ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ...

ਕੰਵਲਜੀਤ ਖੰਨਾ ਭਲੇ ਵੇਲਿਆਂ ਵੇਲੇ ਸਮਾਜ ਵਿੱਚ ਪੰਛੀ-ਪਰਦੇਸੀਆਂ ਪ੍ਰਤੀ ਹੇਰਵਾ, ਸਤਿਕਾਰ ਤੇ ਹਮਦਰਦੀ ਹੁੰਦੀ ਸੀ ਪਰ ਸਮੇਂ ਦਾ ਗੇੜ ਦੇਖੋ, ਅੱਜ ਪਰਵਾਸੀ ਆਪਣੇ ਦੇਸ਼ ਵੀ ਪਰਾਏ ਤੇ ਪਰਦੇਸ ਵੀ ਪਰਾਏ। ਕਿਰਤ ਮੰਡੀ ’ਚ ਆਪਣਾ ਸਸਤੇ ਤੋਂ ਸਸਤਾ ਮੁੱਲ ਪੁਆਉਣ ਨਿਕਲੇ...
Advertisement

ਕੰਵਲਜੀਤ ਖੰਨਾ

ਭਲੇ ਵੇਲਿਆਂ ਵੇਲੇ ਸਮਾਜ ਵਿੱਚ ਪੰਛੀ-ਪਰਦੇਸੀਆਂ ਪ੍ਰਤੀ ਹੇਰਵਾ, ਸਤਿਕਾਰ ਤੇ ਹਮਦਰਦੀ ਹੁੰਦੀ ਸੀ ਪਰ ਸਮੇਂ ਦਾ ਗੇੜ ਦੇਖੋ, ਅੱਜ ਪਰਵਾਸੀ ਆਪਣੇ ਦੇਸ਼ ਵੀ ਪਰਾਏ ਤੇ ਪਰਦੇਸ ਵੀ ਪਰਾਏ। ਕਿਰਤ ਮੰਡੀ ’ਚ ਆਪਣਾ ਸਸਤੇ ਤੋਂ ਸਸਤਾ ਮੁੱਲ ਪੁਆਉਣ ਨਿਕਲੇ ‘ਅਪਰਾਧੀ’ ਹੋ ਨਿਬੜੇ। ਗ਼ੁਰਬਤ ਦੀਆਂ ਜ਼ੰਜੀਰਾਂ ਤੋੜਨ ਤੁਰੇ ਬੇੜੀਆਂ ’ਚ ਜਕੜੇ ਵਾਪਸ ਪਰਤ ਰਹੇ ਹਨ। ‘ਦੇਸ਼ ਪੈਣ ਧੱਕੇ, ਬਾਹਰ ਮਿਲੇ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ’ ਵਰਗੀ ਦਸ਼ਾ ’ਚ ਘਿਰੀ ਜਵਾਨੀ ਸਮਾਜਿਕ ਤੇ ਰਾਜਸੀ ਬੇਗਾਨਗੀ ਦਾ ਸ਼ਿਕਾਰ ਹੋ ਰਹੀ ਹੈ। ਕਾਮਾਗਾਟਾਮਾਰੂ ਕਾਂਡ ਦਾ ਦਰਦਨਾਕ ਪੰਨਾ ਮੁੜ ਦੁਹਰਾਇਆ ਜਾ ਰਿਹਾ ਹੈ। ਸਰਕਾਰੀ-ਦਰਬਾਰੀ ਮੀਡੀਆ, ਪਸ਼ੂਆਂ ਵਾਂਗ ਸੰਗਲਾਂ ਨਾਲ ਨੂੜ ਕੇ, ਜ਼ਲੀਲ ਕਰ ਕੇ ਵਤਨ ਘੱਲੇ ਪਰਵਾਸੀਆਂ ਨੂੰ ਕੋਸ ਰਿਹਾ ਹੈ; ਅਖੇ! ਕਿਸ ਨੇ ਕਿਹਾ ਸੀ ਕਿ ਲੱਖਾਂ ਰੁਪਏ ਖ਼ਰਚ ਕੇ ਬਾਹਰ ਜਾਓ!!
Advertisement

ਇਹ ਦਰਬਾਰੀ ਰਾਸ਼ਟਰਵਾਦੀ ਉਨ੍ਹਾਂ ਕਾਰਨਾਂ ਦੀ ਕਦੇ ਗੱਲ ਨਹੀਂ ਕਰਨਗੇ ਜਿਨ੍ਹਾਂ ਕਰ ਕੇ ਇਹ ਲੱਖਾਂ ਲੋਕ ਵਿਦੇਸ਼ਾਂ ਵੱਲ ਕੂਚ ਕਰਨ ਲਈ ਮਜਬੂਰ ਹੋ ਰਹੇ ਹਨ। ਆਪਣੀ ਜੂਨ ਸੰਵਾਰਨ ਅਤੇ ਬਿਹਤਰ ਰੁਜ਼ਗਾਰ ਲਈ ਘਰ ਦੀਆਂ ਵਲਗਣਾਂ ’ਚੋਂ ਨਿੱਕਲ ਕੇ ਪਨਾਮਾ ਦੇ ਜੰਗਲ ਤੇ ਮੈਕਸਿਕੋ ਦੀਆਂ ਕੰਧਾਂ ਟੱਪਣ ਵਾਲੀ ਜਵਾਨੀ ਕਿਸੇ ਵੀ ਰਾਸ਼ਟਰਵਾਦੀ ਨਾਲੋਂ ਵੱਧ ਜਾਣਦੀ ਤੇ ਸਮਝਦੀ ਹੈ ਕਿ ਰੋਟੀ ਦੀ ਗੋਲਾਈ ਵੱਡੀ ਹੈ ਜਾਂ ਧਰਤ ਦੀ? ਔਖੇ ਪੈਂਡੇ ਅਤੇ ਲੰਮੀਆਂ ਵਾਟਾਂ ਗਾਹੁੰਦੇ-ਗਾਹੁੰਦੇ ਉਹ ਸਿੱਖ ਰਹੇ ਹਨ ਕਿ ਪਰਵਾਸ ਅਤੇ ਜੁਰਮ ਵਿੱਚ ਫ਼ਰਕ ਮਹਿਜ਼ ਸਰਹੱਦੀ ਲਕੀਰਾਂ ਜਿੰਨਾ ਹੀ ਹੈ। ਉਹ ਸਮਝ ਰਹੇ ਹਨ ਕਿ ਕਿਰਤੀ/ਕਾਮਾ ਸਰਹੱਦੀ ਵਲਗਣਾਂ ਦੇ ਅੰਦਰ ਵੀ ਉਜਰਤੀ ਗੁਲਾਮ ਹੈ ਤੇ ਵਲਗਣਾਂ ਤੋਂ ਬਾਹਰ ਵੀ। ਜਿਹੜਾ ਦੇਸ਼ ਆਪਣੀ ਜਵਾਨੀ ਦਾ ਵਰਤਮਾਨ ਅਤੇ ਭਵਿੱਖ ਨਹੀਂ ਸਾਂਭ ਸਕਦਾ, ਜਿਹੜਾ ਦੇਸ਼ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਹੀਲਾ ਨਹੀਂ ਕਰ ਸਕਦਾ, ਉਹ ਭਲਾ ‘ਵਿਸ਼ਵ ਗੁਰੂ’ ਹੋਣ ਦੇ ਦਮਗਜੇ ਕਿਸ ਇਖ਼ਲਾਕ ਨਾਲ ਮਾਰ ਸਕਦਾ ਹੈ? ਅੱਜ ਵਿਕਾਸ ਦੇ ਜੁਮਲਿਆਂ ਹੇਠ ਰਿਸ ਰਿਹਾ ਪਰਵਾਸ ਦੇਸ਼ ਲਈ ਸੰਤਾਪ ਬਣ ਰਿਹਾ ਹੈ।

ਗੁਜਰਾਤ ਦੇ ਇੱਕ ਪਿੰਡ ਦੇ ਪ੍ਰਾਈਵੇਟ ਸਕੂਲ ਦਾ ਅਧਿਆਪਕ ਆਪਣੀ ਜੀਵਨ ਸਾਥਣ ਅਤੇ ਦੋ ਬੱਚਿਆਂ ਸਮੇਤ 65 ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਰਾਹੀਂ ਡੰਕੀ ਲਾ ਕੇ ਅਮਰੀਕਾ ਨੂੰ ਇਸ ਕਰ ਕੇ ਤੁਰਿਆ ਸੀ ਕਿ ‘ਸ਼ਾਈਨਿੰਗ ਇੰਡੀਆ’ ’ਚ ਉਸ ਦਾ ਭਵਿੱਖ ਹਨੇਰਾ ਸੀ ਪਰ ਵਿਦੇਸ਼ੀ ਮਿੱਟੀ ’ਚ ਸੁਫਨੇ ਭਾਲਣ ਗਏ ਖੁਦ ਸੁਫਨਾ ਹੋ ਗਏ। ਉਨ੍ਹਾਂ ਚਾਰਾਂ ਦੀਆਂ ਲਾਸ਼ਾਂ ਅਮਰੀਕਾ ਦੇ ਬਾਰਡਰ ’ਤੇ ਬਰਫ਼ ’ਚ ਮਿਲੀਆਂ। ਚੰਗੀ ਜ਼ਿੰਦਗੀ ਦੀ ਚਾਹਤ ਭਲਾ ਕਿਸ ਨੂੰ ਨਹੀਂ ਹੁੰਦੀ? ਜੇਕਰ ਇੱਧਰ ਖਾਂਦੇ-ਪੀਂਦੇ ਲੋਕ ਆਪਣਾ ਸਭ ਕੁਝ ਵੇਚ-ਵੱਟ ਕੇ ਉਧਰ ਗਏ ਹਨ, ਪਰਵਾਸੀ ਬਣੇ ਹਨ ਤਾਂ ਉਸ ਪਿੱਛੇ ਵੀ ਕਾਰਨ ਸੁਖੱਲੀ-ਸਵੱਲੀ ਜ਼ਿੰਦਗੀ ਦੀ ਚਾਹਤ ਹੈ। ਵਿਰਲੇ ਟਾਵੇਂ ਹੀ ਹੋਣਗੇ ਜੋ ਸਾਧਨਹੀਣ ਨੀਰਸ ਜ਼ਿੰਦਗੀ ਲੋਚਦੇ ਹੋਣਗੇ! ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਅਦੁੱਤੀ ਮਨੁੱਖੀ ਫਿ਼ਤਰਤ ਹੈ ਤੇ ਪਰਵਾਸ ਇਸੇ ਫਿ਼ਤਰਤ ਦੀ ਭਟਕਣਾ ਦਾ ਇੱਕ ਰੂਪ ਹੈ।

ਹੁਣ ਤਾਂ ਗ਼ੈਰ-ਕਨੂੰਨੀ ਪਰਵਾਸੀ ਭਾਰਤੀਆਂ ਦੀਆਂ ਤਿੰਨ ਖੇਪਾਂ ਭੇਜਣ ਤੋਂ ਬਾਅਦ ਦੁਨੀਆ ਭਰ ’ਚ ਉਜਾੜਾ ਪੈਦਾ ਕਰਨ ਵਾਲੀ ‘ਮਹਾਂ ਸ਼ਕਤੀ’ ਦੇ ਨਵੇਂ ਹਾਕਮ ਨੇ ਲੱਖਾਂ ਰੁਪਏ ਖਰਚ ਕੇ ਵਾਪਸ ਭੇਜਣ ਦਾ ਕਜੀਆ ਹੀ ਮੁਕਾ ਦਿੱਤਾ ਹੈ। ਅਮਰੀਕਾ ਨੇ ਕੋਸਟਾਰੀਕਾ, ਪਨਾਮਾ, ਅਲ ਸਲਵਾਡੋਰ, ਗੁਆਟੇਮਾਲਾ ਜਿਹੇ ਕਠਪੁਤਲੀ ਹਾਕਮਾਂ ਦੀ ਮਦਦ ਨਾਲ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਇੱਥੇ ਬਣੀਆਂ ਜੇਲ੍ਹਾਂ ’ਚ ਰੱਖਣ ਦੇ ਸਮਝੌਤੇ ਕਰ ਲਏ ਹਨ। ਹੁਣ ਭਾਰਤੀ ਗ਼ੈਰ-ਕਨੂੰਨੀ ਪਰਵਾਸੀਆ ਦੀ ਚੌਥੀ ਖੇਪ ਕੋਸਟਾਰੀਕਾ ਦੀਆਂ ਪ੍ਰਾਈਵੇਟ ਜੇਲ੍ਹਾਂ ’ਚ ਬੇੜੀਆਂ ਅਤੇ ਹੱਥਕੜੀਆ ’ਚ ਜਕੜ ਕੇ ਧੱਕ ਦਿੱਤੀ ਗਈ ਹੈ। ਇਹ ਕਵਾਇਦ ਅੱਗੇ ਵੀ ਜਾਰੀ ਹੈ। ਇਨ੍ਹਾਂ ਜੇਲ੍ਹਾਂ ’ਚ ਉਨ੍ਹਾਂ ਨੂੰ ਅਣਮਨੁੱਖੀ ਹਾਲਤਾਂ ’ਚ ਸਾਹ ਘੜੀਸਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਜੇਲ੍ਹਾਂ ’ਚ ਉੱਥੋਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਖੇਤੀ ਤੇ ਸਨਅਤੀ ਪੈਦਾਵਾਰ ਦੇ ਕੰਮਾਂ ’ਚ ਲਾ ਕੇ, 18-18 ਘੰਟੇ ਉਜਰਤੀ ਗ਼ੁਲਾਮੀ ਕਰਵਾ ਕੇ, ਉਨ੍ਹਾਂ ਨੂੰ ਸਿਰਫ਼ ਜਿਊਣ ਜੋਗੀ ਬੁਰਕੀ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਮਨਸੂਬੇ ਪਾਲੀ ਬੈਠੀਆਂ ਹਨ। ਉਨ੍ਹਾਂ ਨੂੰ ਆਪਣੇ ਦੇਸ਼ ਪਰਤਣ ਲਈ ਪਤਾ ਨਹੀ ਕਿਹੜੇ ਮੋੜਾਂ-ਘੋੜਾ ’ਚੋਂ ਲੰਘਣਾ ਪਵੇਗਾ। ਖੂਹ ’ਚੋਂ ਨਿਕਲੇ ਖਾਤੇ ’ਚ ਡਿੱਗੇ ਇਨ੍ਹਾਂ ਪਰਵਾਸੀ ਗ਼ੁਲਾਮਾਂ ਦਾ ਭਵਿੱਖ ਕੀ ਹੋਵੇਗਾ, ਅੰਦਾਜ਼ਾ ਲਾਉਣਾ ਔਖਾ ਹੈ। ਜਿਸ ਅਮਰੀਕਾ ਨੇ ਸਾਲਾਂ ਬੱਧੀ ਲੱਖਾਂ ਗ਼ੁਲਾਮਾਂ ਦਾ ਸ਼ਿਕਾਰ ਕਰ ਕੇ ਅਪਣੇ ਮੁਲਕ ਨੂੰ ਦੁਨੀਆ ਦੀ ਵੱਡੀ ਤਾਕਤ ਬਣਾਇਆ ਹੋਵੇ, ਇਸ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ।

ਬੀਤੇ ਦਿਨੀਂ ਮਹਾਨ ਲੇਖਕ ਅਲੈਕਸ ਹੈਲੀ ਦਾ ਸ਼ਾਹਕਾਰ ਨਾਵਲ ‘ਰੂਟਸ’ (ਪੰਜਾਬੀ ਅਨੁਵਾਦ: ਦਲਜੀਤ ਸਿੰਘ ਐਡਮਿੰਟਨ) ਪੜ੍ਹਿਆ। ਇਹ ਨਾਵਲ ਕਾਲੇ-ਅਮਰੀਕਨ ਪਰਿਵਾਰ ਦੀ ਦਰਦਨਾਕ ਅਤੇ ਦਿਲਾਂ ਨੂੰ ਹਲੂਨਣ ਵਾਲੀ ਕਥਾ ਹੈ। 828 ਪੰਨਿਆਂ ਵਿੱਚ ਫੈਲੀ ਕਹਾਣੀ ’ਚ ਲੇਖਕ ਨੇ ਆਪਣੇ ਪਰਿਵਾਰ ਦੀਆਂ ਛੇ ਪੀੜ੍ਹੀਆਂ ਦੀ ਪੀੜ ਬਹੁਤ ਕਮਾਲ ਨਾਲ ਪੇਸ਼ ਕੀਤੀ ਹੈ। ਸੰਨ 1767 ਤੋਂ ਸ਼ੁਰੂ ਇਸ ਕਥਾ ’ਚ ਲੇਖਕ ਨੇ ਬਿਆਨ ਕੀਤਾ ਹੈ ਕਿ ਉਦੋਂ ਇਸੇ ਅਮਰੀਕਾ ਦੇ ਗੋਰੇ, ਅਫਰੀਕਾ ਦੇ ਕਾਲੇ ਲੋਕਾਂ ਨੂੰ ਜਬਰੀ ਅਗਵਾ ਕਰ ਕੇ ਚਾਰ-ਚਾਰ ਮਹੀਨਿਆਂ ਦੇ ਦਿਲ ਕੰਬਾਊ ਸੰਮੁਦਰੀ ਸਫ਼ਰ ਤੋਂ ਬਾਅਦ ਅਮਰੀਕਾ ਦੀ ਮੰਡੀ ’ਚ ਲਿਆ ਕੇ ਵੇਚ ਦਿੰਦੇ ਸਨ। ਆਪਣੇ ਖੇਤਾਂ ’ਚ ਸਵੇਰ ਦੀ ਟਿੱਕੀ ਚੜ੍ਹਨ ਤੋਂ ਲੈ ਕੇ ਹਨੇਰਾ ਹੋਣ ਤੱਕ ਡੰਗਰਾਂ ਵਾਂਗ ਵਾਹੁੰਦੇ ਸਨ। ਬਾਗ਼ੀ ਹੋਣ ਵਾਲੇ ਨੂੰ ਵੱਢ ਦਿੱਤਾ ਜਾਂਦਾ ਸੀ। ਗੋਰੇ ਮਾਲਕ ਕਾਲੇ ਗ਼ੁਲਾਮਾਂ ਦੀਆਂ ਔਰਤਾਂ ਨਾਲ ਹਮਬਿਸਤਰ ਹੋਣਾ ਅਪਣਾ ਹੱਕ ਸਮਝਦੇ ਸਨ। ਦੋ ਸੌ ਸਾਲ ਬਾਅਦ ਗ਼ੁਲਾਮਾਂ ਦੀ ਬਗਾਵਤ ਨੇ ਅਮਰੀਕਾ ਦਾ ਨਕਸ਼ਾ ਬਦਲ ਦਿੱਤਾ। ਉਸ ਸਮੇਂ ਲੁੱਟ ਲਈ ਅਮਰੀਕਾ ਵੱਲੋਂ ਜਬਰੀ ਪਰਵਾਸ ਕਰਵਾਇਆ ਗਿਆ। ਹੁਣ ਆਪਣੇ ਆਰਥਿਕ-ਰਾਜਸੀ ਸੰਕਟ ਤੋਂ ਬਚਣ ਲਈ ਪਰਵਾਸੀ ਜਬਰੀ ਬਾਹਰ ਧੱਕੇ ਜਾ ਰਹੇ ਹਨ; ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ; ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ।

ਅਮਰੀਕਾ ਦੇ ਉਦਯੋਗਪਤੀ ਐਲਨ ਮਸਕ ਸਮੇਤ ਦੁਨੀਆ ਦਾ ਸਮੁੱਚਾ ਕਾਰਪੋਰੇਟ ਟੋਲਾ ਲੁੱਟ-ਜਬਰ ਦੇ ਸੰਦ ਪੂਰੀ ਨਿਪੁੰਨਤਾ ਨਾਲ ਵਰਤਣ ਦਾ ਵੱਲ ਸਿੱਖ ਗਿਆ ਹੈ। ਸੰਸਾਰ ਦੇ ਚੌਧਰੀ ਅਮਰੀਕਾ ਦਾ ਕਾਰਪੋਰੇਟ ਰਾਸ਼ਟਰਪਤੀ ਡੋਨਲਡ ਟਰੰਪ ਜੋ ਐਲਾਨ ਕਰ ਰਿਹਾ ਹੈ, ਜਿਨ੍ਹਾਂ ਐਲਾਨਾਂ ’ਤੇ ਅਮਲ ਕਰ ਰਿਹਾ ਹੈ, ਉਨ੍ਹਾਂ ਨੇ ਪੂਰੀ ਦੁਨੀਆ ਅੰਦਰ ਦਹਿਸ਼ਤ ਅਤੇ ਘਬਰਾਹਟ ਪੈਦਾ ਕਰ ਦਿੱਤੀ ਹੈ। ਕਿਰਤੀਆਂ ਦੀ ਚੇਤਨਾ, ਸੰਘਰਸ਼ ਅਤੇ ਏਕਤਾ ਨਾਲ ਹੀ ਸੰਸਾਰ ਪੱਧਰੀ ਲੁੱਟ, ਜਬਰ ਅਤੇ ਦਹਿਸ਼ਤ ਨੂੰ ਤੋੜਿਆ ਜਾ ਸਕਦਾ ਹੈ।

ਸੰਪਰਕ (ਵਟਸਐਪ): 94170-67344

Advertisement