ਪਹੁ ਫੁਟਾਲਾ
ਕਲਾ ਜੀਵਨ ਦੇ ਵਿਹੜੇ ਦਾ ਚਿਰਾਗ਼ ਹੁੰਦੀ ਜਿਸ ਦੇ ਸੁਨਿਹਰੇ ਕਿਣਕਿਆਂ ਵਿੱਚ ਸੁਹਜ, ਸਬਰ ਤੇ ਸਿਦਕ ਦਾ ਰੰਗ ਹੁੰਦਾ। ਇਹ ਜੀਵਨ ਰਾਹਾਂ ’ਤੇ ਰੌਸ਼ਨੀ ਦੀ ਕਿਰਨ ਬਣ ਜਗਦੀ। ਕਲਾ ਬਿਹਤਰੀ, ਖੁਸ਼ਹਾਲੀ ਤੇ ਬਰਾਬਰੀ ਦਾ ਪੈਗ਼ਾਮ ਹੁੰਦੀ। ਕਲਾ ਦਾ ਕੋਈ ਵੀ ਰੂਪ ਹੋਵੇ ਸਾਰਿਆਂ ਲਈ ਸਮਾਨ ਹੁੰਦਾ। ਕਲਾ ਰਾਹ ਰਸਤੇ ਬਣਾਉਂਦੀ। ਸੁਪਨਿਆਂ ਨੂੰ ਉਡਾਣ ਦਿੰਦੀ। ਅੱਗੇ ਵਧਣ ਅਤੇ ਮੰਜ਼ਿਲ ਤੱਕ ਪਹੁੰਚਣ ਦਾ ਹੌਸਲਾ ਬਣਦੀ। ਕਲਾ ਨੂੰ ਪ੍ਰਣਾਏ ਮਨੁੱਖ ਸਿਦਕ ਦਿਲੀ ਨਾਲ ਔਕੜਾਂ ਦਾ ਸਾਹਮਣਾ ਕਰਦੇ। ਸਿਦਕ, ਉੱਦਮ ਤੇ ਸਬਰ ਨਾਲ ਅੱਗੇ ਵਧਦੇ। ਨਤੀਜਾ ਮੰਜ਼ਿਲ ਦੇ ਦਰਾਂ ’ਤੇ ਦਸਤਕ ਦੇਣ ਵਿੱਚ ਨਿਕਲਦਾ। ਕਲਾ ਕੁੱਲ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਂਦੀ।
ਜੇ ਸਮਾਜ ਦਾ ਕੋਈ ਸਵਾਲ ਹੀ ਨਹੀਂ ਉਠਾਉਣਾ ਤਾਂ ਫਿਰ ਨਾਟਕ ਕਰਨਾ ਹੀ ਕਿਉਂ? ਅਜਿਹੇ ਬੁਲੰਦ ਬੋਲ ਕਲਾ ਦੇ ਮਕਸਦ ਨੂੰ ਉਜਾਗਰ ਕਰਦੇ। ਕਲਾ ਦੀ ਹਰੇਕ ਰੂਪ ਆਪਣੇ ਮਕਸਦ ਵਿੱਚ ਹੀ ਸੋਂਹਦਾ। ਆਪਣੀ ਮਾਤ ਭੂਮੀ, ਆਪਣੇ ਜਲ, ਜੰਗਲ, ਜ਼ਮੀਨ ਤੇ ਲੋਕਾਂ ਨਾਲ ਵਫ਼ਾ ਕਲਾ ਦੀ ਉੱਤਮ ਪਛਾਣ ਹੁੰਦੀ। ਕਲਾ ਦੇ ਇਸ ਰਾਹ ਨੂੰ ਪ੍ਰਣਾਏ ਕਰਮਯੋਗੀ ਸਮਾਜ ਲਈ ਰਾਹ ਦਰਸਾਵਾ ਬਣਦੇ। ਉਨ੍ਹਾਂ ਦੀਆਂ ਪੈੜਾਂ ਰੌਸ਼ਨ ਭਵਿੱਖ ਦੀ ਨਿਸ਼ਾਨਦੇਹੀ ਕਰਦੀਆਂ। ਸਦਾ ਲਈ ਵਿਛੜ ਜਾਣ ਉਪਰੰਤ ਵੀ ਉਹ ਕਲਾ ਦੇ ਸੂਰਜ ਬਣ ਜਿਊਂਦੇ ਜਗਦੇ। ਦੋ ਹਫ਼ਤੇ ਪਹਿਲਾਂ ਪੰਜਾਬੀ ਰੰਗਮੰਚ ਦੇ ਸ਼ਾਹ ਅਸਵਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਜਨਮ ਦਿਨ ਅਤੇ ਕਲਾ ਦੇ ਸੁਨਹਿਰੇ ਚਾਨਣ ਦੀ ਝਲਕ ਦੇਖਣ ਦਾ ਸਬੱਬ ਬਣਿਆ। ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਜੱਦੀ ਘਰ ਗੁਰੂ ਖਾਲਸਾ ਨਿਵਾਸ ਸਿਰ ਉਠਾਈ ਖੜ੍ਹਾ ਨਜ਼ਰ ਆਇਆ।
ਰੰਗਮੰਚ ਦਾ ਅਜਿਹਾ ਘਰ ਜਿਸ ਦੇ ਅੰਦਰ ਪੰਜਾਬੀ ਨਾਟ ਕਲਾ ਦੀ ਵਿਰਾਸਤ ਦਾ ਚਾਨਣ ਸਮੋਇਆ ਹੈ। ਦਹਾਕਿਆਂ ਤੱਕ ਰੰਗਕਰਮੀਆਂ ਨੂੰ ਬੋਲ ਦੇਣ ਵਾਲਾ। ਨਾਟ ਕਲਾ ਦੀ ਗੁੜ੍ਹਤੀ ਦਿੰਦਾ। ਨੁੱਕੜ ਨਾਟਕ ਦੇ ਰੂਪ ਵਿੱਚ ਪਿੰਡ-ਪਿੰਡ ਚੇਤਨਾ ਦਾ ਛੱਟਾ ਦਿੰਦਾ ਰਿਹਾ। ਜਿਹੜਾ ਹਮੇਸ਼ਾ ਲਈ ਦੇਸ਼ ਵਿਦੇਸ਼ ਵਿੱਚ ਕਲਾ ਨਾਲ ਜ਼ਿੰਦਗੀ ਵਿੱਚ ਚੇਤਨਾ ਦਾ ਰੰਗ ਭਰਨਾ ਲੋਚਦੇ ਨਾਟਕਕਾਰਾਂ, ਰੰਗਕਰਮੀਆਂ ਲਈ ਪ੍ਰੇਰਨਾ ਸ੍ਰੋਤ ਹੈ। ਇਸ ਵਿਰਾਸਤੀ ਘਰ ਵਿੱਚ ਵੱਡੇ ਪਰਿਵਾਰ ਦੇ ਮੈਂਬਰ, ਕਲਾਕਾਰ, ਲੇਖਕ, ਬੁੱਧੀਜੀਵੀ ਵਿਦਿਆਰਥੀ ਤੇ ਕਿਰਤੀ ਕਿਸਾਨ ਜੁੜ ਬੈਠੇ। ਉਨ੍ਹਾਂ ਰੰਗਮੰਚ ਦੀ ਕਲਗੀ ਬਣੇ ਆਪਣੇ ਮਹਿਬੂਬ ਨਾਟਕਕਾਰ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਗੀਤਾਂ, ਬੋਲੀਆਂ, ਤਕਰੀਰਾਂ ਨਾਲ ਉਨ੍ਹਾਂ ਦੀਆਂ ਜੀਵਨ ਘਾਲਣਾ ਦੀ ਇਬਾਰਤ ਨੂੰ ਪੜ੍ਹਿਆ। ਉਨ੍ਹਾਂ ਕਦਮਾਂ ਨੂੰ ਸਿਜਦਾ ਕੀਤਾ, ਜਿਨ੍ਹਾਂ ਨੂੰ ਔਕੜਾਂ ਭਰਿਆ ਸਫ਼ਰ ਕਦੇ ਥਕਾ ਨਾ ਸਕਿਆ।
ਕਲਾ ਦੇ ਪ੍ਰਤਾਪ ਨਾਲ ਹੱਕ, ਸੱਚ ਤੇ ਇਨਸਾਫ ਦੇ ਬੁਲੰਦ ਬੋਲ ਇਸ ਸਮਾਰੋਹ ਦਾ ਹਾਸਲ ਬਣੇ। ਸੰਸਾਰ ਪੱਧਰ ਤੇ ਫਲਸਤੀਨ ਦੇ ਹੱਕ ਵਿੱਚ ਉੱਠ ਰਹੀਆਂ ਆਵਾਜ਼ਾਂ ਵਿੱਚ ਇੱਕ ਆਵਾਜ਼ ਹੋਰ ਮਿਲੀ। ਦੇਸ਼ ਦੁਨੀਆ ਦੇ ਕਵੀਆਂ ਦੇ ਬੋਲਾਂ ਦਾ ‘ਸੂਹਾ ਗੁਲਦਸਤਾ’ ‘ਫ਼ਲਸਤੀਨ ਦੀ ਆਵਾਜ਼’ ਕਾਵਿ ਪੁਸਤਕ ਲੋਕ ਅਰਪਣ ਹੋਈ। ਕਲਾ ਤੇ ਕਲਮਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਮਨਸੂਬਿਆਂ ਦੀ ਗੱਲ ਤੁਰੀ। ਜੇਲ੍ਹੀਂ ਡੱਕੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਖੋਜੀ ਵਿਦਿਆਰਥੀਆਂ ਪ੍ਰਤੀ ਸੱਤਾ ਦੇ ਫਾਸ਼ੀਵਾਦੀ ਵਿਹਾਰ ਦੀ ਅਸਲੀਅਤ ਬਿਆਨੀ ਗਈ। ਨਾਲ ਹੀ ਵਿਕਾਸ ਦੇ ਨਾਂ ਹੇਠ ਜਲ, ਜੰਗਲ, ਜ਼ਮੀਨ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਵਾਰ-ਵਾਰ ਕਾਲੇ ਕਾਨੂੰਨਾਂ ਦੀ ਮਾਰ ਦੇ ਮਨਸੂਬੇ ਉਜਾਗਰ ਕੀਤੇ ਗਏ।
ਰੰਗਮੰਚ ਨੂੰ ਪ੍ਰਣਾਏ ਘਰ ਵਿੱਚ ਅਜਿਹੀਆਂ ਚੁਣੌਤੀਆਂ ਨੇ ਕਲਾ, ਕਲਮ ਤੇ ਕਿਰਤ ਦੀ ਗਲਵਕੜੀ ਦੀ ਲੋੜ ਦਾ ਅਹਿਸਾਸ ਕਰਵਾਇਆ। ਮਨ ਮਸਤਕ ਵਿੱਚ ਇਸ ਅਨੂਠੀ ਸਾਂਝ ਦਾ ਦ੍ਰਿਸ਼ ਸਾਕਾਰ ਹੋਇਆ। 27 ਸਤੰਬਰ ਨਾਟਕਕਾਰ ਗੁਰਸ਼ਰਨ ਸਿੰਘ ਦੇ ਦੁਨੀਆ ਤੋਂ ਸਦਾ ਲਈ ਤੁਰ ਜਾਣ ਦਾ ਦਿਨ। ਸਵੇਰ ਤੋਂ ਹੀ ਰਾਜਧਾਨੀ ਦੀਆਂ ਸੜਕਾਂ ਤੇ ਲੋਕਾਂ ਕਾਫ਼ਲੇ ਨਜ਼ਰ ਆਉਣ ਲੱਗੇ। ਸ਼ਮਸ਼ਾਨ ਘਾਟ ਵਿੱਚ ਚੁਫੇਰੇ ਲੋਕਾਂ ਦਾ ਇਕੱਠ ਜੁੜਿਆ ਨਜ਼ਰ ਆਇਆ। ਜਿਹੜੇ ਤਾਉਮਰ ਚੇਤਨਾ ਦੀ ਜਾਗ ਲਾਉਣ ਵਾਲੇ ਲੋਕ ਨਾਟਕਾਂ ਦੇ ਬਾਬਾ ਬੋਹੜ ਦੀ ਜੀਵਨ ਘਾਲਣਾ ਨੂੰ ਸਲਾਮ ਕਰਨ ਆਏ ਸਨ। ਨਾਲ ਇਹ ‘ਪੈਗ਼ਾਮ’ ਲੈ ਕੇ ਵੀ ਆਏ ਸਨ। ਲੋਕ ਉਨ੍ਹਾਂ ਦੇ ਸੁਪਨਿਆਂ ਦੇ ਬੋਲ ਬਣਨ ਵਾਲੀ ਕਲਾ ਦੇ ਕਦਰਦਾਨ ਹੁੰਦੇ ਨੇ। ਉਹ ਲੋਕ ਧੜੇ ਦੇ ਲੇਖਕਾਂ, ਕਵੀਆਂ ਤੇ ਨਾਟਕਕਾਰਾਂ ਨੂੰ ਸਿਰ ਅੱਖਾਂ ਤੇ ਬਿਠਾਉਂਦੇ ਹਨ।
ਵਿਛੋੜੇ ਦਾ ਦਿਨ, ਮਿਲਣ ਦਾ ਦਿਨ ਵੀ ਹੁੰਦਾ। ਅੰਤਿਮ ਵਿਦਾਇਗੀ ਵਿੱਚ ਪ੍ਰੇਰਨਾ ਤੇ ਸਬਕ ਵੀ ਛੁਪੇ ਹੁੰਦੇ। ਨਾਟ ਕਲਾ ਦੀ ਉੱਘੀ ਹਸਤੀ ਦੇ ਵਿਛੋੜੇ ਤੋਂ ਅਗਲਾ ਉਨ੍ਹਾਂ ਦੀ ਉਚੇਰੇ ਆਦਰਸ਼ਾਂ ਦੇ ਮਹਾਂ ਨਾਇਕ ਦਾ ਸ਼ਹੀਦ ਭਗਤ ਦਾ ਜਨਮ ਦਿਨ ਸੀ ਜਿਸ ਦੀਆਂ ਸੋਚਾਂ ਅਤੇ ਸੁਪਨਿਆਂ ਦੇ ਸਮਾਜ ਲਈ ਉਹ ਸਾਰੀ ਜ਼ਿੰਦਗੀ ਚੇਤਨਾ ਦੀ ਮਸ਼ਾਲ ਬਣ ਜਗਦੇ ਰਹੇ। ਆਪਣੇ ਨਾਟਕਾਂ ਦੇ ਮੰਚਨ ਦਾ ਆਰੰਭ ਉਹ ‘ਭਗਤ ਸਿੰਘ ਦੀ ਘੋੜੀ’ ਨਾਲ ਕਰਦੇ। ਆਪਣੇ ਨਾਟਕ ‘ਬੁੱਤ ਜਾਗ ਜਾਗ ਪਿਆ’ ਵਿੱਚ ਉਹ ਬੁਲੰਦ ਆਵਾਜ਼ ਵਿੱਚ ਆਖ਼ਦੇ, “ਮੇਰੇ ਲੋਗੋ! ਸ਼ਹੀਦ ਭਗਤ ਸਿੰਘ ਦਾ ਰਾਹ ਆਜ਼ਾਦੀ ਤੇ ਹੱਕ ਸੱਚ ਦਾ ਏ। ਵਿਤਕਰਿਆਂ ਤੋਂ ਮੁਕਤ ਬਰਾਬਰੀ ਵਾਲੇ ਖੁਸ਼ਹਾਲ ਰਾਜ ਦਾ ਏ। ਉਸ ਦਾ ਨਾਂ ਲੈ ਕੇ ਸਰਕਾਰਾਂ ਚਲਾਉਣ ਵਾਲਿਆਂ ਦਾ ਆਪਣੇ ਨਾਇਕ ਦੀ ਸੋਚ ਨਾਲ ਕੋਈ ਵਾਹ ਵਾਸਤਾ ਨਹੀਂ ਏ।”&ਨਬਸਪ;
ਚੰਨ ਤਾਰਿਆਂ ਨੂੰ 28 ਸਤੰਬਰ ਦੀ ਆਉਣ ਵਾਲੀ ਸਵੇਰ ਦੀ ਉਡੀਕ ਹੈ। ਠੰਢੀ ਮਿੱਠੀ ਰੁਮਕਦੀ ਪੌਣ ਜੀ ਆਇਆਂ ਕਹਿਣ ਨੂੰ ਬੇਤਾਬ ਨਜ਼ਰ ਆਉਂਦੀ ਹੈ। ਆਪਣੇ ‘ਨਾਇਕ’ ਦੇ ਸਵਾਗਤ ਵਿੱਚ ਖੜ੍ਹੇ ਰੁੱਖਾਂ ਦੀ ਸਰਸਰਾਹਟ ‘ਰੰਗ ਦੇ ਬਸੰਤੀ’ ਦਾ ਸੰਗੀਤ ਸੁਣਾਉਂਦੀ ਪ੍ਰਤੀਤ ਹੁੰਦੀ ਹੈ। ਰਾਹ ਰਸਤਿਆਂ ਤੇ ਤਾਰਿਆਂ ਦੀ ਪਸਰੀ ਲੋਅ ‘ਅੰਬਰਾਂ ਦੇ ਚੰਨ’ ਨੂੰ ਦੇਖਣ ਲਈ ਕਾਹਲੀ ਹੈ। ਨਾਟ ਕਲਾ ਦੇ ‘ਰੌਸ਼ਨ ਸਿਤਾਰੇ’ ਦੇ ਛਿਪਣ ਤੇ ‘ਸੂਹੇ ਸੂਰਜ’ ਦੇ ਉਗਮਣ ਦਾ ਸੰਗਮ ਉਸ ‘ਪਹੁ ਫੁਟਾਲੇ’ ਦਾ ਪ੍ਰਤੀਕ ਹੈ ਜਿਸ ਨੇ ਵਕਤ ਦੇ ਪਰਾਂ ਤੇ ਹੱਕ, ਸੱਚ, ਇਨਸਾਫ਼, ਬਰਾਬਰੀ ਤੇ ਖੁਸ਼ਹਾਲੀ ਦੀ ਇਬਾਰਤ ਲਿਖਣੀ ਹੈ।
ਸੰਪਰਕ: 95010-06626