DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ...

ਰਣਜੀਤ ਲਹਿਰਾ ਪੰਜ-ਛੇ ਸਾਲ ਪਹਿਲਾਂ ਘਰ ਦੇ ਮੂਹਰੇ ਲੱਗੇ ਫਾਈਬਰ ਹੇਠਾਂ ਪਿੱਦੀਆਂ ਚਿੜੀਆਂ ਦੀ ਜੋੜੀ ਫੇਰਾ ਪਾਉਣ ਲੱਗੀ। ਕਦੇ ਇੱਕ, ਕਦੇ ਦੂਜੀ ਚਿੜੀ ਫਾਈਬਰ ਹੇਠ ਲਟਕਦੇ ਪਲਾਸਟਿਕ ਦੇ ਗਮਲਿਆਂ ਦਾ ਜਾਇਜ਼ਾ ਲੈਂਦੀ ਤੇ ਉੱਡ ਜਾਂਦੀ। ਫਾਈਬਰ ਹੇਠ ਤਿੰਨ ਗਮਲੇ ਲਟਕ...
  • fb
  • twitter
  • whatsapp
  • whatsapp
Advertisement

ਰਣਜੀਤ ਲਹਿਰਾ

ਪੰਜ-ਛੇ ਸਾਲ ਪਹਿਲਾਂ ਘਰ ਦੇ ਮੂਹਰੇ ਲੱਗੇ ਫਾਈਬਰ ਹੇਠਾਂ ਪਿੱਦੀਆਂ ਚਿੜੀਆਂ ਦੀ ਜੋੜੀ ਫੇਰਾ ਪਾਉਣ ਲੱਗੀ। ਕਦੇ ਇੱਕ, ਕਦੇ ਦੂਜੀ ਚਿੜੀ ਫਾਈਬਰ ਹੇਠ ਲਟਕਦੇ ਪਲਾਸਟਿਕ ਦੇ ਗਮਲਿਆਂ ਦਾ ਜਾਇਜ਼ਾ ਲੈਂਦੀ ਤੇ ਉੱਡ ਜਾਂਦੀ। ਫਾਈਬਰ ਹੇਠ ਤਿੰਨ ਗਮਲੇ ਲਟਕ ਰਹੇ ਸਨ ਜਿਨ੍ਹਾਂ ਵਿੱਚ ਫੁੱਲਾਂ ਵਾਲੇ ਛੋਟੇ-ਛੋਟੇ ਵੇਲ-ਬੂਟੇ ਸਨ। ਦੋ ਕੁ ਦਿਨ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਚਿੜੀਆਂ ਦੇ ਜੋੜੇ ਨੇ ਵਿਚਕਾਰਲੇ ਗਮਲੇ ਵਿੱਚੋਂ ਬਾਹਰ ਲਟਕਦੀ ਖੜ-ਸੁੱਕ ਜਿਹੀ ਟਾਹਣੀ ’ਤੇ ਆਲਣਾ ਬਣਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਦੋਵਾਂ ਜੀਆਂ ਨੂੰ ਅਜੀਬ ਜਿਹੀ ਖੁਸ਼ੀ ਮਹਿਸੂਸ ਹੋਣ ਲੱਗੀ, ਪਰ ਨਾਲ ਹੀ ਬਾਂਦਰਾਂ ਨੂੂੰ ਲੈ ਕੇ ਖ਼ਦਸ਼ਾ ਵੀ ਸਾਡੇ ਮਨਾਂ ਵਿੱਚ ਸਿਰ ਚੁੱਕਣ ਲੱਗਾ। ਗਮਲੇ ਇੰਨੇ ਕੁ ਉੱਚੇ ਤਾਂ ਹੈ ਸਨ ਕਿ ਬਾਂਦਰ ਜ਼ਮੀਨ ਤੋਂ ਛਾਲ ਮਾਰ ਕੇ ਆਲ੍ਹਣੇ ਨੂੰ ਨੁਕਸਾਨ ਨਹੀਂ ਸੀ ਪਹੁੰਚਾ ਸਕਦੇ, ਪਰ ਕੋਠੇ ਉੱਪਰੋਂ ਆ ਕੇ ਫਾਈਬਰ ਦੇ ਚੌਖਟੇ ਦੀ ਪਾਈਪ ਨਾਲ ਲਟਕ ਕੇ ਆਲ੍ਹਣਾ ਤੋੜ ਸਕਦੇ ਸਨ। ਬਾਂਦਰਾਂ ਦੇ ਮਾਮਲੇ ’ਚ ਸਾਡਾ ਲਹਿਰਾ, ਇਲਾਕੇ ਵਿੱਚ ਬਾਂਦਰਾਂ ਵਾਲਾ ਲਹਿਰਾ ਦੇ ਨਾਂ ਨਾਲ ਮਸ਼ਹੂਰ ਹੈ। ਕੋਈ ਚੀਜ਼ ਇੱਕ ਵਾਰ ਬਾਂਦਰਾਂ ਦੀ ਨਿਗਾਹ ਚੜ੍ਹ ਜਾਵੇ, ਫਿਰ ਉਹਦੀ ਮਕੈਨਿਕੀ, ਤੋੜ-ਭੰਨ ਕੀਤੇ ਬਿਨਾਂ ਬਾਂਦਰਾਂ ਨੂੰ ਚੈਨ ਨਹੀਂ ਆਉਂਦੀ।

Advertisement

ਦੋ ਕੁ ਦਿਨਾਂ ਵਿੱਚ ਚਿੜੀਆਂ ਦੇ ਜੋੜੇ ਨੇ ਤੀਲਾ-ਤੀਲਾ ਇਕੱਠਾ ਕਰ ਕੇ ਆਲ੍ਹਣੇ ਦਾ ਮੂੰਹ-ਮੱਥਾ ਜਿਹਾ ਬਣਾ ਲਿਆ। ਇੰਨਾ ਕੁ ਮੂੰਹ-ਮੱਥਾ ਬਣਾਉਣ ਲਈ ਚਿੜੀਆਂ ਦੇ ਜੋੜੇ ਨੇ ਕਿੰਨੇ ਗੇੜੇ ਲਾਏ ਤੇ ਤੀਲੇ ਕਿੱਥੋਂ-ਕਿੱਥੋਂ ਲਿਆਏ, ਇਹ ਉਹੋ ਜਾਣਦੇ ਸਨ ਪਰ ਇਸ ਤੋਂ ਪਹਿਲਾਂ ਕਿ ਟਾਹਣੀ ਨਾਲ ਲਟਕਦੇ ਤੀਲੇ ਆਲ੍ਹਣੇ ਦਾ ਰੂਪ ਗ੍ਰਹਿਣ ਕਰਦੇ, ਬਾਂਦਰ ਦੀ ਕੁਨੱਖੀ ਨਜ਼ਰ ਉਹਦੇ ’ਤੇ ਪੈ ਗਈ; ਉਹਨੇ ਆਣ ਝਪਟ ਮਾਰੀ। ਕੁਦਰਤੀ ਐਨ ਮੌਕੇ ’ਤੇ ਮੈਂ ਬਾਹਰ ਨਿਕਲ ਆਇਆ ਤੇ ਆਲ੍ਹਣਾ ਪੂਰੀ ਤਰ੍ਹਾਂ ਉੱਜੜਨ ਤੋਂ ਬਚਾ ਲਿਆ। ਕੁਝ ਦੇਰ ਚੀਂ-ਚੀਂ ਦੇ ਰੂਪ ਵਿੱਚ ਵਿਰਲਾਪ ਤੋਂ ਬਾਅਦ ਚਿੜੀਆਂ ਨੇ ਆਲ੍ਹਣੇ ਦੀ ਮੁਰੰਮਤ ਸ਼ੁਰੂ ਕਰ ਦਿੱਤੀ। ਚਿੜੀਆਂ ਦੀ ਮਿਹਨਤ ਰੰਗ ਲਿਆਈ ਤੇ ਉਨ੍ਹਾਂ ਆਪਣੀ ਨਸਲ ਅੱਗੇ ਤੋਰਨ ਲਈ ਘਰ ਬਣਾ ਲਿਆ।

ਜੋੜੇ ਵਿੱਚੋਂ ਘਸਮੈਲੇ ਰੰਗ ਦੀ ਮਾਦਾ ਚਿੜੀ ਆਲ੍ਹਣੇ ਵਿੱਚ ਬੈਠਣ ਲੱਗੀ ਤੇ ਨੀਲੇ ਚਮਕਦੇ ਰੰਗ ਵਾਲੀ ਨਰ ਚਿੜੀ ਨੇੜੇ-ਤੇੜੇ ਫਿਰਦੀ ਰਹਿੰਦੀ। ਥੋੜ੍ਹੇ ਕੁ ਦਿਨਾਂ ਵਿੱਚ ਚਿੜੀ ਨੇ ਛੋਟੇ-ਛੋਟੇ ਤਿੰਨ ਆਂਡੇ ਦਿੱਤੇ। ਬਾਂਦਰ ਦੀ ਕਰਤੂਤ ਨੇ ਸਾਨੂੰ ਚੌਕਸ ਕਰ ਦਿੱਤਾ ਸੀ ਤੇ ਅਸੀਂ ਆਪਣੇ ਵੱਲੋਂ ਪੂਰੀ ਨਿਗਰਾਨੀ ਰੱਖਦੇ। ਸ਼ੁਰੂ ਵਿੱਚ ਸਾਡੇ ਬਾਹਰ ਨਿਕਲਣ ’ਤੇ ਚਿੜੀ ਡਰ ਕੇ ਆਲ੍ਹਣੇ ਵਿੱਚੋਂ ਉੱਡ ਜਾਂਦੀ ਪਰ ਹੌਲੀ-ਹੌਲੀ ਡਰ ਉੱਡ ਗਿਆ ਤੇ ਚਿੜੀ ਬੈਠੀ ਰਹਿੰਦੀ। ਹੁਣ ਮਾਦਾ ਚਿੜੀ ਆਂਡੇ ਸੇਕਣ ਲਈ ਸਾਰਾ-ਸਾਰਾ ਦਿਨ ਤੇ ਰਾਤ ਨੂੰ ਵੀ ਆਲ੍ਹਣੇ ਵਿੱਚ ਬੈਠੀ ਰਹਿੰਦੀ। ਕੁਝ ਦਿਨਾਂ ਬਾਅਦ ਤਿੰਨਾਂ ਆਂਡਿਆਂ ਵਿੱਚੋਂ ਇੱਕ ਤੋਂ ਬਾਅਦ ਇੱਕ ਬੱਚੇ ਨਿੱਕਲ ਆਏ।

ਇਨ੍ਹਾਂ ਬੱਚਿਆਂ ਦੇ ਅਜੇ ਖੰਭ ਵੀ ਨਹੀਂ ਸੀ ਨਿੱਕਲੇ ਕਿ ਇੱਕ ਦਿਨ ਦੁਪਹਿਰ ਵੇਲੇ ਬਾਂਦਰ ਨੇ ਆ ਹੱਲਾ ਬੋਲਿਆ। ਖਿੜਕੀ ਵਿੱਚੋਂ ਦੇਖਿਆ, ਚਿੜੀਆਂ ਦਾ ਆਲ੍ਹਣਾ ਟਾਹਣੀ ਨਾਲ ਨਹੀਂ ਸੀ। ਪਤਨੀ ਨੂੰ ਬੋਲ ਮਾਰਿਆ ਕਿ ਬਾਂਦਰ ਚਿੜੀਆਂ ਦਾ ਆਲ੍ਹਣਾ ਤੋੜ ਗਿਆ। ਅਸੀਂ ਬਾਹਰ ਨਿਕਲੇ ਤਾਂ ਦੋ ਬੱਚੇ ਤਪਦੇ ਫਰਸ਼ ’ਤੇ ਡਿੱਗੇ ਪਏ ਸਨ। ਚਿੜੀਆਂ ਚੀਂ-ਚੀਂ ਕਰਦੀਆਂ ਕਦੇ ਨੇੜੇ ਆਉਣ ਤੇ ਕਦੇ ਥੋੜ੍ਹਾ ਦੂਰ ਹੋ ਜਾਣ। ਅਸੀਂ ਬੋਚ ਕੇ ਦੋਵੇਂ ਬੱਚੇ ਚੁੱਕੇ ਤੇ ਛੋਟੇ ਜਿਹੇ ਆਲ੍ਹਣਾਨੁਮਾ ਫੁੱਲਦਾਨ ਵਿੱਚ ਰੂੰ ਰੱਖ ਕੇ ਉਸ ਵਿੱਚ ਬਿਠਾ ਦਿੱਤੇ। ਫਿਰ ਤੀਜਾ ਬੱਚਾ ਗੁਆਂਢੀਆਂ ਦੇ ਵਿਹੜੇ ਵਿੱਚੋਂ ਪਿਆ ਚੁੱਕਿਆ। ਫੁੱਲਦਾਨ ਨੂੰ ਬਾਂਦਰ ਦੇ ਤੋੜੇ ਆਲ੍ਹਣੇ ਦੇ ਬਚੇ-ਖੁਚੇ ਡੱਕੇ-ਡੌਲਿਆਂ ਨਾਲ ਆਲ੍ਹਣੇ ਦਾ ਰੂਪ ਦੇ ਕੇ ਅਸੀਂ ਉੱਥੇ ਹੀ ਟੰਗ ਦਿੱਤਾ। ਰੌਲਾ ਪਾਉਂਦੀਆਂ ਚਿੜੀਆਂ ਆਉਣ ਤੇ ਮੁੜ ਜਾਣ ਪਰ ਬੈਠਣ ਨਾ। ਸਾਡਾ ਭਾਵੇਂ ਕੋਈ ਕਸੂਰ ਨਹੀਂ ਸੀ, ਪਰ ਅਸੀਂ ਖ਼ੁਦ ਨੂੰ ਗੁਨਾਹਗਾਰ ਮਹਿਸੂਸ ਕਰ ਰਹੇ ਸੀ ਕਿ ਅਸੀਂ ਚਿੜੀਆਂ ਦੇ ਆਲ੍ਹਣੇ ਦੀ ਰਾਖੀ ਨਹੀਂ ਕਰ ਸਕੇ। ਆਖ਼ਿਰ ਸ਼ਾਮ ਨੂੰ ਚਿੜੀਆਂ ਬੱਚਿਆਂ ਨੇੜੇ ਲੱਗੀਆਂ ਤੇ ਚੋਗਾ ਦੇਣ ਲੱਗ ਪਈਆਂ। ਇਹ ਦੇਖ ਸਾਡੇ ਸਾਹ ’ਚ ਸਾਹ ਆਇਆ।

ਬਾਂਦਰ ਤਾਂ ਖ਼ੈਰ ਬਾਂਦਰ ਹੋਏ, ਉਨ੍ਹਾਂ ਦਾ ਤਾਂ ਸ਼ੁਗਲ ਹੈ ਚਿੜੀਆਂ ਦੇ ਆਲ੍ਹਣੇ ਉਜਾੜਨਾ ਪਰ ਜੇ ਇਨ੍ਹਾਂ ਵਰਗਾ ਸ਼ੁਗਲ ਬੰਦੇ ਦੇ ਦਿਮਾਗ ਵਿੱਚ ਫਤੂਰ ਪਾਉਣ ਲੱਗ ਪਵੇ ਤਾਂ ਕਿਹੜਾ ਭਾਣਾ ਹੈ ਜਿਹੜਾ ਨਹੀਂ ਵਾਪਰ ਸਕਦਾ? ਜਾਪਦਾ ਹੈ, ਅੱਜ ਕੱਲ੍ਹ ਸਾਡੇ ਮੁਲਕ ਦੇ ਹਾਕਮ ਦੇ ਦਿਮਾਗ ਨੂੰ ਵੀ ਇਸ ਫਤੂਰ ਨੇ ਡੰਗ ਲਿਆ ਹੈ; ਨਹੀਂ ਤਾਂ ਕੋਈ ਕਾਰਨ ਨਹੀਂ ਕਿ ਉਹ ਬੁਲਡੋਜ਼ਰ ਲੈ ਕੇ ਗਰੀਬਾਂ ਤੇ ਮਾਸੂਮਾਂ ਦੇ ਆਸ਼ਿਆਨੇ ਉਜਾੜਨ ਲਈ ਬਹਾਨੇ ਲੱਭਦਾ ਫਿਰੇ... ਕਦੇ ਨਾਜਾਇਜ਼ ਉਸਾਰੀ ਦੇ, ਕਦੇ ਅਤਿਵਾਦੀ ਹੋਣ ਦੇ, ਕਦੇ ਗੈਂਗਸਟਰ ਹੋਣ ਦੇ ਅਤੇ ਕਦੇ ਨਸ਼ੇ ਦੇ ਸਮੱਗਲਰ ਹੋਣ ਦੇ। ਬਹਾਨਾ ਕੋਈ ਵੀ ਹੋਵੇ, ਹਾਕਮਾਂ ਦਾ ਪੀਲਾ ਪੰਜਾ ਸਭ ਤੋਂ ਪਹਿਲਾਂ ਗਰੀਬਾਂ, ਮਜ਼ਲੂਮਾਂ, ਘਟਗਿਣਤੀਆਂ ਤੇ ਦਲਿਤਾਂ ਦੇ ਘਰਾਂ ’ਤੇ ਹੀ ਚੱਲਦਾ ਹੈ। ਆਪਣੇ ਆਸ਼ਿਆਨੇ ਉੱਜੜਦੇ ਦੇਖ ਜਦੋਂ ਮਾਸੂਮ ਰੋਂਦੇ ਕੁਰਲਾਉਂਦੇ ਨੇ ਤਾਂ ਹਾਕਮ ਖਿੜ-ਖੜਾਉਂਦੇ ਨੇ। ਹਾਕਮ ਅਦਾਲਤਾਂ ਵਿੱਚ ਕੁਝ ਕਹਿੰਦੇ ਨੇ ਤੇ ਸਟੇਜਾਂ ’ਤੇ ਕੁਝ ਹੋਰ। ਦੁੱਖ ਤੇ ਚਿੰਤਾ ਦੀ ਗੱਲ ਇਹ ਹੈ ਕਿ ਇਹ ਕੁਲਹਿਣੀ ਹਵਾ ਉੱਤਰ ਪ੍ਰਦੇਸ਼ ਤੋਂ ਹੁੰਦੀ ਹੋਈ ‘ਨਿਓਟਿਆਂ ਦੀ ਓਟ’ ਬਣਨ ਵਾਲੇ ਪੰਜਾਬ ਵਿੱਚ ਵੀ ਦਸਤਕ ਦੇ ਰਹੀ ਹੈ। ਸ਼ਾਇਰ ਬਸ਼ੀਰ ਬਦਰ ਨੇ ਮਾਸੂਮਾਂ ਦਾ ਦਰਦ ਇੰਝ ਬਿਆਨਿਆ ਹੈ:

ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ

ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ...।

ਸੰਪਰਕ: 94175-88616

Advertisement
×