; ਯਾਦਸ਼ਕਤੀ ਇੰਨੀ ਕਿ ਹਰ ਘਟਨਾ ਨੂੰ ਮਿਤੀ ਮੁਤਾਬਿਕ ਦੱਸ ਦਿੰਦਾ। ਹਰ ਸਮਾਗਮ ਵਿੱਚ ਉਹ ਭਾਵੇਂ ਕਿਸੇ ਜਥੇਬੰਦੀ ਦਾ ਹੋਵੇ ਜਾਂ ਨਿੱਜੀ, ਮੋਹਰੀ ਹੁੰਦਾ। ਵਿਆਹ-ਸ਼ਾਦੀ, ਮਰਨੇ-ਪਰਨੇ, ਭੋਗ-ਸੋਗ ਸਮੇਂ ਉਹਦੀਆਂ ਨਿਰਸਵਾਰਥ ਸੇਵਾਵਾਂ ਹਾਜ਼ਰ ਹੁੰਦੀਆਂ।

ਉਹਨੇ ਸਾਹਿਤ ਘਰ-ਘਰ ਪਹੁੰਚਾਇਆ। ਉਸ ਤੋਂ ਕਿਤਾਬਾਂ ਲੈ ਕੇ ਪੜ੍ਹਨ ਵਾਲਿਆਂ ਅਤੇ ਕਾਮਯਾਬੀ ਪ੍ਰਾਪਤ ਕਰਨ ਵਾਲਿਆਂ ਦੀ ਲੜੀ ਲੰਮੀ ਹੈ। ਸਾਹਿਤ ਉਹਨੇ ਪੜ੍ਹਾਇਆ ਹੀ ਨਹੀਂ, ਆਪ ਵੀ ਪੜ੍ਹਿਆ। ਉਹ ਵਧੀਆ ਵਿਸ਼ੇਸ਼ਲਕ ਤੇ ਬੁਲਾਰਾ ਸੀ। ਪੰਜਾਬੀ ਸਾਹਿਤ ਸਭਾ ਬਠਿੰਡਾ ਦਾ ਉਹ ਬਾਨੀ ਮੈਂਬਰ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਸਭਾ ਦਾ ਖ਼ਜ਼ਾਨਚੀ ਸੀ। ਪੰਜਾਬ ਭਰ ’ਚ ਹੁੰਦੇ ਸਾਹਿਤਕ ਸਮਾਗਮਾਂ ਵਿੱਚ ਉਹਦੀ ਹਾਜ਼ਰੀ ਯਕੀਨੀ ਹੁੰਦੀ। ਇੱਕ ਵਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵੇਲੇ ਕਿਸੇ ਨੇ ਜਰਨੈਲ ਨੂੰ ਛੇੜਿਅ, “ਕਾਮਰੇਡਾ, ਤੂੰ ਲੇਖਕ ਤਾਂ ਹੈ ਨ੍ਹੀਂ... ਤੂੰ ਕਿਵੇਂ ਫਿਰਦੈਂ?”

“ਮੈਂ ਲੇਖਕਾਂ ਦਾ ਜਰਨੈਲ ਆਂ...!”... ਜਰਨੈਲ ਸਿਰਫ ਲੇਖਕਾਂ ਦਾ ਹੀ ਜਰਨੈਲ ਨਹੀਂ ਸੀ, ਸਗੋਂ ਦੱਬੇ ਕੁਚਲਿਆਂ ਦਾ ਵੀ ਜਰਨੈਲ ਸੀ। ਹੁਣ ਉਹਨੂੰ ‘ਹੈ’ ਤੋਂ ‘ਸੀ’ ਕਹਿੰਦਿਆਂ ਹੌਲ ਪੈਂਦੇ ਹਨ। ਉਹਦਾ ਤੁਰ ਜਾਣਾ ਦੁੱਖਦਾਈ ਹੈ, ਅਣਕਿਆਸਿਆ ਹੈ, ਬੇਵਕਤ ਹੈ, ਅਸਹਿ ਹੈ... ਤੇ ਲੰਮਾ ਸਮਾਂ ਭੁੱਲਣ ਵਾਲਾ ਨਹੀਂ।

ਸੰਪਰਕ: 97800-42156

Advertisement
Show comments