ਦੁੱਧ ਵਰਗੇ ਲੋਕ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਣ ਪਿੱਛੋਂ ਬੀਜੀ (ਸੱਸ ਮਾਂ) ਨੂੰ ਮਿਲਣ ਪਿੰਡ ਘੱਗਾ ਗਈ। ਮੇਰੀ ਦਿਲਚਸਪੀ ਬੀਜੀ ਦੇ ਜੀਵਨ ਨਾਲ ਜੁੜੀਆਂ ਯਾਦਾਂ ਸੁਣਨ ਵਿੱਚ ਰਹਿੰਦੀ ਹੈ। ਇਸ ਵਾਰ ਬੀਜੀ ਦੇ ਜੀਵਨ ਵਿੱਚ ਲਗਭਗ ਪੰਜਾਹ ਵਰ੍ਹੇ ਪਹਿਲਾਂ ਵਾਪਰੀ ਘਟਨਾ ਮੇਰੀ ਦਿਲਚਸਪੀ ਦਾ ਸਬੱਬ ਬਣੀ। ਪਰਿਵਾਰ ਉਦੋਂ ਘੱਗੇ ਨੇੜੇ ਬਰਾਸ ਪਿੰਡ ਵਿੱਚ ਰਹਿੰਦਾ ਸੀ। ਬੀਜੀ ਹੁਰੀਂ ਆਪਣੀਆਂ ਮੱਝਾਂ ਬਾਹਰਲੇ ਦਰਵਾਜ਼ੇ ਬੰਨ੍ਹ ਕੇ ਜਿੰਦਾ ਲਾ ਆਉਂਦੇ ਸਨ।
ਸਰਦੀਆਂ ਦੀ ਰੁੱਤੇ ਇਕ ਤੜਕੇ ਬੀਜੀ ਧਾਰ ਕੱਢਣ ਗਏ। ਜਿਉਂ ਹੀ ਦਰਵਾਜ਼ੇ ਕੋਲ ਪੁੱਜੇ, ਅੱਧਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਘਾਬਰ ਗਏ। ਜਿੰਦਾ ਟੁੱਟਿਆ ਪਿਆ ਸੀ। ਅੰਦਰ ਨਾ ਮੱਝ ਸੀ ਤੇ ਨਾ ਹੀ ਝੋਟੀ। ਬੀਜੀ ਹੱਥੋਂ ਬਾਲਟੀ ਡਿੱਗ ਪਈ ਤੇ ਉਨ੍ਹਾਂ ਫਟਾਫਟ ਘਰ ਆ ਕੇ ਬਾਪੂ ਜੀ ਨੂੰ ਦੱਸਿਆ। ਝੋਟੀ ਤਾਂ ਰਾਹ ਵਿੱਚੋਂ ਮੁੜ ਆਈ ਸੀ ਪਰ ਚੋਰ ਮੱਝ ਲੈ ਗਏ ਸਨ। ਥੋੜ੍ਹਾ ਹੋਰ ਦਿਨ ਚੜ੍ਹਿਆ ਤਾਂ ਬਾਪੂ ਜੀ ਨੇ ਚੋਰਾਂ ਦੀਆਂ ਪੈੜਾਂ ਤਸਲਿਆਂ ਨਾਲ ਢਕ ਦਿੱਤੀਆਂ। ਘੱਗੇ ਥਾਣੇ ਜਾ ਕੇ ਉਨ੍ਹਾਂ ਚੋਰੀ ਬਾਰੇ ਇਤਲਾਹ ਦਿੱਤੀ। ਥਾਣੇਦਾਰ ਖ਼ੁਦ ਮੱਝ ਦਾ ਹੁਲੀਆ ਲਿਖਣ ਆਇਆ। ਬੀਜੀ ਨੇ ਸਾਰਾ ਹੁਲੀਆ ਲਿਖਵਾ ਦਿੱਤਾ: ਮੁੜੇ ਸਿੰਗਾਂ ਵਾਲੀ ਮੱਝ ਦੇ ਮੱਥੇ ’ਤੇ ‘ਫੂਲ’ ਸੀ ਤੇ ਉਹ ‘ਤਿੱਗ’ ਸੀ। ‘ਤਿੱਗ’ ਸ਼ਬਦ ਦੇ ਅਰਥ ‘ਤਿੰਨ’ ਹੋਣ ਬਾਰੇ ਤਾਂ ਪਤਾ ਸੀ ਪਰ ਇਸ ਸ਼ਬਦ ਦੇ ਜਿਹੜੇ ਇਕ ਹੋਰ ਅਰਥ ਮੈਂ ਬੀਜੀ ਕੋਲੋਂ ਸੁਣੇ, ਉਨ੍ਹਾਂ ਬਾਰੇ ਪਹਿਲਾਂ ਕਦੇ ਨਹੀਂ ਸੀ ਸੁਣਿਆ। ਉਨ੍ਹਾਂ ਦੱਸਿਆ ਕਿ ਜਿਸ ਮੱਝ ਦੇ ਤਿੰਨ ਥਣਾਂ ਵਿੱਚ ਤਾਂ ਦੁੱਧ ਹੋਵੇ ਪਰ ਚੌਥੇ ਵਿੱਚ ਨਾ ਹੋਵੇ, ਉਹਨੂੰ ‘ਤਿੱਗ’ ਕਹਿੰਦੇ।
ਜਿਸ ਦਿਨ ਮੱਝ ਚੋਰੀ ਹੋਈ, ਉਸ ਦਿਨ ਹੀ ਬੀਜੀ ਦੀ ਹਮਉਮਰ ਗੁਆਂਢਣ ਗੁਰਨਾਮ ਕੌਰ ਦੁੱਧ ਦਾ ਡੋਲੂ ਭਰ ਕੇ ਬੀਜੀ ਕੋਲ ਲੈ ਆਈ ਤੇ ਕਹਿਣ ਲੱਗੀ, “ਸੁਰਜੀਤ ਕੁਰੇ, ਕੋਈ ਗੱਲ ਨਹੀਂ। ਸਬਰ ਕਰ। ਚੋਰਾਂ ਦੇ ਘਰਾਂ ’ਚ ਕਦੇ ਦੀਵੇ ਨਹੀਂ ਜਗਦੇ ਹੁੰਦੇ। ਮੈਸ੍ਵ ਹੋਰ ਆ ਜਾਊਗੀ। ਜਿਹੋ ਜਿਹੇ ਤੇਰੇ ਬੱਚੇ, ਉਹੋ ਜਿਹੇ ਮੇਰੇ। ਤੂੰ ਫ਼ਿਕਰ ਨਾ ਕਰ, ਤੇਰੇ ਜਵਾਕਾਂ ਲਈ ਦੁੱਧ ਰੋਜ਼ ਮੈਂ ਦੇ ਕੇ ਜਾਇਆ ਕਰੂੰ।”
ਬਾਹਰਲੇ ਦਰਵਾਜ਼ੇ ਜਿੱਥੇ ਬੀਜੀ ਹੁਰੀਂ ਮੱਝਾਂ ਬੰਨ੍ਹਦੇ ਸਨ, ਉਸ ਤੋਂ ਦੋ ਕੁ ਘਰ ਛੱਡ ਕੇ ਹੀ ਗੁਰਨਾਮ ਕੌਰ ਦਾ ਘਰ ਸੀ। ਬੀਜੀ ਨਾਲ ਪਿਆਰ ਸੀ। ਉਨ੍ਹਾਂ ਦੇ ਮੁੰਡੇ ਦਾ ਵਿਆਹ ਹੋਇਆਂ ਅਜੇ ਕੁਝ ਹੀ ਦਿਨ ਹੋਏ ਸਨ। ਇੱਕ ਦਿਨ ਪਤਾ ਲੱਗਾ ਕਿ ਗੁਰਨਾਮ ਕੌਰ ਦੀ ਨੂੰਹ ਦੀ ਇੱਕ ਵਾਲ਼ੀ ਨਹੀਂ ਮਿਲ ਰਹੀ। ਘਰ ਦੇ ਸਾਰੇ ਖੱਲਾਂਖੂੰਜੇ ਫੋਲ ਦਿੱਤੇ ਪਰ ਵਾਲ਼ੀ ਨਾ ਮਿਲੀ। ਵਿਆਹ ਨੂੰ ਕੁਝ ਹੀ ਦਿਨ ਹੋਏ ਹੋਣ ਕਰ ਕੇ ਨਵੀਂਨਵੇਲੀ ਆਪਣੀ ਵਾਲ਼ੀ ਨਾ ਮਿਲਣ ਕਾਰਨ ਚਿੰਤਤ ਰਹਿਣ ਲੱਗੀ; ਸੋਚਦੀ ਹੋਵੇਗੀ: ‘ਸਹੁਰੇ ਮੇਰੇ ਬਾਰੇ ਕੀ ਸੋਚਦੇ ਹੋਣਗੇ?’
ਇਕ ਦਿਨ ਬੀਜੀ ਸਵੇਰੇਸਵੇਰੇ ਰੂੜੀ ’ਤੇ ਗੋਹੇ ਦਾ ਤਸਲਾ ਸੁੱਟਣ ਜਾ ਰਹੇ ਸਨ। ਰਾਤੀਂ ਹਲਕੀਆਂਹਲਕੀਆਂ ਕਣੀਆਂ ਵਰ੍ਹੀਆਂ ਸਨ। ਗੁਰਨਾਮ ਕੌਰ ਦੇ ਦਰਵਾਜ਼ੇ ਦੇ ਬਾਹਰ ਚਾਣਚੱਕ ਬੀਜੀ ਦੀ ਨਜ਼ਰ ਕਿਸੇ ਚਮਕਦੀ ਚੀਜ਼ ’ਤੇ ਪਈ। ਬੀਜੀ ਨੂੰ ਸ਼ੱਕ ਪਿਆ। ਉਨ੍ਹਾਂ ਸਿਰੋਂ ਤਸਲਾ ਲਾਹਿਆ ਤੇ ਉਸ ਚਮਕਦੀ ਚੀਜ਼ ਨੂੰ ਨਹੁੰ ਨਾਲ ਖੁਰਚਿਆ; ਦੇਖਿਆ, ਸੋਨੇ ਦੀ ਵਾਲ਼ੀ ਸੀ। ਬੀਜੀ ਨੇ ਗੁਰਨਾਮ ਕੌਰ ਦਾ ਦਰਵਾਜ਼ਾ ਖੜਕਾਇਆ ਤੇ ਗੁਰਨਾਮ ਕੌਰ ਨੂੰ ਹੱਥ ਅੱਗੇ ਕਰਨ ਲਈ ਕਿਹਾ। ਗੁਰਨਾਮ ਕੌਰ ਨੇ ਹੱਥ ਅੱਗੇ ਕੀਤਾ ਤਾਂ ਬੀਜੀ ਨੇ ਮੁੱਠੀ ਵਿੱਚ ਬੰਦ ਵਾਲ਼ੀ ਉਹਦੇ ਹੱਥ ’ਤੇ ਰੱਖ ਦਿੱਤੀ।
ਬੀਜੀ ਗੁਰਨਾਮ ਕੌਰ ਨੂੰ ਬਾਹਰ ਉਸ ਥਾਂ ਲੈ ਕੇ ਆਏ, ਜਿਸ ਥਾਂ ਤੋਂ ਉਨ੍ਹਾਂ ਨੇ ਨਹੁੰ ਨਾਲ ਮਿੱਟੀ ਵਿੱਚ ਖੁੱਭੀ ਵਾਲ਼ੀ ਖੁਰਚ ਕੇ ਬਾਹਰ ਕੱਢੀ ਸੀ। ਉਸ ਥਾਂ ’ਤੇ ਵਾਲ਼ੀ ਦਾ ਨਿਸ਼ਾਨ ਬਣਿਆ ਹੋਇਆ ਸੀ। ਉਹਦੀ ਨੂੰਹ ਮੂੰਹਹਨੇਰੇ ‘ਰੜਕਾ’ ਲਾ ਰਹੀ ਹੋਵੇਗੀ, ਉਦੋਂ ਵਾਲੀ ਉਹਦੇ ਕੰਨੋਂ ਡਿੱਗ ਪਈ ਹੋਵੇਗੀ ਤੇ ਮਿੱਟੀ ਵਿੱਚ ਦਬ ਗਈ ਸੀ। ਕੁਝ ਦਿਨਾਂ ਬਾਅਦ ਮਿੱਟੀ ਉਪਰ ਕਣੀਆਂ ਪੈਣ ਨਾਲ ਵਾਲ਼ੀ ਦਾ ਥੋੜ੍ਹਾ ਜਿਹਾ ਹਿੱਸਾ ਬਾਹਰ ਆ ਗਿਆ ਸੀ। ਉਸ ਦੀ ਚਮਕ ਬੀਜੀ ਨੂੰ ਦਿਸ ਪਈ ਸੀ। ਗੁਰਨਾਮ ਕੌਰ ਕੋਲ ਬੀਜੀ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਸਨ।... ਬੀਜੀ ਨੇ ਘਰ ਆ ਕੇ ਇਹ ਘਟਨਾ ਟੱਬਰ ਨੂੰ ਦੱਸੀ ਤਾਂ ਜੁਆਕ ਬੀਜੀ ਨਾਲ ਲੜਨ ਕਿ ਵਾਲ਼ੀ ਕਿਉਂ ਮੋੜੀ? ਉਹ ਕਿਹੜਾ ਚੋਰੀ ਕੀਤੀ ਸੀ? ਲੱਭੀ ਸੀ। ਵਾਲ਼ੀ ਵੇਚ ਕੇ ਉਨ੍ਹਾਂ ਨੂੰ ਸਾਈਕਲ ਦਿਵਾ ਦਿੰਦੇ ਕਿਉਂਕਿ ਉਹ ਛੇ-ਸੱਤ ਕਿਲੋਮੀਟਰ ਦੂਰ ਘੱਗੇ ਸਕੂਲ ਪੈਦਲ ਪੜ੍ਹਨ ਜਾਂਦੇ ਸਨ। ਖ਼ੈਰ...।
ਗੁਰਨਾਮ ਕੌਰ ਨੂੰ ਘਰ ਆ ਕੇ ਦੁੱਧ ਦਿੰਦਿਆਂ ਮਹੀਨਾ ਹੋ ਗਿਆ ਸੀ। ਦੇਸੀ ਮਹੀਨੇ ਦੀ ਪਹਿਲੀ ਤਰੀਕ ਆਈ। ਬੀਜੀ ਗੁਰਨਾਮ ਕੌਰ ਦੇ ਘਰ ਦੁੱਧ ਦੇ ਪੈਸੇ ਦੇਣ ਗਏ। ਪੈਸੇ ਦੇਖਦਿਆਂ ਹੀ ਗੁਰਨਾਮ ਕੌਰ ਬੋਲੀ, “ਸੁਰਜੀਤ ਕੁਰੇ, ਹੋਰ ਮਾਰ ਲੈ ਮੇਰੇ ਛਿੱਤਰ। ਸ਼ਰਮ ਤਾਂ ਨਹੀਂ ਆਉਂਦੀ ਤੈਨੂੰ, ਮੈਨੂੰ ਦੁੱਧ ਦੇ ਪੈਸੇ ਦਿੰਦੀ ਨੂੰ?”
ਬੀਜੀ ਬੋਲੇ, “ਨਾ ਨਾ ਗੁਰਨਾਮ ਕੁਰੇ, ਮੇਰੇ ਜੁਆਕਾਂ ਨੂੰ ਤੂੰ ਮਹੀਨਾ ਭਰ ਦੁੱਧ ਪਿਆਇਐ। ਪੈਸੇ ਕਿਉਂ ਨਹੀਂ ਲਏਂਗੀ? ਲੈ ਫੜ। ਐਂ ਨਾ ਕਰ। ਸਭ ਦੀ ਆਪੋ-ਆਪਣੀ ਕਬੀਲਦਾਰੀ ਹੁੰਦੀ ਐ।” ਗੁਰਨਾਮ ਕੌਰ ਬੀਜੀ ਦੇ ਹੱਥਾਂ ਵਿੱਚ ਪੈਸੇ ਮੋੜਦੀ ਹੋਈ ਬੋਲੀ, “ਨਾ, ਤੂੰ ਨੀ ਉਸ ਦਿਨ ਮੇਰੀ ਨੂੰਹ ਦੀ ਵਾਲ਼ੀ ਮੋੜੀ ਸੀ? ਮੈਂ ਤੇਰੀ ਇਮਾਨਦਾਰੀ ਭੁੱਲ ਜੂੰ ਸਾਰੀ ਉਮਰ?”
ਬੀਜੀ ਨੇ ਮੁੜ ਉਹਨੂੰ ਪੈਸੇ ਫੜਾ ਕੇ, ਉਸ ਦੀ ਮੁੱਠੀ ਆਪਣੇ ਹੱਥਾਂ ’ਚ ਘੁੱਟ ਲਈ।... ਬੀਜੀ ਨੇ ਦੱਸਿਆ- ਉਦੂੰ ਬਾਅਦ ਦੋਵਾਂ ਦੀਆਂ ਅੱਖਾਂ ਭਰ ਆਈਆਂ ਸਨ।
ਸੰਪਰਕ: 85678-86223